-ਪਰਮਿੰਦਰ ਕੌਰ ਸਵੈਚ
ਹਰ ਸਾਲ ਵਾਂਗ ਇਸ ਵਾਰ ਵੀ ਮਾਰਚ ਦੇ ਮਹੀਨੇ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ ਅਤੇ 23 ਮਾਰਚ ਦੇ ਸ਼ਹੀਦਾਂ (ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ) ਦੀ ਕੁਰਬਾਨੀ ਨੂੰ ਸਮਰਪਤ ਬਹੁਤ ਹੀ ਸਫਲ ਸੱਭਿਆਚਾਰਕ ਪ੍ਰੋਗਰਾਮ ਤਕਰੀਬਨ 500 ਦਰਸ਼ਕਾਂ ਦੀ ਹਾਜਰੀ ਵਿੱਚ 18 ਮਾਰਚ 2012, ਐਬੀ ਆਰਟ ਸੈਂਟਰ ਐਬਸਫੋਰਡ ਵਿੱਚ ਕੀਤਾ ਗਿਆ।

ਇਸ ਪ੍ਰੋਗਰਾਮ ਦੀ ਸ਼ੁਰੂਆਤ ਸੁਸਾਇਟੀ ਦੇ ਮੀਤ ਪ੍ਰਧਾਨ ਜਗਰੂਪ ਧਾਲੀਵਾਲ ਨੇ ਸੁਸਾਇਟੀ ਦੇ ਕੰਮਾਂ ਕਾਰਾਂ ਅਤੇ ਪ੍ਰੋਗਰਾਮ ਦੀ ਮਹੱਤਤਾ ਬਾਰੇ ਦੱਸਦਿਆ, ਪ੍ਰੋਗਰਾਮ ਦੀ ਸ਼ੁਰੂਆਤ “ਪੜ੍ਹੋ ਵਿਗਿਆਨ” ਦੇ ਗੀਤ ਨਾਲ ਕਰਵਾਈ।ਇਸ ਗੀਤ ਨੂੰ ਕਮਲਪ੍ਰੀਤ ਕੌਰ, ਅਵਨੀਤ ਕੌਰ ਸਿੱਧੂ ਤੇ ਅਵਨੂਰ ਕੌਰ ਸਿੱਧੂ ਨੇ ਹਰਮੋਨੀਅਮ ਦੀਆਂ ਸੁਰਾਂ ਤੇ ਪੇਸ਼ ਕੀਤਾ।ਜਗਰੂਪ ਬਾਪਲਾ ਨੇ ਵੀ ਇੱਕ ਬਹੁਤ ਹੀ ਭਾਵਪੂਰਤ ਗੀਤ ਪੇਸ਼ ਕੀਤਾ। ਉੱਘੇ ਨਾਵਲਕਾਰ ਬਲਦੇਵ ਸਿੰਘ ਮੋਗਾ ਦਾ ਲਿਖਿਆ ਨਾਟਕ “ਮਿੱਟੀ ਰੁਦਨ ਕਰੇ” ਜੋ ਕਿ ਸਮਾਜ ਵਿੱਚ ਫੈਲੇ ਨਸ਼ਿਆਂ ਦੇ ਕੋਹੜ ਨਾਲ ਘਰ ਪਰਿਵਾਰਾਂ ਦੀ ਹੁੰਦੀ ਦਸ਼ਾ ਨੂੰ ਬਿਆਨ ਕਰਦਾ ਹੈ, ਸੁਸਾਇਟੀ ਦੀ ਟੀਮ ਵੱਲੋਂ ਖੇਡਿਆ ਗਿਆ।ਕਮਲਪ੍ਰੀਤ ਕੌਰ ਨੇ ਕ੍ਰਿਸ਼ਨ ਕੋਰਪਾਲ ਦਾ ਲਿਖਿਆ ਗੀਤ “ਮੈਂ ਔਰਤ ਹਾਂ ਜੱਗ ਦੀ ਜਣਨੀ” ਦੀ ਪੇਸ਼ਕਾਰੀ ਬਾਖੂਬੀ ਨਿਭਾਈ।
