By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕਿਸੇ ਵੀ ਇੱਕ ਦਿਨ ਦਾ ਅਖ਼ਬਾਰ: ਭਗਵੀ ‘ਸਹਿਣਸ਼ੀਲਤਾ’ ਦਾ ਦਰਪਨ! -ਗੁਰਬਚਨ ਸਿੰਘ ਭੁੱਲਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਕਿਸੇ ਵੀ ਇੱਕ ਦਿਨ ਦਾ ਅਖ਼ਬਾਰ: ਭਗਵੀ ‘ਸਹਿਣਸ਼ੀਲਤਾ’ ਦਾ ਦਰਪਨ! -ਗੁਰਬਚਨ ਸਿੰਘ ਭੁੱਲਰ
ਨਜ਼ਰੀਆ view

ਕਿਸੇ ਵੀ ਇੱਕ ਦਿਨ ਦਾ ਅਖ਼ਬਾਰ: ਭਗਵੀ ‘ਸਹਿਣਸ਼ੀਲਤਾ’ ਦਾ ਦਰਪਨ! -ਗੁਰਬਚਨ ਸਿੰਘ ਭੁੱਲਰ

ckitadmin
Last updated: July 23, 2025 8:05 am
ckitadmin
Published: April 7, 2016
Share
SHARE
ਲਿਖਤ ਨੂੰ ਇੱਥੇ ਸੁਣੋ

ਸਹਿਣਸ਼ੀਲਤਾ-ਅਸਹਿਣਸ਼ੀਲਤਾ ਦਾ ਮੁੱਦਾ ਘੱਟੋ-ਘੱਟ ਇਸ ਸਰਕਾਰ ਦੀ ਅਉਧ ਵਿਚ ਮੱਠਾ ਪੈਣ ਵਾਲਾ ਨਹੀਂ। ਇਸ ਦਾ ਕਾਰਨ ਇਹ ਹੈ ਕਿ ਹਾਕਮ ਧਿਰ ਅਸਹਿਣਸ਼ੀਲਤਾ ਛੱਡਣ ਦੀ ਬਜਾਇ ਵਿਰੋਧੀਆਂ ਨੂੰ ਇਸ ਤੂਹਮਤ ਨਾਲ ਚੁੱਪ ਕਰਾਉਣਾ ਚਾਹੁੰਦੀ ਹੈ ਕਿ ਉਹ ਮਹਾਨ ਭਾਰਤ ਨੂੰ ਅਸਹਿਣਸ਼ੀਲ ਕਹਿ ਰਹੇ ਹਨ ਜੋ “ਨਾ ਕਦੀ ਅਸਹਿਣਸ਼ੀਲ ਸੀ, ਨਾ ਹੁਣ ਹੈ ਤੇ ਨਾ ਭਵਿੱਖ ਵਿਚ ਕਦੀ ਹੋ ਹੀ ਸਕਦਾ ਹੈ!” ਦੂਜੇ ਪਾਸੇ, ਸਾਡੇ ਦੇਸ ਤੇ ਸਮਾਜ ਦੀ ਵਰਤਮਾਨ ਅਸਲੀਅਤ ਇਹ ਹੈ ਕਿ ਮਾਨਵੀ ਸੁਭਾਅ ਤੇ ਸੋਚ ਰੱਖਣ ਵਾਲੇ ਮਨੁੱਖ ਵਾਸਤੇ ਅਖ਼ਬਾਰ ਪੜ੍ਹਨਾ ਤੇ ਟੀਵੀ ਦੇਖਣਾ ਬੜੀ ਬੇਚੈਨੀ ਤੇ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਜਦੋਂ ਮੈਂ ਇਹ ਲੇਖ ਲਿਖਣ ਬੈਠਾ ਹਾਂ, ਬੁੱਧਵਾਰ ਦੀ ਡੂੰਘੀ ਸਵੇਰ ਹੈ।

ਦਿੱਲੀ ਤੋਂ ਛਪਦਾ ਅੱਜ ਦਾ ਅੰਗਰੇਜ਼ੀ ਅਖ਼ਬਾਰ ਅਜੇ ਆਇਆ ਨਹੀਂ ਤੇ ਕੱਲ੍ਹ ਦਾ ਮੇਰੇ ਸਾਹਮਣੇ ਪਿਆ ਹੈ। ਕਿਸੇ ਵੀ ਅਖ਼ਬਾਰ ਲਈ, ਭਾਵੇਂ ਉਹਦਾ ਪੱਤਰਪ੍ਰੇਰਕੀ ਤਾਣਾਪੇਟਾ ਕਿੰਨਾ ਵੀ ਫ਼ੈਲਿਆ ਹੋਇਆ ਹੋਵੇ, ਸਾਡੇ ਏਨੇ ਵੱਡੇ ਦੇਸ ਦੀ ਪੂਰੀ ਤਾਂ ਕੀ, ਅਧੂਰੀ ਤਸਵੀਰ ਦੇਣਾ ਵੀ ਸੰਭਵ ਨਹੀਂ। ਤਾਂ ਵੀ ਇਕ ਦਿਨ ਦੇ ਇਸ ਅਖ਼ਬਾਰ ਦੀਆਂ ਖ਼ਬਰਾਂ ਦੇਗ ਵਿਚੋਂ ਕੁਝ ਦਾਣੇ ਤਾਂ ਹਨ ਹੀ ਜੋ ਪੂਰੀ ਦੇਗ ਦੇ ਕੱਚ-ਸੱਚ ਦੀ ਥਾਹ ਪੁਆ ਸਕਦੇ ਹਨ।

