
ਮੇਰੀ ਕਵਿਤਾ ਤੇ ਅਕਵਿਤਾ ਵਿਚਲਾ ਭੇਦ
ਜ਼ਿੰਦਗੀ ਦੀ ਉਲਝੀ ਤਾਣੀ ਵਾਂਗ ਹੀ ਰਿਹਾ
ਜਿਸ ਦੀਆਂ ਪੀਚੀਆਂ ਗੰਢਾਂ ਨੂੰ
ਮੇਰੀ ਕਵਿਤਾ ਕਦੇ ਨਹੀਂ ਖੋਲ ਸਕੀ
ਜ਼ਿੰਦਗੀ ਦੇ ਪੋਟਿਆਂ ਤੇ ਪਏ
ਉਡੀਕ ਦੇ ਰੱਟਣ
ਬਿਨਾਂ ਬਿਰਹੋ ਦੀ ਚੀਸ
ਸ਼ਾਇਦ ਤੈਨੂੰ ਕੁਝ ਨਹੀਂ ਦੇ ਸਕਦੇ
ਜ਼ਿੰਦਗੀ ਤੇ ਕਵਿਤਾ ਵਿਚਲੀ
ਨਿੱਤ ਦਿਨ ਵੱਧ ਰਹੀ ਪੇਚਦੀਗੀ ਨੇ
ਮੇਰੇ ਹਰਫਾਂ ਨੂੰ
ਸਾਹਿਤਿਕ ਭਾਸ਼ਾ ਤੋ ਲੱਗਭਗ ਮੁਕਤ ਹੀ ਕਰ ਦਿੱਤਾ ਹੈ
ਤੂੰ ਹਮੇਸ਼ਾਂ ਕਹਿੰਦੀ ਸੀ
ਜ਼ਿੰਦਗੀ ਦਾ ਸਫ਼ਰ
ਸੁਪਨਿਆਂ ਤੇ ਖਵਾਹਿਸ਼ਾਂ ਨਾਲ ਤੈਅ ਕਰਿਆ ਕਰ
ਪਰ ਤੈਨੂੰ ਵੀ ਪਤਾ ਸੀ
ਮੇਰੇ ਲਈ ਜ਼ੀੰਦਗੀ
ਕਦੇ ਸਾਹਾਂ ਦਾ ਚਲਦੇ ਰਹਿਣਾ ਮਾਤਰ ਨਹੀਂ ਸੀ
ਵੈਸੇ ਤਾਂ
ਇਸ ਦਮ ਘੁੱਟ ਰਹੀ ਹਵਾਂ ਵਿੱਚ
ਸਾਹ ਵੀ ਸਰਕਾਰੀ ਫਾਇਲਾਂ ਵਿਚ ਦਰਜੇ ਹੁੰਦੇ ਹਨ
ਜਿਨ੍ਹਾਂ ਦੀ ਸਲਾਮਤੀ ਲਈ
ਹੁਣ ਮੈਨੂੰ
ਕਤਲਗਾਹਾਂ ਤੇ ਖੁਦ ਜਾ
ਹਰ ਮਹੀਨੇ ਹਾਜ਼ਰੀ ਭਰਨੀ ਪੈਂਦੀ ਹੈ
ਆਕਾਸ਼ ਦੇ ਝੱਲ ਨੇ
ਮੈਨੂੰ ਤੋੜ ਦਿੱਤਾ ਧਰਤੀ ਨਾਲੋਂ
ਹਵਾਂ ਵਿਚ ਲਟਕਦੇ
ਅਕਸ ਨੂੰ
ਕਦੇ ਹੁਣ ਇਹ ਜਿੰਦਗੀ
ਕਦੇ ਇਹ ਬਲੀ ਬੇਦੀਆਂ ਘੂਰਦੀਆਂ ਹਨ
ਤੈਨੂੰ ਤਾਂ ਪਤਾ ਹੈ
ਮੈਂ ਕਦੇ ਨਹੀਂ ਸੀ ਚਾਹਿਆ
ਕਿਸੇ ਕਿਤਾਬ ਦੀ ਜਿਲਦ ਉੱਤੇ ਛਪ
