ਨਹੀਂ ਮਿਲੇ ਸਾਨੂੰ
ਰੁੜ੍ਹਨਾ ਤੇ ਤੁਰਨਾ ਸਿੱਖਣ ਲਈ ਵਾੱਕਰ
ਇੰਜ ਹੀ ਸਿੱਖ ਗਏ ਤੁਰਨਾ
ਡਿਗਦਿਆਂ- ਢਹਿੰਦਿਆਂ
ਰਤਾ ਹੋਸ਼ ਸੰਭਲਦਿਆਂ
ਨਹੀਂ ਮਿਲੀਆਂ ਸਾਈਕਲੀਆਂ
ਤਿੰਨ ਪਹੀਆਂ ਵਾਲੀਆਂ
ਰੰਗ-ਬਿਰੰਗੀਆਂ
ਟੱਲੀਆਂ ਵਾਲੀਆਂ
ਹਸਰਤਾਂ ਨਾਲ ਰਹੇ ਤੱਕਦੇ
ਸਾਥੀਆਂ ਨੂੰ ਖੇਡਦਿਆਂ
ਮਸਤ ਰਹੇ
ਖੇਡਣ ਵਿੱਚ
ਕੌਡੀਆਂ ਤੇ ਗ੍ਹੀਟੀਆਂ
ਹੋਰ ਵੱਡੇ ਹੋਣ ’ਤੇ
ਨਾ ਜੁੜਿਆ ਕੋਈ ਸਾਈਕਲ
ਘਰ ਆਏ ਪ੍ਰਾਹੁਣਿਆਂ ਤੋਂ
ਲੈ ਕੇ ਮੰਗਵੇਂ ਸਾਈਕਲ ਦੇ ਗੇੜੇ
ਸਿਖਦੇ ਰਹੇ ਚਲਾਉਣਾਂ
ਕਦੇ ਲੈ ਲੈਂਦੇ ਸਾਈਕਲ
ਕਿਰਾਏ ਉੱਤੇ
ਇੱਕ ਰੁਪਈਆ ਘੰਟਾ
ਖੁਸ਼ੀ ਖੁਸ਼ੀ ਦੁੜਾਉਂਦੇ ਫਿਰਦੇ
ਪਰ ਸਮਾਂ ਮੁੱਕਦਿਆਂ ਹੀ
ਹੋ ਜਾਂਦੇ ਅੰਤਾਂ ਦੇ ਉਦਾਸ
ਨੌਕਰੀਆਂ , ਕੰਮ ਧੰਦੇ ਲੱਗਣ ’ਤੇ
ਮੁਰੰਮਤ ਕਰਵਾਏ
ਤੇ ਕਈ ਕਈ ਸਾਲ ਚਲਾਏ
ਹੁਣ ਪੰਜਾਹਾਂ ਨੂੰ ਟੱਪ ਕੇ ਵੀ
ਨਹੀਂ ਚਲਾ ਸਕਦੇ ਅਸੀਂ ਕਾਰ
ਹੁਣ ਕੁਝ ਸਿਖਣਾਂ ਵੀ
ਲੱਗਦਾ ਹੈ ਬੇਕਾਰ
ਨਹੀਂ ਦਿਲ ਚ ਕੋਈ ਜੋਸ਼
ਤੇ ਅੰਗਾਂ ਚ ਕੋਈ ਹੋਸ਼
ਲੋੜਾਂ-ਥੁੜਾਂ ਦੇ ਟਾਇਰਾਂ ਹੇਠ ਪਿਸਦਿਆਂ
ਦੇਖ ਰਹੇ ਹਾਂ
ਲੋਕਾਂ ਨੂੰ ਕਾਰਾਂ ਭਜਾਉਂਦਿਆਂ ।
***
ਬੱਚੇ
ਬੱਚੇ
ਨਹੀਂ ਡਰਦੇ ਧੂੜ ਮਿੱਟੀ ਤੋਂ
ਸ਼ਹਿਰਨ ਕੁੜੀ ਵਾਂਗ
ਬੱਚੇ
ਨਹੀਂ ਡਰਦੇ ਸਰਦੀ ਤੋਂ
ਕਿਸੇ ਬੁੱਢੇ ਠੇਰੇ ਵਾਂਗ
