ਜ਼ਰਾ ਹੋਸ਼ ’ਚ ਆ ਯਾਰਾ,ਸਭ ਛੱਡ ਬਦਮਾਸ਼ੀਆਂ ਵੇ
ਰੱਖ ਖਿਆਲ ਜ਼ਰਾ ਆਪਣਾ,ਕਲਬੂਤ ਦੇ ਵਾਸੀਆ ਵੇ
ਇਸ ਮੁਲਕ ਦਾ ਮੌਸਮ ਵੀ ਅੱਜ ਬਦਲ ਗਿਆ ਲੱਗਦੈ
ਰੁਖ਼ ਤੂੰ ਵੀ ਬਦਲ ਉੱਡ ਜਾ ,ਪੰਛੀ ਪਰਵਾਸੀਆ ਵੇ
ਜਦ ਦੇਖਦਾਂ ਸਭ ਪਾਸੇ,ਉਦਾਸ ਹੋ ਜਾਂਦਾ ਹਾਂ
ਕਿੱਥੇ ਉਪਦੇਸ਼ ਗਏ,ਨਾਨਕੀ ਉਦਾਸੀਆਂ ਵੇ
ਕਿਤੇ ਤਸਬੀ ਮਾਲਾ ਹੈ,ਕਿਰਪਾਨ ਜਨੇਊ ਵੀ
ਇਨਸਾਨ ਭਾਵੇਂ ਉਹੀ, ਪਰ ਜਾਤਾਂ ਖਾਸੀਆਂ ਵੇ
ਐਥੇ ਲੱਛਮੀ ਦਾ ਮਾਲਕ,ਪੀਵੇ ਖੂਨ ਗਰੀਬਾਂ ਦਾ
ਦੱਸ ਕਿਹੜੀ ਜੱਗ ਜਣਨੀ,ਐਥੇ ਸਾਰੀਆਂ ਦਾਸੀਆਂ ਵੇ
ਵਿੱਚ ਦੁਨੀਆ ਜਿਸਮਾਂ ਦੀ,ਰੱਜੇ-ਪੁੱਜੇ ਮਿਲਦੇ ਨੇ
ਪਰ ਹਾਲ ਬੜਾ ਮੰਦੜਾ,ਸਭ ਰੂਹਾਂ ਪਿਆਸੀਆਂ ਵੇ
ਤੂੰ ਪੱਥਰ ਸੀ ਆਖਿਰ,ਕਿਸ ਸੌਦਾ ਕਰਨਾ ਸੀ
ਐਥੇ ਉਹੀ ਵਿਕਦੀਆਂ ਨੇ, ਜੋ ਗਈਆਂ ਤਰਾਸ਼ੀਆਂ ਵੇ
ਯਾਰਾ ਹੱਥ ਵੀ ਸ਼ਾਤਿਰ ਨੇ,ਸ਼ਾਤਿਰ ਕੀ ‘ਕਾਫ਼ਿਰ’ ਨੇ
ਸੁਬਹਾ ਟੱਲੀਆਂ ਖੜਕਾਵਣ,ਹਰ ਸ਼ਾਮ ਗਿਲਾਸੀਆਂ ਵੇ
ਸੰਪਰਕ : +91 98151 19987