 

 

ਪਹਿਲੇ ਪੰਨੇ ਉੱਤੇ ਹੀ ਇਕ ਲੰਮੀ-ਚੌੜੀ ਖ਼ਬਰ ਹੈ ਜਿਸ ਦਾ ਸਾਰ ਇਉਂ ਹੈ। ਮਹਾਰਾਸ਼ਟਰ ਦੇ ਰੇਨਾਪੁਰ ਥਾਣੇ ਦੇ ਏ.ਐਸ.ਆਈ. ਯੂਨਸ ਸ਼ੇਖ਼ ਤੇ ਸਿਪਾਹੀ ਅਵਾਸਕਰ ਦੀ ਡਿਊਟੀ ਫਿ਼ਰਕੂ ਪੱਖੋਂ ਸੰਵੇਦਨਸ਼ੀਲ ਮੰਨੇ ਜਾਂਦੇ ਪਾਨਗਾਉਂ ਇਲਾਕੇ ਦੇ ਅੰਬੇਦਕਰ ਚੌਕ ਵਿਚ ਲਾਈ ਜਾਂਦੀ ਹੈ। ‘ਸਿ਼ਵਾਜੀ ਜੈਅੰਤੀ ਮੰਡਲ’ ਦੇ ਲੋਕ ਉਸ ਚੌਕ ਵਿਚ ਭਗਵਾ ਝੰਡਾ ਝੁਲਾ ਕੇ ਸਿ਼ਵਾਜੀ ਜੈਅੰਤੀ ਮਨਾਉਣਾ ਚਾਹੁੰਦੇ ਹਨ। ਸ਼ੇਖ਼ ਤੇ ਅਵਾਸਕਰ ਨੂੰ ਅਜਿਹਾ ਹੋਣੋਂ ਰੋਕਣ ਦਾ ਹੁਕਮ ਦਿੱਤਾ ਜਾਂਦਾ ਹੈ। ਸ਼ੇਖ਼ ਉਹਨਾਂ ਨੂੰ ਸਮਾਗਮ ਵਾਸਤੇ ਕੋਈ ਹੋਰ ਢੁੱਕਵੀਂ ਥਾਂ ਦੇਣ ਦਾ ਵਾਅਦਾ ਵੀ ਕਰਦਾ ਹੈ ਜਿਸ ਨੂੰ ਉਹ ਰੱਦ ਕਰ ਦਿੰਦੇ ਹਨ। ਹੁਕਮ ਮੰਨਣੋਂ ਇਨਕਾਰੀ ਭੀੜ ਲਗਾਤਾਰ ਵਧਦੀ ਦੇਖ ਕੇ ਉਹ ਸਵੇਰ ਦੇ ਸਾਢੇ ਅੱਠ ਵਜੇ ਕੰਟਰੋਲ ਰੂਮ ਨੂੰ ਤੇ ਥਾਣੇ ਨੂੰ ਫੋਨ ਕਰ ਕੇ ਹੋਰ ਸਿਪਾਹੀ ਮੰਗਦਾ ਹੈ। ਨਿਹਫਲ ਉਡੀਕਣ ਮਗਰੋਂ ਪਰੇਸ਼ਾਨ ਹੋ ਕੇ ਉਹ ਦੁਬਾਰਾ ਫੋਨ ਕਰਦਾ ਹੈ। ਏਨੇ ਨੂੰ ਝੰਡਾ ਝੁਲਾਉਣੋਂ ਰੋਕਣ ਬਦਲੇ ਤੇ ਮਦਦ ਲਈ ਫੋਨ ਕਰਦਾ ਦੇਖ ਕੇ ਭੀੜ 38 ਸਾਲ ਦੀ ਬੇਦਾਗ਼ ਸੇਵਾ ਵਾਲੇ ਵਰਦੀਧਾਰੀ ਸ਼ੇਖ਼ ਨੂੰ ਕੁੱਟਣਾ ਤੇ ਜ਼ਲੀਲ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਅਵਾਸਕਰ ਨੂੰ ਕੁਝ ਨਹੀਂ ਕਹਿੰਦੀ। ਜੀਅ ਭਰ ਕੇ ਕੁੱਟ ਲੈਣ ਮਗਰੋਂ ਗੁੰਡੇ ਸ਼ੇਖ਼ ਨੂੰ ਜ਼ਖ਼ਮੀ ਹਾਲਤ ਵਿਚ ਭਗਵਾ ਝੰਡਾ ਚੁੱਕ ਕੇ ਤੁਰਨ ਵਾਸਤੇ ਅਤੇ “ਜੈ ਭਵਾਨੀ, ਜੈ ਸਿ਼ਵਾਜੀ” ਦੇ ਨਾਅਰੇ ਲਾਉਣ ਵਾਸਤੇ ਮਜਬੂਰ ਕਰਦਿਆਂ ਉਹਦਾ ਜਲੂਸ ਕਢਦੇ ਹਨ ਤੇ ਅੰਬੇਦਕਰ ਚੌਕ ਵਿਚ ਪਹੁੰਚ ਕੇ ਉਸੇ ਹੱਥੋਂ ਝੰਡਾ ਝੁਲਵਾਉਂਦੇ ਹਨ। ਦਸ ਵੱਜ ਕੇ ਦਸ ਮਿੰਟ ਉੱਤੇ ਹੋਰ ਸਿਪਾਹੀ ਪਹੁੰਚਦੇ ਹਨ ਤਾਂ ਇਹ ਸਾਰਾ ਕੁਝ ਹੋ ਚੁੱਕਿਆ ਹੁੰਦਾ ਹੈ। ਲਾਤੂਰ ਦੇ ਸਿਵਲ ਹਸਪਤਾਲ ਵਿਚ ਪੱਟੀਆਂ ਵਿਚ ਲਪੇਟਿਆ ਪਿਆ ਸ਼ੇਖ਼ ਪੁਛਦਾ ਹੈ,“ਆਖ਼ਰ ਮੇਰਾ ਕਸੂਰ ਕੀ ਸੀ? ਮੈਂ ਤਾਂ ਆਪਣੇ ਅਫ਼ਸਰ ਦੀ ਲਾਈ ਡਿਊਟੀ ਨਿਭਾ ਰਿਹਾ ਸੀ!”