ਬੱਚੇ
ਨਹੀਂ ਡਰਦੇ
ਮੀਂਹ ਵਿਚ ਭਿੱਜਣ ਤੋਂ
ਉਹ ਅਨੰਦ ਲੈਂਦੇ ਵਰਖਾ ਦਾ
ਬੱਚੇ ਨਹੀਂ ਸਮਝਦੇ
ਮੌਤ ਦੇ ਅਰਥ
ਨਾ ਭਵਿੱਖ ਦੀ ਪਰਿਭਾਸ਼ਾ
ਉਹ ਤਾਂ ਜਿਉਂਦੇ
ਬਸ ਇਸੇ ਹੀ ਪਲ ਅੰਦਰ
ਉਹ ਜਿਉਂਦੇ
ਇਕ ਭਰਪੂਰ ਜ਼ਿੰਦਗੀ।
***
ਪਿਤਾ
ਬੇਟੀ ਨੱਕ ਮੂੰਹ ਚੜ੍ਹਾਉਂਦੀ
ਦੇਸੀ ਘਿਓ ਤੋਂ
ਮਖਣੀ ਮਲਾਈ ਤੋਂ
ਪੁਣ ਕੇ ਪੀਂਦੀ ਦੁੱਧ
ਸੁੱਕੇ ਰੱਖਦੀ ਵਾਲ
ਰੁੱਤ ਆਈ ਨਵੇਂ ਫੈਸ਼ਨ ਦੀ
ਕਰਦੀ ਪ੍ਰਹੇਜ਼
ਛੋਹ ਨਾ ਜਾਵੇ ਜਿਸਮ ਨੂੰ
ਕਿਤੇ ਕੋਈ ਥੰਦਿਆਈ
ਪਿਤਾ
ਰਸੋਈ ਵਿਚ ਚੁੱਪ-ਚੁਪੀਤੇ
ਪਾ ਦਿੰਦਾ ਹੈ ਸਬਜ਼ੀ ਵਿਚ
ਦੇਸੀ ਘਿਓ
ਜੋ ਘੁਲ ਜਾਂਦਾ ਹੈ ਤਰੀ ਵਿਚ
ਪਿਤਾ ਦੇ ਪਿਆਰ ਵਾਂਗ …
***
ਫਿਊਜ਼ ਹੋਇਆ ਬੱਲਬ
ਚਮਕਦਾ ਹੈ
ਪੂਜਾ ਸਥਲ ਦੀ ਇਮਾਰਤ ਦਾ
ਹਰ ਕਮਰਾ
ਬੇਸ਼ੁਮਾਰ ਚਾਨਣ
ਚਮਚਮਾਉਂਦੇ ਫਰਸ਼
ਉਜਲੀਆਂ ਦੀਵਾਰਾਂ
ਸੋਨੇ ਜੜੀਆਂ ਝਾਲਰਾਂ
ਆਭਾ ਇਸ ਦੀ ਵਧਾਉਣ ਵਾਸਤੇ
ਪਾਵੇ ਹਰ ਕੋਈ
ਅਪਣਾ ਅਪਣਾ ਯੋਗਦਾਨ
ਬਸ ਇਹੋ ਹੈ ਕੰਮ ਮਹਾਨ
ਸਲਾਭ੍ਹੇ ਪੁਰਾਣੇ ਕਮਰਿਆਂ ਅੰਦਰ
ਬਦਰੰਗ ਦੀਵਾਰਾਂ ਚ ਘਿਰਿਆ
ਟੁੱਟੇ-ਫੁੱਟੇ ਡੈਸਕਾਂ ਉੱਤੇ
ਪੜ੍ਹ ਰਿਹਾ ਏ ਭਵਿੱਖ ਦੇਸ਼ ਦਾ
ਇੱਕ ਹਨੇਰਾ ਕੋਹਾਂ ਤੀਕਰ
ਰਹੇ ਡਰਾਉਂਦਾ
ਗਿਆਨ ਦਾ ਸੂਰਜ
ਇੱਕ ਦਲਦਲ ਵਿਚ ਡੁੱਬਦਾ ਜਾਂਦਾ
ਲੱਗਣ ਲੱਗਦੀ ਡਿਗਰੀ
ਮਹਿਜ਼
