ਪਰਾਲੀ ਵੀ ਸੜ ਰਹੀ ਹੈ ਅਤੇ ਪੈਸਾ ਵੀ -ਪ੍ਰੋ. ਰਾਕੇਸ਼ ਰਮਨ
Posted on:- 03-11-2014
ਅਕਤੂਬਰ-ਨਵੰਬਰ ਦੇ ਮਹੀਨਿਆਂ ਵਿਚ ਪੰਜਾਬ ਦਾ ਵਾਤਾਵਰਣ ਪ੍ਰਦੂਸ਼ਣ ਸਭ ਹੱਦ-ਬੰਨੇ ਪਾਰ ਕਰ ਜਾਂਦਾ ਹੈ। ਇਹ ਮਹੀਨੇ ਝੋਨੇ ਦੀ ਕਟਾਈ ਦੇ ਮਹੀਨੇ ਹਨ। ਝੋਨਾ ਕੱਟਣ ਉਪਰੰਤ ਕਿਸਾਨਾਂ ਕੋਲ ਕਣਕ ਦੀ ਬਿਜਾਈ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਆਪਣੇ ਖੇਤ ਝੋਨੇ ਦੇ ਵੱਢ (ਪਰਾਲੀ) ਤੋਂ ਮੁਕਤ ਮਿਲਣੇ ਚਾਹੀਦੇ ਹਨ। ਅਜਿਹਾ ਕਰਨ ਲਈ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਖੇਤਾਂ ਵਿਚ ਹੀ ਸਾੜਨੀ ਪੈਂਦੀ ਹੈ ਅਤੇ ਝੋਨਾ ਪੰਜਾਬ ਦੀ ਮੁੱਖ ਫਸਲ ਹੋਣ ਕਾਰਨ, ਝੋਨੇ ਦੀ ਪਰਾਲੀ ਸਾੜਨ ਦਾ ਕੰਮ ਬਹੁਤ ਵੱਡੇ ਭੂ-ਸਥਲ ਉੱਪਰ ਹੁੰਦਾ ਹੈ।
ਸਿੱਟੇ ਵਜੋਂ ਸਾਰਾ ਵਾਤਾਵਰਣ ਪਰਾਲੀ ਦੇ ਕਸੈਲੋ ਧੂੰਏਂ ਨਾਲ ਭਰ ਜਾਂਦਾ ਹੈ। ਅਸਮਾਨ ’ਤੇ ਧੂੰਏਂ ਦੀ ਗ਼ਹਿਰ ਚੜ੍ਹ ਜਾਂਦੀ ਹੈ। ਧੂੰਏਂ ਦੀ ਪਰਤ ਇੰਨੀ ਸੰਘਣੀ ਹੋ ਜਾਂਦੀ ਹੈ ਕਿ ਦੁਪਹਿਰ ਸਮੇਂ ਵੀ ਸੂਰਜ ਦਿਖਾਈ ਨਹੀਂ ਦਿੰਦਾ। ਧੂੰਏਂ ਦਾ ਗੁਬਾਰ ਕੇਵਲ ਮੀਂਹ ਪੈਣ ’ਤੇ ਅਸਮਾਨ ਦਾ ਖਹਿੜਾ ਛੱਡਦਾ ਹੈ। ਇਸ ਗੁਬਾਰ ਕਾਰਨ ਜਾਂ ਵਾਤਾਵਰਣ ਪ੍ਰਦੂਸ਼ਣ ਕਾਰਨ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਸਾਹ ਦੇ ਮਰੀਜ਼ਾਂ ਦੀ ਹਾਲਤ ਤਾਂ ਹੋਰ ਵੀ ਖ਼ਰਾਬ ਹੋ ਜਾਂਦੀ ਹੈ।
ਨਵੀਆਂ ਬਿਮਾਰੀਆਂ ਫੈਲਣ ਦਾ ਡਰ ਵੀ ਪੈਦਾ ਹੋ ਗਿਆ ਹੈ, ਕਿਉਂਕਿ ਪਰਾਲੀ ਦੇ ਨਾਲ ਅਨੇਕਾਂ ਉਹ ਰਸਾਇਣ ਵੀ ਸੜ ਕੇ ਵਾਤਾਵਰਣ ਵਿਚ ਜਾ ਮਿਲਦੇ ਹਨ, ਜਿਹੜੇ ਕੀਟਾਂ ਅਤੇ ਨਦੀਨਾਂ ਤੋਂ ਫਸਲ ਦਾ ਬਚਾਅ ਕਰਨ ਲਈ ਝੋਨੇ ਉੱਪਰ ਛਿੜਕੇ ਜਾਂਦੇ ਹਨ। ਨਿਰਸੰਦੇਹ, ਇਹ ਰਸਾਇਣ ਮਨੁੱਖੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ।