ਦੂਜੀ ਖ਼ਬਰ। ਦਿੱਲੀ ਦੀ ਅਦਾਲਤ ਵਿਚ ਦਰਜਨਾਂ ਪੁਲਸੀਆਂ ਦੀ ਹਾਜ਼ਰੀ ਵਿਚ ਵਕੀਲਾਂ, ਵਿਦਿਆਰਥੀਆਂ ਤੇ ਪ੍ਰੋਫ਼ੈਸਰਾਂ ਨੂੰ, ਖਾਸ ਕਰਕੇ ਪੁਲਿਸ ਦੇ ਹਰਾਸਤੀਏ ਵਿਦਿਆਰਥੀ ਆਗੂ ਕਨ੍ਹਈਆ ਨੂੰ ਬੁਰੀ ਤਰ੍ਹਾਂ ਕੁੱਟਣ ਵਾਲੇ ਬੀਜੇਪੀ-ਪੱਖੀ ਤਿੰਨ ਵਕੀਲ ਇਕ ਸਟਿੰਗ ਉਪਰੇਸ਼ਨ ਵਿਚ ਆਪਣੀ ਕਰਤੂਤ ਬਾਰੇ ਖੁੱਲ੍ਹ ਕੇ ਦਸਦੇ ਹਨ। ਉਹ ਆਖਦੇ ਹਨ,“ਜਦੋਂ ਅਸੀਂ ਕੁੱਟਮਾਰ ਕਰ ਰਹੇ ਸੀ, ਸਾਨੂੰ ਹਲਾਸ਼ੇਰੀ ਦਿੰਦੇ ਹੋਏ ਪੁਲਸੀਏ ਆਖ ਰਹੇ ਸਨ ਕਿ ਵਰਦੀ ਕਾਰਨ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ। ਅਸੀਂ ਕਨ੍ਹਈਆ ਨੂੰ ਤਾਂ ਕੁੱਟਿਆ ਵੀ ਤੇ ਉਹਤੋਂ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਵੀ ਲੁਆਏ।” ਇਕ ਵਕੀਲ ਦਾ ਕਹਿਣਾ ਸੀ,“ਅਗਲੀ ਪੇਸ਼ੀ ਸਮੇਂ ਮੈਂ ਪਟਰੌਲ ਬੰਬ ਲੈ ਕੇ ਆਵਾਂਗਾ ਤੇ ਗ੍ਰਿਫ਼ਤਾਰ ਹੋ ਕੇ ਕਨ੍ਹਈਆ ਨੂੰ ਜਿਹਲ ਵਿਚ ਕੁੱਟਾਂਗਾ।” ਟੀਵੀ ਚੈਨਲਾਂ ਦੀਆਂ ਲਗਾਤਾਰ ਖ਼ਬਰਾਂ ਤੇ ਹੁਣ ਇਸ ਇਕਬਾਲ ਮਗਰੋਂ ਵੀ ਦਿੱਲੀ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਕਾਰਵਾਈ ਕਰਨ ਵਾਸਤੇ ਇਹ ਕੋਈ ਪੁਖ਼ਤਾ ਸਬੂਤ ਨਹੀਂ ਹਨ।