ਇੱਕ ਟੁਕੜਾ ਕਾਗਜ਼ ਦਾ
ਕਦੇ ਕਦੇ ਪਗਲਾ ਜਾਂਦੀ ਏ ਜਵਾਨੀ
ਸਭ ਕੁਝ ਉਲਟਾ -ਪੁਲਟਾ ਕਰਨ ਲਈ
ਦਿਮਾਗ਼ ’ਚ ਭਰ ਲੈਂਦੀ ਏ ਬਾਰੂਦ
ਕਿਸੇ ਕ੍ਰਾਂਤੀ ਦੀ ਉਡੀਕ ਵਿੱਚ
ਪਰ ਕੋਈ ਨਹੀਂ ਤਿਆਰ ਹੁੰਦਾ
ਕਲਾਸ-ਰੂਮ ਦਾ ਫਿਊਜ਼ ਹੋਇਆ ਬੱਲਬ
ਬਦਲਣ ਲਈ ।
***
ਦਸਤਕ
ਬਚਪਨ ਦਾ ਘਰ ਬਣਦਿਆਂ
ਹੁੰਦੀ ਜ਼ਿੰਦਗੀ ਦੀ ਪਹਿਲੀ ਦਸਤਕ
ਰੇਤ ਮਿੱਟੀ ਦੇ ਦਰਵਾਜ਼ਿਆਂ ਉਤੇ
ਖੁਸ਼ੀਆਂ ਖੇੜਿਆਂ ਦੀ
ਹਾਸਿਆਂ ਦੀ
ਜਵਾਨੀ ‘ਚ ਦਰਵਾਜ਼ੇ
ਬਣ ਜਾਂਦੇ ਹਵਾਵਾਂ ਦੇ
ਫੇਰ ਦਸਤਕ ਦਿੰਦੀਆਂ
ਸੁਗੰਧੀਆਂ ਤੇ ਤਿਤਲੀਆਂ
ਪਿਛਲੀ ਉਮਰੇ ਵੀ
ਕਦੇ ਕਦੇ ਹੋ ਜਾਂਦੀ ਦਸਤਕ
ਖੜਕਾ ਸੁੱਟਦੀ ਦਰਵਾਜ਼ੇ
ਬਣੇ ਹੋਏ ਪੱਥਰਾਂ ਦੇ
ਨਦੀ ਦੇ ਪਾਰਲੇ ਪਾਸਿਓਂ
ਆਉਂਦੀ ਰਹਿੰਦੀ
ਕੋਈ ਆਵਾਜ਼
ਜੋ ਹੁੰਘਾਰੇ ਤੋਂ ਬਿਨਾਂ
ਮਰ ਜਾਂਦੀ ।
***
ਹਾਇਕੂ
ਫੁੱਲਾਂ ਦੀ ਟਹਿਣੀ
ਝੁਕੀ ਮੇਰੇ ਵੱਲ
ਸਨਮਾਨ ਮੇਰਾ ਕਰਦੀ ।
ਚੁੱਪ ਦਾ ਕਮਰਾ
ਭਰਿਆ ਪਿਆ
ਆਵਾਜ਼ਾਂ ਨਾਲ ।
ਪਗ਼ਡੰਡੀ ਦੌੜੀ ਜਾਂਦੀ
ਕਹਿੰਦੀ
ਮੈਂ ਸੜ੍ਹਕ ਨੂੰ ਮਿਲਣੈ ।
ਜੋ ਅੱਜ ਮੁਰਝਾਇਆ
ਫੁੱਲ ਕੱਲ੍ਹ ਸੀ ਖਿੜਿਆ
ਕੈਮਰੇ ਨੇ ਸਾਂਭ ਰੱਖਿਆ ।
ਕਿਤਾਬ ਚੋਂ ਡਿੱਗਿਆ
ਵਰਕਾ ਗੁਲਾਬੀ
ਘਰ ‘ਚ ਆ ਗਿਆ ਭੁਚਾਲ ।
ਰੰਗ ਭਰਦਾ ਏ ਜ਼ਿੰਦਗੀ ਵਿਚ
ਅਸਲੀ ਤੇ ਪੱਕੇ
ਜੋ ਹੋਵੇ ਅਸਲੀ ਚਿੱਤਰਕਾਰ ।

