Thu, 21 November 2024
Your Visitor Number :-   7256572
SuhisaverSuhisaver Suhisaver

ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨ ਕਰੀਏ:ਚੇਤਨ ਸਿੰਘ

Posted on:- 19-07-2014

suhisaver

ਮੁਲਾਕਾਤੀ: ਬਲਜਿੰਦਰ ਮਾਨ

ਸ.ਚੇਤਨ ਸਿੰਘ ਨਾਲ ਮੇਰਾ ਵਾਸਤਾ ਬੜਾ ਪੁਰਾਣਾ ਹੈ।ਉਹ ਜਿਲਾ ਭਾਸ਼ਾ ਅਫਸਰ ਹੁੰਦੇ ਸਨ ਤੇ ਮੈਂ ਮਾਹਿਲਪੁਰ ਤੋਂ ਤਿੰਨ ਅੱਵਲ ਦਰਜੇ ਦੀਆਂ ਅਖਬਾਰਾਂ ਦਾ ਰਿਪੋਰਟਰ ਹੁੰਦਾ ਸੀ।ਉਸ ਜਮਾਨੇ ਰਿਪੋਰਟਰ ਜ਼ਿਲਾ ਜਾਂ ਤਹਿਸੀਲ਼ ਪੱਧਰ ਤੇ ਹੀ ਲੱਭਦਾ ਸੀ।ਹਰ ਅਖਬਾਰ ਦੀ ਇਕ ਨੀਤੀ ਹੁੰਦੀ ਸੀ।ਸ.ਗੁਲਜ਼ਾਰ ਸਿੰਘ ਸੰਧੂ 1987 ਦੇ ਜਮਾਨੇ ਵਿਚ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਸਨ।ਉਹ ਮਾਹਿਲਪੁਰ ਦੇ ਖਾਲਸਾ ਕਾਲਜ ਦੇ ਵਿਦਿਆਰਥੀ ਰਹਿਣ ਕਰਕੇ ਇਸਨੂੰ ਹਮੇਸ਼ਾਂ ਆਪਣੀਆਂ ਲਿਖਤਾ ਵਿਚ ਇਕ ਯੂਨੀਵਰਸਿਟੀ ਦਾ ਦਰਜਾ ਦਿੰਦੇ ਹਨ।

ਉਹਨਾਂ ਦੀ ਇੱਛਾ ਸੀ ਕਿ ਮਾਹਿਲਪੁਰ ਡੇਟ ਲਾਈਨ ਬਣੇ।ਬਸ ਮਾਹਿਲਪੁਰ ਤੋਂ ਖਬਰਾਂ ਮੇਰੇ ਰਾਹੀਂ ਪ੍ਰਕਾਸ਼ਿਤ ਹੋਣ ਲਗ ਪਈਆਂ।ਜੁਆਨੀ ਦਾ ਜੋਸ਼ ਸੀ ਸ.ਸੰਧੂ,ਸ.ਜਗਦੇਵ ਸਿੰਘ ਜੱਸੋਵਾਲ ਅਤਗਿਆਨੀ ਹਰਕੇਵਲ ਸਿੰਘ ਸੈਲਾਨੀ ਵਰਗਿਆਂ ਦੀ ਸੰਗਤ ਨੇ ਹੋਸ਼ ਵੀ ਦੇ ਦਿੱਤੀ।ਜਦੋਂ ਖੋਜੀ ਪੱਤਰਕਾਰੀ ਸ਼ੂਰੂ ਕੀਤੀ ਤਾਂ ਸ.ਚੇਤਨ ਸਿੰਘ ਹੁਰੀਂ ਵਿਸ਼ੇਸ਼ ਕਰਕੇ ਸ਼ਾਬਾਸ਼ ਦਿੱਤੀ ਅਤੇ ਕਿਹਾ ਕਿ ਜਿਸ ਵੀ ਪਿੰਡ ਦੇ ਇਤਿਹਾਸ ਦੇ ਪਹਿਲੂਆਂ ਬਾਰੇ ਜਾਣਕਾਰੀ ਦੀ ਲੋੜ ਪਵੇ ਮੇਰੇ ਕੋਲ ਆ ਜਾਇਆ ਕਰ ਅਸੀਂ ਰਿਕਾਰਡ ਰੂਮ ਵਿਚੋਂ ਲੱਭ ਲਿਆ ਕਰਾਂਗੇ।

ਫਿਰ ਮਾਹਿਲਪੁਰ ਨੂੰ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆਂ ਦਾ ਗੜ੍ਹ ਬਣਾਇਆ।ਉਹ ਇਹਨਾਂ ਸਮਾਗਮਾ ਵਿਚ ਵਿਭਾਗ ਵਲੋਂ ਪੁਸਤਕਾਂ ਦੀ ਨੁਮਾਇਸ਼ ਲਾਉਣ ਆਉਂਦੇ ਤੇ ਨਾਲ ਹੀ ਆਪਣੇ ਕੀਮਤੀ ਵਿਚਾਰਾਂ ਨਾਲ ਸਭ ਨੂੰ ਨਿਹਾਲ ਕਰਦੇ।ਉਸ ਵੇਲੇ ਤੋਂ ਮੇਰੇ ਮਨ ਵਿਚ ਇਸ ਇਨਸਾਨ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਕਾਇਮ ਹੋ ਗਿਆ ਸੀ।ਜਿਸਦੀ ਬਦੌਲਤ ਮੈਂ ਸਦਾ ਉਹਨਾਂ ਦੇ ਸੰਪਰਕ ਵਿਚ ਰਿਹਾ।ਉਨ੍ਹਾਂ ਦੀ ਮਿਹਨਤ ਤੇ ਲਗਨ ਤੋਂ ਮੇਰੇ ਵਰਗਿਆਂ ਨੇ ਬਹੁਤ ਪ੍ਰੇਰਨਾ ਲਈ।ਉਹ ਹਰ ਮਿਹਨਤੀ ਇਨਸਾਨ ਦੇ ਨਾਲ ਖੜਦੇ ਅਤੇ ਸਹੀ ਮਾਰਗ ਦਰਸ਼ਨ ਕਰਦੇ ਹਨ।ਹੁਸ਼ਿਆਰਪੁਰ ਜ਼ਿਲੇ ਦੇ ਇਸ ਸੰਧੂਰੀ ਅੰਬ ਵਰਗੇ ਅਫਸਰ ਦੀ ਮਹਿਕ ਪੂਰੀ ਦੁਨੀਆਂ ਵਿਚ ਹੈ।ਉਸ ਨੇ ਬਾਬੇ ਨਾਨਕ ਦੇ ਕਿਰਤ ਵਾਲੇ ਉਪਦੇਸ਼ ਨੂੰ ਜੀਵਨ ਵਿਚ ਅਪਣਾਇਆ ਹੋਇਆ ਹੈ।ਉਸਦੀ ਜੀਵਨ ਸਾਥਣ ਅਮਰਜੀਤ ਕੌਰ ਵੀ ਆਪਣੀ ਪੂਰੀ ਸਮਰੱਥਾ ਨਾਲ ਭਾਸ਼ਾ ਵਿਭਾਗ ਨੂੰ ਸਮੱਰਪਿਤ ਹੈ।ਇਸ ਮਿਹਨਤੀ, ਇਮਾਨਦਾਰ ਤੇ ਲਗਨ ਵਾਲੇ ਸਾਹਿਤਕਾਰ ਨਾਲ ਕੀਤੀ ਸੰਖੇਪ ਮੁਲਾਕਾਤ ਇਥੇ ਪਾਠਕਾਂ ਲਈ ਪੇਸ਼ ਹੈ।

?ਭਾਸ਼ਾ ਵਿਭਾਗ ਦੇ ਡਾਇਰੈਕਟਰ ਬਣਾਏ ਜਾਣ ਤੇ ਕਿਵੇਂ ਮਹਿਸੂਸ ਕਰ ਰਹੇ ਹੋ?
-ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ ਕਿ ਜਿਸ ਵਿਭਾਗ ਵਿਚ ਮੈਂ ਸ਼ੁਰੂ ਤੋਂ ਹੀ ਜਿੰਮੇਵਾਰੀ ਤੇ ਸਮਰਪਿਤ ਭਾਵਨਾ ਨਾਲ ਸੇਵਾ ਕੀਤੀ ਹੈ,ਹੁਣ ਪ੍ਰਮਾਤਮਾ ਦੀ ਮਿਹਰ ਨਾਲ ਉਸ ਵਿਭਾਗ ਦੇ ਸਰਵਉੱਚ ਅਹੁੱਦੇ ਤੇ ਪਹੁੰਚਣ ਦਾ ਫਲ ਪ੍ਰਾਪਤ ਹੋਇਆ ਹੈ।

?ਆਪਣੇ ਜਨਮ ਤੇ ਪੜ੍ਹਾਈ ਬਾਰੇ ਦੱਸੋ?
-ਮੈਂ ਹੁਸ਼ਿਆਰਪੁਰ ਜਿਲ੍ਹੇ ਵਿਚ ਗੜਦੀਵਾਲਾ ਦੇ ਇਲਾਕੇ ਗੋਂਦਪੁਰ ਦਾ ਜੰਮਪਲ (1955) ਹਾਂ।ਗੜਦੀਵਾਲਾ ਤੋਂ ਸਕੂਲ ਤੇ ਕਾਲਜ ਦੀ ਵਿਦਿਆ ਲੈ ਕੇ ਐਮ ਏ(ਅੰਗ੍ਰੇਜੀ ਪੰਜਾਬੀ)ਤੇ ਬੀ.ਐਡ ਹੁਸ਼ਿਆਰਪੁਰ ਤੋਂ ਕੀਤੀ ਸੀ।

?ਤੁਸੀਂ ਸਾਹਿਤ ਸਿਰਜਣਾ ਵਿਚ ਕਿੰਨਾ ਯੋਗਦਾਨ ਪਾਇਆ?
-ਮੈਨੂੰ ਅਨੁਵਾਦ, ਲਿਪੀਅੰਤਰਣ, ਸੰਪਾਦਨਾ, ਸਿਰਜਣਾ ਤੇ ਆਲੋਚਨਾ ਦੇ ਖੇਤਰ ਵਿਚ ਲਗਪਗ ਇਕ ਦਰਜਨਾਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ੋੌਲੀ ਵਿਚ ਪਾਉਣ ਦਾ ਸ਼ਰਫ ਹਾਸਲ ਹੈ।ਗਾਹੇ ਬਗਾਹੇ ਅਖਬਾਰੀ ਲੇਖ ਤੇ ਖੋਜ ਪੱਤਰ ਲਿਖਣ ਪੜ੍ਹਣ ਦਾ ਵੀ ਸਮਾਂ ਮਿਲਦਾ ਰਹਿੰਦਾ ਹੈ।

