By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਭਾਈ ਲਾਲੋ ਕਲਾ ਸਨਮਾਨ ਦੇ ਹਵਾਲੇ ਨਾਲ ਅਜਮੇਰ ਔਲਖ ਦੀ ਸਾਹਿਤਕ ਘਾਲਣਾ ਦਾ ਮਹੱਤਵ -ਪਾਵੇਲ ਕੁੱਸਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸਾਹਿਤ ਸਰੋਦ ਤੇ ਸੰਵੇਦਨਾ > ਭਾਈ ਲਾਲੋ ਕਲਾ ਸਨਮਾਨ ਦੇ ਹਵਾਲੇ ਨਾਲ ਅਜਮੇਰ ਔਲਖ ਦੀ ਸਾਹਿਤਕ ਘਾਲਣਾ ਦਾ ਮਹੱਤਵ -ਪਾਵੇਲ ਕੁੱਸਾ
ਸਾਹਿਤ ਸਰੋਦ ਤੇ ਸੰਵੇਦਨਾ

ਭਾਈ ਲਾਲੋ ਕਲਾ ਸਨਮਾਨ ਦੇ ਹਵਾਲੇ ਨਾਲ ਅਜਮੇਰ ਔਲਖ ਦੀ ਸਾਹਿਤਕ ਘਾਲਣਾ ਦਾ ਮਹੱਤਵ -ਪਾਵੇਲ ਕੁੱਸਾ

ckitadmin
Last updated: July 12, 2025 8:53 am
ckitadmin
Published: February 15, 2015
Share
SHARE
ਲਿਖਤ ਨੂੰ ਇੱਥੇ ਸੁਣੋ

ਇਨਾਮ ਸਨਮਾਨ ਸਾਹਿਤ ਕਲਾ ਜਗਤ ਦੇ ਨਾਲ ਨਾਲ ਚਲਦੇ ਹਨ। ਪੰਜਾਬੀ ਸਾਹਿਤ ਕਲਾ ਜਗਤ ’ਚ ਵੀ ਲੇਖਕਾਂ ਕਲਾਕਾਰਾਂ ਦੇ ਇਨਾਮਾਂ ਸਨਮਾਨਾਂ ਦਾ ਸਿਲਸਿਲਾ ਚਲਦਾ ਆ ਰਿਹਾ ਹੈ। ਇਨ੍ਹਾਂ ਸਨਮਾਨਾਂ ਦੀਆਂ ਵੰਨਗੀਆਂ ਵੱਖ-ਵੱਖ ਹਨ। ਸਨਮਾਨ ਉਹ ਵੀ ਹਨ, ਜਿਨ੍ਹਾਂ ਬਾਰੇ ਸੁਰਜੀਤ ਪਾਤਰ ਨੇ ਆਪਣੀ ਕਵਿਤਾ ਬੁੱਢੀ ਜਾਦੂਗਰਨੀ ਵਿੱਚ ਕਿਹਾ ਸੀ:

ਮੈਂ ਜਿਸ ਬੰਦੇ ਦੇ ਗਲ਼ ਹਾਰ ਪਾਇਆ ਹੈ
ਉਹ ਬੁੱਤ ਬਣ ਗਿਆ ਹੈ
ਮੈਂ ਜਿਹੜੀ ਹਿੱਕ ’ਤੇ ਤਮਗਾ ਸਜਾਇਆ ਹੈ
ਉਹੀ ਇੱਕ ਘੜੀ ਬਣ ਕੇ ਰਹਿ ਗਈ ਹੈ
ਮੈਂ ਜਿਸ ਨੂੰ ਆਪਣਾ ਪੁੱਤਰ ਆਖਿਆ ਹੈ
ਉਸੇ ਨੂੰ ਆਪਣੀ ਮਾਂ ਦਾ ਨਾਂ ਭੁੱਲਿਆ ਹੈ

 

 

ਪਰ ਸਾਹਿਤਕਾਰਾਂ ਨੂੰ ਸਤਿਕਾਰਨ ਦੀ ਇੱਕ ਵੰਨਗੀ ਇਸਤੋਂ ਬਿਲਕੁਲ ਵੱਖਰੀ ਹੈ ਜੀਹਦੇ ’ਚ ਨਾ ਕਿਸੇ ਵੱਡੀ ਰਕਮ ਲਈ ਥਾਂ ਹੈ ਨਾ ਰਾਜਭਾਗ ਦੇ ਕਿਸੇ ਅੰਗ ਦੀ ਸੱਦ-ਪੁੱਛ। ਅਜਿਹਾ ਹੀ ਸਨਮਾਨ ਉੱਘੇ ਨਾਟਕਕਾਰ ਅਜਮੇਰ ਸਿੰਘ ਔਲਖ ਨੂੰ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਤਰਫ਼ੋਂ ਦਿੱਤਾ ਜਾ ਰਿਹਾ ਹੈ। ਅੱਜ ਤੋਂ 9 ਵਰ੍ਹੇ ਪਹਿਲਾਂ ਪਿੰਡ ਕੁੱਸਾ (ਮੋਗਾ) ’ਚ ਉੱਘੇ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਵਿਸ਼ਾਲ ਇਕੱਠ ’ਚ ‘ਇਨਕਲਾਬੀ ਨਿਹਚਾ ਸਨਮਾਨ’ ਭੇਂਟ ਕੀਤਾ ਗਿਆ ਸੀ। ਇਸ ਸਨਮਾਨ ਬਾਰੇ ਇਉਂ ਟਿੱਪਣੀ ਹੋਈ ਸੀ:

 

ਤੂੰ ਬਰਾਬਰੀ ਦੇ ਸੁਪਨੇ ਜਗਾਏ
ਸਾਡੇ ਕਾਫ਼ਲੇ ਸਲਾਮ ਲੈ ਕੇ ਆਏ


ਏਸੇ ਰਵਾਇਤ ਨੂੰ ਜਾਰੀ ਰੱਖਦਿਆਂ ਹੁਣ ਅਜਮੇਰ ਸਿੰਘ ਔਲਖ ਨੂੰ ‘ਭਾਈ ਲਾਲੋ ਕਲਾ ਸਨਮਾਨ ਨਾਲ ਸਤਿਕਾਰਿਆ ਜਾ ਰਿਹਾ ਹੈ।

ਇਹ ਸਨਮਾਨ ਲੋਕਾਂ ਦੇ ਧੜੇ ਵੱਲੋਂ ਦਿੱਤਾ ਜਾ ਰਿਹਾ ਹੈ। ਇਸ ਸਪੱਸ਼ਟ ਸੋਝੀ ਨਾਲ ਦਿੱਤਾ ਜਾ ਰਿਹਾ ਹੈ ਕਿ ਸਾਡਾ ਸਮਾਜ ਦੋ ਧੜਿਆਂ ’ਚ ਵੰਡਿਆ ਹੋਇਆ ਹੈ। ਇੱਕ ਪਾਸੇ ਰਾਜ ਭਾਗ ਦੀਆਂ ਮਾਲਕ ਲੁਟੇਰੀਆਂ ਜਮਾਤਾਂ ਹਨ ਤੇ ਦੂਜੇ ਪਾਸੇ ਕਿਰਤੀ ਕਮਾਊ ਲੋਕ ਹਨ। ਸਾਹਿਤਕਾਰ ਤੇ ਕਲਾਕਾਰ ਵੀ ਇਹਨਾਂ ਧੜਿਆਂ ਅਨੁਸਾਰ ਹੀ ਵੰਡੇ ਹੋਏ ਹਨ। ਇੱਕ ਪਾਸੇ ਉਹ ਸਾਹਿਤਕਾਰ-ਕਲਾਕਾਰ ਹਨ ਜਿਨ੍ਹਾਂ ਦੀ ਕਲਾ ਸੁਚੇਤ ਜਾਂ ਅਚੇਤ ਲੁਟੇਰੀਆਂ ਜਮਾਤਾਂ ਦੇ ਹਿਤਾਂ ’ਚ ਭੁਗਤਦੀ ਹੈ। ਉਹ ਕਲਾ ਲੁਟੇਰੇ ਨਿਜ਼ਾਮ ਦੀ ਉਮਰ ਹੋਰ ਲੰਮੀ ਕਰਨ ਦੇ ਹਾਕਮ ਜਮਾਤਾਂ ਦੇ ਹਿਤਾਂ ਦੀ ਸੇਵਾ ਕਰਦੀ ਹੈ। ਲੋਕਾਂ ਦੇ ਮਨਾਂ ’ਚ ਇਸ ਲੁਟੇਰੇ ਨਿਜ਼ਾਮ ਤੇ ਸਮਾਜ ਦੇ ਅਬਦਲ ਹੋਣ ਅਤੇ ਇਉਂ ਹੀ ਦਿਨ ਕਟੀ ਕਰਨ ਦੇ ਵਿਚਾਰਾਂ/ਸੰਸਕਾਰਾਂ ਦਾ ਪਸਾਰ ਕਰਦੀ ਹੈ, ਲੋਕਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਜ਼ਿੰਦਗੀ ਦੀ ਹਕੀਕੀ ਤਸਵੀਰ ਤੇ ਪਰਦਾ ਪਾਉਣ ਦਾ ਰੋਲ਼ ਅਦਾ ਕਰਦੀ ਹੈ। ਦੂਜੇ ਪਾਸੇ ਲੋਕਾਂ ਦੇ ਧੜੇ ਦੇ ਸਾਹਿਤਕਾਰ, ਕਲਾਕਾਰ ਹਨ ਜਿਹੜੇ ਲੋਕਾਂ ਸਾਹਮਣੇ ਜੀਵਨ ਦੀ ਅਸਲ ਤਸਵੀਰ ਪੇਸ਼ ਕਰਦੇ ਹਨ। ਉਹ ਲੋਕਾਂ ਦੀ ਜ਼ਿੰਦਗੀ ਨੂੰ ਬੇਹਤਰ ਤੇ ਖੁਸ਼ਹਾਲ ਬਣਾਉਣ ਦਾ ਸੁਪਨਾ ਲੈ ਕੇ ਚਲਦੇ ਹਨ। ਅਜਿਹੇ ਸਾਹਿਤਕਾਰ-ਕਲਾਕਾਰ ਲੋਕਾਂ ਦੇ ਧੜੇ ਦੀ ਸੇਵਾ ਕਰਦੇ ਹਨ ਤੇ ਉਹ ਲੋਕਾਂ ਦੇ ਸਨਮਾਨ ਸਤਿਕਾਰ ਦੇ ਹੱਕਦਾਰ ਬਣਦੇ ਹਨ। ਲੋਕਾਂ ਦੇ ਧੜੇ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸਾਹਿਤਕਾਰਾਂ-ਕਲਾਕਾਰਾਂ ਨੂੰ ਸਾਂਭਣ ਤੇ ਉਹਨਾਂ ਦੀ ਸਾਹਿਤਕ ਘਾਲਣਾ ਦਾ ਮੁੱਲ ਪਾਉਣ। ਇਸ ਸਨਮਾਨ ਰਾਹੀਂ ਲੋਕ ਲਹਿਰ ਇਹੀ ਫ਼ਰਜ਼ ਨਿਭਾਅ ਰਹੀ ਹੈ।

ਅਜਮੇਰ ਸਿੰਘ ਔਲਖ ਪੰਜਾਬੀ ਸਾਹਿਤ ਕਲਾ ਜਗਤ ਦੀਆਂ ਉਹਨਾਂ ਨਾਮਵਰ ਤੇ ਮੋਹਰੀ ਹਸਤੀਆਂ ’ਚ ਸ਼ੁਮਾਰ ਹਨ ਜਿਨ੍ਹਾਂ ਦਾ ਨਵੇਂ ਸਮਾਜ ਦੀ ਉਸਾਰੀ ਦਾ ਸੁਪਨਾ ਹਮੇਸ਼ਾਂ ਕਾਇਮ ਰਿਹਾ ਹੈ। ਸੰਸਾਰ ਭਰ ’ਚ ਅਤੇ ਮੁਲਕ ’ਚ ਵੀ ਅਜਿਹਾ ਭਰੋਸਾ ਹਿੱਲ ਜਾਣ ਦੇ ਕਈ ਦੌਰ ਆਏ ਹਨ, ਮੌਜੂਦਾ ਲੁਟੇਰੇ ਨਿਜ਼ਾਮ ਦੇ ਅਜਿੱਤ ਹੋਣ ਦੇ ਸ਼ੋਰੀਲੇ ਐਲਾਨ ਹੋਏ ਹਨ, ਪਰ ਕਿਰਤ ਦੀ ਸਰਦਾਰੀ ਵਾਲੇ ਨਵੇਂ ਯੁੱਗ ਦੀ ਉਸਾਰੀ ਦਾ ਉਹਨਾਂ ਦਾ ਵਿਸ਼ਵਾਸ ਕਦੇ ਤਿੜਕਿਆ ਨਹੀਂ ਹੈ। ਕਿਰਤੀਆਂ-ਕਿਸਾਨਾਂ ਤੇ ਮਿਹਨਤਕਸ਼ ਤਬਕਿਆਂ ਦੇ ਸੋਹਣੇ ਭਵਿੱਖ ਦੀ ਆਸ ਸਦਾ ਕਾਇਮ ਰਹੀ ਹੈ ਤੇ ਉਹਨਾਂ ਦੀਆਂ ਸਾਹਿਤਕ ਕਲਾ ਕ੍ਰਿਤਾਂ ’ਚ ਪ੍ਰਗਟ ਹੁੰਦੀ ਆ ਰਹੀ ਹੈ।

ਅਜਮੇਰ ਸਿੰਘ ਔਲਖ ਨੇ ਭਾਵੇਂ ਆਪਣੇ ਨਾਟਕਾਂ ਦਾ ਸਫ਼ਰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਯੁਵਕ ਮੇਲਿਆਂ ਤੋਂ ਸ਼ੁਰੂ ਕੀਤਾ ਪਰ ਬਹੁਤ ਛੇਤੀ ਹੀ ਉਹਨਾਂ ਨੇ ਨਾਟਕ ਨੂੰ ਯੂਨੀਵਰਸਿਟੀ ਤੇ ਕਾਲਜਾਂ ਦੇ ਸੀਮਤ ਦਾਇਰੇ ’ਚੋਂ ਕੱਢ ਕੇ ਮਿਹਨਤਕਸ਼ ਪੇਂਡੂ ਕਿਰਤੀ ਲੋਕਾਂ ਤੱਕ ਪਹੁੰਚਾਇਆ। ਉਹਨਾਂ ਆਪਣੇ ਰੰਗਮੰਚ ਦੀ ਕਰਮ ਭੂਮੀ ਪਿੰਡਾਂ ਨੂੰ ਬਣਾ ਲਿਆ ਤੇ ਮਜ਼ਦੂਰਾਂ ਕਿਸਾਨਾਂ ਦੀ ਜ਼ਿੰਦਗੀ ਨੂੰ ਆਪਣੇ ਨਾਟਕਾਂ ਦੇ ਵਿਸ਼ੇ ਵਜੋਂ ਚੁਣ ਲਿਆ। ਉਹ ਅਜਿਹਾ ਤਾਂ ਕਰ ਸਕੇ ਕਿਉਂਕਿ ਉਹ ਹਮੇਸ਼ਾਂ ‘ਕਲਾ ਲੋਕਾਂ ਲਈ’ ਦੇ ਵਿਚਾਰ ਦੇ ਧਾਰਨੀ ਬਣ ਕੇ ਚੱਲੇ ਹਨ। ਕਲਾ ਨੂੰ ਸਮਾਜਿਕ ਤਬਦੀਲੀ ਦੇ ਵੱਡੇ ਉਦੇਸ਼ ਦੀ ਪੂਰਤੀ ਦਾ ਸਾਧਨ ਬਣਾਇਆ ਹੈ। ਉਹਨਾਂ ਹਾਕਮ ਜਮਾਤਾਂ ਦੇ ਅਜਿਹੇ ਵਿਚਾਰਾਂ ਨੂੰ ਰੱਦ ਕੀਤਾ ਹੈ ਕਿ ਕਲਾ ਤਾਂ ਸਿਰਫ਼ ਮਨੋਰੰਜਨ ਦਾ ਸਾਧਨ ਹੁੰਦੀ ਹੈ ਤੇ ਜ਼ਿੰਦਗੀ ਦੇ ਗੰਭੀਰ ਮੁੱਦਿਆਂ ਦਾ ਕਲਾ ਦੇ ਖੇਤਰ ’ਚ ਕੋਈ ਸਥਾਨ ਨਹੀਂ ਹੁੰਦਾ ਹੈ। ਉਹਨਾਂ ਲਈ ਕਲਾ ਤਾਂ ਕਿਰਤੀਆਂ ਦੇ ਜੀਵਨ ਦੀ ਅਸਲ ਤਸਵੀਰ ਉਘਾੜਨ ਦਾ ਜ਼ਰੀਆ ਹੈ ਤੇ ਇਹਦੇ ਕੋਹਜ ਨੂੰ ਸੰਵਾਰਨ ਦੀ ਤਾਂਘ ਪੈਦਾ ਕਰ ਦੇਣ ਦਾ ਅਹਿਮ ਹਥਿਆਰ ਹੈ। ਆਪਣੇ ਅਜਿਹੇ ਨਿਸ਼ਾਨੇ ਦੀ ਪੂਰਤੀ ਲਈ ਹੀ ਉਹਨਾਂ ਨੇ ਲੋਕ ਮੁਖੀ ਰੰਗਮੰਚ ਦੀ ਸਿਰਜਣਾ ਕੀਤੀ ਹੈ। ਉਹਨਾਂ ਨੇ ਗੁਰਸ਼ਰਨ ਸਿੰਘ ਦੀਆਂ ਰੰਗਮੰਚ ਪਿਰਤਾਂ ਦੇ ਹਮਸਫ਼ਰ ਰਹਿੰਦਿਆਂ, ਅਜਿਹੇ ਢੰਗ ਤਰੀਕੇ ਖੋਜੇ ਤੇ ਸਿਰਜੇ ਹਨ ਜਿਹਦੇ ਨਾਲ ਸਧਾਰਨ ਕਿਰਤੀ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ। ਏਸੇ ਲੋੜ ’ਚੋਂ ਹੀ ਉਹਨਾਂ ਨੇ ਉੱਚ ਪੱਧਰੀਆਂ ਪਰ ਮਹਿੰਗੀਆਂ ਤਕਨੀਕਾਂ ਤੇ ਨਾਟ-ਜੁਗਤਾਂ ਨੂੰ ਤਿਆਗਿਆ। ਘੱਟ ਤੋਂ ਘੱਟ ਖਰਚੀਲੇ ਤੇ ਜਨ-ਸਾਧਾਰਨ ਦੀ ਪਹੁੰਚ ਵਾਲੇ ਪੰਜਾਬੀ ਰੰਗਮੰਚ ਦਾ ਮੁਹਾਂਦਰਾਂ ਘੜਨ ’ਚ ਉਹਨਾਂ ਦਾ ਅਹਿਮ ਰੋਲ ਹੈ। ਉਹਨਾਂ ਨੇ 70 ਵਿਆਂ ਦੇ ਦਹਾਕੇ ’ਚ ਉਦੋਂ ਆਪਣੀ ਪਤਨੀ ਤੇ ਧੀਆਂ ਨੂੰ ਰੰਗਮੰਚ ਕਲਾਕਾਰਾਂ ਵਜੋਂ ਤੋਰਿਆ ਜਦੋਂ ਔਰਤਾਂ ਦੇ ਸਟੇਜਾਂ ’ਤੇ ਆਉਣ ਨੂੰ ਆਮ ਪੇਂਡੂ ਲੋਕਾਂ ਦੀਆਂ ਨਜ਼ਰਾਂ ’ਚ ਮਾਣ-ਇੱਜ਼ਤ ਵਾਲਾ ਕੰਮ ਨਹੀਂ ਸੀ ਗਿਣਿਆ ਜਾਂਦਾ। ਇਉਂ ਉਹ ਗੁਰਸ਼ਰਨ ਸਿੰਘ ਦੀ ‘ਥੜ੍ਹਾ ਥੀਏਟਰ’ ਦੀ ਰਵਾਇਤ ਦੇ ਵਾਰਿਸ ਵੀ ਹਨ।

ਆਰਥਿਕ ਖੇਤਰ ਤੋਂ ਲੈ ਕੇ ਸਮਾਜਿਕ ਖੇਤਰ ’ਚ ਪਸਰੇ ਸੰਕਟ ਦਾ ਸੰਤਾਪ ਅਜਮੇਰ ਔਲਖ ਦੇ ਨਾਟਕਾਂ ’ਚੋਂ ਸਪੱਸ਼ਟ ਉੱਘੜਦਾ ਹੈ। ਉਹਨਾਂ ਆਪਣੇ ਮਕਬੂਲ ਨਾਟਕ ‘ਬੇਗਾਨੇ ਬੋਹੜ ਦੀ ਛਾਂ’ ’ਚ ਬੋਹੜ ਨੂੰ ਅਜਿਹੇ ਆਰਥਿਕ ਸਮਾਜਿਕ ਨਿਜ਼ਾਮ ਦਾ ਚਿੰਨ੍ਹ ਦਰਸਾਇਆ ਹੈ ਜੋ ਲੋਕ ਵਿਰੋਧੀ ਹੈ ਤੇ ਜਿਸਦੀ ਛਾਂ ਥੱਲੇ ਲੋਕ ਕਦੇ ਵੀ ਸੁੱਖਾਂ ਭਰੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੇ। ਜ਼ਿੰਦਗੀ ਦੀ ਹਕੀਕਤ ਇਸ ਨਾਟਕ ’ਚ ਬਹੁਤ ਹੀ ਕਲਾਮਈ ਢੰਗ ਨਾਲ ਪੇਸ਼ ਹੁੰਦੀ ਹੈ ਜਦ ਇਹ ਸਤਰਾਂ ਗੂੰਜਦੀਆਂ ਹਨ

 

ਜਨਮ ਧਾਰਿਆ ਢਿੱਡ ਦੀ ਲੋੜ ਵਿੱਚੋਂ
ਮਰ ਜਾਣਗੇ ਢਿੱਡ ਦੀ ਲੋੜ ਥੱਲੇ
ਘੜੀ ਸੁੱਖ ਦੀ ਭਾਲਦੇ ਭਲਾ ਕਿੱਥੋਂ
ਜਿਹੜੇ ਰਹਿਣਗੇ ਬੇਗਾਨੜੇ ਬੋਹੜ ਥੱਲੇ

 

ਔਲਖ ਦੇ ਨਾਟਕਾਂ ਦਾ ਕੇਂਦਰੀ ਸੰਦੇਸ਼ ਹੈ ਕਿ ਸਮਾਜ ’ਚ ਪਸਰੀਆਂ ਸਮੱਸਿਆਵਾਂ ਦੀ ਜੜ੍ਹ ਮੌਜੂਦਾ ਪੈਸਾ ਪ੍ਰਧਾਨ ਸਮਾਜ ਹੈ ਜੀਹਦੇ ’ਚ ਆਮ ਆਦਮੀ ਦੀ ਵੁੱਕਤ ਇੱਕ ਖੋਟੇ ਪੈਸੇ ਤੋਂ ਜ਼ਿਆਦਾ ਨਹੀਂ ਹੈ। (ਤੂੜੀ ਵਾਲਾ ਕੋਠਾ)

ਉਸਨੇ ਆਪਣੇ ਨਾਟਕਾਂ ’ਚ ਗਰੀਬ ਕਿਸਾਨਾਂ, ਖੇਤ-ਮਜ਼ਦੂਰਾਂ, ਔਰਤਾਂ ਤੇ ਮਜ਼ਲੂਮ ਜਾਤਾਂ ਦੇ ਸੰਤਾਪ ਨੂੰ ਚਿਤਰਿਆ ਹੈ। ਉਹਨਾਂ ਦੇ ਦੁੱਖ ਤਕਲੀਫ਼ਾਂ, ਅਧੂਰੀਆਂ ਖਾਹਿਸ਼ਾਂ-ਉਮੰਗਾਂ ਨੂੰ ਦਿਖਾਇਆ ਹੈ, ਇਹਨਾਂ ਦੇ ਦਮ ਤੋੜਨ ਦਾ ਹਾਲ ਪ੍ਰਗਟਾਇਆ ਹੈ। ਇਹ ਤਸਵੀਰ ਦਰਸ਼ਕ ਨੂੰ ਹਲੂਣਦੀ ਹੈ ਤੇ ਕੁੱਝ ਚੰਗਾ ਕਰਨ ਲਈ ਪ੍ਰੇਰਦੀ ਹੈ। ਉਹਦੇ ਨਾਟਕਾਂ ’ਚ ਮਿਹਨਤਕਸ਼ ਲੋਕਾਂ ਦੀ ਸਿਰਫ਼ ਦੁੱਖ ਦਰਦ ਦੀ ਸੰਤਾਪੀ ਜ਼ਿੰਦਗੀ ਹੀ ਨਹੀਂ ਦਿਖਦੀ ਸਗੋਂ ਇਹਦੇ ’ਚੋਂ ਪੈਦਾ ਹੁੰਦਾ ਗੁੱਸਾ ਤੇ ਰੋਹ ਵੀ ਝਲਕਦਾ ਹੈ। ਇਹਨਾਂ ਸਥਿਤੀਆਂ ’ਚੋਂ ਜਨਮ ਲੈਂਦੀ ਸੰਘਰਸ਼ ਚੇਤਨਾ ਦੇ ਝਲਕਾਰਿਆਂ ਨਾਲ ਜ਼ਿੰਦਗੀ ਦੇ ਹੋਰ ਸੋਹਣੀ ਹੋ ਸਕਣ ਦੀ ਆਸ ਵੀ ਬੰਨ੍ਹਾਉਂਦਾ ਹੈ। ਉਹਦੀ ਸਮੁੱਚੀ ਨਾਟ ਰਚਨਾ ’ਚ ਕਿਰਤ ਦੀ ਵਡਿਆਈ ਤੇ ਉਹਦੀ ਰਾਖੀ ਦਾ ਸੁਨੇਹਾ ਰਚਿਆ ਹੋਇਆ ਹੈ।

ਅਜਮੇਰ ਸਿੰਘ ਔਲਖ ਨੇ ਪ੍ਰਚਲਿਤ ਸਮਾਜਿਕ ਧਾਰਨਾਵਾਂ ਦੇ ਪਿੱਛੇ ਛੁਪੀ ਕਰੂਰ ਹਕੀਕਤ ਨੂੰ ਬਹੁਤ ਹੀ ਕਲਾਤਮਕ ਢੰਗ ਨਾਲ ਉਘਾੜਿਆ ਹੈ। ਆਦਮੀ ਦਾ ਅਣਵਿਆਹਿਆ ਰਹਿ ਜਾਣਾ ਔਲਖ ਲਈ ਮਜ਼ਾਕ ਦਾ ਮੁੱਦਾ ਨਹੀਂ ਸਗੋਂ ਗੁਜ਼ਾਰੇ ਦੇ ਸਾਧਨਾਂ ਦੀ ਤੋਟ ’ਚੋਂ ਉਪਜੀ ਗ਼ਰੀਬ ਆਦਮੀ ਦੀ ਤ੍ਰਾਸਦੀ ਹੈ। ਗਰੀਬ ਕਿਸਾਨੀ ’ਚ ਅਣਵਿਆਹੇ ਆਦਮੀਆਂ ਦੀ ਤ੍ਰਾਸਦੀ ਤੇ ਉਸੇ ਘਰ ਦੀਆਂ ਔਰਤਾਂ ਦੇ ਜੀਵਨ ਹਾਲਤਾਂ ਨੂੰ ਔਲਖ ਨੇ ਇਉਂ ਪੇਸ਼ ਕੀਤਾ ਹੈ ਕਿ ਸਧਾਰਨ ਦਿਖਦੇ ਅਜਿਹੇ ਸਮਾਜਿਕ ਵਰਤਾਰੇ ਰੜਕਣ ਲੱਗ ਜਾਂਦੇ ਹਨ। ਉਹਦੇ ਨਾਟਕ ਅਜਿਹੇ ਸੰਸਕਾਰਾਂ ਤੇ ਸੋਚਾਂ ਦੇ ਅਸਰਾਂ ਨੂੰ ਖੋਰਨ ’ਚ ਸਹਾਈ ਹੁੰਦੇ ਹਨ ਜਿਹੜੀਆਂ ਸੋਚਾਂ ਮੌਜੂਦਾ ਲੁਟੇਰੇ ਸਮਾਜਿਕ ਨਿਜ਼ਾਮ ਨੂੰ ਤਾਕਤ ਬਖਸ਼ਦੀਆਂ ਹਨ ਤੇ ਇਹਦੀ ਇਨਕਲਾਬੀ ਤਬਦੀਲੀ ਲਈ ਸੰਘਰਸ਼ ਕਰਦੇ ਲੋਕਾਂ ਦੀ ਤਿਆਰੀ ਨੂੰ ਨਾਂਹ-ਪੱਖੀ ਰੁਖ਼ ਪ੍ਰਭਾਵਿਤ ਕਰਦੀਆਂ ਹਨ। ਸਮਾਜਿਕ ਵਿਕਾਸ ’ਚ ਅੜਿੱਕਾ ਬਣਦੀ ਜਗੀਰੂ ਚੌਧਰ, ਮਰਦਾਵਾਂ ਸਮਾਜਿਕ ਦਾਬਾ ਤੇ ਜਾਤਪਾਤੀ ਸਮਾਜਕ ਦਾਬਾ ਵਿਤਕਰਾ ਉਸਦੀ ਕਲਾ ਦਾ ਵਿਸ਼ੇਸ਼ ਚੋਟ-ਨਿਸ਼ਾਨਾ ਹਨ। ਉਸਦੀ ਕਲਾ ਦਾ ਝੰਜੋੜਾ ਪਿਛਾਂਹ-ਖਿੱਚੂ ਸੋਚਾਂ ਸੰਸਕਾਰਾਂ ਨੂੰ ਤਿਆਗਣ ਤੇ ਨਵਾਂ ਸਮਾਜ ਬਣਾਉਣ ਦਾ ਇਨਕਲਾਬੀ ਉੱਦਮ ਜੁਟਾਉਣ ਲਈ ਪ੍ਰੇਰਦਾ ਹੈ। ਅਖੌਤੀ ਨੀਵੀਆਂ ਜਾਤਾਂ ਲਈ ਉਹਦੇ ਨਾਟਕਾਂ ’ਚ ਤਰਸ ਦੀ ਭਾਵਨਾ ਦੀ ਥਾਂ ਮਾਣ ਨਾਲ ਸਿਰ ਉੁੱਚਾ ਕਰਕੇ ਜਿਉਣ ਦੀ ਅਧਿਕਾਰ ਜਤਾਈ ਝਲਕਦੀ ਹੈ।