ਤੀਜੀ ਖ਼ਬਰ। ਬੀਜੇਪੀ ਦੇ ਮਿਸਾਲੀ ਮੁੱਖ ਮੰਤਰੀ ਰਮਨ ਸਿੰਘ ਦੇ ਛੱਤੀਸਗੜ੍ਹ ਦੇ ਬੇਵੱਸ ਤੇ ਬੇਆਸ ਆਦਿਵਾਸੀਆਂ ਦੇ ਭਲੇ ਲਈ ਕੰਮ ਕਰਨ ਵਾਲੀ ਬੇਗਰਜ਼ ਸਮਾਜ-ਸੇਵਿਕਾ ਸੋਨੀ ਸੋਰੀ ਦੇ ਚਿਹਰੇ ਉੱਤੇ ਦਾਂਤੇਵਾੜਾ ਦੇ ਇਲਾਕੇ ਵਿਚ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਗੁੰਡਿਆਂ ਨੇ ਕੋਈ ਤੇਜ਼ਾਬੀ ਚੀਜ਼ ਪਾ ਦਿੱਤੀ। ਕੁਝ ਸਮਾਂ ਪਹਿਲਾਂ ਸੋਰੀ ਨੇ ਤਿੰਨ ਮਾਮਲਿਆਂ ਵਿਚ ਆਦਿਵਾਸੀ ਕੁੜੀਆਂ ਦੀ ਸਮੂਹਕ ਬੇਪਤੀ ਦੇ ਅਪਰਾਧੀਆਂ ਵਿਰੁੱਧ ਮੁਕੱਦਮੇ ਦਰਜ ਕਰਵਾਏ ਸਨ। ਪੁਲਿਸ ਨੂੰ ਕਿਸੇ ਕਾਰਵਾਈ ਦੀ ਲੋੜ ਮਹਿਸੂਸ ਨਹੀਂ ਸੀ ਹੋਈ। ਸੋਰੀ ਨੇ ਖੁੱਲ੍ਹੇ ਫਿਰਦੇ ਗੁੰਡਿਆਂ ਤੋਂ ਲਗਾਤਾਰ ਮਿਲਦੀਆਂ ਧਮਕੀਆਂ ਦੀ ਪੁਲਿਸ ਕੋਲ ਸਿ਼ਕਾਇਤ ਵੀ ਦਰਜ ਕਰਵਾਈ ਤੇ ਸੁਰੱਖਿਆ ਦੀ ਮੰਗ ਵੀ ਕੀਤੀ। ਪੁਲਿਸ ਨੇ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਵੀ ਲੋੜ ਨਹੀਂ ਸਮਝੀ ਕਿਉਂਕਿ ਪੁਲਿਸ ਤਾਂ ਆਪ ਲੰਮੇ ਸਮੇਂ ਤੋਂ ਉਸ ਉੱਤੇ ਨਕਸਲੀ ਹੋਣ ਦਾ ਠੱਪਾ ਲਾ ਕੇ ਉਹਨੂੰ ਤੰਗ ਤੇ ਜ਼ਲੀਲ ਕਰਦੀ ਰਹਿੰਦੀ ਹੈ। ਚਿਹਰੇ ਦੇ ਜ਼ਖ਼ਮਾਂ ਦੀ ਗੰਭੀਰਤਾ ਨੂੰ ਦੇਖਦਿਆਂ ਉਹਨੂੰ ਦਿੱਲੀ ਲਿਆ ਕੇ ਇੰਦਰਪ੍ਰਸਥ ਅਪੋਲੋ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਹਦਾ ਪਤਾ ਲੈਣ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਨੇ ਇਲਾਜ ਦਾ ਸਾਰਾ ਖ਼ਰਚ ਦੇਣ ਦਾ ਐਲਾਨ ਕੀਤਾ ਹੈ।