?ਆਪਣੀਆਂ ਜੀਵਨ ਪ੍ਰਾਪਤੀਆਂ ਦਾ ਵੇਰਵਾ ਦਿਓ?
-ਮੈਂਨੂੰ ਸਕੂਲ ਤੇ ਕਾਲਜ ਵਿਚ ਪੜ੍ਹਾਉਣ ਦੇ ਅੱਠ ਸਾਲ ਵਧੇਰੇ ਪ੍ਰਾਪਤੀ ਵਾਲੇ ਲੱਗਦੇ ਹਨ।ਅਧਿਆਪਨ ਸਮੇਂ ਹੋਣਹਾਰ ਵਿਦਿਆਰਥੀਆਂ ਨੂੰ ਅਗਵਾਈ ਤੇ ਪ੍ਰੇਰਨਾ ਦੇਣ ਵਿਚ ਅਥਾਹ ਸਕੂਨ ਪ੍ਰਾਪਤ ਹੁੰਦਾ ਸੀ।ਭਾਸ਼ਾ ਵਿਭਾਗ ਵਿਚ ਵੱਖ ਵੱਖ ਅਹੁਦਿਆਂ ਤੇ ਰਹਿ ਕੇ ਪੁਸਤਕ ਸਭਿਆਚਾਰ ਦੀ ਲਹਿਰ ਪੈਦਾ ਕਰਨ ਵਿਚ ਜਿਹੜੇ ਯਤਨ ਮੈਂਨੂੰ ਕਰਨੇ ਨਸੀਬ ਹੋਏ ਹਨ ਉਹ ਵਿਭਾਗ ਵਿਚ ਕਿਸੇ ਹੋਰ ਦੇ ਹਿੱਸੇ ਨਹੀਂ ਆਏ।ਵਿਸਥਾਰ ਵਿਚ ਦੱਸਣਾ ਮਰੇ ਸੁਭਾੳੇ ਵਿਚ ਨਹੀਂ ਹੈ।ਨੈਸ਼ਨਲ ਲਾਇਬ੍ਰੇਰੀ ਕਲਕੱਤਾ ,ਪਬਲਿਕ ਲਾਇਬ੍ਰੇਰੀ ਲਾਹੌਰ ਤੇ ਬ੍ਰਿਟਿਸ਼ ਲਾਇਬ੍ਰੇਰੀ ਵਿਚ ਕਿਤਾਬਾਂ ਦੀ ਖੋਜ ਕਰਨ ਦਾ ਸਮਾਂ ਮੈਂਨੂੰ ਪ੍ਰਾਪਤੀ ਵਾਲਾ ਹੀ ਲਗਦਾ ਹੈ।

?ਬਚਪਨ ਦੀ ਕੋਈ ਖੱਟੀ ਮਿੱਠੀ ਯਾਦ ਸਾਡੇ ਨਾਲ ਸਾਂਝੀ ਕਰੋ?
-ਪ੍ਰਮਾਤਮਾ ਦੀ ਮਿਹਰ ਨਾਲ ਕੋਈ ਖੱਟੀ ਯਾਦ ਨਹੀਂ ਹੈ।ਮਿੱਠੀਆਂ ਯਾਦਾਂ ਤਾਂ ਅਨੇਕਾਂ ਹਨ।ਬਚਪਨ ਦੇ ਉਹ ਦਿਨ ਜਦੋਂ ਪਿੰਡ ਦੇ ਚਾਰੇ ਪਾਸੇ ਅੰਬਾ ਦੇ ਬਾਗ ਹੀ ਬਾਗ ਹੁੰਦੇ ਸਨ ਤਾਂ ਰੁੱਤਾਂ ਵਾਲੇ ਦਿਨਾਂ ਵਿਚ ਇਹ ਹਰ ਸ਼ਖਸ਼ ਦੀ ਜਿੰਦਗੀ ਦਾ ਅਨਿਖੜ ਅੰਗ ਹੁੰਦੇ ਸਨ ਤੇ ਹੁਣ ਅੰਬਾਂ ਦੇ ਬੂਟਿਆਂ ਦੇ ਨਾ ਹੋਣ ਕਾਰਨ ਉਹ ਕੇਵਲ ਇਕ ਮਿੱਠੀ ਯਾਦ ਦੇ ਦਿਨ ਹੀ ਲਗਦੇ ਹਨ ਜਾਂ ਸਾਡੇ ਪਿੰਡ ਦੇ ਦੋਹੀਂ ਪਾਸੀਂ ਵਗਦੇ ਚੋਅ ਬਰਸਾਤਾਂ ਨੂੰ ਨਹਿਰਾਂ ਦਾ ਰੂਪ ਧਾਰ ਲੈਂਦੇ ਤੇ ਮੀਂਹ ਵਰ੍ਹਦੇ ਵਿਚ ਸਾਰੇ ਪਿੰਡ ਦੇ ਮੁੰਡੇ ਸ਼ੂਕਦੇ ਪਾਣੀ ਦੇ ਕੰਢਿਆਂ ਤੇ ਖੜੇ ਸਾਰਾ ਸਾਰਾ ਦਿਨ ਕੁਦਰਤ ਦਾ ਇਹ ਜਲੋੌ ਵੇਖਦੇ ਰਹਿੰਦੇ।ਹੁਣ ਇਹ ਸਭ ਖਤਮ ਹੈ ਤੇ ਉਹ ਦਿਨ ਮਿੱਠੀਆ ਯਾਦਾਂ ਹੀ ਹਨ।