ਅਜਮੇਰ ਔਲਖ ਦਾ ਨਾਟਕ ਤੇ ਰੰਗਮੰਚ ਲੋਕ ਲਹਿਰ ਦੇ ਨਾਲ ਨਾਲ ਤੁਰਿਆ ਹੈ। 80 ਵਿਆਂ ਦੇ ਸ਼ੁਰੂ ’ਚ ਲਿਖੇ ਉਸਦੇ ਨਾਟਕਾਂ ’ਚ ਆੜ੍ਹਤੀਆਂ ਸ਼ਾਹੂਕਾਰਾਂ ਦੀ ਲੁੱਟ ਦੀ ਸਤਾਈ ਗਰੀਬ ਕਿਸਾਨੀ ਤੇ ਖੇਤ-ਮਜ਼ਦੂਰਾਂ ’ਚ ਉਬਾਲੇ ਮਾਰਦੇ ਗੁੱਸੇ ਦੀ ਤਸਵੀਰ ਹੈ। ਇਸ ਗੁੱਸੇ ਦੇ ਗ਼ਲਤ ਲੀਹ ਤੇ ਚੜ੍ਹ ਜਾਣ ਤਾ ਤੌਖ਼ਲਾ ਵੀ ਹੈ ਤੇ ਸਹੀ ਲੀਹ ਤੇ ਤੋਰਨ ਲਈ ਵੱਡੇ ਸਾਂਝੇ ਦੁਸ਼ਮਣ ਖਿਲਾਫ਼ ਸੰਘਰਸ਼ਾਂ ਦੀ ਧਾਰ ਸੇਧਤ ਕਰਨ ਦੀ ਦਿਸ਼ਾ ਵੀ ਹੈ। ਮੌਜੂਦਾ ਨਿੱਜੀਕਰਨ ਸੰਸਾਰੀਕਰਨ ਦੇ ਹੱਲੇ ਦੇ ਦੌਰ ’ਚ ਉਸਨੇ ਜ਼ਮੀਨੀ ਘੋਲ ਨੂੰ ਆਪਣੀਆਂ ਕਲਾ-ਕ੍ਰਿਤਾਂ ਦਾ ਵਿਸ਼ਾ ਬਣਾਇਆ ਹੈ। ਔਲਖ ਨੇ ਗੋਬਿੰਦਪੁਰੇ ’ਚ ਚੱਲੇ ਘੋਲ ਨਾਲ ਬਹੁਤ ਗਹਿਰਾ ਸਰੋਕਾਰ ਦਿਖਾਉਂਦਿਆਂ ਨਾਟਕ ‘ਐਇੰ ਨੀਂ ਹੁਣ ਸਰਨਾ’ ਲਿਖ ਕੇ, ਹਕੂਮਤੀ ਤੇ ਕਾਰਪੋਰੇਟ ਲਾਣੇ ਦੀਆਂ ਲੋਟੂ ਵਿਉਂਤਾਂ ਦਾ ਪਾਜ ਉਘੇੜਦਿਆਂ, ਕਿਸਾਨੀ ਸੰਘਰਸ਼ ਦੀ ਲੋੜ ਨੂੰ ਉਭਾਰਿਆ ਹੈ। ‘ਸਰਮਾਏਦਾਰਾਂ ਨੂੰ ਚਿੱਤ ਕਰਨ ਲਈ’ ਹਰ ਹਥਿਆਰ ਵਰਤਣ ਦਾ ਸੰਦੇਸ਼ ਦਿੱਤਾ ਹੈ। ਖਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ ’ਚ ਔਲਖ ਆਪਣੇ ਨਾਟਕ ‘ਅੰਨ੍ਹੇ ਨਿਸ਼ਾਨਚੀ’ ਰਾਹੀਂ ਫ਼ਿਰਕੂ ਸਿਆਸਤ ਦਾ ਪਾਜ ਉਘੇੜਦਿਆਂ, ਭਾਈਚਾਰਕ ਏਕਤਾ ਦਾ ਸੰਦੇਸ਼ ਦਿੰਦਾ ਰਿਹਾ ਹੈ। ਲੋਕ ਮਨਾਂ ’ਤੇ ਪੱਸਰੀ ਅੰਧਵਿਸ਼ਵਾਸਾਂ ਦੀ ਧੁੰਦ ਨੂੰ ਦੂਰ ਕਰਨ ਲਈ ਤਰਕਸ਼ੀਲ ਲਹਿਰ ਦੀ ਮਹੱਤਤਾ ਨੂੰ ਉਭਾਰਦਾ ਨਾਟਕ ‘‘ਚਾਨਣ ਦੇ ਵਣਜਾਰੇ’’ ਲਿਖਿਆ ਤੇ ਖੇਡਿਆ ਹੈ। ਗਦਰ ਸ਼ਤਾਬਦੀ ਮੌਕੇ ਗਦਰ ਲਹਿਰ ਦੀ ਵਿਰਾਂਗਣ ਗੁਲਾਬ ਕੌਰ ਦੀ ਕਰਨੀ ਰਾਹੀਂ ਲਹਿਰ ਦੀ ਦੇਣ ਦਰਸਾਉਂਦਾ ਨਾਟਕ ‘‘ਤੂੰ ਚਰਖਾ ਘੁਕਦਾ ਰੱਖ ਜਿੰਦੇ’’ ਲੋਕਾਂ ਨੂੰ ਦਿੱਤਾ ਹੈ।

ਏਨੀ ਬਰੀਕੀ ’ਚ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਚਿਤਰ ਸਕਣ ’ਚ ਉਹਦੀ ਇਨਕਲਾਬੀ ਦਿ੍ਰਸ਼ਟੀ ਦੇ ਨਾਲ ਨਾਲ ਉਹਦਾ ਆਪਣਾ ਪੇਂਡੂ ਕਿਸਾਨੀ ਜੀਵਨ ਦਾ ਸਿੱਧਾ ਅਨੁਭਵ ਵੀ ਹੈ। ਇੱਕ ਗ਼ਰੀਬ ਕਿਸਾਨ ਮੁਜਾਰੇ ਪਰਿਵਾਰ ’ਚ ਜਨਮੇ ਅਜਮੇਰ ਔਲਖ ਨੇ ਗਰੀਬ ਕਿਸਾਨੀ ਦੀਆਂ ਮੁਸ਼ਕਿਲਾਂ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੈ ਜਗੀਰਦਾਰਾਂ ਦੇ ਜਬਰ ਦਾ ਸੇਕ ਝੱਲਿਆ ਹੈ। ਥੁੜ-ਜ਼ਮੀਨੇ ਕਿਸਾਨ ਪਰਿਵਾਰ ਦੀਆਂ ਤੋਟਾਂ ਭਰੀ ਜ਼ਿੰਦਗੀ ’ਚ ਬਚਪਨ ਗੁਜ਼ਾਰਿਆ ਹੈ। ਨਿੱਕੇ ਹੁੰਦਿਆਂ ਔਲਖ ਵੱਲੋਂ ਆਪਣੀ ਮਾਂ ਤੋਂ ਮੱਕੀ ਦੀ ਛੱਲੀ ਮੰਗਣ ਤੇ ਮਾਂ ਵੱਲੋਂ ਖੇਤੋਂ ਛੱਲੀ ਲਿਆਉਣ ਮੌਕੇ ਜਗੀਰਦਾਰਾਂ ਦੇ ਗੁੰਡਿਆਂ ਵੱਲੋਂ ਪੰਡ ਦੀ ਤਲਾਸ਼ੀ ਲੈਣ ਤੇ ਮਾਂ ਵੱਲੋਂ ਗੁੱਸੇ ’ਚ ਛੱਲੀ ਵਗ੍ਹਾ ਮਾਰਨ ਦੀ ਘਟਨਾ ਉਹਦੇ ਚੇਤਿਆਂ ’ਚ ਡੂੰਘੀ ਤਰ੍ਹਾਂ ਉੱਕਰੀ ਪਈ ਹੈ। ਇਉਂ ਹੀ ਮਗਰੋਂ ਚੜ੍ਹਦੀ ਜਵਾਨੀ ਵੇਲੇ ਜਗੀਰਦਾਰ ਵੱਲੋਂ ਉਹਦੀ ਪਿੱਠ ’ਤੇ ਮਾਰੇ ਠੁੱਡੇ ਦੀ ਪੀੜ ਅਜਮੇਰ ਔਲਖ ਨੂੰ ਅਜੇ ਵੀ ਮਹਿਸੂਸ ਹੁੰਦੀ ਹੈ। ਉਹਨੇ ਕਿਸਾਨਾਂ ਦੀ ਲੁੱਟ ਦਾ ਸੰਤਾਪ ਦੇਖਿਆ ਤੇ ਖੇਤਾਂ ਦੀ ਰਾਖੀ ਲਈ ਉੱਠਦੇ ਕਿਸਾਨ ਉਭਾਰ ਦੇ ਦਿਨਾਂ ’ਚ ਹੀ ਪਲ਼ ਕੇ ਵੱਡਾ ਹੋਇਆ। ਉਹਦੇ ਮਨ ’ਚ ਪੈਪਸੂ ਦੀ ਜੁਝਾਰ ਮੁਜਾਰਾ ਲਹਿਰ ਦੀ ਚੜ੍ਹਤ ਦੇ ਦਿਨਾਂ ਦੀਆਂ ਯਾਦਾਂ ਸਾਂਭੀਆਂ ਪਈਆਂ ਹਨ। ਬਚਪਨ ’ਚ ਕਿਸਾਨ ਸੰਘਰਸ਼ਾਂ ਦੀਆਂ ਸਟੇਜਾਂ ਤੋਂ ਆਪਣੇ ਰਚੇ ਗੀਤ ਗਾਉਂਦਿਆਂ ਉਹਨੇ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਇਉਂ ਉਹ ਕਿਸਾਨ ਸੰਘਰਸ਼ਾਂ ਦੀ ਗੁੜ੍ਹਤੀ ਲੈ ਕੇ ਸਾਹਿਤਕ ਪਿੜ ’ਚ ਆਇਆ। ਉੱਘੇ ਕਿਸਾਨ ਆਗੂ ਧਰਮ ਸਿੰਘ ਫੱਕਰ ਵੱਲੋਂ ਉਹਦੇ ਗੀਤ ਬਦਲੇ ਦਿੱਤੀ ਹੱਲਾਸ਼ੇਰੀ ਤੇ ਇੱਕ ਰੁਪਏ ਦਾ ਇਨਾਮ ਅੱਜ ਵੀ ਅਜਮੇਰ ਔਲਖ ਨੂੰ ਕਿਸਾਨ ਮਜ਼ਦੂਰ ਹਿਤਾਂ ਲਈ ਕਲਮ ਚਲਾਉਣ ਤੇ ਨਾਟਕ ਖੇਡਣ ਦੀ ਪ੍ਰੇਰਨਾ ਦਿੰਦਾ ਹੈ।