ਚੌਥੀ ਖ਼ਬਰ। ‘ਭਗੌੜੇ’ ਉਮਰ ਖ਼ਾਲਿਦ ਨੇ, ਜੋ ਕਾਰਪੋਰੇਟ ਮੀਡੀਆ ਤੇ ਸੰਘ ਪਰਿਵਾਰ ਅਨੁਸਾਰ ਭਾਰਤ ਦਾ ਸਭ ਤੋਂ ਵੱਡਾ ਆਤੰਕਵਾਦੀ ਤੇ ਦੇਸਧਰੋਹੀ ਹੈ, ਜਵਾਹਰਲਾਲ ਯੂਨੀਵਰਸਿਟੀ ਵਿਚ ਸਾਹਮਣੇ ਆ ਕੇ ਵਿਦਿਆਰਥੀਆਂ ਨੂੰ ਭਾਸ਼ਨ ਦਿੱਤਾ। ਉਹ ਹੋਰ ਗੱਲਾਂ ਤੋਂ ਇਲਾਵਾ ਕਹਿੰਦਾ ਹੈ,“ਸੱਚ ਦੱਸਾਂ, ਮੈਨੂੰ ਆਪਣੀ ਬਹੁਤੀ ਚਿੰਤਾ ਨਹੀਂ ਸੀ ਕਿਉਂਕਿ ਮੈਂ ਜਾਣਦਾ ਸੀ ਤੇ ਮੇਰਾ ਪੱਕਾ ਭਰੋਸਾ ਸੀ ਕਿ ਤੁਸੀਂ ਸਾਰੇ ਹਜ਼ਾਰਾਂ ਦੀ ਗਿਣਤੀ ਵਿਚ ਮੇਰੀ ਹਮਾਇਤ ਵਿਚ ਨਿਤਰੋਗੇ। ਪਰ ਜਦੋਂ ਮੈਂ ਆਪਣੀ ਭੈਣ ਤੇ ਆਪਣੇ ਪਿਤਾ ਦੇ ਬਿਆਨ ਦੇਖੇ, ਮੈਨੂੰ ਫਿ਼ਕਰ ਹੋਇਆ, ਮੈਨੂੰ ਡਰ ਲੱਗਣ ਲਗਿਆ। ਮੇਰੇ ਕਈ ਭੈਣਾਂ ਹਨ ਤੇ ਇਹਨਾਂ ਲੋਕਾਂ ਨੇ, ਇਹ ਜੋ ਜਵਾਹਰਲਾਲ ਯੂਨੀਵਰਸਿਟੀ ਨੂੰ ‘ਦੇਸਧਰੋਹੀ’ ਆਖਦੇ ਹਨ, ਸੋਸ਼ਲ ਮੀਡੀਆ ਵਿਚ ਭਾਂਤ ਭਾਂਤ ਦੀਆਂ ਗੱਲਾਂ ਲਿਖਣੀਆਂ ਤੇ ਇਹ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਹਨਾਂ ਨਾਲ ਕੀ ਕਰਨਗੇ। ਮੇਰੀ ਇਕ ਭੈਣ ਨੂੰ ਕਿਹਾ ਗਿਆ ਕਿ ਉਹਦੇ ਨਾਲ ਬਲਾਤਕਾਰ ਕੀਤਾ ਜਾਵੇਗਾ, ਦੂਜੀ ਨੂੰ ਕਿਹਾ ਗਿਆ ਕਿ ਉਹਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉਸ ਮੌਕੇ ਮੈਨੂੰ ਕੰਧਾਮਲ ਵਿਚ ਬਜਰੰਗ-ਦਲੀਆਂ ਦਾ ਇਕ ਈਸਾਈ ਨਨ ਨਾਲ ਬਲਾਤਕਾਰ ਕਰਦਿਆਂ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਉਣਾ ਚੇਤੇ ਆਇਆ। ਮੈਨੂੰ ਸਾਥੀ ਕਨ੍ਹਈਆ ਦਾ 11 ਫ਼ਰਵਰੀ ਦਾ ਭਾਸ਼ਨ ਯਾਦ ਆਉਂਦਾ ਹੈ, ‘ਜੇ ਤੁਹਾਡੀ ਭਾਰਤ ਮਾਤਾ ਇਹ ਹੈ ਤਾਂ ਇਹ ਸਾਡੀ ਭਾਰਤ ਮਾਤਾ ਨਹੀਂ ਹੈ! ਤੇ ਸਾਨੂੰ ਇਹ ਕਹਿੰਦਿਆਂ ਕੋਈ ਸ਼ਰਮ ਨਹੀਂ!’… ਇਕ ਪਲ ਮੈਂ ਇਕ ਗੱਲ ਆਪਣੀ ਵੀ ਕਰ ਲਵਾਂ। ਪਿਛਲੇ ਸੱਤ ਸਾਲਾਂ ਵਿਚ ਜਦੋਂ ਤੋਂ ਮੈਂ ਇਸ ਕੈਂਪੱਸ ਵਿਚ ਰਾਜਨੀਤੀ ਕਰਦਾ ਆਇਆ ਹਾਂ, ਮੈਂ ਕਦੇ ਸੋਚਿਆ ਤੱਕ ਨਹੀਂ ਕਿ ਮੈਂ ਮੁਸਲਮਾਨ ਹਾਂ। ਮੈਂ ਕਦੇ ਮੁਸਲਮਾਨ ਵਜੋਂ ਦਿੱਸਣਾ ਵੀ ਨਹੀਂ ਚਾਹਿਆ। ਤੇ ਮੈਂ ਹਮੇਸ਼ਾ ਹੀ ਇਹ ਮਹਿਸੂਸ ਕੀਤਾ ਹੈ ਕਿ ਅੱਜ ਸਮਾਜ ਵਿਚ ਸਿਰਫ਼ ਮੁਸਲਮਾਨ ਹੀ ਮਜ਼ਲੂਮ ਨਹੀਂ ਸਗੋਂ ਮਜ਼ਲੂਮ ਭਾਈਚਾਰੇ ਕਈ ਹਨ ਜਿਵੇਂ ਆਦਿਵਾਸੀ ਨੇ, ਦਲਿਤ ਨੇ।… ਪਿਛਲੇ ਸੱਤ ਸਾਲਾਂ ਵਿਚ ਮੈਨੂੰ ਹੁਣ ਪਹਿਲੀ ਵਾਰ ਅਹਿਸਾਸ ਹੋਇਆ ਹੈ ਕਿ ਮੈਂ ਮੁਸਲਮਾਨ ਹਾਂ ਤੇ ਇਹ ਪਿਛਲੇ ਦਸ ਦਿਨਾਂ ਵਿਚ ਹੋਇਆ ਹੈ। … ਹਮਰਾਹੀਓ, ਘਬਰਾਉਣ ਦੀ ਲੋੜ ਨਹੀਂ। ਇਹਨਾਂ ਕੋਲ ਸੰਸਦ ਦੀ ਬਹੁਗਿਣਤੀ, ਮੀਡੀਆ, ਸਰਕਾਰੀ ਮਸ਼ੀਨਰੀ ਤੇ ਪੁਲਿਸ, ਸਭ ਕੁਝ ਹੋ ਸਕਦਾ ਹੈ ਪਰ ਇਹ ਬੁਜ਼ਦਿਲ ਹਨ। ਇਹ ਸਾਥੋਂ ਡਰਦੇ ਹਨ, ਇਹ ਸਾਡੀਆਂ ਜਦੋਜਹਿਦਾਂ ਤੋਂ ਡਰਦੇ ਹਨ। ਇਹ ਸਾਥੋਂ ਇਸ ਲਈ ਡਰਦੇ ਹਨ ਕਿਉਂਕਿ ਅਸੀਂ ਸੋਚ ਸਕਦੇ ਹਾਂ! ਤੇ ਅੱਜ ਇਸ ਦੇਸ ਵਿਚ ਜਿਸ ਪਲ ਤੁਸੀਂ ਸੋਚਣਾ ਸ਼ੁਰੂ ਕਰਦੇ ਹੋ, ਉਸੇ ਪਲ ਤੁਸੀਂ ‘ਦੇਸਧਰੋਹੀ’ ਬਣ ਜਾਂਦੇ ਹੋ!”