?ਪੜ੍ਹਨ ਦੀ ਰੁਚੀ ਕਿਉਂ ਘਟ ਰਹੀ ਤੇ ਇਸਦਾ ਹੱਲ ਕੀ ਹੈ।
-ਸਾਹਿਤ ਪੜ੍ਹਨ ਦੀ ਰੁਚੀ ਘਟਣ ਦਾ ਮੁੱਖ ਕਾਰਨ ਵਿਦਿਆਰਥੀਆਂ ਨੂੰ ਮਾਪਿਆਂ ਅਤੇ ਵਿਸ਼ੇਸ਼ ਕਰਕੇ ਅਧਿਆਪਕਾਂ ਵਲੋਂ ਕੋਈ ਪ੍ਰੇਰਨਾ ,ਅਗਵਾਈ ,ਸਿਖਲਾਈ ਜਾਂ ਉਦਾਹਰਣ ਦਾ ਪ੍ਰਾਪਤ ਨਾ ਹੋਣਾ ਹੈ।ਮਿਆਰੀ ਸਾਹਿਤ ਦਾ ਪੈਦਾ ਨਾ ਹੋਣਾ ਵੀ ਇਕ ਮੁੱਖ ਕਾਰਨ ਹੈ।ਇਸ ਦਾ ਹੱਲ ਮਾਤਾ ਪਿਤਾ ਅਧਿਆਪਕਾਂ ਸਿਖਿਆ ਸ਼ਾਸ਼ਤਰੀਆਂ ਅਤੇ ਸਰਕਾਰ ਵਲੋਂ ਇਸ ਸਬੰਧੀ ਯੋਗ ਮਾਹੌਲ ਦੀ ਸਿਰਜਣਾ ਕਰਨ ਨਾਲ ਹੀ ਹੋ ਸਕਦਾ ਹੈ।

?ਬਾਲ ਸਾਹਿਤ ਕਿਹੋ ਜਿਹਾ ਹੋਵੇ?
-ਬਾਲ ਸਾਹਿਤ ਬੱਚਿਆਂ ਦੇ ਬੌਧਿਕ ਪੱਧਰ ਦਾ ਅਤੇ ਉਹਨਾਂ ਦੀ ਕਲਪਨਾ ਸ਼ਕਤੀ ਨੂੰ ਅੱਗੇ ਵਧਾਉਣ ਵਾਲਾ ਹੋਣਾ ਚਾਹੀਦਾ ਹੈ।ਚੰਗਾ ਬਾਲ ਸਾਹਿਤ ਉਹ ਹੈ ਜਿਹੜਾਂ ਬਾਲਾਂ ਦੇ ਅੰਦਰ ਹੋਰ ਅੱਗੇ ਪੜ੍ਹਨ ਦੀ ਦਿਲਚਸਪੀ ਤੇ ਉਤਸੁਕਤਾ ਪੈਦਾ ਕਰੇ।