ਕਲਾ ਤੇ ਸਾਹਿਤਕ ਖੇਤਰ ਦੀ ਘਾਲਣਾ ਦੇ ਨਾਲ ਅਜਮੇਰ ਸਿੰਘ ਔਲਖ ਨੇ ਲੋਕ ਹੱਕਾਂ ਦੀ ਲਹਿਰ ’ਚ ਇੱਕ ਜਮਹੂਰੀ ਕਾਰਕੁੰਨ ਵਜੋਂ ਵੀ ਰੋਲ ਅਦਾ ਕੀਤਾ ਹੈ। ਉਹ ਅਜਿਹੇ ਦੌਰ ’ਚ ਅੱਗੇ ਆਇਆ ਜਦੋਂ ਵੱਡੀਆਂ ਬਹੁਕੌਮੀ ਕੰਪਨੀਆਂ ਦੀ ਅੰਨ੍ਹੀ ਲੁੱਟ ਲਈ ਦੇਸ਼ ਦੇ ਕਿਰਤੀ ਲੋਕਾਂ ਤੇ ਹਕੂਮਤੀ ਜਬਰ ਦਾ ਕੁਹਾੜਾ ਤੇਜ਼ ਕੀਤਾ ਗਿਆ। ਜੰਗਲਾਂ ਤੇ ਜ਼ਮੀਨਾਂ ਦੀ ਰਾਖੀ ਲਈ ਜੂਝਦੇ ਆਦਿਵਾਸੀਆਂ ਦਾ ਸ਼ਿਕਾਰ ਖੇਡਣ ਲਈ ‘ਅਪ੍ਰੇਸ਼ਨ ਗਰੀਨ ਹੰਟ’ ਸ਼ੁਰੂ ਕੀਤਾ ਗਿਆ ਤਾਂ ਪੰਜਾਬ ’ਚ ‘ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ’ ਨਾਂ ਦੇ ਪਲੇਟਫਾਰਮ ਨੇ ਇਸ ਹਕੂਮਤੀ ਜਬਰ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਈ। ਅਜਮੇਰ ਔਲਖ ਇਸ ਫਰੰਟ ਦੀਆਂ ਮੋਹਰੀ ਕਤਾਰਾਂ ’ਚ ਖੜ੍ਹਾ ਹੈ। ਉਹ ਜਮਹੂਰੀ ਅਧਿਕਾਰ ਸਭਾ ਦਾ ਪੰਜਾਬ ਦਾ ਪ੍ਰਧਾਨ ਬਣਿਆ। ਅੱਜ ਕੱਲ੍ਹ ਉਹ ਲੋਕਾਂ ’ਚ ਜਮਹੂਰੀ ਹੱਕਾਂ ਦੀ ਸੋਝੀ ਦਾ ਪਸਾਰਾ ਕਰਨ ਤੇ ਹਕੂਮਤੀ ਜਬਰ ਦਾ ਵਿਰੋਧ ਕਰਨ ਦੀਆਂ ਸਰਗਰਮੀਆਂ ਦਾ ਮੋਢੀ ਹੈ। ਉਹ ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਮੌਕੇ ਚੱਲੀ ‘ਰਾਜ ਬਦਲੋ, ਸਮਾਜ ਬਦਲੋ’ ਨਾਂ ਦੀ ਵਿਸ਼ਾਲ ਜਨਤਕ ਮੁਹਿੰਮ ਦਾ ਅੰਗ ਰਿਹਾ ਹੈ।

