ਖਾਲਿਦ ਮੁਜਾਹਿਦ
(ਨੋਟ :- ਸੀਮਾ ਅਜ਼ਾਦ ਜਮਹੂਰੀ ਹੱਕਾਂ ਦੀ ਹਾਮੀ ਵਾਲੀ ਇਕ ਨਿਧੱੜਕ ਪੱਤਰਕਾਰ ਹੈ। ਕੁਝ ਅਰਸਾ ਪਹਿਲਾਂ ਉਸਨੂੰ ‘ਦੁਨੀਆ ਦੀ ਸਭ ਤੋਂ ਵੱਡੀ ਜਹਮੂਰੀਅਤ’ ਕਹਾਉਣ ਵਾਲੇ ਰਾਜ ਪ੍ਰਬੰਧ ਨੇ ਜਮਹੂਰੀ ਹੱਕਾਂ ਲਈ ਅਵਾਜ਼ ਉਠਾਉਣ ਬਦਲੇ ਗੈਰ ਕਾਨੂੰਨੀ ਸਾਹਿਤ ਤੇ ਰਾਜ ਵਿਰੋਧੀ ਵਿਚਾਰ ਰੱਖਣ ਦੇ ਜੁਰਮ ’ਚ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਜੇਲ੍ਹ ਜੀਵਨ ਦੌਰਾਨ ਉਨ੍ਹਾਂ ਨੇ ਜੇਲ੍ਹ ਅੰਦਰ ਔਰਤਾਂ ਦੀ ਦਰਦਨਾਕ ਹਾਲਤ ਦਾ ਅੱਖੀਂ ਡਿੱਠਾ ਹਾਲ ਆਪਣੀ ਡਾਇਰੀ ਦੇ ਪੰਨਿਆਂ ਤੇ ਉਕਰਿਆ, ਜਿਸਨੂੰ ਅਸੀਂ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।- ਅਨੁਵਾਦਕ)
ਖਾਲਿਦ ਮੁਜਾਹਿਦ ਪੁਲਸੀਆ ਅੱਤਵਾਦ ਦੀ ਭੇਂਟ ਚੜ੍ਹ ਚੁੱਕਾ ਹੈ। ਪੰਜ ਸਾਲ ਦਾ ਨਰਕ ਦੇਖਣ ਬਾਅਦ ਜਦ ਉਸਨੇ ਬਾਹਰ ਦੀ ਦੁਨੀਆਂ ’ਚ ਆਉਣ ਦਾ ਸੁਪਨਾ ਵੇਖਣਾ ਸ਼ੁਰੂ ਹੀ ਕੀਤਾ ਸੀ, ਕਿ ਉਸਦੀ ਹੱਤਿਆ ਕਰ ਦਿੱਤੀ ਗਈ। ਉਸਦੀਆਂ ਅੱਖਾਂ ਦੇ ਸੁਪਨਿਆਂ ਦੇ ਨਾਲ, ਉਸ ਨਾਲ ਜੁੜੇ ਨਾ ਜਾਣੇ ਕਿੰਨੇ ਹੋਰ ਲੋਕਾਂ ਦੇ ਸੁਪਨੇ ਵੀ ਕਤਲ ਕਰ ਦਿੱਤੇ ਗਏ। ਇਹ ਪੂਰਾ ਘਟਨਾਕ੍ਰਮ ਜਿਸ ਤਰੀਕੇ ਨਾਲ ਘਟਿਆ ਹੈ ਉਸ ਨਾਲ ਇਹ ਸਮਝਣਾ ਬਹੁਤਾ ਮੁਸ਼ਕਲ ਨਹੀਂ ਹੈ ਕਿ ਉਸਦਾ ਕਤਲ ਕਿਉਂ ਅਤੇ ਕਿੰਨਾਂ ਲੋਕਾਂ ਨੇ ਕੀਤਾ ਹੈ। ਇਸ ਸਮੇਂ ਮੈਂ ਆਪਣੇ ਆਪ ਨੂੰ ਖਾਲਿਦ ਤੋਂ ਵੱਧ ਜੁੜਿਆ ਹੋਇਆ ਇਸ ਲਈ ਮਹਿਸੂਸ ਕਰ ਰਹੀ ਹਾਂ ਕਿਉਂ ਕਿ ਉਸਨੂੰ ਇਸ ਝੂਠੇ ਕੇਸ ’ਚ ਫਸਾਉਣ ਅਤੇ ਉਸਦੀ ਵਿਵੇਚਨਾ ਤੱਕ ’ਚ ਸਾਰੇ ਉਹ ਅਧਿਕਾਰੀ ਸ਼ਾਮਿਲ ਸਨ ਜੋ ਕਿ ਸਾਡੇ ਕੇਸ ’ਚ ਸਾਨੂੰ ਫਸਾਉਣ ’ਚ ਸ਼ਾਮਲ ਰਹੇ ਹਨ। ਐਸ ਟੀ ਐਫ ਦੇ ਸਿਪਾਹੀਆਂ ਤੋਂ ਲੈ ਕੇ ਏ ਟੀ ਐਸ ਦੇ ਅਧਿਕਾਰੀ ਮਨੋਜ ਕੁਮਾਰ ਝਾਅ, ਰਾਜੇਸ਼ ਸ੍ਰੀਵਾਸਤਵ ਜਾਂ ਪੁਲਸੀਆ ਰੋਹਬ ’ਚ ਹਰ ਵਕਤ ਡੁੱਬਿਆ ਰਹਿਣ ਵਾਲਾ ਬ੍ਰਿਜ ਲਾਲ।