?ਬਾਲ ਜੀਵਨ ਵਿਚ ਬਾਲ ਰਸਾਲਿਆਂ ਦੀ ਕੀ ਭੂਮਿਕਾ ਹੈ?
-ਬਾਲ ਰਸਾਲਿਆਂ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਸ ਨਾਲ ਬਾਲ ਮਨਾਂ ਨੂੰ ਬਾਲ ਸਾਹਿਤ ਨਾਲ ਰਿਸ਼ਤਾ ਗੂੜਾ ਕਰਨ ਵਿਚ ਸਹਾਇਤਾ ਮਿਲਦੀ ਹੈ।ਉਂਝ ਵੀ ਵੱਖ ਵੱਖ ਬਾਲ ਰਸਾਲਿਆਂ ਦੀ ਸਿਰਜਣਾ ਵੱਖ ਵੱਖ ਬਾਲ ਲੇਖਕਾਂ ਵਲੋਂ ਹੋਣ ਨਾਲ ਵੰਨ ਸਵੰਨੇ ਗੀਤ, ਕਹਾਣੀਆਂ ,ਰੌਚਕ ਪਹਾੜੇ ਤੇ ਦੇਸ਼ ਭਗਤੀ ਤੇ ਗੀਤ ਨਿਤ ਨਵਾਂ ਜੋਸ਼ ਭਰਦੇ ਹਨ,ਜਿਸ ਨਾਲ ਬੱਚਿਆਂ ਵਿਚ ਸਾਹਿਤ ਸੰਚਾਰ ਦੀਆਂ ਸੰਭਾਵਨਾਵਾਂ ਤੇਜੀ ਨਾਲ ਵਧਦੀਆਂ ਹਨ।ਬਾਲ ਸੰਦੇਸ਼ ਤੋਂ ਬਾਅਦ ਨਿੱਕੀਆਂ ਕਰੂੰਬਲਾਂ ਦਾ 1995 ਤੋਂ ਨਿਰੰਤਰ ਪ੍ਰਕਾਸ਼ਨ ਹੋਣ ਕਰਕੇ ਨਿਵੇਕਲਾ ਸਥਾਨ ਬਣਾਇਆ ਹੋਇਆ ਹੈ।ਬੋਰਡ ਦੇ ਪੰਖੜੀਆਂ ਅਤੇ ਪ੍ਰਾਇਮਰੀ ਸਿਖਿਆ ਤੇ ਹੁਣ ਪਟਿਆਲੇ ਤੋਂ ਬਾਲ ਭਲਾਈ ਕੌਂਸਲ ਵਲੋਂ ਬਾਲ ਪ੍ਰੀਤ ਰਸਾਲਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।

?ਬਾਲ ਸਾਹਿਤ ਦੇ ਪ੍ਰਕਾਸ਼ਨ ਲਈ ਵਿਭਾਗ ਦਾ ਕੀ ਯੋਗਦਾਨ ਹੈ?
-ਬਾਲ ਸਾਹਿਤ ਦੇ ਪ੍ਰਕਾਸ਼ਨ ਲਈ ਭਾਸ਼ਾ ਵਿਭਾਗ ਦਾ ਵਿਸ਼ੇਸ਼ ਯੋਗਦਾਨ ਹੈ।ਪੰਜਾਬੀ ਦੇ ਕਿਸੇ ਵੀ ਹੋਰ ਅਦਾਰੇ ਨੇ ਏਨੀ ਵੱਡੀ ਗਿਣਤੀ ਵਿਚ ਬਾਲ ਸਾਹਿਤ ਨਹੀਂ ਛਾਪਿਆ ਜਿੰਨਾ ਕਿ ਭਾਸ਼ਾ ਵਿਭਾਗ ਨੇ ਛਾਪਿਆ ਹੈ।ਸਾਡੀਆਂ ਕੁਲ ਪ੍ਰਕਾਸ਼ਨਾਵਾਂ ਦਾ ਪੰਜਵਾਂ ਹਿੱਸਾ ਬਾਲ ਸਾਹਿਤ ਦੀਆਂ ਪੁਸਤਕਾਂ ਜਿਵੇਂ ਦਾਦੀ ਮਾਂ ਕੋਈ ਪਾ ਬੁਝਾਰਤ, ਆਦਰਸ਼ ਬੱਚਾ, ਆਦਰਸ਼ ਸਕੂਲ, ਲਗਰਾਂ, ਗਿਣਤੀ, ਪੁਸਤਕ ਦੀ ਕਹਾਣੀ, ਸਾਡੇ ਰਸਮ ਰਿਵਾਜ਼, ਸਾਡਾ ਰਹਿਣ ਸਹਿਣ ਆਦਿ।ਇਸ ਤੋਂ ਇਲਾਵਾ ਦੇਸ਼ ਪ੍ਰਾਂਤ ਤੇ ਜਿਲ੍ਹਾਂ ਸੀਰੀਜ ਦੇ ਨਾਲ ਗਿਆਨ ਤੇ ਵਿਗਿਆਨ ਸਾਹਿਤ ਦੇ ਖੇਤਰ ਵਿਚ ਬੱਚਿਆਂ ਲਈ ਲਗਭਗ 30 ਪੁਸਤਕਾਂ ਹਨ।