ਅਜਮੇਰ ਔਲਖ ਦੇ ਸਨਮਾਨ ਰਾਹੀਂ ਪੰਜਾਬ ਦੀ ਇਨਕਲਾਬੀ ਲਹਿਰ ਉਹਨਾਂ ਸਭਨਾਂ ਸਾਹਿਤਕਾਰਾਂ, ਕਲਾਕਾਰਾਂ ਨੂੰ ਸਲਾਮ ਕਰ ਰਹੀ ਹੈ ਜਿਨ੍ਹਾਂ ਨੇ ਲੋਕਾਂ ਦੇ ਸੋਹਣੇ ਭਵਿੱਖ ਦਾ ਸੁਪਨਾ ਲਿਆ ਹੈ। ਪੰਜਾਬੀ ਸਾਹਿਤ ਦੀ ਇਹ ਲੋਕ ਪੱਖੀ ਦਿ੍ਰਸ਼ਟੀ ਯੁੱਗਾਂ ਯੁੱਗਾਂ ਤੋਂ ਚੱਲਦੀ ਆਈ ਹੈ। ਸਾਡੇ ਦੇਸ਼ ’ਚ ਪੁਰਾਤਨ ਸਮਿਆਂ ਤੋਂ ਹੀ ਸਾਹਿਤ ਦਾ ਮਨੋਰਥ ਸੱਚ ਪ੍ਰਗਟਾਉਣਾ ਦੱਸਿਆ ਜਾਂਦਾ ਰਿਹਾ ਹੈ। ਪੰਜਾਬੀ ਸਾਹਿਤ ਰਾਜੇ ਮਹਾਰਾਜਿਆਂ ਦੇ ਜਬਰ ਨੂੰ ਲਲਕਾਰਾਦਾ ਆਇਆ ਹੈ। ਬਾਬੇ ਨਾਨਕ ਵੱਲੋਂ ਆਪਣੇ ਸੁਨੇਹੇ ਲਈ ਸਾਹਿਤ ਕਲਾ ਦੇ ਹਥਿਆਰ ਦੀ ਵਰਤੋਂ ਦਾ ਹੀ ਕਮਾਲ ਹੈ ਕਿ ਉਹਦਾ ਹੋਕਾ ਭਾਈ ਲਾਲੋਆਂ ਨੂੰ ਜਾਗਿ੍ਰਤ ਕਰਦਾ ਆ ਰਿਹਾ ਹੈ। ਸਾਹਿਤ ਕਲਾ ਦਾ ਖੇਤਰ ਲੋਕਾਂ ਦੀ ਮੁਕਤੀ ਲਈ ਸੰਘਰਸ਼ ਦਾ ਅਹਿਮ ਹਥਿਆਰ ਬਣਦਾ ਰਿਹਾ ਹੈ। ਪੰਜਾਬ ’ਚ ਕਿਸੇ ਵੇਲੇ ਚੱਲੀ ਇਪਟਾ ਲਹਿਰ ਦੇ ਨਾਟਕਾਂ ਤੇ ਓਪੇਰਿਆਂ ਨੇ ਮਿਹਨਤਕਸ਼ ਜਨਤਾ ਨੂੰ ਕਲਾ ਨਾਲ ਹਲੂਣ ਜਗਾਉਣ ਦਾ ਰੋਲ ਨਿਭਾਇਆ ਸੀ। ਗੁਰਸ਼ਰਨ ਸਿੰਘ ਦੀ ਅਗਵਾਈ ’ਚ ਚੱਲਦੀ ਰਹੀ ਨਾਟਕ ਲਹਿਰ ਨੇ ਹਮੇਸ਼ਾਂ ਹੀ ਪੰਜਾਬ ਦੀ ਲੋਕ ਲਹਿਰ ਦਾ ਅਹਿਮ ਮੋਰਚਾ ਸੰਭਾਲੀ ਰੱਖਿਆ ਹੈ। ਸਾਹਿਤ ਕਲਾ ਦੀ ਤਾਕਤ ਸਾਡਾ ਵਿਰਸਾ ਵੀ ਦਰਸਾਉਂਦਾ ਹੈ, ਚੰਡੀ ਦੀ ਵਾਰ ਸੂਰਮਿਆਂ ਵਿੱਚ ਮੈਦਾਨ-ਏ-ਜੰਗ ’ਚ ਜਾਣ ਦਾ ਜੋਸ਼ ਭਰਦੀ ਰਹੀ ਹੈ। ਸਾਹਿਤ ਤੇ ਕਲਾ ਕਦਰਾਂ ਕੀਮਤਾਂ ਤੇ ਸੰਸਕਾਰਾਂ ਦੇ ਖੇਤਰ ’ਚ ਹਾਕਮ ਜਮਾਤਾਂ ਨੂੰ ਟੱਕਰ ਦੇਣ ਪੱਖੋਂ ਬਹੁਤ ਮਹੱਤਵਪੂਰਨ ਹੈ। ਹਾਕਮ ਜਮਾਤਾਂ ਵੱਲੋਂ ਲੋਕ ਮਨਾਂ ’ਤੇ ਪਾਈ ਧੁੰਦ ਦੀ ਚਾਦਰ ਨੂੰ ਦੂਰ ਕਰਨ ’ਚ ਇਸ ਖੇਤਰ ਦਾ ਅਹਿਮ ਰੋਲ ਹੈ। ਲੋਕ ਪੱਖੀ ਸਾਹਿਤ ਕਲਾ ਦੀ ਤਾਕਤ ਤੋਂ ਹਾਕਮ ਘਬਰਾਉਂਦੇ ਆਏ ਹਨ। ਉਹ ਲੋਕ ਪੱਖੀ ਕਲਾਕਾਰਾਂ ਸਾਹਿਤਕਾਰਾਂ ਨੂੰ ਕਤਲ ਕਰਵਾਉਦੇ, ਜੇਲੀਂ ਡੱਕਦੇ ਤੇ ਜਬਰ ਢਾਹੁੰਦੇ ਰਹੇ ਹਨ। ਉੱਘੇ ਕਵੀ ਪਾਸ਼ ਦਾ ਕਤਲ, ਲੋਕ ਪੱਖੀ ਨਾਟਕਕਾਰ ਸਫ਼ਦਰ ਹਾਸ਼ਮੀ ਦੇ ਕਤਲ ਤੋਂ ਲੈ ਕੇ, ਲੋਕਾਂ ਨੂੰ ਜਗਾਉਂਦੇ ਨਾਟਕਾਂ ਗੀਤਾਂ ਤੇ ਪਾਬੰਦੀਆਂ ਮੜ੍ਹਦੇ ਆਏ ਹਨ। ਜਤਿਨ ਮਰਾਂਡੀ ਨੂੰ ਫ਼ਾਂਸੀ ਦੀ ਸਜ਼ਾ ਦੇ ਫੁਰਮਾਨਾਂ ਤੇ ਕਬੀਰ ਕਲਾ ਮੰਚ ਦੇ ਕਲਾਕਾਰਾਂ ’ਤੇ ਦਰਜ ਹੋਏ ਕੇਸ ਰਾਹੀਂ ਇਹ ਵਰਤਾਰਾ ਹੋਰ ਤੇਜ਼ ਹੋ ਰਿਹਾ ਹੈ।

ਇਹ ਸਨਮਾਨ ਹਕੂਮਤਾਂ ਦੇ ਸੋਹਲੇ ਗਾਉਣ ਵਾਲੇ ਦਰਬਾਰੀ ਸਾਹਿਤਾਰਾਂ ਤੋਂ ਨਿਖੇੜੇ ਦੀ ਲਕੀਰ ਖਿੱਚ ਕੇ ਦਿੱਤਾ ਜਾ ਰਿਹਾ ਹੈ। ਇਹ ਉਹਨਾਂ ਦਾ ਸਨਮਾਨ ਨਹੀਂ ਹੈ ਜਿਨ੍ਹਾਂ ਨੇ ਤਰੱਕੀਆਂ ਕਰਦਾ ਦੇਸ਼ ਦਿਖਾ ਕੇ, ਸਾਡੇ ਖੇਤਾਂ ਤੇ ਘਰਾਂ ’ਚ ਬਹਾਰਾਂ ਦਰਸਾ ਕੇ ਲੋਕਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹਣ ਦਾ ਯਤਨ ਕੀਤਾ ਹੈ। ਨਾ ਉਹਨਾਂ ਦਾ ਸਨਮਾਨ ਹੈ ਜਿਨ੍ਹਾਂ ਨੇ ਸਰਮਾਏਦਾਰਾਂ ਦੇ ਵਪਾਰਕ ਹਿਤਾਂ ਲਈ ਆਪਣੀ ਕਲਾ ਦਾ ਮੁੱਲ ਵੱਟਿਆ ਹੈ। ਨੌਜਵਾਨ ਪੀੜ੍ਹੀ ਨੂੰ ਲੱਚਰਤਾ, ਅੱਯਾਸ਼ੀ ਤੇ ਫੋਕੀ ਸ਼ੋਹਰਤ ਦੇ ਡੂੰਘੇ ਸਮੁੰਦਰਾਂ ’ਚ ਡੁਬੋਣ ਦਾ ਯਤਨ ਕੀਤਾ ਹੈ।

ਮੰਡੀ ਦੇ ਯੁੱਗ ’ਚ ਸਾਹਿਤਕਾਰਾਂ ਕਲਾਕਾਰਾਂ ਲਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਹੈ। ਪੂੰਜੀ ਦੇ ਬੋਲਬਾਲੇ ਦੇ ਦੌਰ ’ਚ ਸਭ ਕੁਝ ਵਿਕਾੳੂ ਹੈ। ਹਾਕਮ ਜਮਾਤਾਂ ਵੱਲੋਂ ਪਰੋਸੇ ਜਾ ਰਹੇ ਲਾਲਚ ਸਾਹਿਤਕਾਰਾਂ ਕਲਾਕਾਰਾਂ ਦੇ ਪੈਰ ਉਖਾੜ ਰਹੇ ਹਨ ਤੇ ਲੋਕਾਂ ਦੇ ਕਾਜ਼ ਪ੍ਰਤੀ ਵਫ਼ਾਦਾਰੀ ਤੇ ਸਮਾਜ ਬਦਲੀ ਦੀ ਨਿਹਚਾ ਦੀ ਪਰਖ ਹੋ ਰਹੀ ਹੈ ਤਾਂ ਅਜਮੇਰ ਔਲਖ ਇਸ ਦੌਰ ’ਚ ਪੈਰ ਗੱਡ ਕੇ ਲੋਕਾਂ ਦੀ ਧਿਰ ਨਾਲ ਖੜ੍ਹੇ ਹਨ ਤੇ ਵਫ਼ਾ ਨਿਭਾਈ ਹੈ। ਉਹ ਵੱਡੀਆਂ ਕਮਾਈਆਂ ਤੇ ਸ਼ੋਹਰਤਾਂ ਲਈ ਕਲਾ ਨੂੰ ਵੇਚਣ ਦੇ ਰਾਹ ਨਹੀਂ ਪਏ।