ਇਸ ਲਈ ਖਾਲਿਦ ਦੀ ਮੌਤ ਬਾਅਦ ਜਦ ਉਸਦੇ ਘਰ ਵਾਲਿਆਂ ਨੇ ਇਨ੍ਹਾਂ ਲੋਕਾਂ ਖਿਲਾਫ ਨਾਮਜ਼ਦ ਇੱਕ ਐਫ ਆਈ ਆਰ ਦਰਜ ਕਰਵਾਈ ਤਾਂ ਮੈਨੂੰ ਅਤੇ ਮੇਰੇ ਪਤੀ ਨੂੰ ਵਿਅਕਤੀਗਤ ਤੌਰ ਤੇ ਸੰਤੁਸ਼ਟੀ ਹੋਈ, ਬਾਵਜੂਦ ਇਸਦੇ ਕਿ ਸਾਨੂੰ ਇਸ ਵਿੱਚ ਸੰਦੇਹ ਹੈ ਕਿ ਇਨ੍ਹਾਂ ਖਿਲਾਫ ਕੋਈ ਹੋਰ ਐਕਸ਼ਨ ਸਰਕਾਰ ਵੱਲੋਂ ਲਿਆ ਜਾਵੇਗਾ, ਕਿਉਂਕਿ ਸੀ ਬੀ ਆਈ ਦੀ ਜਾਂਚ ਦਾ ਦਾਇਰਾ ਕੇਵਲ ਖਾਲਿਦ ਦੀ ਮੌਤ ਤੱਕ ਸਿਮਟਿਆ ਹੋਇਆ ਹੈ ਉਸਦੀ ਫਰਜੀ ਗ੍ਰਿਫਤਾਰੀ ਇਸ ਦਾਇਰੇ ’ਚ ਨਹੀਂ ਆਉਂਦੀ ਹੈ। ਪਹਿਲਾਂ ਵੀ ਇਸ ਜਾਂਚ ਲਈ ਰਾਫਿਤ ਨਿਗੇਸ਼ ਆਯੋਗ ਨੇ ਇਨ੍ਹਾਂ ਗ੍ਰਿਫਤਾਰੀਆਂ ’ਤੇ ਸੰਦੇਹ ਜਤਾਇਆ ਸੀ, ਫਿਰ ਵੀ ਇਸ ਨਾਲ ਜੁੜੇ ਇਹਨਾਂ ਅਧਿਕਾਰੀਆਂ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਗਿਆ। ਵੈਸੇ ਤਾਂ ਦੂਸਰਿਆਂ ਦੇ ਅਨੁਭਵਾਂ ਤੋਂ ਮੈਂ ਪਹਿਲਾਂ ਤੋਂ ਜਾਣਦੀ ਸੀ ਕਿ ਪੁਲਿਸ ਵਾਲੇ ਕਿਵੇਂ ਕੰਮ ਕਰਦੇ ਹਨ, ਕਿਵੇਂ ਅਪਰਾਧੀਆਂ ਤੋਂ ਜੇਬਾਂ ਭਰਵਾ ਕੇ ਉਨ੍ਹਾਂ ਨੂੰ ਛੱਡ ਦਿੰਦੇ ਹਨ ਅਤੇ ਕਿਵੇਂ ਨਿਰਦੋਸ਼ਿਆਂ ਨੂੰ, ਖਾਸ ਤੌਰ ਤੇ ਜੇਕਰ ਉਹ ਮੁਸਲਮਾਨ ਹਨ, ਤਾਂ ਫਸਾਉਂਦੇ ਹਨ। ਪ੍ਰੰਤੂ ਆਪਣੇ ਕੇਸ ਦੇ ਮਾਧਿਅਮ ਰਾਹੀਂ ਅਸੀਂ ਪ੍ਰਤੱਖ ਇਸਨੂੰ ਵੇਖਿਆ, ਇਤਫਾਕ ਹੈ ਕਿ ਉਹਨਾਂ ਲੋਕਾਂ ਨੂੰ ਜੋ ਖਾਲਿਦ ’ਤੇ ਫਰਜੀ ਕੇਸ ਲੱਦਣ ਦੇ ਦੋਸ਼ੀ ਹਨ। ਇਸ ਲਈ ਮੈਂ ਆਪਣੇ ਅਨੁਭਵ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ, ਜਿਸ ਨਾਲ ਖਾਸ ਤੌਰ ’ਤੇ ਉਹ ਲੋਕ ਇਸ ਪੁਲਸੀਆ ਕਾਰਜਸ਼ੈਲੀ ਨੂੰ ਸਮਝ ਸਕਣ, ਜੋ ਹੁਣ ਵੀ ਅੱਤਵਾਦ ਦੀ ਪੁਲਸੀਆ ਕਹਾਣੀ ’ਚ ਯਕੀਨ ਕਰਦੇ ਹਨ।
ਖਾਲਿਦ ਵਾਂਗ ਹੀ ਐਸ ਟੀ ਐਫ ਨੇ ਮੈਨੂੰ ਅਤੇ ਮੇਰੇ ਪਤੀ ਨੂੰ ਵੀ ਅਗਵਾ, ਮੇਰੇ ਦਿੱਲੀ ਪਰਤਣ ਤੇ ਸਵੇਰੇ ਸਟੇਸ਼ਨ ਦੀ ਸਿਵਲ ਲਾਇਨ ਵਾਲੇ ਪਾਸੇ ਤੋਂ ਕੀਤਾ ਪਰ ਲੋਕਾਂ ਨੂੰ ਦੱਸਿਆ ਕਿ ਸਾਨੂੰ ਰਾਤ ’ਚ ਚੌਂਕ ਵਾਲੇ ਪਾਸੇ ਤੋਂ ਕਾਨਪੁਰ ਤੋਂ ਜਾਂਦੇ ਵਕਤ ਗ੍ਰਿਫਤਾਰ ਕੀਤਾ ਹੈ। ਰਾਤ ਨੂੰ ਸਾਡੇ ਸਾਹਮਣੇ ਹੀ ਉਹ ਲੋਕ ਸਾਨੂੰ ਗੋਰਖਪੁਰ ਜਾਂ ਲਖਨਊ ਲੈ ਜਾਣ ਦੀ ਯੋਜਨਾ ਬਣਾ ਰਹੇ ਸਨ, ਤਾਂ ਕਿ ਸਾਡੀ ਗ੍ਰਿਫਤਾਰੀ ਉਹ ਉੱਥੋਂ ਹੀ ਵਿਖਾ ਸਕਣ ਪਰ ਬਾਅਦ ’ਚ ਉਹਨਾਂ ਨੇ ਆਪਣਾ ਇਰਾਦਾ ਬਦਲ ਦਿੱਤਾ ਕਿਉਂਕਿ ਸ਼ਹਿਰ ਦੇ ਪੰਤਵੰਤੇ ਲੋਕਾਂ ਨੇ ਸਾਡੀ ਭਾਲ ਸ਼ੁਰੂ ਕਰ ਦਿੱਤੀ ਸੀ ਇਸ ਲਈ ਉਹ ਗ੍ਰਿਫਤਾਰੀ ਦੇ ਸਮੇਂ ਅਤੇ ਸਥਾਨ ’ਚ ਇਹ ਮਾਮੂਲੀ ਜਿਹਾ ਫੇਰ-ਬਦਲ ਕਰ ਪਾਉਣ।
