ਆਬਾਦੀ ਦੀ ਸਮੱਸਿਆ ਸੰਬੰਧੀ ਮੇਰਾ ਅਤੇ ਨਾਵਲਕਾਰ ਸ. ਗੁਰਦਿਆਲ ਸਿੰਘ ਦਾ ਲੇਖ ਕੁਝ ਦਿਨ ਪਹਿਲਾਂ ਪੰਜਾਬੀ ਟ੍ਰਿਬਿਊਨ ਵਿੱਚ ਪ੍ਰਕਾਸ਼ਤ ਹੋਏ। ਇਹਨਾਂ ਦੋਹਾਂ ਲੇਖਾਂ ਦੇ ਪ੍ਰਤੀਕਰਮ ਵੱਜੋਂ ਇਕਬਾਲ ਜੀ ਨੇ ਇੱਕ ਲੇਖ ‘ਸੂਹੀ ਸਵੇਰ’ ਵਿੱਚ ਭੇਜਿਆ ਹੈ। ਇਕਬਾਲ ਜੀ ਦੇ ਪ੍ਰਤੀਕਰਮ ਵਜੋਂ ਮੈਂ ਆਪਣਾ ਲੇਖ ‘ਸੂਹੀ ਸਵੇਰ’ ਨੂੰ ਭੇਜ ਰਿਹਾ ਹਾਂ ਅਤੇ ਉਹਨਾਂ ਦੀ ਲਿਖਤ ਦੀ ਪ੍ਰਤੀ ਕਿਰਿਆ ਵਜੋਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਕਬਾਲ ਜੀ ਕ੍ਰਿਪਾ ਕਰਕੇ ਕਿਸੇ ਵੀ ਲਿਖਤ ਨੂੰ ਪਹਿਲਾਂ ਗਹੁ ਨਾਲ ਪੜਨਾ ਅਤੇ ਵਾਚਣਾ ਚਾਹੀਦਾ ਹੈ, ਫਿਰ ਉਸ ਦਾ ਢੁਕਵਾਂ ਪ੍ਰਤੀਕਰਮ ਦੇਣਾ ਚਾਹੀਦਾ ਹੈ।
ਮੈਂ ਆਪਣੇ ਲੇਖ ਰਾਹੀਂ ਵਧਦੀ ਆਬਾਦੀ ਨਾਲ ਪੈਦਾ ਹੋ ਗਈਆਂ ਅਤੇ ਹੋਣ ਜਾ ਰਹੀਆਂ ਸਮੱਸਿਆਵਾਂ ਦੀ ਗੱਲ ਕੀਤੀ, ਜਦਕਿ ਇਕਬਾਲ ਜੀ ਦੇਸ਼ ਦੇ ਭ੍ਰਿਸ਼ਟ ਸਿਸਟਮ ਦੁਆਰਾ ਪੈਦਾ ਹੋਈ ਕਾਣੀ ਵੰਡ ਦੀ ਗੱਲ ਕਰਦੇ ਹਨ। ਮੈਂ ਵਧੀ ਆਬਾਦੀ ਨਾਲ ਹੋ ਰਹੇ ਕੁਦਰਤੀ ਸਾਧਨਾ ਦੇ ਖਾਤਮੇ ਦੀ ਗੱਲ ਕੀਤੀ ਸੀ, ਜਦਕਿ ਇਕਬਾਲ ਜੀ ਇਸ ਵਿੱਚ ਦੇਸ਼ ਦੀ ਗਰੀਬੀ ਨੂੰ ਨਾਲ ਜੋੜ ਰਹੇ ਹਨ। ਜੋ ਕਿ ਇੱਕ ਵੱਖਰਾ ਵਿਸ਼ਾ ਹੈ। ਅੰਨ ਦੀ ਤੋਟ ਨਹੀਂ ਪਰ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ ਇੱਕ ਵੱਖਰਾ ਵਿਸ਼ਾ ਹੈ ਅਤੇ ਮੈਂ ਇਸ ਨਾਲ ਸਹਿਮਤ ਹਾਂ ਮੈਂ ਇਸ ਤੇ ਅਖਬਾਰਾਂ ਵਿੱਚ ਲਿਖਿਆ ਵੀ ਹੈ।
ਇਕਬਾਲ ਜੀ ਲਿਖਦੇ ਹਨ ਕਿ ਮੇਰੀ (ਗੁਰਚਰਨ ਨੂਰਪੁਰ ਦੀ) ਪੇਤਲੀ ਹੈ। ਜਿਸ ਦਾ ਜ਼ਿਕਰ ਕਰਦਿਆਂ ਉਹਨਾਂ ਮੇਰੀ ਲਿਖਤ ਦੇ ਜਵਾਬ ਵਿੱਚ ਲਿਖਿਆ ਹੈ “ਭੁੱਖ ਨੰਗ ਨਾਲ ਘੁਲਦੀ ਆਬਾਦੀ ਦਾ ਬੇਤਹਾਸ਼ਾ ਵਾਧਾ ਪੂੰਜੀਵਾਦੀ ਤੰਤਰ ਨੂੰ ਸਿਰ ਪਰਨੇ ਕਰ ਸਕਦਾ ਹੈ” ਇਕਬਾਲ ਜੀ ਕੀ ਤੁਸੀਂ ਮੈਨੂੰ ਦੱਸਣ ਦੀ ਖੇਚਲ ਕਰੋਗੇ ਕਿ ਜਦੋਂ ਸਾਡੀ ਧਰਤੀ ’ਤੇ ਅੰਗਰੇਜ਼ ਆਏ, ਸਾਡੀ ਆਬਾਦੀ ਕਿੰਨੇ ਕਰੋੜ ਸੀ? ਅਤੇ ਅੰਗਰੇਜ਼ ਕਿੰਨੇ ਕੁ ਲੋਕ ਸਨ? ਡੇਢ ਸੌ ਸਾਲ ਉਹ ਸਾਡੇ ’ਤੇ ਚੰਮ ਦੀਆਂ ਚਲਾਉਂਦੇ ਰਹੇ। ਗਿਣਤੀ ਕਿਹਨਾਂ ਦੀ ਜ਼ਿਆਦਾ ਸੀ? ਕੀ ਅਸੀਂ ਵੱਧ ਤੋਂ ਵੱਧ ਭੁੱਖ, ਨੰਗ, ਕੰਗਾਲੀ ਨਾਲ ਘੁਲਣ ਲਈ ਬੱਚੇ ਪੈਦਾ ਕਰੀ ਜਾਈਏ? ਜਿਹੜੇ ਕੱਲ ਨੂੰ ਪੂੰਜੀਵਾਦ ਦੇ ਕਿਲੇ ਨੂੰ ਢਾਹ ਢੇਰੀ ਕਰ ਸਕਣ? ਪੂੰਜੀਵਾਦੀ ਜਮਾਤ ਖਿਲਾਫ ਲੜਾਈ ਦਾ ਤੁਹਾਡਾ ਇਹ ਪੈਂਤੜਾ ਮੇਰੀ ਪੇਤਲੀ ਸਮਝ ਵਿੱਚ ਨਹੀਂ ਪਿਆ। ਤਸੀਂ ਇਕ ਤਰ੍ਹਾਂ ਨਾਲ ਨਿੱਜੀ ਹਮਲਾ ਕਰਦਿਆਂ ਲਿਖਿਆ ਹੈ ਕਿ ‘ਲੇਖ ਦੇ ਅੰਤ ਵਿੱਚ ਗੁਰਚਰਨ ਸਿੰਘ ਸਰਮਾਏਦਾਰ ਸੰਸਦ ਅੱਗੇ ਗਿੜਗਿੜਾਉਂਦੇ ਨਜਰ ਆਉਂਦੇ ਹਨ’
ਮੇਰੀਆਂ ਲਾਈਨਾਂ ਦਾ ਹਵਾਲਾ:- “ਸਾਡੇ ਦੇਸ਼ ਦੀ ਵਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਲਈ ਕੁਝ ਖਾਸ ਕਾਨੂੰਨ ਪਾਸ ਕਰਨ ਦੀ ਲੋੜ ਹੈ ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਸ਼ਾਸ਼ਨ ਕਰਦੀਆਂ ਸ਼ਕਤੀਆਂ ਇਸ ਲਈ ਸੁਹਿਰਦ ਹੋਣ।” ਸ਼ਾਸ਼ਨ ਕਰਦੀਆਂ ਪਾਰਟੀਆਂ ਨੂੰ ਇਹ ਕਹਿਣਾ ਕਿ ਉਹ ਸੁਹਿਰਦ ਨਹੀਂ ਹਨ, ਉਹਨਾਂ ਅੱਗੇ ਗਿੜਗਿੜਾਉਣਾ ਕਿਵੇਂ ਹੋ ਗਿਆ ? ਮੇਰਾ ਇਹ ਵਾਕ ਜੋ ਇਸੇ ਹੀ ਅਖੀਰਲੇ ਪਹਿਰੇ ਵਿੱਚ ਸੀ ਕਿ “ਅਫਸੋਸ ਦੀ ਗੱਲ ਇਹ ਹੈ ਕਿ ਆਬਾਦੀ ਦਾ ਵਾਧਾ ਸਾਡੀਆਂ ਰਾਜਨੀਤਕ ਪਾਰਟੀਆਂ ‘ਚ ਕਿਸੇ ਦੇ ਵੀ ਏਜੰਡੇ ਦਾ ਹਿੱਸਾ ਨਹੀਂ ਹੈ” ਇਹ ਗੱਲ ਉਹਨਾਂ ਨੂੰ ਨਜਰ ਨਹੀਂ ਆਈ। ਬਾਕੀ ਇਕਬਾਲ ਜੀ ਮੇਰੀ ਉਮਰ ਭਾਵੇਂ 40 ਸਾਲ ਹੈ ਪਰ ਮੈਂ ਆਪਣੇ ਆਪ ਨੂੰ ਅਜੇ ਇੱਕ ਵਿਦਿਆਰਥੀ ਮੰਨਦਾ ਹਾਂ। ਪਰ ਮੈਂ ਇਹ ਜ਼ਰੂਰ ਕਹਾਂਗਾ ਜੋ ਕੰਮ ਅਸੀਂ ਆਪ ਨਹੀਂ ਕਰਦੇ ਉਹ ਕਰਨ ਲਈ ਸਾਨੂੰ ਦੂਜਿਆਂ ਨੂੰ ਵੀ ਸਲਾਹ ਨਹੀਂ ਦੇਣੀ ਚਾਹੀਦੀ। ਵੱਧ ਬੱਚਿਆਂ ਵਾਲਾ ਘਰ ਜੇਕਰ ਠੀਕ ਤਰ੍ਹਾਂ ਨਹੀਂ ਚੱਲ ਸਕਦਾ ਤਾਂ ਦੇਸ਼ ਜ਼ਿਆਦਾ ਅਬਾਦੀ ਨਾਲ ਕਿਵੇਂ ਠੀਕ ਤਰ੍ਹਾਂ ਚੱਲ ਸਕਦਾ ਹੈ? ਭੁੱਖੇ ਨੰਗੇ ਲੋਕ ਇੰਕਲਾਬ ਨਹੀਂ ਲਿਆ ਸਕਦੇ ਜੇਕਰ ਅਜਿਹਾ ਹੋਣਾ ਹੁੰਦਾ ਤਾਂ ਸਾਡੇ ਦੇਸ਼ ਦੇ 70% ਲੋਕ ਸੱਠ ਸਾਲਾਂ ਤੋਂ ਭੁੱਖ ਨਾਲ ਘੁੱਲ ਰਹੇ ਹਨ, ਇਹ ਕਦੋਂ ਦਾ ਹੋ ਗਿਆ ਹੁੰਦਾ। ਵਧਦੀ ਅਬਾਦੀ ਕਰਕੇ ਵੱਧ ਪੈਦਾਵਾਰ ਦੀ ਹੋੜ ਨਾਲ ਸਾਡੀ ਧਰਤੀ ਵਿੱਚ ਜ਼ਹਿਰਾਂ ਉੱਗਣ ਲੱਗੀਆਂ ਹਨ। ਪਲੀਤ ਹਵਾ, ਜ਼ਹਿਰੀਲੀ ਜ਼ਮੀਨ, ਪ੍ਰਦੂਸ਼ਤ ਪਾਣੀ ਅਤੇ ਇਹਨਾਂ ਤੋਂ ਪੈਦਾ ਹੋਏ ਵਿਗਾੜ ਉਹਨਾਂ ਲੋਕਾਂ ਨੂੰ ਪੁੱਛੋ ਜੋ ਕੈਂਸਰ, ਹੈਪੇਟਾਈਟਸ ਅਤੇ ਲਿਵਰ ਸਰੋਸਸ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਘਰਾਂ ਦੇ ਘਰ ਜੂਝ ਰਹੇ ਹਨ। ਬਾਕੀ ਮੇਰੀ ਲਿਖਤ ਦਾ ਨੋਟਿਸ ਲੈਣ ਦਾ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ ਜੀ।-ਤੁਹਾਡਾ ਛੋਟਾ ਵੀਰ ਗੁਰਚਰਨ ਨੂਰਪੁਰ
ਸੰਪਰਕ: 98550 51099