ਝੋਨੇ ਦੀ ਕਟਾਈ ਪਹਿਲਾਂ ਹੱਥਾਂ ਨਾਲ ਕੀਤੀ ਜਾਂਦੀ ਸੀ। ਉਸ ਸਮੇਂ ਪ੍ਰਦੂਸ਼ਣ ਦੀ ਸਮੱਸਿਆ ਘੱਟ ਸੀ, ਹਾਲਾਂਕਿ ਉਦੋਂ ਵੀ ਕਿਸਾਨ ਪਰਾਲੀ ਦੇ ਢੇਰਾਂ ਨੂੰ ਅੱਗ ਲਾਇਆ ਕਰਦੇ ਸਨ। ਜਦੋਂ ਤੋਂ ਝੋਨੇ ਦੀ ਸਮੁੱਚੀ ਕਟਾਈ ਕੰਬਾਇਨਾਂ ਹਵਾਲੇ ਹੋਈ ਹੈ, ਉਦੋਂ ਤੋਂ ਇਹ ਸਮੱਸਿਆ ਕਾਫ਼ੀ ਗੰਭੀਰ ਹੋ ਗਈ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਕਾਫ਼ੀ ਢੰਗ-ਤਰੀਕੇ ਅਪਣਾਏ ਜਾ ਰਹੇ ਹਨ। ਕਿਸਾਨ ਮੇਲਿਆਂ ਵਿਚ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਦੀਆਂ ਹਾਨੀਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਕਣਕ ਦੀ ਬਿਜਾਈ ਦੀ ਨਵੀਂ ਤਕਨਾਲੌਜੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਅਖ਼ਬਾਰਾਂ ਵਿਚ ਵਿਗਿਆਪਨ ਦੇ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਵਾਰ-ਵਾਰ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਪਰ ਇਨ੍ਹਾਂ ਸਰਕਾਰੀ ਯਤਨਾਂ ਦਾ ਕੋਈ ਵੀ ਸਾਰਥਕ ਅਤੇ ਤਸੱਲੀਬਖ਼ਸ਼ ਸਿੱਟਾ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਇਕ ਪਾਸੇ ਖੇਤਾਂ ਵਿਚ ਪਰਾਲੀ ਸੜ ਰਹੀ ਹੈ ਅਤੇ ਦੂਜੇ ਪਾਸੇ ਪਰਾਲੀ ਨੂੰ ਸੜਨੋਂ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ’ਤੇ ਪੈਸਾ ਵੀ ਬਰਬਾਦ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਪੈਸਾ ਵੀ ਟੈਕਸਾਂ ਦੁਆਰਾ ਉਗਰਾਹਿਆ ਹੋਇਆ ਲੋਕਾਂ ਦਾ ਆਪਣਾ ਹੀ ਪੈਸਾ ਹੈ। ਇਸ ਤਰ੍ਹਾਂ ਲੋਕਾਂ ਨੂੰ ਦੋਹਰੀ ਮਾਰ ਪੈ ਰਹੀ ਹੈ, ਉਹ ਵਾਤਾਵਰਣ ਪ੍ਰਦੂਸ਼ਣ ਤੋਂ ਵੀ ਪੀੜਤ ਹਨ ਅਤੇ ਉਨ੍ਹਾਂ ਦਾ ਪੈਸਾ ਵੀ ਅਜਾਈਂ ਜਾ ਰਿਹਾ ਹੈ।