?ਤੁਸੀਂ ਕਿ ਕੁਝ ਨਵਾਂ ਕਰਨ ਬਾਰੇ ਤਿਆਰੀ ਕਰ ਰਹੇ ਹੋ?
-ਅਸੀਂ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਗਿਆਨ ਨੂੰ ਆਧੁਨਿਕ ਕੰਪਿਊਟਰ ਜੁਗਤਾਂ ਦੀ ਸਹਾਇਤਾ ਨਾਲ ਸਾਰੇ ਸੰਸਾਰ ਵਿਚ ਹੋਰ ਚਾਨਣਾ ਫੈਲਾਉਣਾ ਦਾ ਯਤਨ ਕਰਾਂਗੇ।

?ਤੁਸੀਂ ਹੁਸ਼ਿਆਰਪੁਰ ਵਿਖੇ ਜਨਮੇ ਅਤੇ ਇਥੇ ਜ਼ਿਲ੍ਹਾ ਭਾਸ਼ਾ ਅਫਸਰ ਵੀ ਰਹੇ।ਕੀ ਹੁਸ਼ਿਆਰਪੁਰ ਦੇ ਲੋਕ ਸਾਹਿਤ ਪ੍ਰੇਮੀ ਹਨ?
-ਹੁਸ਼ਿਆਰਪੁਰ ਦੇ ਲੋਕ ਸਾਹਿਤ ਪੜ੍ਹਨ ਦਾ ਸ਼ੌਕ ਰਖਦੇ ਹਨ।ਮੈਂ ਜ਼ਿਲ੍ਹੇ ਦੇ ਹਰੇਕ ਕੋਨੇ ਵਿਚ ਹਰੇਕ ਮੇਲੇ ਉਤਸਵ ਤੇ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਹੈ।ਲੋਕ ਉੱਤਮ ਸਾਹਿਤ ਪੜ੍ਹਨਾ ਚਾਹੁੰਦੇ ਹਨ।ਸਾਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ।

?ਕੋਈ ਹੋਰ ਗੱਲ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਹੋ
-ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪੰਜਾਬੀ ਭਾਸ਼ਾ ਇਕ ਸਮਰੱਥ ਤੇ ਅਮੀਰ ਭਾਸ਼ਾ ਹੈ।ਇਸ ਦਾ ਨਾਂ ਸਾਹਿਤਕ ਭਾਸ਼ਾਵਾਂ ਦੇ ਵਿਚ ਗਿਣਿਆ ਜਾਂਦਾ ਹੈ।ਹਰ ਪੰਜਾਬੀ ਨੂੰ ਆਪਣੀ ਬੋਲੀ ਤੇ ਮਾਣ ਹੋਣਾ ਚਾਹੀਦਾ ਹੈ ਅਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।
               
ਸੰਪਰਕ: +91  98150 18947

Comments

Security Code (required)



Can't read the image? click here to refresh.

Name (required)

Leave a comment... (required)





ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