ਸਨ 2008 ’ਚ ਉਹਨਾਂ ਨੂੰ ਚਿੰਬੜੀ ਕੈਂਸਰ ਦੀ ਬਿਮਾਰੀ ਨੂੰ ਲੈ ਕੇ ਸੰਘਰਸ਼ਸ਼ੀਲ ਲੋਕਾਂ ’ਚ ਉੱਠੀ ਫ਼ਿਕਰਮੰਦੀ ਤੇ ਗਹਿਰੇ ਸਰੋਕਾਰ ਦਾ ਪ੍ਰਗਟਾਵਾ ਉਹਨਾਂ ਦੇ ਇਲਾਜ ਲਈ ਆਰਥਿਕ ਸਹਾਇਤਾ ਜੁਟਾਉਣ ਦੀ ਮੁਹਿੰਮ ਰਾਹੀਂ ਹੋਇਆ ਸੀ। ਬਿਸਤਰ ਤੇ ਪਿਆਂ ਲੋਕਾਂ ਦੀ ਇਸ ਦੇਣ ਦਾ ‘ਕਰਜ਼ਾ’ ਚੁਕਾਉਣ ਦਾ ਐਲਾਨ ਉਹਨਾਂ ਇੱਕ ਕਵਿਤਾ ਰਾਹੀਂ ਕੀਤਾ ਸੀ। ਜਿਹਦੇ ਵਿੱਚ ਮੌਤ ਨੂੰ ਵੰਗਾਰਦਿਆਂ ਉਹਨਾਂ ਕਿਹਾ ਸੀ –

 

ਮੈਂ ਦੱਸਾਂਗਾ ਉਸਨੂੰ
ਕਿ ਕਿਰਤ, ਸਿਰਜਣਾ ਤੇ ਜ਼ਿੰਦਗੀ ਮੇਰੇ ਸੰਗ ਨੇ
ਕੁਝ ਨਹੀਂ ਵਿਗਾੜ ਸਕਦੀ ਤੂੰ ਮੇਰਾ
ਉਹਨਾਂ ਐਲਾਨ ਕੀਤਾ
ਹੇ ਜ਼ਿੰਦਗੀ ਮੈਂ ਆ ਰਿਹੈਂ
ਮੇਰੇ ਸਿਰ ਚੜ੍ਹਿਆ ਤੇਰਾ ਕਰਜ਼ਾ
ਉਤਾਰਨ ਵਾਸਤੇ


ਇਹ ਐਲਾਨ ਲੋਕ ਪੱਖੀ ਸਾਹਿਤ ਕਲਾ ਸਿਰਜਣਾ ਦੇ ਖੇਤਰ ’ਚ ਹੋਰ ਸ਼ਿੱਦਤ ਤੇ ਲਗਨ ਨਾਲ ‘‘ਆਪਣੀ ਥਾਂ’’ ਦੀ ਤਾਂਘ ਦਾ ਪ੍ਰਗਟਾਵਾ ਸੀ ਅਤੇ ਲੋਕਾਂ ਦੀਆਂ ਆਸਾਂ ਨੂੰ ਹੁੰਗਾਰਾ ਸੀ। ਗੰਭੀਰ ਬਿਮਾਰੀ ਦੀ ਹਾਲਤ ’ਚ ਅਜਿਹੀ ਘਾਲਣਾ ਨਾ ਸਿਰਫ਼ ਲੋਕ ਪੱਖੀ ਕਲਾਕਾਰਾਂ ਲਈ ਇੱਕ ਸ਼ਾਨਾਮੱਤੀ ਮਿਸਾਲ ਹੈ ਸਗੋਂ ਲੋਕ ਘੁਲਾਟੀਆਂ ਲਈ ਵੀ ਪ੍ਰੇਰਨਾ ਬਣ ਰਹੀ ਹੈ। ਲੋਕ ਰੰਗਮੰਚ ਦੇ ਮੋਰਚੇ ਤੇ ਡਟੇ ਜੁਝਾਰ ਦੀ ਸਾਹਿਤਕ ਘਾਲਣਾ ਨੂੰ ਸਲਾਮ ਕਰਨ ਲਈ 1 ਮਾਰਚ ਨੂੰ ਪਿੰਡ ਰੱਲਾ (ਮਾਨਸਾ) ’ਚ ਹਜ਼ਾਰਾਂ ਕਿਰਤੀ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਔਰਤਾਂ, ਕਲਾਕਾਰ, ਜਮਹੂਰੀ ਹੱਕਾਂ ਦੇ ਕਾਰਕੁੰਨ ਤੇ ਬੁੱਧੀਜੀਵੀ ਇਕੱਠੇ ਹੋਣਗੇ। ਇਹ ਸਨਮਾਨ ਸਮਾਰੋਹ ਲੋਕ ਹੱਕਾਂ ਦੀ ਲਹਿਰ ਤੇ ਸਾਹਿਤ-ਕਲਾ ਦੇ ਰਿਸ਼ਤੇ ਨੂੰ ਗੂੜ੍ਹਾ ਕਰਦਿਆਂ ਨਵੇਂ ਸਮਾਜ ਦੀ ਉਸਾਰੀ ਲਈ ਚੱਲ ਰਹੇ ਸੰਗਰਾਮਾਂ ਦੇ ਕਾਫ਼ਲੇ ਨੂੰ ਹੋਰ ਤਕੜਾ ਕਰਨ ਦਾ ਸੰਦੇਸ਼ ਬਣੇਗਾ।

ਈ-ਮੇਲ: salaamparkashan@gmail.com
ਅਮਿਤੋਜ : ਗੁਆਚੀ ਪੁਸ਼ਤ ਦਾ ਪ੍ਰਵਚਨ -ਗੁਰਬਚਨ
ਭਾਈ ਲਾਲੋ ਕਲਾ ਸਨਮਾਨ ਦੇ ਹਵਾਲੇ ਨਾਲ ਅਜਮੇਰ ਔਲਖ ਦੀ ਸਾਹਿਤਕ ਘਾਲਣਾ ਦਾ ਮਹੱਤਵ -ਪਾਵੇਲ ਕੁੱਸਾ
ਕਵਿਤਾ ਜ਼ਿੰਦਗੀ ਦੀ ਧੜਕਣ ਹੈ ਪਰ “ਕਵਿਤਾ” ਹੋਵੇ ਤਾਂ ਸਹੀ – ਇਕਬਾਲ
ਅਜਮੇਰ ਸਿੰਘ ਦੀਆਂ ਵਿਵਾਦਤ ਪੁਸਤਕਾਂ: ਸਿੱਖ ਇਤਿਹਾਸਕਾਰੀ ਦੇ ਸਿਆਸੀ ਪ੍ਰਸੰਗ -ਸ਼ਬਦੀਸ਼
ਲਾਹੌਰ ਲਿਟਰੇਰੀ ਫ਼ੈਸਟੀਵਲ: ਚੰਦ ਤਾਸੁਰਾਤ – ਮੁਹੰਮਦ ਸ਼ੋਇਬ ਆਦਿਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਫ਼ਿਲਮ ਇੰਸਟੀਚਿਊਟ ਦੀ ਅਹੁਦੇਦਾਰੀ ਬਨਾਮ ਹਿਟਲਰੀ ਕਾਰਵਾਈ – ਬਿੰਦਰਪਾਲ ਫ਼ਤਿਹ

ckitadmin
ckitadmin
July 1, 2015
ਜਦੋਂ ਉਨ੍ਹਾਂ ਮੈਨੂੰ ਸਾਊਥ ਇੰਡੀਅਨ ਸਮਝਿਆ – ਗੁਰਤੇਜ ਸਿੰਘ
ਸੁਰਿੰਦਰ ਕੌਰ: ਪੰਜਾਬ ਦੀ ਕੋਇਲ – ਰਣਜੀਤ ਸਿੰਘ ਪ੍ਰੀਤ
ਪੰਜਾਬੀ ਭਾਸ਼ਾ ਦੇ ਵਿਕਾਸ ‘ਚ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ -ਸੀ. ਪੀ. ਕੰਬੋਜ
ਗੱਠੜੀ – ਸੁਖਪਾਲ ਕੌਰ ‘ਸੁੱਖੀ’
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?