ਪੰਜਵੀਂ ਖ਼ਬਰ। ਕੇਂਦਰੀ ਸਭਿਆਚਾਰ ਮੰਤਰਾਲੇ ਅਧੀਨ ਚਲਦੀ ਕਲਕੱਤੇ ਦੀ ਸੰਸਥਾ ਵਿਕਟੋਰੀਆ ਮੈਮੋਰੀਅਲ ਨੇ ਉਥੇ ਲੱਗਣ ਵਾਲੀ ਪਾਕਿਸਤਾਨੀ ਕਲਾਕਾਰ ਸ਼ਾਹਿਦ ਰੱਸਮ ਦੀ ਨੁਮਾਇਸ਼ ‘ਗ਼ਾਲਿਬ ਤੇ ਗੁਲਜ਼ਾਰ’ ਉਦਘਾਟਨ ਤੋਂ ਕੁਝ ਘੰਟੇ ਪਹਿਲਾਂ ਰੱਦ ਕਰ ਦਿੱਤੀ ਕਿਉਂਕਿ ਪੱਛਮੀ ਬੰਗਾਲ ਦੇ ਭਗਵੇ ਗਵਰਨਰ ਕੇਸਰੀ ਨਾਥ ਤ੍ਰਿਪਾਠੀ ਨੇ ਪਹਿਲਾਂ ਉਹਦਾ ਉਦਘਾਟਨ ਕਰਨਾ ਪਰਵਾਨ ਕਰ ਕੇ ਮੌਕੇ ਉੱਤੇ ਇਨਕਾਰ ਕਰ ਦਿੱਤਾ। ਕਲਾਕਾਰ ਦਾ ਕਹਿਣਾ ਹੈ,“ਮੈਨੂੰ ਕਿਹਾ ਗਿਆ ਕਿ ਨੁਮਾਇਸ਼ ਇਸ ਕਰਕੇ ਰੱਦ ਕਰ ਦਿੱਤੀ ਗਈ ਹੈ ਕਿ ਗਵਰਨਰ ਸਾਹਿਬ ਨਹੀਂ ਆ ਰਹੇ। ਮੈਂ ਇਸ ਨੁਮਾਇਸ਼ ਵਾਸਤੇ ਸਾਲਾਂ ਦੀ ਮਿਹਨਤ ਲਾਈ ਹੈ। ਮੈਂ ਸਮਝਦਾ ਹਾਂ, ਇਹ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਮੇਰੇ ਨਾਲ ਇਹ ਵਰਤਾਉ ਕੀਤਾ ਗਿਆ। ਉਦਘਾਟਨ ਤੋਂ ਕੁਝ ਘੰਟੇ ਪਹਿਲਾਂ ਮੈਨੂੰ ਵਿਕਟੋਰੀਆ ਮੈਮੋਰੀਅਲ ਦੀ ਈਮੇਲ ਆਈ ਕਿ ਨੁਮਾਇਸ਼ ਨਹੀਂ ਲਗੇਗੀ!” ਹੁਣ ਮਮਤਾ ਬੈਨਰਜੀ ਨੇ ਕਿਹਾ ਹੈ,“ਹਰ ਕਲਾਕਾਰ ਦਾ ਸਵਾਗਤ ਕਰਨਾ ਸਾਡੀ ਪ੍ਰੰਪਰਾ ਹੈ। ਮੈਂ ਪੂਰੀ ਗੱਲ ਦਾ ਪਤਾ ਕਰਾਂਗੀ।”

