ਤੇਰੇ ਦਰ ਤੇ ਮੈਂ ਬੈਠਾ ਕਾਂ ਕਾਂ ਕਰਦਾ,
ਦੇਖੀ ਗੁੱਸਾ ਨਾ ਮਨਾਈ ਜੀਣ ਜੋਗੀਏ,
ਆਜੇ ਮਹਿਮਾਨ ਬਣ ਓਹੋ ਮੈਂ ਤਾਂ ਕਰਦਾ,
ਤੇਰੇ ਦਰ ਤੇ ਮੈਂ ਬੈਠਾ ਕਾਂ ਕਾਂ ਕਰਦਾ !
ਰੋਜ਼ ਦਾ ਹੀ ਰੌਂਲਾ ਰੱਪਾ ਮੈਂ ਹਾਂ ਕਰਦਾ,
ਤੇਰੀ ਅੱਖ ਉਡੀਕਾਂ ਵਿੱਚ ਡੁੱਬ ਚੱਲੀਏ,
ਆਜੇ ਮਾਹੀ ਵੀ ਸੁਣ ਸੁਣ ਮੈਂ ਤਾਂ ਕਰਦਾ,
ਤੇਰੇ ਦਰ ਤੇ ਮੈਂ ਬੈਠਾ ਕਾਂ ਕਾਂ ਕਰਦਾ !
ਬੜੇ ਦਰ ਨੇ ਹੋਰ ਤਾਂ ਵੀ ਇੱਥੇ ਅੜਦਾ,
ਤੇਰੀ ਪਿਆਰੀ ਖੁਸ਼ਬੂ’ਚ ਖਿੱਚ ਹੋਗੀਏ,
ਮਿਲੇ ਰੂਹ ਨੂੰ ਸਕੂਨ ਮੈਂ ਤਾਂਹੀ ਬੜਦਾ,
ਤੇਰੇ ਦਰ ਤੇ ਮੈਂ ਬੈਠਾ ਕਾਂ ਕਾਂ ਕਰਦਾ !
ਹੱਕਾ ਮਾਰ ਕਹਿੰਨਾ ਹੁਣ ਨਹੀਂ ਸਰਦਾ,
ਹੋਰ ਕਿਹੜੇ ਹਿੱਤੋਂ ਦੱਸ ਦਿਲ ਘੱਲੀਏ,
ਸਭ ਹਾਰ ਕਹਿੰਨਾ ਹੋਰ ਨਹੀਂ ਹਰਦਾ,
ਤੇਰੇ ਦਰ ਤੇ ਮੈਂ ਬੈਠਾ ਕਾਂ ਕਾਂ ਕਰਦਾ !
ਓਹੋ ਦਿਨ ਆਜੇ ਹੱਥ’ਚ ਹੱਥ ਫੜਦਾ,
ਏਹੇ ਪੰਛੀ ਜੂਨ ਸਮਝੂ ਸਫਲ ਹੋਗੀਏ,
ਜੇ ਤੇਰਾ ਨਾਮ ਨਗੀਨਾ ਓਦੇ’ਚ ਜੜਤਾ,
ਤੇਰੇ ਦਰ ਤੇ ਮੈਂ ਬੈਠਾ ਕਾਂ ਕਾਂ ਕਰਦਾ !
ਖਬਰਦਾਰ
ਅਗਲੇ ਲਈ ਮੰਗਾਂ ਨਹੀਂ,
ਬੱਸ ਸਿਰਫ ਉਡੀਕਾਂ ਨੇ,
ਖਬਰਦਾਰ ਨਾ ਸਮਝੀ ਹੋਰ ਕੁਛ,
ਏਹੀ ਜਨਮ ਦੀਆਂ ਪ੍ਰੀਤਾਂ ਨੇ !
ਬੜੀ ਖਪਾਈ ਕਰ ਲਈ,
ਤੇਰੀ ਨੇਕੀ ਤੇ ਰੀਤਾਂ ਨੇ,
ਖਬਰਦਾਰ ਨਾ ਸਮਝੀ ਹੋਰ ਕੁਛ,
ਏਹੀ ਜਨਮ ਦੀਆਂ ਪ੍ਰੀਤਾਂ ਨੇ !