ਝੋਨੇ ਦੀ ਕਟਾਈ ਦੇ ਦਿਨਾਂ ਵਿਚ ਵਾਤਾਵਰਣ ਪ੍ਰਦੂਸ਼ਣ ਨੂੰ ਨਿਯੰਤਰਣ ਹੇਠ ਰੱਖਣ ਲਈ ਟੁਟਵੇਂ ਯਤਨਾਂ ਦੀ ਨਹੀਂ, ਸਗੋਂ ਬੱਝਵੀਂ ਨੀਤੀ ਦੀ ਲੋੜ ਹੈ। ਕਣਕ ਦੀ ਬਿਜਾਈ ਤੋਂ ਪਹਿਲਾਂ ਕਿਵੇਂ ਖੇਤ ਨੰੂ ਪਰਾਲੀ ਤੋਂ ਮੁਕਤ ਕੀਤਾ ਜਾਵੇ, ਇਸ ਸਮੱਸਿਆ ਦੇ ਸਾਰੇ ਉਪਾਅ ਇਕ ਥਾਂ ਕਰਕੇ ਵਿਚਾਰਨ ਦੀ ਲੋੜ ਹੈ। ਕਿਸਾਨ ਦੀ ਮਾਨਸਿਕਤਾ, ਮਜਬੂਰੀ ਅਤੇ ਆਰਥਿਕ ਹਿੱਤਾਂ ਨੂੰ ਇਸ ਨੀਤੀ ਅਧੀਨ ਪੂਰੀ ਤਵੱਜੋਂ ਮਿਲਣੀ ਚਾਹੀਦੀ ਹੈ। ਮਸਲਨ ਕਿਸਾਨ ਦੀ ਇਹ ਮਾਨਸਿਕਤਾ ਹੁੰਦੀ ਹੈ ਕਿ ਉਸ ਦਾ ਜ਼ਮੀਨ ਵਿਚ ਬਿਜਾਈ ਲਈ ਕੇਰਿਆ ਇਕ ਦਾਣਾ ਵੀ ਪੁੰਗਰਨ ਤੋਂ ਬਿਨਾਂ ਨਹੀਂ ਰਹਿਣਾ ਚਾਹੀਦਾ। ਇਸ ਲਈ ਉਸ ਨੂੰ ਉਦੋਂ ਤੱਕ ਤਸੱਲੀ ਨਹੀਂ ਹੁੰਦੀ, ਜਦੋਂ ਤੱਕ ਉਸ ਦੀ ਜ਼ਮੀਨ ਵਹਾਈ ਉਪਰੰਤ ਸ਼ੱਕਰ ਵਰਗੀ ਨਹੀਂ ਹੋ ਜਾਂਦੀ। ਉਸ ਦੀ ਮਜਬੂਰੀ ਇਹ ਹੈ ਕਿ ਝੋਨੇ ਦੀ ਲਵਾਈ ਦਾ ਸਮਾਂ ਕਾਨੂੰਨੀ ਰੂਪ ਵਿਚ ਨਿਸ਼ਚਿਤ ਹੋਣ ਕਾਰਨ ਉਸ ਨੂੰ ਕਣਕ ਦੀ ਬਿਜਾਈ ਲਈ ਬਹੁਤ ਘੱਟ ਸਮਾਂ ਮਿਲਦਾ ਹੈ। ਇਸ ਘੱਟ ਸਮੇਂ ਵਿਚ ਝੋਨੇ ਦੀ ਪਰਾਲੀ ਦੇ ਨਿਪਟਾਰੇ ਦਾ ਅੱਗ ਲਾਉਣ ਤੋਂ ਬਿਨਾਂ ਉਸ ਕੋਲ ਕੋਈ ਆਸਾਨ ਬਦਲ ਨਹੀਂ ਹੁੰਦਾ। ਇਸ ਤੱਥ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਦਾ ਕਿਸਾਨ ਹਾਲ ਦੀ ਘੜੀ ਝੋਨੇ ਦੀ ਫਸਲ ਵਿਚ ਆਪਣੇ ਆਰਥਿਕ ਹਿੱਤ ਵਧੇਰੇ ਸੁਰੱਖਿਅਤ ਸਮਝਦਾ ਹੈ।
ਝੋਨੇ ਦੀ ਪਰਾਲੀ, ਜੋ ਕੇਵਲ ਕਿਸਾਨ ਲਈ ਹੀ ਨਹੀਂ, ਪੂਰੇ ਪੰਜਾਬ ਲਈ ਸਿਰਦਰਦੀ ਬਣੀ ਹੋਈ ਹੈ, ਦੇ ਨਿਪਟਾਰੇ ਲਈ ਦੋ ਹੱਲ ਹੋ ਸਕਦੇ ਹਨ, ਇਕ ਅਸਥਾਈ ਤੇ ਦੂਜਾ ਸਥਾਈ। ਅਸਥਾਈ ਹੱਲ ਅਧੀਨ ਸਰਕਾਰੀ ਮਸ਼ੀਨਰੀ ਕਿਸਾਨਾਂ ਨਾਲ ਅਤਿ ਨੇੜਲਾ ਰਿਸ਼ਤਾ ਕਾਇਮ ਕਰੇ ਅਤੇ ਉਨ੍ਹਾਂ ਨੂੰ ਨਵੀਂ ਤਕਨਾਲੌਜੀ ਰਾਹੀਂ ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨ ਵਿਚ ਸਿੱਧੀ ਮਦਦ ਦੇਵੇ। ਜਿੱਥੇ ਸੰਭਵ ਹੋਵੇ ਪਰਾਲੀ ਦੀ ਖਰੀਦ ਕੀਤੀ ਜਾਵੇ, ਜਿੱਥੇ ਅਜਿਹਾ ਸੰਭਵ ਨਹੀਂ, ਉਥੇ ਖੇਤਾਂ ’ਚੋਂ ਪਰਾਲੀ ਹਟਾਉਣ ਲਈ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ। ਇਸ਼ਤਿਹਾਰਬਾਜ਼ੀ ’ਤੇ ਖ਼ਰਚ ਕੀਤਾ ਜਾ ਰਿਹਾ ਪੈਸਾ ਪਰਾਲੀ ਹਟਾਉਣ ’ਤੇ ਖ਼ਰਚ ਕੀਤਾ ਜਾਵੇ ਤਾਂ ਇਸ ਦੇ ਬਿਹਤਰ ਸਿੱਟੇ ਸਾਹਮਣੇ ਆਉਣਗੇ।
ਸਥਾਈ ਹੱਲ ਦੇ ਤਹਿਤ ਸਾਨੂੰ ਹਰੀ ਕ੍ਰਾਂਤੀ ਸਮੇਂ ਹੋਈ ਆਪਣੀ ਗਲਤੀ ਸੁਧਾਰਨੀ ਹੋਵੇਗੀ। ਝੋਨੇ ਦੀ ਫਸਲ ਹੇਠ ਰਕਬਾ ਸੀਮਤ ਕਰਨਾ ਪਵੇਗਾ। ਝੋਨੇ ਦੀ ਫਸਲ ਵਿਚ ਕੁਦਰਤੀ ਸਰੋਤਾਂ ਦਾ ਨਿਵੇਸ਼ ਬਹੁਤ ਜ਼ਿਆਦਾ ਹੈ ਤੇ ਕੌਮੀ ਨਜ਼ਰੀਏ ਤੋਂ ਇਸ ਦਾ ਵਾਫ਼ਰ ਉਤਪਾਦਨ ਘਾਟੇਬੰਦਾ ਸੌਦਾ ਹੈ। ਇਸ ਲਈ ਕੇਵਲ ਉਨ੍ਹਾਂ ਖੇਤਰਾਂ ਤੱਕ ਹੀ ਫਸਲ ਸੀਮਤ ਕਰ ਦੇਣੀ ਚਾਹੀਦੀ ਹੈ, ਜਿੱਥੇ ਇਸ ਦਾ ਉਤਪਾਦਨ ਘੱਟ ਕੁਦਰਤੀ ਨਿਵੇਸ਼ ਨਾਲ ਸੰਭਵ ਹੈ। ਬਾਕੀ ਥਾਵਾਂ ’ਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਅਸੀਂ ਜਾਣਦੇ ਹਾਂ ਕਿ ਫਸਲੀ ਵਿਭਿੰਨਤਾ ਦੇ ਮਾਡਲ ਨੂੰ ਲਾਗੂ ਕਰਨਾ ਸੌਖਾ ਕੰਮ ਨਹੀਂ ਹੈ, ਪਰ ਇਹ ਨਾਮੁਮਕਿਨ ਵੀ ਨਹੀਂ ਹੈ। ਜੇਕਰ ਬਦਲਵੀਆਂ ਫਸਲਾਂ ਦਾ ਮੰਡੀਕਰਨ ਅਨਿਸ਼ਚਿਤਤਾ ਤੋਂ ਮੁਕਤ ਹੋ ਜਾਵੇ, ਕਿਸਾਨ ਨੂੰ ਉਸ ਦੀ ਜਿਣਸ ਦਾ ਵਾਜਬ ਮੁੱਲ ਮਿਲਣ ਲੱਗ ਪਵੇ, ਮੁੱਲ ਵਿਚ ਗਿਰਾਵਟ ਸਮੇਂ ਸਰਕਾਰ ਤੁਰੰਤ ਕਿਸਾਨ ਦੀ ਬਾਂਹ ਫੜੇ ਤਾਂ ਪੰਜਾਬ ਦੇ ਕਿਸਾਨ ਝੋਨੇ ਦੇ ਜੰਜਾਲ ਤੋਂ ਛੁਟਕਾਰਾ ਹਾਸਲ ਕਰ ਲੈਣਗੇ ਤੇ ਫਿਰ ਨਾ ਰਹੇਗਾ ਬਾਂਸ ਤੇ ਨਾ ਰਹੇਗੀ ਬੰਸਰੀ।