ਛੇਵੀਂ ਖ਼ਬਰ। ਰਾਜਸਥਾਨ ਦੇ ਸ਼ਹਿਰ ਅਜਮੇਰ ਦੇ ਜਵਾਹਰ ਰੰਗਮੰਚ ਵਿਚ ਹੋਣ ਵਾਲਾ ਸਾਹਿਤਕ ਪ੍ਰੋਗਰਾਮ ‘ਸ਼ਾਇਰੀ: ਸਰਹੱਦ ਸੇ ਪਰੇ’ ਰੱਦ ਕਰ ਦਿੱਤਾ ਗਿਆ। ਇਸ ਵਿਚ ਭਾਰਤੀ ਸ਼ਾਇਰ ਏ.ਐਮ.ਤੂਰਾਜ ਅਤੇ ਪਾਕਿਸਤਾਨੀ ਸ਼ਾਇਰ ਅੱਬਾਸ ਤਾਬਿਸ਼ ਨੇ ਹਿੱਸਾ ਲੈਣਾ ਸੀ। ਕਨਵੀਨਰ ਰਾਸਬਿਹਾਰੀ ਗੌੜ ਦਾ ਕਹਿਣਾ ਹੈ ਕਿ ਸਾਨੂੰ ਪ੍ਰੋਗਰਾਮ ਇਸ ਲਈ ਰੱਦ ਕਰਨਾ ਪਿਆ ਕਿਉਂਕਿ ਬੀਜੇਪੀ ਦੇ ਜਿ਼ਲਾ ਪ੍ਰਧਾਨ ਅਰਵਿੰਦ ਯਾਦਵ ਨੇ ਫੋਨ ਕਰ ਕੇ ‘ਬੇਨਤੀ’ ਕੀਤੀ ਸੀ। ਅਸੀਂ ਨਹੀਂ ਸੀ ਚਾਹੁੰਦੇ ਕਿ ਕੋਈ ਭੈੜੀ ਘਟਨਾ ਵਾਪਰੇ।” ਯਾਦਵ ਦਾ ਕਹਿਣਾ ਹੈ,“ਅਸੀਂ ਪ੍ਰੋਗਰਾਮ ਦਾ ਵਿਰੋਧ ਇਸ ਲਈ ਕੀਤਾ ਕਿਉਂਕਿ ਇਸ ਵਿਚ ਇਕ ਪਾਕਿਸਤਾਨੀ ਹਿੱਸਾ ਲੈ ਰਿਹਾ ਸੀ।”

ਸੱਤਵੀਂ ਖ਼ਬਰ। ਰਾਜਸਥਾਨ ਦੇ ਰਾਮਗੜ੍ਹ ਹਲਕੇ ਤੋਂ ਬੀਜੇਪੀ ਵਿਧਾਇਕ ਗਿਆਨਦੇਵ ਆਹੂਜਾ ਨੇ ਆਪਣੇ ਜਿ਼ਲਾ-ਸ਼ਹਿਰ ਅਲਵਰ ਵਿਚ ‘ਦੇਸਧਰੋਹੀਆਂ ਵਿਰੁੱਧ ਮਾਰਚ’ ਦੀ ਅਗਵਾਈ ਕੀਤੀ। ਇਹ ਉਹੋ ਮਹਾਂਪੁਰਸ਼ ਹੈ ਜਿਸ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਗੋਲ਼ੀ ਮਾਰ ਦਿੱਤੀ ਜਾਂ ਫ਼ਾਂਸੀ ਲਾ ਦਿੱਤੀ ਜਾਣੀ ਚਾਹੀਦੀ ਹੈ। ਮਾਰਚ ਸਮੇਂ ਉਹਨੇ ਕਿਹਾ,“ਮੈਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਬਾਰੇ ਕੁਝ ਤੱਥ ਦਸਦਾ ਹਾਂ। ਉਥੇ ਹਰ ਸਵੇਰ ਸ਼ਰਾਬ ਦੀਆਂ ਦੋ ਹਜ਼ਾਰ ਖਾਲੀ ਬੋਤਲਾਂ, ਦਸ ਹਜ਼ਾਰ ਤੋਂ ਵੱਧ ਸਿਗਰਟਾਂ ਤੇ ਚਾਰ ਹਜ਼ਾਰ ਤੋਂ ਵੱਧ ਬੀੜੀਆਂ ਦੇ ਟੋਟੇ, ਪੰਜਾਹ ਹਜ਼ਾਰ ਤੋਂ ਵੱਧ ਹੱਡੀਆਂ, ਚਿਪਸ ਤੇ ਨਮਕੀਨ ਦੇ ਦੋ ਹਜ਼ਾਰ ਖਾਲੀ ਲਫ਼ਾਫ਼ੇ ਮਿਲਦੇ ਹਨ। ਉਥੇ ਲੜਕੇ-ਲੜਕੀਆਂ ਨੰਗੇ ਨਚਦੇ ਹਨ ਤੇ ਹਰ ਰੋਜ਼ ਸਵੇਰੇ ਤਿੰਨ ਹਜ਼ਾਰ ਵਰਤੇ ਹੋਏ ਨਿਰੋਧ ਤੇ ਪੰਜ ਸੌ ਵਰਤੇ ਹੋਏ ਗਰਭਪਾਤੀ ਇੰਜੈਕਸ਼ਨ ਮਿਲਦੇ ਹਨ। ਦੇਖੋ ਉਥੇ ਉਹ ਸਾਡੀਆਂ ਭੈਣਾਂ ਤੇ ਧੀਆਂ ਨਾਲ ਕੀ ਕੀ ਕਰਤੂਤਾਂ ਕਰਦੇ ਹਨ!”

