ਵਰਤਮਾਨ ਸਮਾਜ ਦੇ ਵਿੱਚ ਅਸੰਖ ਕਿਸਮ ਦੀਆਂ ਜਥੇਬੰਦੀਆਂ ਬਣ ਰਹੀਆਂ ਹਨ । ਧਾਰਮਿਕ ,ਸਿਆਸਤ ਅਤੇ ਸਮਾਜਿਕ ਪਰਬੰਧ ਦਾ ਕੋਈ ਵੀ ਖੇਤਰ ਇਹੋ ਜਿਹਾ ਨਹੀਂ ਜਿਸ ਵਿੱਚ ਜਥੇਬੰਦੀ ਨਾ ਬਣੀ ਹੋਵੇ । ਅੱਜ ਕਲ ਤਾਂ ਸਮਸਾਨ ਘਾਟਾਂ ਤੱਕ ਵਿੱਚ ਵੀ ਜਥੇਬੰਦਕ ਪਰਬੰਧ ਹੋਣ ਲੱਗੇ ਹਨ, ਜਿਹਨਾਂ ਵਿੱਚ ਪਰਧਾਨ , ਖਜਾਨਚੀ ਨਿਕਲ ਰਹੇ ਹਨ । ਧਾਰਮਿਕ ਸਥਾਨਾਂ ਦੀਆਂ ਜਥੇਬੰਦੀਆਂ ਆਪੋ ਆਪਣੇ ਸਥਾਨਾਂ ਦੀ ਆਮਦਨ ਵਧਾਉਣ ਲਈ ਦੂਜੇ ਧਾਰਮਿਕ ਸਥਾਨਾਂ ਦਾ ਹਰ ਤਰੀਕੇ ਨਾਲ ਵਿਰੋਧ ਕਰਨ ਤੱਕ ਜਾ ਰਹੇ ਹਨ ।

ਜਦ ਧਰਮ ਦਾ ਖੇਤਰ ਵੀ ਸਵਾਰਥ ਵਿਚ ਗਰਕ ਜਾਂਦਾ ਹੈ ਤਦ ਦੂਸਰੇ ਖੇਤਰਾਂ ਵਿੱਚ ਸਮਾਜ ਸੁਧਾਰ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ । ਸਮਾਜ ਦੇ ਵਿੱਚ ਦੋ ਹੀ ਧੜੇ ਹੁੰਦੇ ਹਨ ਅਮੀਰਾਂ ਅਤੇ ਗਰੀਬਾਂ ਦੇ ਅਤੇ ਪੁਰਾਤਨ ਸਮਿਆਂ ਵਿੱਚ ਅਮੀਰ ਲੋਕ ੳਤੇ ਰਾਜਸੱਤਾ ਤੱਕ ਵੀ ਗਰੀਬ ਲੋਕਾਂ ਪ੍ਰਤੀ ਬੇਰਹਿਮ ਹੋਣ ਤੋਂ ਗੁਰੇਜ਼ ਕਰਦੀ ਸੀ । ਸਮਾਜ ਦਾ ਬਹੁਤ ਹੀ ਛੋਟਾ ਹਿੱਸਾ ਦੂਸਰਿਆਂ ਪਰਤੀ ਬੇਰਹਿਮ ਅਤੇ ਜ਼ਾਲਮਾਨਾਂ ਵਿਹਾਰ ਕਰਦਾ ਸੀ ।
ਵਰਤਮਾਨ ਸਮੇਂ ਵਿੱਚ ਅਮੀਰ ਵਰਗ ਵਿੱਚ ਦੂਸਰੇ ਦਰਜੇ ਤੇ ਚਲ ਰਿਹਾ ਸਰਕਾਰੀ ਮੁਲਾਜ਼ਮ ਵਰਗ ਹੈ, ਜਿਸ ਦਾ ਵੱਡਾ ਹਿੱਸਾ ਆਮ ਲੋਕਾਂ ਵਿੱਚੋਂ ਆਉਂਦਾ ਹੈ ਅਤੇ ਬਹੁਤ ਹੀ ਥੋੜੇ ਸਮੇਂ ਵਿੱਚ ਅਮੀਰਾਂ ਦੀ ਸ਼ਰੇਣੀ ਵਿੱਚ ਸ਼ਾਮਲ ਹੋ ਜਾਂਦਾ ਹੈ । ਇਹ ਵਰਗ ਜਥੇਬੰਦਕ ਵੀ ਸਭ ਤੋਂ ਵੱਧ ਹੁੰਦਾ ਹੈ । ਸਰਕਾਰਾਂ ਅਤੇ ਰਾਜਨੀਤਕਾਂ ਦੇ ਨੇੜੇ ਹੋਣ ਕਰਕੇ ਇਹ ਵਰਗ ਸਮਾਜ ਨੂੰ ਕਿਸੇ ਵੀ ਪਾਸੇ ਤੋਰ ਸਕਣ ਦੀ ਸਮੱਰਥਾ ਰੱਖਦਾ ਹੈ । ਇਸ ਵਰਗ ਨੂੰ ਗਰੀਬ ਵਰਗ ਅਤੇ ਆਮ ਲੋਕਾਂ ਦੇ ਜੀਵਨ ਪੱਧਰ ਦੀ ਪੂਰੀ ਜਾਣਕਾਰੀ ਹੁੰਦੀ ਹੈ, ਪਰ ਜਿਸ ਤਰਾਂ ਇਸਦੇ ਬਹੁਤੇ ਲੋਕ ਸਮਾਜ ਵੱਲ ਪਿੱਠ ਕਰਕੇ ਅਮੀਰੀ ਦੀਆਂ ਪੌੜੀਆਂ ਚੜਦੇ ਹਨ ਦੇ ਨਾਲ ਇਹਨਾਂ ਦੇ ਸੱਚ ਨੂੰ ਅਤੇ ਸਮਾਜ ਦੇ ਗਿਰਾਵਟ ਭਰੇ ਬਣ ਰਹੇ ਵਿਵਹਾਰ ਨੂੰ ਨੰਗਾ ਕਰ ਦਿੰਦਾ ਹੈ । ਇੱਕ ਪਾਸੇ ਇਸ ਵਰਗ ਦੇ ਲੋਕਾਂ ਦੀ ਆਮਦਨ ਆਮ ਲੋਕਾਂ ਤੋਂ ਦਸ ਗੁਣਾਂ ਤੋਂ ਲੈਕੇ ਸੌਗੁਣਾਂ ਜਿਆਦਾ ਹੈ ਪਰ ਫਿਰ ਵੀ ਇਹਨਾਂ ਦੇ ਜਥੇਬੰਦਕ ਆਗੂ ਅਤੇ ਜਥੇਬੰਦੀਆਂ ਨਿੱਤ ਦਿਨ ਧਰਨੇ ਹੜਤਾਲਾਂ ਮੰਗ ਪੱਤਰਾਂ ਨਾਲ ਆਪਣੀ ਆਮਦਨ ਵਧਾਉਣ ਦੇ ਜੁਗਾੜ ਕਰਦੇ ਹਨ ।ਇਹ ਵਰਗ ਹਮੇਸਾਂ ਆਪਣੀ ਆਮਦਨ ਵਧਾਉਣ ਲਈ ਆਪ ਤੋਂ ਵੱਡੇ ਅਹੁਦਿਆਂ ਅਤੇ ਵੱਡੇ ਲੁਟੇਰਿਆਂ ਦੀ ਤੁਲਨਾਂ ਕਰਕੇ ਆਪਣੇ ਆਪ ਨੂੰ ਗਰੀਬ ਅਤੇ ਬੇਇਨਸਾਫੀ ਦਾ ਪਾਤਰ ਬਣਾਕਿ ਪੇਸ਼ ਕਰਦਾ ਹੈ ਜਦੋਂ ਕਿ ਦੂਸਰੇ ਪਾਸੇ ਆਮ ਲੋਕਾਂ ਦਾ ਸੱਤਰ ਪਰਸੈਂਟ ਵਰਗ ਦਸ ਬੀਹ ਰੁਪਏ ਤੋਂ ਲੈਕੇ ਚਾਲੀ ਪੰਜਾਹ ਰੁਪਏ ਰੋਜਾਨਾਂ ਖਰਚਣ ਦੀ ਵੀ ਸਮੱਰਥਾ ਨਹੀਂ ਰੱਖਦਾ । ਕਦੇ ਵੀ ਇਸ ਵਰਗ ਦੇ ਲੋਕ ਆਪਣੀ ਆਮਦਨ ਨੂੰ ਸਮਾਜ ਦੇ ਆਮ ਲੋਕਾਂ ਨਾਲ ਮੇਲ ਕੇ ਕਿਉਂ ਨਹੀਂ ਦੇਖਦੇ ਜਿਹਨਾਂ ਨਾਲੋਂ ਕਈ ਗੁਣਾ ਵੱਧ ਆਮਦਨ ਅਤੇ ਵਧੀਆਂ ਜ਼ਿੰਦਗੀ ਜਿਉਂ ਰਹੇ ਹੁੰਦੇ ਹਨ । ਇਹ ਸਿਰਫ ਜਾਲਮਾਨਾਂ ਸੋਚ ਹੀ ਹੈ ਜੋ ਮਨੁੱਖ ਨੂੰ ਬੇਰਹਿਮ ਕਰਦੀ ਹੈ । ਸਮਾਜ ਦੇ ਦੂਸਰੇ ਵਰਗਾਂ ਪਰਤੀ ਹਮਦਰਦੀ ਕਰਨ ਦੀ ਥਾਂ ਆਪਣੇ ਹੀ ਵੱਲ ਦੇਖਣ ਵਾਲੇ ਲੋਕ ਕਿਹੋ ਜਿਹੇ ਹੁੰਦੇ ਹਨ ਫੈਸਲਾ ਕਰਨਾਂ ਸਿਆਣੇ ਲੋਕਾਂ ਨੂੰ ਕਦੇ ਔਖਾ ਨਹੀਂ ਹੁੰਦਾ ।
ਸਰਕਾਰਾਂ ਦੇ ਬਜਟ ਦਾ ਪੰਜਾਹ ਪ੍ਰਤੀਸਤ ਡਕਾਰ ਜਾਣ ਵਾਲਾ ਵਰਗ ਆਪਣਾਂ ਹਿੱਸਾ ਹੋਰ ਵਧਾਉਣਾਂ ਚਾਹ ਰਿਹਾ ਹੈ । ਕੀ ਆਮ ਲੋਕਾਂ ਦੇ ਖੂਨ ਪਸੀਨੇ ਵਿੱਚੋਂ ਕਿਰਤ ਦਾ ਪੈਸਾ ਖਾਣ ਵਾਲੇ ਲੋਕ ਕਦੇ ਸੋਚਣਗੇ ਕੇ ਸਾਡੀ ਆਮਦਨ ਵੀ ਆਮ ਲੋਕਾਂ ਜਿੰਨੀ ਹੋਵੇ । ਜਦ ਸਮਾਜ ਦਾ ਅਮੀਰ ਵਰਗ ਇਹ ਸੋਚਣ ਲੱਗ ਜਾਵੇ ਕਿ ਸਮਾਜ ਦੇ ਲਿਤਾੜੇ ਅਤੇ ਲੁੱਟੇ ਜਾਂਦੇ ਵਰਗਾਂ ਦੀ ਆਮਦਨ ਵੀ ਉਹਨਾਂ ਦੇ ਬਰਾਬਰ ਹੋਣੀ ਚਾਹੀਦੀ ਹੈ ਉਸ ਦਿਨ ਇਸ ਸਮਾਜ ਵਿੱਚੋਂ ਅਰਾਜਕਤਾ ਦਾ ਨਾਸ ਹੋਣਾਂ ਸੁਰੂ ਹੋ ਸਕਦਾ ਹੈ । ਜਦ ਸਰਕਾਰਾਂ , ਰਾਜਨੀਤਕਾਂ ਅਤੇ ਉਦਯੋਗਪਤੀਆਂ ਨੂੰ ਸਲਾਹ ਅਤੇ ਹੁਕਮ ਦੇਣ ਵਾਲਾ ਮੁਲਾਜ਼ਮ ਵਰਗ ਨਿੱਜ ਪਰਸਤ ਹੋਣ ਦੀ ਥਾਂ ਸਮਾਜ ਪਰਸਤ ਹੋ ਜਾਵੇਗਾ, ਉਸ ਦਿਨ ਸਮਾਜਿਕ ਬਣਤਰ ਵਿੱਚ ਇਨਕਲਾਬ ਸੁਰੂ ਹੋ ਸਕਦਾ ਹੈ । ਪਰ ਜੇ ਸਰਕਾਰਾਂ ਤੇ ਕਾਬਜ ਮੁਲਾਜ਼ਮ ਵਰਗ ਇਸ ਤਰਾਂ ਹੀ ਨਿੱਜ ਪਰਸਤ ਅਤੇ ਸਮਾਜ ਪ੍ਰਤੀ ਬੇਰਹਿੁਮ, ਹੁੰਦਾਂ ਤੁਰਿਆਂ ਗਿਆ ਤਦ ਉਹ ਦਿਨ ਵੀ ਦੂਰ ਨਹੀਂ ਹੋਵੇਗਾ ਜਦ ਸਮਾਜ ਤਬਾਹੀ ਅਤੇ ਅਰਾਜਕਤਾ ਵੱਲ ਤੁਰਨ ਤੋਂ ਰੋਕਿਆ ਨਹੀਂ ਜਾ ਸਕੇਗਾ । ਜਦ ਆਮ ਸਮਾਜ ਅਰਾਜਕ ਹੋ ਜਾਂਦਾ ਹੈ ਤਦ ਮਹਿਲਾਂ ਦੀਆਂ ਨੀਹਾਂ ਹਿੱਲਦੀਆਂ ਨੂੰ ਦੇਰ ਨਹੀਂ ਲੱਗਦੀ ਹੁੰਦੀ ।
ਅਸੰਖ ਮਹਿਲ ਕਿਲੇ ਕੋਠੀਆਂ ਅਟਾਰੀਆਂ ਉਜੜੀਆਂ ਅਤੇ ਥੇਹ ਹੋਈਆਂ ਅੱਜ ਵੀ ਬੇਰਹਿਮ ਲੋਕਾਂ ਦੇ ਬੁਰੇ ਅੰਤ ਦੀਆਂ ਗਵਾਹੀਆਂ ਭਰਦੀਆਂ ਹਨ । ਸਿਆਣੇ ਲੋਕ ਕਦੇ ਵੀ ਦੂਸਰਿਆਂ ਤੋਂ ਵੱਡੇ ਹੋਣ ਲਈ ਮਾਇਆ ਤੇ ਟੇਕ ਨਹੀਂ ਰੱਖਦੇ ਹੁੰਦੇ ਸਗੋਂ ਪਿਆਰ ਮੁਹੱਬਤ ਅਤੇ ਦੂਸਰਿਆਂ ਦੀ ਸੇਵਾ ਅਤੇ ਇੱਜਤ ਕਰਕੇ ਵੱਡੇ ਹੁੰਦੇ ਹਨ ਜੋ ਵਰਿਆਂ ਤੋਂ ਸਦੀਆਂ ਤੱਕ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿੰਦੇ ਹਨ ਪਰ ਮੂਰਖ ਲੋਕ ਲੁੱਟ ਅਤੇ ਗਲਤ ਰਸਤਿਆਂ ਦੇ ਪਾਧੀਂ ਹੋਕੇ ਆਪਣਾਂ ਵਰਤਮਾਨ ਵੀ ਨਰਕ ਵਰਗੀ ਜ਼ਿੰਦਗੀ ਵਿੱਚ ਬਦਲ ਬੈਠਦੇ ਹਨ ।