ਸਾਡੀ ਪੁੱਛਗਿੱਛ ਵਕਤ ਐਸ ਟੀ ਐਫ ਦੇ ਸਤਯ ਪ੍ਰਕਾਸ਼ ਸਿੰਘ ਨੇ ਮੈਨੂੰ ਪੁੱਛਿਆ ਕਿ ਤੁਸੀਂ ਲੋਕ ਪੁਲਿਸ ਵਾਲਿਆਂ ਦੇ ਖਿਲਾਫ ਹੀ ਕਿਉਂ ਲਿਖਦੇ ਹੋ? ਮੈਂ ਉਸ ਨੂੰ ਜਵਾਬ ਦਿੱਤਾ ਕਿ ‘ਕਿਉਂਕਿ ਤੁਸੀਂ ਲੋਕ ਲੋਕਾਂ ਨੂੰ ਝੂਠੇ ਫਸਾਉਂਦੇ ਹੋ ਅਤੇ ਫਰਜੀ ਮੁੱਠਭੇੜਾਂ ’ਚ ਮਾਰਦੇ ਹੋ। ਇਸ ਜਵਾਬ ਤੇ ਫਰਜ਼ੀ ਮੁੱਠਭੇੜਾਂ ਨੂੰ ਤਾਂ ਉਸਨੇ ਆਪਣਾ ਕਾਨੂੰਨੀ ਹੱਕ ਦੱਸਿਆ, ਉਸਨੂੰ ਤਾਂ ਮੇਰੀ ਇਸ ਗੱਲ ਉੱਤੇ ਹੈਰਾਨੀ ਹੋ ਰਹੀ ਸੀ, ਕਿ ਕਿਸੇ ਅਪਰਾਧੀ ਨੂੰ ਮਾਰਿਆ ਨਾ ਜਾਵੇ। ਬਲਕਿ ਉਸਨੂੰ ਜੇਲ੍ਹ ਭੇਜ ਕੇ ਕੇਸ ਚਲਾਇਆ ਜਾਵੇ। ਝੂਠੇ ਕੇਸ ’ਚ ਫਸਾਉਣ ਦੇ ਸੰਦਰਭ ’ਚ ਉਸਨੇ ਮੈਨੂੰ ‘ਇੱਕ ਵੀ ਉਦਾਹਰਨ ਦੇਣ’ ਦਾ ਚੈਲਿੰਜ ਕੀਤਾ। ਤਾਂ ਮੈਂ ਕਚਹਿਰੀ ਬੰਬ ਵਿਸਫੋਟ ’ਚ ਫਸਾਏ ਗਏ ਲੋਕਾਂ ਦੀ ਉਦਾਹਰਣ ਦਿੰਦੇ ਹੋਏ ਇਹ ਵੀ ਕਿਹਾ ਕਿ ਉਹ ਤਾਂ ਮਨੁੱਖੀ ਅਧਿਕਾਰ ਜੱਥੇਬੰਦੀਆਂ ਨੇ ਹੋ-ਹੱਲਾ ਮਚਾਇਆ ਤਾਂ ਦੋ ਨਿਰਦੋਸ਼ ਲੋਕਾਂ ਨੂੰ ਛੱਡਣਾ ਪਿਆ। ਮੇਰੇ ਇਹ ਯਾਦ ਦਿਵਾਉਣ ਤੇ ਖਚਰੀ ਹਾਸੀ ਹੱਸਦੇ ਹੋਏ ਉਸਨੇ ਕਿਹਾ ਹਾਂ ਤਾਂ ਜਦ ਗਲਤ ਨਿਕਲਿਆ ਤਾਂ ਛੱਡ ਵੀ ਦਿੱਤਾ। ਮੈਂ ਕਿਹਾ ਤੁਸੀਂ ਐਵੇਂ ਹੀ ਨਹੀਂ ਛੱਡ ਦਿੱਤਾ, ਮੁਹੰਮਦ ਸ਼ੋਇਬ ਜਿਹੇ ਵਕੀਲ ਇਸ ਵਿੱਚ ਜੀਅ-ਜਾਨ ਲੱਗੇ ਤਦ ਤੁਸੀਂ ਛੱਡਿਆ, ਨਹੀਂ ਤਾਂ ਬਾਕੀਆਂ ਵਾਂਗ ਉਹ ਵੀ ਬਿਨਾਂ ਕਿਸੇ ਅਪਰਾਧ ਦੇ ਹੁਣ ਤੱਕ ਜੇਲ੍ਹ ’ਚ ਹੀ ਹੁੰਦੇ’। ਇਸਦਾ ਉਸਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਵਕੀਲ ਸ਼ੋਇਬ ਲਈ ਹੱਸਦੇ ਹੋਏ ਬੋਲਿਆ “ਅੱਛਾ, ਉਹ ਪਾਗਲ, ਉਹ ਤਾਂ ਪੂਰਾ ਪਾਗਲ ਹੈ। ਉਸਦੀ ਵਜ੍ਹਾ ਨਾਲ ਕੋਈ ਨਹੀਂ ਛੁੱਟਿਆ’। ਇਹ ਵਾਰਤਾਲਾਪ ਇੱਥੇ ਖਤਮ ਹੋਈ ਅਤੇ ਫਿਰ ਦੂਸਰਾ ਵਿਸ਼ਾ ਸ਼ੁਰੂ ਕਰ ਦਿੱਤਾ। ਜਿਸਦੇ ਵਿੱਚ ਕਿਤੇ ਇਹ ਵੀ ਪੁੱਛਿਆ ਕਿ ਤੁਸੀਂ ਔਰਤਾਂ ਦੇ ਪੱਖ ’ਚ ਬੋਲਦੇ ਹੋ, ਇਹ ਤਾਂ ਠੀਕ ਹੈ ਪਰ ਮੁਸਲਮਾਨਾਂ ਅਤੇ ਦਲਿਤਾਂ ਨਾਲ ਤੁਹਾਡਾ ਕੀ ਲੈਣਾ-ਦੇਣਾ ਹੈ? ਰਾਤ ਭਰ ਅਜਿਹੀ ਹੀ ਬਿਨਾਂ ਸਿਰ-ਪੈਰ ਵਾਲੀ ਗੱਲਬਾਤ ਬਾਅਦ ਡੀ ਜੀ ਪੀ ਬ੍ਰਿਜ ਲਾਲ ਦੇ ਹੁਕਮ ’ਤੇ, ਜੋ ਕਿ ਫੋਨ ਤੇ ਆਇਆ ਸੀ, ਅਗਲੇ ਦਿਨ ਸਵੇਰੇ ਸਾਨੂੰ ਖੁਲਦਾਬਾਦ ਥਾਣੇ ਲੈ ਕੇ ਐਫ ਆਈ ਆਰ ਅਤੇ ਢੇਰਾਂ ਸਾਦੇ ਕਾਗਜ਼ਾਂ ਤੇ ਧਮਕਾ ਕੇ ਦਸਤਖਤ ਕਰਵਾ ਲਏ ਅਤੇ ਦਿੱਲੀ ਪੁਸਤਕ ਮੇਲੇ ਤੋਂ ਖਰੀਦੀਆਂ ਗਈਆਂ ਮੇਰੀਆਂ ਢੇਰ ਸਾਰੀਆਂ ਕਿਤਾਬਾਂ ਨੂੰ ਚੁੱਕ ਕੇ ਉਸਨੂੰ ਮਾਓਵਾਦੀ ਸਾਹਿਤ ’ਚ ਬਦਲ ਦਿੱਤਾ ਗਿਆ ਉਹ ਵੀ ਬੇਹੱਦ ਪੁਰਾਣਾ, ਜਿਸਨੂੰ ਵੇਖਕੇ ਅਸਾਨੀ ਨਾਲ ਕਿਹਾ ਜਾ ਸਕਦਾ ਸੀ ਕਿ ਇਹ ਉਹਨਾਂ ਨੇ ਪਹਿਲਾਂ ਤੋਂ ਹੀ ਜੁਗਾੜ ਕਰਕੇ ਰੱਖਿਆ ਹੋਇਆ ਸੀ। ਐਨੀ ਕਵਾਇਦ ਬਆਦ ਸਾਨੂੰ ਕੋਰਟ ’ਚ ਪ੍ਰੋਡਿਊਸ ਕੀਤਾ ਗਿਆ।
ਇਸਦੇ ਬਾਅਦ ਸਾਡਾ ਸੰਪਰਕ ਸਾਬਕਾ ਯੂ ਪੀ ਏ ਟੀ ਐੱਸ ਨਾਲ ਹੋਇਆ ਕਿਉਂ ਕਿ ਖਾਲਿਦ ਦੇ ਕੇਸ ਵਾਂਗ ਸਾਡਾ ਕੇਸ ਵੀ ਉਸੇ ਵਿਵੇਚਨਾ ਲਈ ਦੇ ਦਿੱਤਾ ਗਿਆ। ਇਤਫਾਕ ਨਾਲ ਸਾਡੇ ਕੇਸ ਦੀ ਵਿਵੇਚਨਾ ਵੀ ਸੀ ਓ ਰਾਜੇਸ਼ ਸ਼੍ਰੀਵਾਸਤਵ ਨੇ ਕੀਤੀ, ਜਿਸਨੇ ਖਾਲਿਦ ਦੇ ਕੇਸ ਦੀ ਵਿਵੇਚਨਾ ਕੀਤੀ ਸੀ’ ਅਜਿਹਾ ਲੱਗਦਾ ਹੈ ਕਿ ਇਹ ਆਦਮੀ ਅਜਿਹੇ ਝੂਠੇ ਕੇਸਾਂ ਨੂੰ ਅੰਜ਼ਾਮ ਤੱਕ ਪਹੁੰਚਾਉਣ ’ਚ ਸ਼ਾਮਲ ਹੈ ਤਾਂ ਹੀ ਹਰ ਵਾਰ ਅਜਿਹੇ ਕੇਸ ਉਸਨੂੰ ਹੀ ਸੌਪੇਂ ਜਾਂਦੇ ਹਨ। ਇਹ ਆਦਮੀ ਆਪਣੇ ਬੌਸ ਮਨੋਜ ਕੁਮਾਰ ਝਾਅ ਦੇ ਨਾਲ ਜਦ ਪਹਿਲੀ ਵਾਰ ਸਾਡੇ ਕੋਲ ਜੇਲ੍ਹ ’ਚ ਪੁੱਛਗਿੱਛ ਲਈ ਆਇਆ, ਤਾਂ ਸੱਚ ਦੱਸਾਂ ਮੇਰੇ ਅੰਦਰ ਇੱਕ ਆਸ ਜਾਗੀ ਕਿ ਸ਼ਾਇਦ ਇਹ ਆਦਮੀ ਸੱਚ ਬੋਲੇਗਾ ਅਤੇ ਅਸੀਂ ਬਾਹਰ ਆ ਜਾਵਾਂਗੇ। ਇਸ ਉਮੀਦ ਦਾ ਅਧਾਰ ਉਸਦਾ ਬੇਹੱਦ ਸ਼ਾਤਰਾਨਾ ਸੁਭਾਅ ਸੀ। ਕਾਫੀ ਪੜ੍ਹਿਆ-ਲਿਖਿਆ ਇਹ ਆਦਮੀ ਜਦ ਕਿਸੇ ਨਾਲ ਗੱਲ ਕਰਦਾ ਹੈ ਤਾਂ ਕਿਸੇ ਨੂੰ ਵੀ ਅਜਿਹੀ ਹੀ ਕਨਫਿਊਜ਼ਨ ਹੁੰਦੀ ਹੈ। ਰਿਮਾਂਡ ਸਮੇਂ ਉਸਦੇ ਬਾਰੇ ’ਚ ਅਜਿਹਾ ਹੀ ਭਰਮ ਮੇਰੇ ਘਰ ਦੇ ਲੋਕਾਂ ਨੂੰ ਖਾਸ ਤੌਰ ਤੇ ਮੇਰੇ ਪਿਤਾ ਨੂੰ ਵੀ ਹੋ ਗਿਆ ਸੀ ਅਤੇ ਉਸਨੇ ਉਹਨਾਂ ਨੂੰ ਵੀ ਠੱਗ ਲਿਆ। ਠੱਗੀ ਦੇ ਕੰਮ ਲਈ ਇਸ ਆਦਮੀ ਤੋਂ ਬਿਹਤਰ ਆਦਮੀ ਮਿਲਣਾ ਮੁਸ਼ਕਲ ਹੈ। ਬੇਹੱਦ ਮਿੱਠਾ, ਨਿਮਰ ਤੇ ਹਮਦਰਦੀਪੂਰਨ ਵਿਵਹਾਰ ਦੇ ਖੋਲ ’ਚ ਛੁਪੇ ਇਸ ਬੰਦੇ ਨੇ ਜੇਲ੍ਹ ’ਚ ਆ ਕੇ ਸਾਥੋਂ ਪੁੱਛਗਿੱਛ ਦੀ ਸ਼ੁਰੂਆਤ ਇਸ ਤਰ੍ਹਾਂ ਨਾਲ ਕੀਤੀ ਕਿ ਤੁਹਾਡਾ ਮਾਮਲਾ ਕੀ ਹੈ ਮੈਂ ਸਮਝ ਨਹੀਂ ਪਾ ਰਿਹਾ ਹਾਂ ਪਤਾ ਨਹੀਂ ਕਿਵੇਂ ਤੁਸੀਂ ਫਸ ਗਏ। ਉਸਦਾ ਹਮਦਰਦੀ ਪੂਰਨ ਵਿਵਹਾਰ ਦੇਖਕੇ ਅਸੀਂ ਬਹੁਤ ਵਿਸਥਾਰ ਨਾਲ ਉਸਨੂੰ ਆਪਣੀ ਗੱਲ ਦੱਸੀ। ਫਿਰ ਉਸਨੇ ਸਾਡੀ ਪੜ੍ਹਾਈ-ਲਿਖਾਈ ਸਬੰਧੀ ਕੁੱਝ ਸਵਾਲ ਪੁੱਛੇ, ਜੇਲ੍ਹ ਦੇ ਵਿਵਹਾਰ ਅਤੇ ਮਹੌਲ ਬਾਰੇ ਪੁੱਛਿਆ ਅਤੇ ਕੋਸਿਆ ਵੀ। ਸਾਨੂੰ ਕੁਰਸੀ ਤੇ ਬਿਠਾਇਆ ਗਿਆ ਅਤੇ ਚਾਹ ਪਿਲਾਈ ਗਈ ਜੋ ਕਿ ਜੇਲ੍ਹ ਅੰਦਰ ਕਿਸੇ ਕੈਦੀ ਲਈ ਵਰਜਿਤ ਹੈ। ਅਜਿਹੇ ’ਚ ਉਮੀਦ ਬੱਝਣੀ ਸੁਭਾਵਿਕ ਹੈ। ਮਨੋਜ ਕੁਮਾਰ ਝਾਅ ਇਸ ਪੂਰੀ ਗੱਲਬਾਤ ’ਚ ਚੁੱਪ ਬੈਠਾ ਰਿਹਾ ਕਾਫੀ ਦੇਰ ਬਾਅਦ ਉਸਨੇ ਰਾਜੇਸ਼ ਸ੍ਰੀਵਾਸਤਵ ਨਾਲ ਖੂੰਜੇ ’ਚ ਜਾ ਕੇ ਕੁੱਝ ਕਾਨਾਫੂਸੀ ਕੀਤੀ ਜਿਸਦੇ ਬਾਅਦ ਪੁੱਛਗਿੱਛ ਖਤਮ ਹੋ ਗਈ ਅਤੇ ਦੋਵੇਂ ਫਿਰ ਮਿਲਣ ਦਾ ਵਾਅਦਾ ਕਰਕੇ ਚਲੇ ਗਏ।
ਉਮੀਦ ’ਚ ਰਾਤ ਚੰਗੀ ਨੀਂਦ ਆਈ। ਅਗਲੇ ਦਿਨ ਅਚਾਨਕ ਕੋਰਟ ਤੋਂ ਸਾਡੀ ਤਲਬੀ ਆ ਗਈ। ਬਹੁਤ ਤਰੀਕੇ ਦੇ ਕਿਆਸ ਲਗਾਂਉਦੇ ਹੋਏ ਜਦ ਅਸੀਂ ਕੋਰਟ ’ਚ ਪਹੁੰਚ ਤਾਂ ਪਤਾ ਲੱਗਿਆ ਕਿ ਸਾਨੂੰ ਰਿਮਾਂਡ ਤੇ ਲੈਣ ਲਈ ਏ ਟੀ ਐਸ ਵੱਲੋਂ ਰਾਜੇਸ਼ ਸ੍ਰੀਵਾਸਤਵ ਨੇ ਅਪੀਲ ਕੀਤੀ ਹੈ। ਇਹ ਵੀ ਸਾਨੂੰ ਉਨਾ ਸ਼ੌਕਿੰਗ ਨਹੀਂ ਲੱਗਿਆ। ਰਾਜੇਸ਼ ਦੇ ਵਕੀਲ ਨੇ ਕੋਰਟ ਨੂੰ ਦੱਸਣਾ ਸ਼ੁਰੂ ਕੀਤੇ ਕਿ ਅਸੀਂ ਜੇਲ੍ਹ ’ਚ ਹੋਈ ਪੁੱਛਗਿੱਛ ’ਚ ਕਿਹਾ ਹੈ ਕਿ ਅਸੀਂ ਫਲਾਣੇ-ਫਲਾਣੇ ਮਾਓਵਾਦੀ ਨੇਤਾ ਨੂੰ ਜਾਣਦੇ ਹਾਂ ਅਤੇ ਅਸੀਂ ਉਹਨਾਂ ਦੇ ਰਹਿਣ ਦਾ ਟਿਕਾਣਾ ਅਤੇ ਇਹ ਵੀ ਦੱਸ ਸਕਦੇ ਹਾਂ ਕਿ ਉਹ ਹਥਿਆਰ ਕਿੱਥੇ ਲੁਕਾ ਕੇ ਰੱਖਦੇ ਹਨ। ਇਸ ਲਈ ਸਾਡਾ ਰਿਮਾਂਡ ਲੈਣਾ ਜਰੂਰੀ ਹੈ। ਆਪਣਾ ਬਿਆਨ ਸੁਣਕੇ ਤਾਂ ਮੇਰੇ ਹੋਸ਼ ਉੱਡ ਗਏ, ਮੈਂ ਅਜਿਹੇ ਬਿਆਨ ਕਦ ਦਿੱਤਾ? ਖੈਰ ਇਸ ਵਾਰ ਵੀ ਉਹਨਾਂ ਦੀ ਰਿਮਾਂਡ ਅਰਜੀ ਖਾਰਿਜ਼ ਹੋ ਗਈ ਤਾਂ ਜਾਨ ’ਚ ਜਾਨ ਆਈ, ਨਾਲ ਹੀ ਮਿੱਠਬੋਲੜੇ ਰਾਜੇਸ਼ ਸ੍ਰੀਵਾਸਤਵ ਦੀ ਅਸਲੀਅਤ ਵੀ ਸਾਹਮਣੇ ਆ ਗਈ। ਪੰਜਵੇਂ ਮਹੀਨੇ ’ਚ ਰਿਮਾਂਡ ਮੰਨ ਲਈ ਗਈ ਉਹ ਵੀ ਬੇਹੱਦ ਚੁੱਪਚਾਪ ਤਰੀਕੇ ਨਾਲ। ਰਾਜੇਸ਼ ਹੀ ਆਪਣੇ ਦਲ ਬਲ ਦੇ ਨਾਲ ਸਾਨੂੰ ਲੈ ਕਿ ਜਾਣ ਲਈ ਆਏ। ਇਸ ਵਾਰ ਉਸਦੀ ਅਸਲੀਅਤ ਖੁੱਲ੍ਹ ਕੇ ਬਾਹਰ ਆਈ ਸੀ। ਜੇਕਰ ਮੈਂ ਅੰਡਾਕਾਰ ਜੇਲ੍ਹ ਦੇ ਡਾਕਟਰ ਨਾਲ ਗੱਲ ਨਾ ਕਰਦੀ ਤਾਂ ਉਹ ਮੇਰੀ ਦਵਾਈ ਮੈਨੂੰ ਨਾਲ ਨਾ ਲੈਣਾ ਦਿੰਦਾ।