ਕੌਣ ਬੁਰਾ ਤੇ ਕੌਣ ਭਲਾ,
ਕੀ ਦੱਸਣ ਏਹੇ ਲੀਕਾਂ ਨੇ,
ਖਬਰਦਾਰ ਨਾ ਸਮਝੀ ਹੋਰ ਕੁਛ,
ਏਹੀ ਜਨਮ ਦੀਆਂ ਪ੍ਰੀਤਾਂ ਨੇ !
ਯਾਦ ਰਹਿਣੀ ਯਾਦ ਸਦਾ,
ਖੈਰ ਕੀ ਹੋਰਾਂ ਤੇ ਨੀਤਾਂ ਨੇ,
ਖਬਰਦਾਰ ਨਾ ਸਮਝੀ ਹੋਰ ਕੁਛ,
ਏਹੀ ਜਨਮ ਪੀਂਘ ਪ੍ਰੀਤਾਂ ਨੇ !
***
ਅਫਵਾਹ ਆਜ਼ਾਦੀ
ਹਲੇ ਵੀ ਕਾਇਮ ਹੱਦਾਂ ਸਰਹੱਦਾ ਨੇ,
ਵਗਦੀਆਂ ਹਵਾਵਾਂ ਹਾਲੇ ਵੀ ਅੱਗਾਂ ਨੇ,
ਕੌਣ ਕਹੇ ਹਵਾ ਠੰਡੀ ਲੱਗਦੀ ਏ,
ਮੇਰੇ ਸੀਨੇ ਨੂੰ ਠਾਰ ਰਹੀ,
ਅਫਵਾਹ ਆਜ਼ਾਦੀ ਕਹਿ,
ਐਵੇ ਈ ਓ ਸਾਨੂੰ ਤਾੜ ਰਹੀ !
ਚਿੱਤ ਕਰੇ ਸਰਹੱਦ ਪਾਰ ਜਾਣ ਦਾ,
ਆਸ ਈ ਨੁਕਤਾ ਮਨ ਸਮਝਾਣ ਦਾ,
ਕੌਣ ਕਹੇ ਖੁੱਲ ਖੇੜਾ ਜਾਪਦਾ ਏ,
ਹਵਾ ਨਫ਼ਰਤ ਸਹਾਰ ਰਹੀ,
ਅਫਵਾਹ ਆਜ਼ਾਦੀ ਕਹਿ,
ਐਵੇ ਈ ਓ ਸਾਨੂੰ ਤਾੜ ਰਹੀ !
ਮੇਰੇ ਮਨ ਉੱਠਦੀਆ ਕਦੇ ਤਰੰਗਾਂ ਨੇ,
ਦੁਨੀਆ ਬਣਾਈ ਭਾਂਤ ਭਾਂਤ ਰੰਗਾਂ ਨੇ,
ਰੰਗ ਆਪਣੇ ਦੇਖਣੋਂ ਬਾਝੀ ਏ,
ਫਿੱਕਾ ਹੀ ਦੇਖ ਸਾਰ ਰਹੀ,
ਅਫਵਾਹ ਆਜ਼ਾਦੀ ਕਹਿ,
ਐਵੇ ਈ ਓ ਸਾਨੂੰ ਤਾੜ ਰਹੀ !
ਸੂਰਾ ਥੱਕਿਆ ਜਾਨ ਦੇਸ਼ ਤੋਂ ਵਾਰਦਾ,
ਹੋਵੇ ਖਾਤਮਾ ਫੁੱਟ ਪਾਉਂਦੀ ਬਾੜ ਦਾ,
ਭੰਗ ਸ਼ਾਤੀ ਅਸਰ ਨਾ ਹੋਇਆ ਏ,
ਵੱਜ ਮੌਂਤ ਦੀ ਤਾਰ ਰਹੀ,
ਅਫਵਾਹ ਆਜ਼ਾਦੀ ਕਹਿ,
ਐਵੇ ਈ ਓ ਸਾਨੂੰ ਤਾੜ ਰਹੀ !