ਪਰਮਿੰਦਰ ਸਵੈਚ ਨੇ ਔਰਤ ਦਿਵਸ ਦੀ ਮਹੱਤਤਾ ਬਾਰੇ ਦੱਸਦੇ ਹੋਏ ਤੇ ਅੱਜ ਦੀ ਔਰਤ ਦੀ ਦਿਸ਼ਾ ਤੇ ਦਸ਼ਾ ਬਾਰੇ ਕਾਫੀ ਵਿਸਥਾਰ ਨਾਲ ਦੱਸਿਆ ਕਿ ਅੱਜ ਦੀ ਔਰਤ ਕਿੱਧਰ ਜਾ ਰਹੀ ਹੈ ਅਤੇ ਔਰਤ ਦੀ ਅਜ਼ਾਦੀ ਦੇ ਅਸਲ ਅਰਥ ਕੀ ਹਨ ਤੇ ਇਸ ਨੂੰ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ ਬਾਰੇ ਚਾਨਣਾ ਪਾਇਆ।ਇਸ ਤੋਂ ਉਪਰੰਤ ਸੁਸਾਇਟੀ ਵਿੱਚ ਨਵੇਂ ਉੱਭਰ ਰਹੇ ਗੀਤਕਾਰਾਂ ਅਤੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਪ੍ਰਿੰਸੀਪਲ ਦਲੀਪ ਸਿੰਘ ਗਿੱਲ ਵੱਲੋਂ ਦਿੱਤੇ ਗਏ ਜੋ ਕਿ ਹਰਪਾਲ ਗਰੇਵਾਲ ਅਤੇ ਗੁਰਜੀਤ ਬਾਪਲਾ ਵੱਲੋਂ ਸਪੌਂਸਰ ਕੀਤੇ ਗਏ ਸਨ।ਰੇਡਿਓ ਸ਼ੇਰੇ ਪੰਜਾਬ ਦੇ ਉੱਘੇ ਹੋਸਟ ਗਰਵਿੰਦਰ ਸਿੰਘ ਧਾਲੀਵਾਲ ਹੋਰਾਂ ਆਪਣੇ ਵਿਚਾਰ ਸਾਂਝੇ ਕੀਤੇ।ਲੋਕ ਸੰਗੀਤ ਮੰਡਲੀ ਭਦੌੜ ਵਲੋਂ ਤਿਆਰ ਕੀਤੀ ਗਈ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਤ ਗੀਤਾਂ ਦੀ ਸੀ. ਡੀ. “ਕਲਾ ਦਾ ਸੂਰਜ” ਪ੍ਰੌ ਗੁਰਮੀਤ ਸਿੰਘ ਟਿਵਾਣਾ,ਪ੍ਰੌ ਦਰਸ਼ਨ ਸਿੰਘ ਧਾਲੀਵਾਲ, ਪੰਜਾਬੀ ਪੱਤ੍ਰਿਕਾ ਅਖਬਾਰ ਦੇ ਐਡੀਟਰ ਜਗੀਰ ਸਿੰਘ ਗਿੱਲ, ਸਾਹਿਤਕਾਰ ਜੀਵਨ ਰਾਮਪੁਰੀ, ਰਾਜਾ ਘਾਲੀ ਸਰਪੰਚ ਅਤੇ ਸਾਧੂ ਸਿੰਘ ਗਿੱਲ ਨੇ ਰਲੀਜ਼ ਕੀਤੀ।ਗੁਰਪ੍ਰੀਤ ਭਦੌੜ ਤੇ ਬਲਦੇਵ ਭਦੌੜ ਦੀ ਜੋੜੀ ਨੇ ਨਵੇਂ ਨਵੇਂ ਟਰਿੱਕਾਂ ਨਾਲ ਜਿੱਥੇ ਰੰਗ ਬੰਨ੍ਹ ਦਿੱਤਾ ਉੱਥੇ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ।ਸੁਸਾਇਟੀ ਦੇ ਮੈਂਬਰ ਗੁਰਜੀਤ ਬਾਪਲਾ ਨੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦੇ ਹੋਏ ਉਹਨਾਂ ਨੂੰ ਯਾਦ ਕਰਨ ਦਾ ਮਕਸਦ ਤੇ ਉਹਨਾਂ ਦੀ ਸੋਚ ਤੇ ਪਹਿਰਾ ਦਿੰਦਿਆਂ ਅੱਜ ਦੇ ਹਲਾਤਾਂ ਵਿੱਚ ਉਹਨਾਂ ਦੀ ਵਿਚਾਰਾਧਾਰਾ ਦੀ ਮਹੱਤਤਾ ਨੂੰ ਲੋਕਾਂ ਨਾਲ ਸਾਂਝਾ ਕੀਤਾ। ਗੁਰਸ਼ਰਨ ਭਾਅ ਜੀ ਦੁਆਰਾ ਲਿਖਿਆ, ਬੱਬਰ ਲਹਿਰ ਨੂੰ ਸਮਰਪਤ ਨਾਟਕ “ਸੀਸ ਤਲੀ ਤੇ” ਪੇਸ਼ ਕੀਤਾ ਗਿਆ, ਕਲਾਕਾਰਾਂ ਗੁਰਤੇਜ ਗਿੱਲ, ਗੁਰਪ੍ਰੀਤ ਗਿੱਲ, ਬਲਵਿੰਦਰ ਕੌਰ ਗਰੇਵਾਲ, ਪਰਮਜੀਤ ਕੌਰ ਗਿੱਲ, ਗੁਰਮੇਲ ਗਿੱਲ, ਸੁਖਜਿੰਦਰ ਗਿੱਲ, ਅਵਤਾਰ ਗਿੱਲ, ਜਸਪ੍ਰੀਤ ਗਰੇਵਾਲ, ਮਨਪ੍ਰੀਤ (ਮਨੂ ਬਾਵਾ) ਗੁਰਜੀਤ ਬਾਪਲਾ ਤੇ ਪਰਮਿੰਦਰ ਕੌਰ ਸਵੈਚ ਨੇ ਆਪੋ ਆਪਣੇ ਕਿਰਦਾਰ ਬਾਖੂਬੀ ਨਿਭਾਏ ਇਸ ਸਮੇਂ ਲੋਕਾਂ ਦੀਆਂ ਅੱਖਾਂ ਵਿੱਚ ਰੋਹ ਦੇ ਅੱਥਰੂ ਦੇਖੇ ਗਏ।ਇਸਤਰ੍ਹਾਂ ਇਹ ਪੋ੍ਰਗਰਾਮ ਇੱਕ ਯਾਦਗਾਰੀ ਪੋ੍ਰਗਰਾਮ ਹੋ ਨਿਬੜਿਆ।ਚਾਰ ਘੰਟੇ ਲਗਾਤਾਰ ਚੱਲੇ ਇਸ ਪ੍ਰੋਗਰਾਮ ਵਿੱਚ ਨਾਟਕਾਂ, ਗੀਤਾਂ ਅਤੇ ਬੁਲਾਰਿਆਂ ਦੀ ਦਰਸ਼ਕਾਂ ਵੱਲੋਂ ਬਾਰ ਬਾਰ ਤਾੜੀਆਂ ਵਜਾਕੇ ਦਾਦ ਦਿੱਤੀ ਗਈ। ਅੰਤ ਵਿੱਚ ਆਏ ਹੋਏ ਲੋਕਾਂ, ਮੀਡੀਆ, ਕਲਾਕਾਰਾਂ, ਸੁਸਾਇਟੀ ਦੀ ਮਾਇਕ ਮਦਦ ਕਰਨ ਵਾਲਿਆਂ ਅਤੇ ਸੁਸਾਇਟੀ ਦੇ ਮੈਂਬਰਾਂ ਦੀ ਸਖਤ ਮਿਹਨਤ ਦਾ ਧੰਨਵਾਦ ਪ੍ਰਧਾਨ ਅਵਤਾਰ ਗਿੱਲ ਵੱਲੋਂ ਕੀਤਾ ਗਿਆ, ਇਹ ਵੀ ਵਾਅਦਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਪ੍ਰੋਗਰਾਮ ਜਾਰੀ ਰੱਖੇ ਜਾਣਗੇ।