ਰਿਮਾਂਡ ਸਮੇਂ ਮੈਂ ਉਸਦੇ ਕਿਸੇ ਵੀ ਸਵਾਲ ਦਾ ਜਵਾਬ ਤਦ ਤੱਕ ਦੇਣ ਤੋਂ ਮਨਾ ਕਰ ਦਿੱਤਾ ਜਦ ਤੱਕ ਕਿ ਸਾਡੇ ਵਕੀਲ ਨੂੰ ਉੱਥੇ ਨਹੀਂ ਬੁਲਾਇਆ ਜਾਂਦਾ। ਗੁੱਸੇ ’ਚ ਉਸਨੇ ਮੈਨੂੰ ਲਾਕਅੱਪ ‘ਚ ਬੰਦ ਕਰਵਾ ਦਿੱਤਾ। ਥੋੜੀ ਦੇਰ ਬਾਅਦ ਉਸਨੇ ਦੂਸਰੀ ਚਾਲ ਚੱਲੀ ਜਿਸਨੂੰ ਲਾਗੂ ਕਰਨ ਲਈ ਹੀ ਸਾਨੂੰ ਰਿਮਾਂਡ ਤੇ ਲਿਆਂਦਾ ਗਿਆ ਸੀ। ਉਹ ਤਲਾਸ਼ੀ ਦੇ ਨਾਮ ਤੇ ਸਾਨੂੰ ਸਾਡੇ ਕਮਰੇ ’ਚ ਲੈ ਗਿਆ ਅਤੇ ਉੱਥੋਂ ਉਸਨੇ ਮੈਥੋਂ ਦਸਤਕ ਦੀਆਂ ਤਿੰਨ ਕਾਪੀਆਂ ਮੰਗੀਆਂ, ਮੈਂ ਦੇ ਦਿੱਤੀਆਂ। ਉੱਥੇ ਪਰਤਣ ਬਾਅਦ ਉਹ ਮੇਰੇ ਪਿਤਾ ਦੇ ਘਰ ਗਏ ਉਹਨਾਂ ਤੋਂ ਅਤੇ ਮੇਰੇ ਗਵਾਂਢੀ ਤੋਂ ਅਜਿਹੇ ਕਾਗਜ਼ ਦੇ ਦਸਤਖਤ ਕਰਵਾਏ, ਜਿਸ ਤੇ ਕਮਰੇ ਦੀ ਚਾਬੀ ਸੌਂਪਣ ਦੀ ਗੱਲ ਲਿਖੀ ਹੋਈ ਸੀ। ਦਸਤਖਤ ਦਾ ਇਹ ਕਾਗਜ਼ ਜਦ ਮੇਰੇ ਕੋਲ ਆਇਆ, ਤਾਂ ਧਿਆਨ ਗਿਆ ਕਿ ਉਸਦੀਆਂ ਲਾਇਨਾਂ “ਉਪਰੋਕਤ” ਤੋਂ ਸ਼ੁਰੂ ਹੋ ਰਹੀਆਂ ਸਨ ਯਾਨਿ ਇਸਤੋਂ ਪਹਿਲਾਂ ਵੀ ਇੱਕ ਪੇਜ਼ ਹੋਵੇਗਾ। ਮੈਂ ਇਸ ਉੱਪਰ ਇਤਰਾਜ ਜਤਾਉਂਦੇ ਹੋਏ ਦਸਤਖਤ ਕਰਨ ਤੋਂ ਮਨਾ ਕਦ ਦਿੱਤਾ, ਤਾਂ ਇੱਕ ਘੰਟੇ ਬਾਅਦ ਉਸਦੇ ਉੱਪਰ ਦਾ ਪੇਜ ਲਿਆਂਦਾ ਗਿਆ, ਜਿਸ ਵਿੱਚ ਇਹ ਲਿਖਿਆ ਸੀ ਕਿ ਕਮਰੇ ਦੀ ਤਲਾਸ਼ੀ ’ਚ ਕੁੱਝ ਵੀ ਇਤਰਾਜਯੋਗ ਚੀਜ਼ ਪ੍ਰਪਾਤ ਨਹੀਂ ਹੋਈ। ਜ਼ਾਹਿਰ ਹੈ ਕਿ ਸਾਜਿਸ਼ ਫੜੀ ਜਾਣ ਬਾਅਦ ਕਾਫੀ ਦਿਮਾਗ ਲਾ ਕੇ ਇਸਨੂੰ ਤਿਆਰ ਕੀਤਾ ਗਿਆ ਸੀ। ਮੈਂ ਨਿਸ਼ਚਿੰਤ ਹੋ ਗਈ ਕਿ ਮੈਂ ਉਹਨਾਂ ਦੀ ਇੱਕ ਸਾਜਿਸ਼ ਨੂੰ ਨਾਕਾਮ ਕਰ ਦਿੱਤਾ। ਪਰ ਇਹ ਭਰਮ ਸੀ, ਰਾਜੇਸ਼ ਸ੍ਰੀਵਾਸਤਵ ਬਹੁਤ ਵੱਡਾ ਠੱਗ ਹੈ। ਉਸਨੇ ਮੇਰੇ ਘਰ ਵਾਲਿਆਂ ਨਾਲ ਜਿਸ ਸੁਲਝੇ ਹੋਏ ਢੰਗ ਨਾਲ ਗੱਲ ਕੀਤੀ ਉਹ ਉਸ ਨਾਲ ਭਰਮਾਏ ਹੋਏ ਸਨ ਅਤੇ ਸਭ ਕੁੱਝ ਠੀਕ ਹੋਣ ਦੀ ਉਮੀਦ ਲਗਾਈ ਬੈਠੇ ਸਨ। ਲੱਗਭਗ ਦਸ ਦਿਨ ਬਾਅਦ ਕੋਰਟ ’ਚ ਜਦ ਸਾਡੀ ਚਾਰਜਸ਼ੀਟ ਦਾਖਲ ਹੋਈ ਤਾਂ ਸਾਡੇ ਸਭ ਦੇ ਹੋਸ਼ ਉੱਡ ਗਏ। ਇਸ ਵਿੱਚ ਰਿਮਾਂਡ ਸਮੇਂ ਸਾਡੇ ਝੂਠੇ ਬਿਆਨ ਦੇ ਇਲਾਵਾ 26 ਪੇਜ ਦਾ ਇੱਕ ਪੱਤਰ ਸਾਡੇ ਘਰ ਤੋਂ ਬਰਾਮਦ ਵਿਖਾਇਆ ਗਿਆ। ਉਸਤੋਂ ਵੀ ਫਰਜੀ ਗੱਲ ਇਹ ਹੈ ਕਿ ਚਾਬੀ ਸੌਂਪਣ ਦੇ ਜਿਸ ਕਾਗਜ਼ ਤੇ ਸਾਡੇ ਦਸਤਖਤ ਕਰਵਾਏ ਗਏ ਸਨ, ਉਸਦੇ ਉੱਪਰ ਦਾ ਪੰਨਾ ਬਦਲ ਦਿੱਤਾ ਗਿਆ ਸੀ, ਜਿਸ ਉੱਤੇ ਪੱਤਰ ਦੇ ਬਰਾਮਦਗੀ ਦੀ ਗੱਲ ਲਿਖੀ ਹੋਈ ਸੀ। ਦੂਸਰੇ ਕਾਗਜ ਤੇ ਸਾਡੇ ਦਸਖਤ ਯਾਨਿ ਅਸੀਂ ਵੀ ਗੱਲ ਕਬੂਲ ਕੀਤੀ ਸੀ। ਰਾਜੇਸ਼ ਸ੍ਰੀਵਾਸਤਵ ਦੀ ਇਸ ਫਰਜ਼ੀ ਵਿਵੇਚਨਾ ਦੇ ਅਧਾਰ ਤੇ ਸਾਡਾ ਕੇਸ ਬਣਾਇਆ ਗਿਆ ਸੀ। ਸਾਡਾ ਹੀ ਨਹੀਂ ਸਾਡੇ ਨਾਲ ਕਾਨਪੁਰ ਅਤੇ ਗੋਰਖਪੁਰ ’ਚ ਗ੍ਰਿਫਤਾਰ ਲੋਕਾਂ ਦੀ ਵਿਵੇਚਨਾ ਵੀ ਕਿਸੇ ਆਦਮੀ ਨੂੰ ਸੌਂਪੀ ਗਈ ਸੀ। ਉਹ ਲਗਾਤਾਰ ਸਾਡੇ ਕੇਸ ਨੂੰ ਆਪਸ ’ਚ ਜੋੜਨ ’ਚ ਲੱਗਿਆ ਰਿਹਾ। ਇਹ ਸਮਝਣਾ ਮੁਸ਼ਕਿਲ ਨਹੀਂ ਹੈ ਕਿ ਉਹਨਾਂ ਲੋਕਾਂ ਖਿਲਾਫ ਵੀ ਅਜਿਹੇ ਹੀ ਫਰਜ਼ੀ ਤੱਥ ਘੜੇ ਗਏ ਹੋਣਗੇ। ਕਾਨਪੁਰ ਵਾਲਿਆਂ ਨਾਲ ਸਾਡੇ ਕੇਸ ਨੂੰ ਜੋੜਨ ਲਈ ਜਦ ਉੱਥੋਂ ਦਾ ਮਾਮਲਾ ਸਾਡੇ ਕੋਰਟ ’ਚ ਖੋਲ੍ਹਿਆ ਗਿਆ, ਤਾਂ ਦੋ ਲੈਪਟਾਪ ਤੋਂ ਇਲਾਵਾ ਇਸ ਵਿੱਚ ਲੋਕਪੱਖੀ ਗੀਤਾਂ ਦੀਆਂ ਕੈਸਿਟਾਂ ਫਿਲਮਾਂ ਦੀ ਸੀ. ਡੀ. ਅਤੇ ਸਰਕਾਰੀ ਨੀਤੀਆਂ ਦੇ ਖਿਲਾਫ ਲੋਕਪੱਖੀ ਸਾਹਿਤ ਸਨ ਜਿਸਨੂੰ ਉਹ ਮਾਓਵਾਦੀ ਸਾਹਿਤ ਦੱਸ ਰਹੇ ਸਨ। ਯਾਨਿ ਉਹ ਸਭ ਵੀ ਸਾਡੀ ਅਤੇ ਕਚਹਿਰੀ ਬੰਬ ਕਾਂਡ ਦੇ ਦੋਸ਼ੀਆਂ ਦੀ ਤਰ੍ਹਾਂ ਰਾਜੇਸ਼ ਸ੍ਰੀਵਾਸਤਵ ਦੀ ਸਾਜਿਸ਼ਾਨਾ ਕਰੂਰਤਾ ਦਾ ਸ਼ਿਕਾਰ ਹਨ।
ਡੀ ਜੀ ਪੀ ਬ੍ਰਿਜ ਲਾਲ ਨਾਲ ਸਾਡਾ ਸਿੱਧਾ ਵਾਸਤਾ ਨਹੀਂ ਪਿਆ ਪਰ ਇਸ ਪੂਰੇ ਮਾਮਲੇ ਦਾ ਸੂਤਰਧਾਰ ਉਹੀ ਹੈ। ਇਸ ਲਈ ਸਾਡੇ ਅਗਵਾ ਦੇ ਅਗਲੇ ਦਿਨ ਉਸਨੇ ਪ੍ਰੈੱਸ ਕਾਨਫਰੰਸ ਕਰਕੇ ਇਸਨੂੰ ਆਪਣੀ ਬਹੁਤ ਵੱਡੀ ਸਫਲਤਾ ਘੋਸ਼ਿਤ ਕੀਤਾ, ਜਿਸਨੂੰ ਦਿਨ ਭਰ ਟੀ. ਵੀ. ਉੱਤੇ ਦਿਖਾਇਆ ਜਾਂਦਾ ਰਿਹਾ। ਅਜਿਹੀਆਂ ਘਟਨਾਵਾਂ ਦੇ ਬਾਅਦ ਇਹ ਲੋਕ ਮੀਡੀਆ ਮੈਨੁਪਲੇਸ਼ਨ ਕਿਵੇਂ ਕਰਦੇ ਹਨ ਇਸਨੂੰ ਵੀ ਅਸੀਂ ਵੇਖਿਆ। ਖੈਰ…ਬ੍ਰਿਜ ਲਾਲ ਬਾਰੇ ਇੱਕ ਦੂਸਰਾ ਤੱਥ ਦੱਸਦੀ ਹਾਂ-ਮਾਰਚ 2010 ’ਚ ਹੀ ਨੈਨੀ ਸੈਂਟਰਲ ’ਚ ਬੰਦ ਇੱਕ ਦੋਸ਼ੀ ਨੀਰਜ ਸਿੰਘ ਪੇਸ਼ੀ ਤੇ ਜਾਂਦੇ ਸਮੇਂ ਦੋ ਸਿਪਾਹੀਆਂ ਦੀ ਹੱਤਿਆ ਕਰਕੇ ਭੱਜ ਗਿਆ। ਪੂਰੇ ਪ੍ਰਦੇਸ਼ ’ਚ ਖਲਬਲੀ ਮੱਚ ਗਈ। ਪੁਲਿਸ ਨੀਰਜ ਨੂੰ ਤਾਂ ਨਹੀਂ ਫੜ ਪਾਈ। ਪਰ ਉਸਦੀ ਪਤਨੀ ਨੂੰ ਭਜਾਉਣ ਦੀ ਸਾਜਿਸ ’ਚ ਗ੍ਰਿਫਤਾਰ ਕਰ ਲਿਆ। ਦੋ ਮਹੀਨੇ ਬਾਅਦ ਇਸ ਆਦਮੀ ਨੇ ਗ੍ਰਿਫਤਾਰੀ ਬਾਅਦ ਧਮਕੀ ਦਿੱਤੀ ਸੀ, ਕਿ ‘ਤੈਨੂੰ ਤਾਂ ਮੈਂ ਵਿਧਵਾ ਬਣਾਕੇ ਛੱਡਾਂਗਾ।’ ਯਾਨਿ ਨੀਰਜ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਹੀ ਉਸਨੂੰ ਖਤਮ ਕਰਨ ਦੀ ਸਾਜਿਸ਼ ਰਚੀ ਜਾ ਚੁੱਕੀ ਸੀ। ਬ੍ਰਿਜ ਲਾਲ ਸਮੇਤ ਸਾਰੇ ਪੁਲਿਸ ਅਧਿਕਾਰੀਆਂ ਦੀ ਇਸ ਅਲਿਖਤ ਪਾਲਸੀ ਦੀ ਗੱਲ ਐਸ ਟੀ ਐੱਫ ਦਾ ਸਤਯ ਪ੍ਰਕਾਸ਼ ਸਿੰਘ ਮੇਰੇ ਨਾਲ ਕਰ ਰਿਹਾ ਸੀ।
ਪੁਲਿਸ ਦੇ ਕੰਮ ਕਰਨ ਦੇ ਤਰੀਕੇ ਦੀ ਇਹ ਇੱਕ ਝਲਕ ਭਰ ਹੈ, ਜਿਸ ਨਾਲ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਕਚਹਿਰੀ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਕਿਵੇਂ ਫੜਿਆ ਗਿਆ ਹੋਵੇਗਾ, ਕਿਵੇਂ ਉਹਨਾਂ ਖਿਲਾਫ ਐਸ ਟੀ ਐਫ ਤੋਂ ਲੈ ਕੇ ਏ ਟੀ ਐਸ ਨੇ ਸਬੂਤ ਬਣਾਏ ਹੋਣਗੇ ਜਿਸਦੇ ਅਧਾਰ ਤੇ ਉਹਨਾਂ ਨੂੰ ਵੱਡੀ ਤੋਂ ਵੱਡੀ ਸਜਾ ਵੀ ਹੋ ਸਕਦੀ ਸੀ। ਇਨ੍ਹਾਂ ਗ੍ਰਿਫਤਾਰੀਆਂ ਦੀ ਜਾਂਚ ਲਈ ਗਠਿਤ ਆਯੋਗ ਦੀ ਰਿਪੋਰਟ ਨੂੰ ਹਾਲਾਂ ਕਿ ਜਨਤਕ ਨਹੀਂ ਕੀਤਾ ਗਿਆ ਪਰ ਇਹ ਤੱਥ ਆ ਗਿਆ ਕਿ ਇਸ ਆਯੋਗ ਨੇ ਵੀ ਗ੍ਰਿਫਤਾਰੀਆਂ ’ਤੇ ਸ਼ੱਕ ਜਤਾਇਆ ਹੈ। ਇਸ ਨਾਲ ਸਮਝਿਆ ਜਾ ਸਕਦਾ ਹੈ ਕਿ ਖਾਲਿਦ ਜੋ ਕਿ ਛੁੱਟਣ ਵਾਲਾ ਸੀ, ਨੂੰ ਕਿਸਨੇ ਅਤੇ ਕਿਉਂ ਮਾਰਿਆ ਹੋਵੇਗਾ। ਇਸ ਮਾਮਲੇ ’ਚ ਹੱਤਿਆ ਕਰਨ ਵਾਲਿਆਂ ਤੋਂ ਗ੍ਰਿਫਤਾਰੀ ਕਰਨ ਵਾਲਿਆਂ ਨੂੰ ਕੱਟ ਕੇ ਵੇਖਣਾ ਭਾਰੀ ਭੁੱਲ ਹੋਵੇਗੀ। ਇਹ ਘਟਨਾ ਦੇਸ਼ ਭਰ ’ਚ ਅੱਤਵਾਦ ਦੇ ਨਾਮ ਤੇ ਮੁਸਲਿਮ ਨੌਜਵਾਨਾਂ ਦੀ ਫਰਜ਼ੀ ਗ੍ਰਿਫਤਾਰੀ ਦਾ ਇੱਕ ਕਰੂਰ ਨਮੂਨਾ ਹੈ ਜਿਸ ਦਾ ਭੇਦ ਖੁੱਲ੍ਹਣ ਦੇ ਡਰ ਨਾਲ ਸਬੰਧਿਤ ਪੱਖ ਹੱਤਿਆ ਤੱਕ ਕਰ ਸਕਦਾ ਹੈ। ਪੁਲਿਸ ਬੇਲਗਾਮ ਹੋ ਚੁੱਕੀ ਹੈ। ਸਥਿਤੀ ਬੇਹੱਦ ਖਤਰਨਾਕ ਹੋ ਚੁੱਕੀ ਹੈ। ਇਸਦੇ ਖਿਲਾਫ ਅਵਾਜ਼ ਉਠਾਉਣੀ ਹੀ ਹੋਵੇਗੀ।