ਤਸਵੀਰ ਦੇ ਰੰਗਾਂ ਵਿਚ ਉਲਝ ਜਾਣਾ
ਮੈਂ ਤਾਂ ਹਰਫਾਂ ਵਿਚੋ
ਜਿੰਦਗੀ ਦੇ ਨਕਸ਼ ਕਈ ਵਾਰ ਤਰਾਸ਼ੇ
ਪਰ ਹਰ ਵਾਰ ਤੂੰ ਹੀ ਸ਼ਾਇਦ
ਉਨ੍ਹਾਂ ਪੰਨਿਆਂ ਨੂੰ ਪੜ੍ਹਨ ਤੋਂ ਪਹਿਲਾਂ
ਸੋਂ ਜਾਂਦੀ ਰਹੀ
ਸੁਪਨਿਆ ਦੀ ਭਾਲ ਵਿਚ
ਮੈਂ ਵੀ ਤੈਨੂੰ ਕਦੇ ਨਾ ਹਲੂਣਿਆ
ਇਹ ਸੋਚ
ਕਿ ਤੇਰੇ ਇਹ ਅਣਭੋਲ
ਕੱਚੀ ਨੀਂਦੇ ਟੁੱਟੇ ਸੁਪਨੇ
ਕਦੇ ਸਦਾ ਲਈ ਹੀ ਨਾ ਦਮ ਤੋਂ ਦੇਣ
ਤੂੰ ਜਾਣਦੀ ਏ?
ਤੇਰਾ ਰੱਬ ਮੈਨੂੰ ਹਮੇਸ਼ਾਂ ਹੀ
ਕਿਸੇ ਕੂਲੇ ਪੋਟੇ ਵਿਚ
ਕੰਡੇ ਦੀ ਖੁੱਭੀ ਰਹਿ ਗਈ ਛਿਲਤਰ ਵਾਂਗ ਰੜਕਿਆ
ਫੁੱਲ ਦੀ ਚਾਹ ਨੇ
ਵਾਰ ਵਾਰ ਮੇਰੇ ਹੱਥ
ਇਸ ਕੰਡੇ ਦੀ ਚੋਭ ਤੱਕ ਲਿਆਦੇਂ
ਮੈਂ ਕਈ ਵਾਰ
ਫੁੱਲ ਨੂੰ ਕੰਡਿਆਂ ਤੋ ਵੱਖ ਕਰਨ ਦੀ ਕੋਸ਼ਿਸ਼ ਕੀਤੀ
ਜੋ ਮਾਲੀਆਂ ਨੂੰ
ਹਮੇਸ਼ਾਂ ਮੇਰੀ ਗੁਸਤਾਖੀ ਜਾਪੀ
ਤੇ ਉਹ ਮੇਰੀ ਕਵਿਤਾ ਨੂੰ
ਉੱਜੜ ਜਾਣ ਦਾ ਸਰਾਪ ਹੀ ਦੇਂਦੇ ਰਹੇ
ਕਵਿਤਾ ਲਿਖਣਾ
ਮੇਰੇ ਲਈ ਹਮੇਸ਼ਾਂ ਇੰਝ ਹੀ ਰਿਹਾ
ਜਿਵੇ ਤੂੰ ਕਦੇ ਕਦੇ
ਚੁੱਪ ਚਪੀਤੇ ਹੀ
ਮੇਰੀਆਂ ਕਿਤਾਬਾਂ ਵਿਚ
ਕਾਗਜ਼ ਦੇ ਕੁਝ ਟੁਕੜੇ ਰੱਖ ਜਾਂਦੀ ਸੀ
ਜਿਨ੍ਹਾਂ ਉੱਤੇ ਲਿਖੀ ਇਬਾਰਤ ਵਿਚ ਉਲਝਿਆਂ
ਮੈਂ ਕਿਤਾਬਾਂ `ਤੇ ਕਾਗਜ਼ ਦੇ ਟੁਕੜਿਆਂ ਵਿਚਲੇ ਸ਼ਬਦਾਂ ਦੀ
ਕੋਈ ਆਪਸੀ ਸਾਂਝ ਤਾਲਸ਼ਦਾ ਰਹਿੰਦਾਂ