ਅੱਠਵੀਂ ਖ਼ਬਰ।… ਓਹੋ! ਅੱਠਵੀਂ ਤਾਂ ਕੀ, ਖ਼ਬਰਾਂ ਤਾਂ ਅਜੇ ਕਈ ਹੋਰ ਹਨ ਪਰ ਮੇਰੇ ਕੰਪਿਊਟਰ ਨੇ ਲੇਖ ਦੀ ਲੰਮਾਈ ਦੀ ਹੱਦ ਦੀ ਲਾਲ ਝੰਡੀ ਦਿਖਾ ਦਿੱਤੀ ਹੈ। ਤਾਂ ਵੀ ਆਸ ਹੈ, ਇਹ ਸੱਤ ਦਾਣੇ ਪਾਠਕਾਂ ਨੂੰ ਪੂਰੀ ਦੇਗ ਦੀ ਤਾਸੀਰ ਦੱਸਣ ਲਈ ਅਤੇ ਉਪਰੋਕਤ ਸਭ ਗੱਲਾਂ ਬਾਰੇ ਸੋਚਣ ਵਾਸਤੇ ਮਜਬੂਰ ਕਰਨ ਲਈ ਕਾਫ਼ੀ ਹੋਣਗੇ। ਸੋਚਣਾ ਇਸ ਲਈ ਜ਼ਰੂਰੀ ਹੈ ਕਿਉਂਕਿ, ਉਮਰ ਖ਼ਾਲਿਦ ਦੇ ਕਹਿਣ ਵਾਂਗ, ਸੋਚਣ ਵਾਲੇ ਲੋਕ ਹੀ ਹਨ ਜਿਨ੍ਹਾਂ ਤੋਂ ਹਾਕਮ ਸਭ ਤੋਂ ਬਹੁਤਾ ਡਰਦੇ ਹਨ!

ਮੈਂ ਆਪਣੀ ਇਹ ਲਿਖਤ ਅਸਹਿਣਸ਼ੀਲਤਾ ਦੀ ਹੋਂਦ ਤੋਂ ਪੂਰੀ ਤਰ੍ਹਾਂ ਮੁਨਕਰ, ਆਜ਼ਾਦ ਜਮਹੂਰੀ ਭਾਰਤ ਦੇ ਪਹਿਲੇ ਦਰਬਾਰੀ ਕਲਾਕਾਰ ਅਨੂਪਮ ਖੇਰ ਨੂੰ ਸਮਰਪਿਤ ਕਰਦਾ ਹਾਂ!

ਸੰਪਰਕ: 011-42502364
ਲੌਕ ਡਾਊਨ ਵਿੱਚ ਅਨੁਭਵ – ਗੁਰਬਾਜ ਸਿੰਘ ਹੁਸਨਰ
ਜੁਨੈਦ ਦੀ ਆਪਣੀ ਅੰਮੀ ਦੇ ਨਾਮ ਲਿਖੀ ਇੱਕ ਕਲਪਿਤ ਚਿੱਠੀ
ਆਮ ਆਦਮੀ ਦੀ ਕਮਰ ਤੋੜੇਗਾ ਕੇਂਦਰੀ ਬਜਟ -ਡਾ. ਸੁਰਜੀਤ ਬਰਾੜ
ਫ਼ਰਜ਼ਾਂ ’ਤੇ ਪਹਿਰਾ ਦੇ ਕੇ ਹੀ ਅਸੀਂ ਦੇਸ਼ ਨੂੰ ਮਜ਼ਬੂਤ ਬਣਾ ਸਕਦੇ ਹਾਂ – ਵਰਗਿਸ ਸਲਾਮਤ
ਫਰਾਂਸ ਅੰਦਰ ‘ਕਿਰਤ ਸੁਧਾਰਾਂ ਖਿਲਾਫ ਜ਼ਬਰਦਸਤ ਵਿਰੋਧ ਪ੍ਰਦਰਸ਼ਨ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਬਾਲ ਸਾਹਿਤ ਦੀ ਵਰਤਮਾਨ ਸਥਿਤੀ – ਪ੍ਰਿੰ: ਹਰੀ ਕ੍ਰਿਸ਼ਨ ਮਾਇਰ

ckitadmin
ckitadmin
August 11, 2013
ਨਹਿਰੂ ਤੇ ਪਟੇਲ ਦੇਸ਼ ਦੇ ਉਸਰੀਏ ਨਾ ਹੀ ਪ੍ਰਤਿਦਵੰਦੀ -ਰਾਮਚੰਦਰ ਗੁਹਾ
ਨਾਨਕ – ਗੋਬਿੰਦਰ ਸਿੰਘ ‘ਬਰੜ੍ਹਵਾਲ’
ਅਸਰ-ਰਸੂਖ਼ ਵਾਲੇ ਲੋਕਾਂ ਲਈ ਜੇਲ੍ਹਾਂ ਬਣੀਆਂ ਆਰਾਮਗਾਹਾਂ – ਸ਼ਿਵ ਇੰਦਰ ਸਿੰਘ
ਨਵੇਂ ਵਰ੍ਹੇ ਨੂੰ ਸੁਨੇਹਾ -ਐੱਸ ਸੁਰਿੰਦਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?