ਮੈਂ ਕਈ ਵਾਰ ਸੋਚਿਆ ਕਿ
ਰਚਨਾਵਾਂ ਵਿਚ ਉਨ੍ਹਾਂ ਦੇ ਕਾਤਲ
ਸੁਰਾਂ ਦੀ ਬੇਕਿਰਕ ਹੱਤਿਆਂ ਲਈ ਜ਼ਿੰਮੇਵਾਰ
“ਅਸੁਰਾਂ” ਦੀ ਵੀ ਚਰਚਾ ਕਰਾਂ
ਜਿਨ੍ਹਾਂ ਹਮੇਸ਼ਾਂ
ਫਰਜ਼ਾ ਦੇ ਤਿੱਖੇ ਪੰਜ਼ਿਆ ਨਾਲ
ਕਵਿਤਾ ਵਿਚਲੀ ਉਦਾਸ ਮੁੱਹਬਤ ਦਾ ਚੀਰ ਫਾੜ ਕੀਤਾ
ਉਨ੍ਹਾਂ ਤੋ ਲੁੱਕ
ਤੇਰੇ ਤੋ ਚੋਰੀ
ਮੈਂ ਕੁਝ ਰਚਨਾਵਾਂ ਲਿਖੀਆਂ ਵੀ
ਪਰ ਉਨ੍ਹਾਂ ਦੇ ਅਲੋਚਨਾ ਵਾਲੇ ਜਬਾੜਿਆ ਵਿਚ ਫਸਿਆ
ਮੇਰੀਆਂ ਬੀਤੀਆਂ ਰਚਾਨਾਵਾਂ ਦਾ ਮਾਸ
ਮੈਨੂੰ ਡਰਾਉਂਦਾ ਰਿਹਾ
ਤੇਰੀਆਂ ਝਿੜਕਾਂ ਦਾ ਡਰ ਹੋਰ ਗੱਲ ਸੀ
ਤਾਂ ਹੀ ਤਾਂ
ਉਹ ਸਭ ਮੈਂ
ਹਵਾ ਵਿਚ ਜਹਾਜ਼ ਬਣਾ ਉੱਡਾ ਦਿੱਤੀਆਂ
ਤੇ ਬਾਕੀ
ਪਰੂ ਆਏ ਸਿਆਸੀ ਹੜ੍ਹ ਦੀ ਭੇਟ ਚੜ ਗਈਆ
ਜਿੰਦਗੀ ਤੇ ਕਵਿਤਾ
ਦੋਹਾਂ ਦੇ ਯਥਾਰਥ ਵੱਲ ਵੱਧਦਾ ਹਰ ਕਦਮ
ਮੈਨੂੰ ਤੇਰੇ ਤੋ ਦੂਰ ਕਰਦਾ ਗਿਆ
ਪਰ ਸੱਚ ਜਾਣੀ
ਮੈਂ ਹਮੇਸ਼ਾਂ ਜਿੰਦਗੀ ਤੇ ਕਵਿਤਾ ਤੋ ਦੂਰ ਹੋ
ਸਿਰਫ ਤੇਰੇ ਨਾਲ
ਜਿਉਣ ਦੀ ਚਾਹ ਵਿਚ ਹੀ ਸਿਮਟ ਜਾਣਾ ਚਾਹਿਆ
ਪਰ ਤੇਰੇ ਸੁਪਨਿਆਂ `ਤੇ
ਮੇਰੇ ਜਿੰਦਗੀ ਦੇ ਯਥਾਰਥ ਵਿਚਲੇ ਫਾਸਲੇ ਨੇ
ਸਾਨੂੰ ਕਦੇ ਇੱਕ ਨਾ ਹੋਣ ਦਿੱਤਾ
ਜੇ ਕਿਤੇ
ਜ਼ਿੰਦਗੀ ਤੇ ਕਵਿਤਾ ਦੇ ਸਥਰ ਤੇ
ਆਪਾਂ ਮਿਲੇ ਵੀ ਤਾਂ
ਕੀ ਮਿਲੇ?


