ਪਰੰਤੂ ਆਧੁਨਿਕ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿ ਪੰਜਾਬੀ ਲੋਕਾਂ ਦੇ ਸੁਭਾਅ ਵਿਚ ਬਹੁਤ ਤਬਦੀਲੀ ਆ ਗਈ ਹੈ। ਪੱਛਮੀ ਸੱਭਿਆਚਾਰ ਨੇ ਸਾਡੀ ਰਹਿਣੀ ਬਹਿਣੀ ਬਦਲ ਕੇ ਰੱਖ ਦਿੱਤੀ ਹੈ। ਇਸ ਦਾ ਅਨੁਮਾਨ ਸਾਡੇ ਵੱਲੋਂ ਮਨਾਏ ਜਾਂਦੇ ਤਿਉਹਾਰਾਂ ਤੋਂ ਪਤਾ ਲੱਗਦਾ ਹੈ।
ਹੁਣ ਅਸੀਂ ਜੇਕਰ ਸਾਉਣ ਮਹੀਨੇ ਦੀ ਗੱਲ ਕਰੀਏ ਤਾਂ ਇਹ ਇੱਕ ਅਜਿਹਾ ਮਹੀਨਾ ਹੈ ਜਦੋਂ ਕੁਦਰਤ ਦੀ ਬਣਾਈ ਹਰ ਇਕ ਚੀਜ਼ ਖੁਸ਼ੀ ਚ ਝੂਮ ਉਠਦੀ ਹੈ। ਸਾਉਣ ਮਹੀਨੇ ਨੂੰ ਮੀਂਹ ਵਾਲਾ ਮਹੀਨਾ ਕਿਹਾ ਜਾਂਦਾ ਹੈ। ਇਸ ਮਹੀਨੇ ਲੱਗਣ ਵਾਲੀਆਂ ਮੀਂਹ ਦੀਆਂ ਝੜੀਆਂ ਮੌਸਮ ਨੂੰ ਬਦਲ ਕੇ ਹੀ ਰੱਖ ਦਿੰਦੀਆਂ ਹਨ।
ਪੰਜਾਬੀ ਸਭਿਆਚਾਰ ਇੱਕ ਮਹਾਨ ਵਿਰਾਸਤ ਹੈ। ਇਸਦੇ ਅਲੋਪ ਹੋਣ ਦੇ ਡਰ ਨੇ ਬੁੱਧੀਜੀਵੀ ਲੋਕਾਂ ਨੂੰ ਫ਼ਿਕਰਾਂ ਚ ਪਾਇਆ ਹੋਇਆ ਹੈ ।ਅਸੀਂ ਪਹਿਲਾਂ ਇਸ ਤਿਉਹਾਰ ਦੀ ਪੁਰਾਤਨ ਮਹੱਤਤਾ ਉਪਰ ਇੱਕ ਨਜ਼ਰ ਮਾਰਦੇ ਹਾਂ ਕਿ ਆਖਿਰ ਤੀਆਂ ਦਾ ਤਿਉਹਾਰ ਹੁੰਦਾ ਕੀ ਏ?
ਸਾਉਣ ਮਹੀਨੇ ਵਿੱਚ ਹੀ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ।ਇਸਨੂੰ ਤੀਜ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਤੀਆਂ ਦਾ ਤਿਉਹਾਰ ਆਪਣੇ ਆਪ ਜ਼ਿੰਦਗੀ ਦੇ ਭਰਪੂਰ ਰੰਗ ਪੇਸ਼ ਕਰਦਾ ਹੈ।ਇਹਨਾਂ ਦਿਨਾਂ ਵਿੱਚ ਵਿਆਹੀਆਂ ਕੁੜੀਆਂ ਆਪਣੇ ਪੇਕੇ ਪਿੰਡ ਆਉਂਦੀਆਂ ਹਨ। ਓਹਨਾਂ ਦੇ ਰੰਗ ਬਿਰੰਗੇ ਸੂਟ ਚਾਰੇ ਪਾਸੇ ਚਰ ਚੰਨ ਲਗਾ ਦਿੰਦੇ ਹਨ।ਇਹਨਾਂ ਦਿਨਾਂ ਚ ਕੁੜੀਆਂ ਦੇ ਪੇਕੇ ਘਰ ਆਉਣ ਦਾ ਹਾਲ ਇੱਕ ਕਵਿੱਤਰੀ ਮੈਡਮ ਨਿਰਪਜੀਤ ਕੌਰ ਨੇ ਬਹੁਤ ਹੀ ਸੋਹਣੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਓਹ ਲਿਖਦੇ ਹਨ-
ਹੱਥਾਂ ਉੱਤੇ ਲਾਈ ਮਹਿੰਦੀ,ਸੋਹਣੇ ਸੂਟ ਪਏ ਨੇ,
ਕਈਆਂ ਨੇ ਤਾਂ ਹਾਲੇ ਨਵੇਂ ਹੀ ਸਿਲਾਏ ਨੇ।
ਪਾ ਕੰਨਾਂ ਵਿੱਚ ਝੁਮਕੇ,ਕਰ ਸੋਹਣਾ ਸ਼ਿੰਗਾਰ ਅਾ ਗਈਆਂ,
ਦੇਖੋ ਘਰਾਂ ਦੀਆਂ ਰੌਣਕਾਂ ਧੀਆਂ ਆ ਗਈਆਂ।
ਇਹਨਾਂ ਸਤਰਾਂ ਤੋਂ ਹੀ ਪਤਾ ਲਗਦਾ ਹੈ ਕਿ ਇਸ ਤਿਉਹਾਰ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦਾ ਹੈ। ਓਹਨਾਂ ਦੇ ਪੇਕੇ ਘਰ ਆਉਣ ਕਰਕੇ ਪਰਿਵਾਰਾਂ ਚ ਖੁਸ਼ੀਆਂ ਭਰੇ ਮਾਹੌਲ ਬਣ ਜਾਂਦੇ ਹਨ।ਘਰਾਂ ਵਿਚ ਸੋਹਣੇ ਪਕਵਾਨ ਬਣਾਏ ਜਾਂਦੇ ਹਨ।
ਤੀਆਂ ਦੀ ਸ਼ੁਰੂਆਤ ਸਾਂਝੀ ਥਾਂ ਵਿੱਚ ਪਿੱਪਲ ਦੇ ਰੁੱਖ ਹੇਠ ਦੀਵੇ ਬਾਲ ਕੇ ਪੂਜਾ ਕੀਤੀ ਜਾਂਦੀ ਹੈ ਤੇ ਫੇਰ ਤੀਆਂ ਮਨਾਉਣ ਦੀ ਆਗਿਆ ਲਈ ਜਾਂਦੀ ਹੈ।ਤੀਆਂ ਚ ਆਈਆਂ ਕੁੜੀਆਂ ਮਿਲ ਕੇ ਆਪਣੇ ਦਿਲ ਦੇ ਹਾਲ ਬੋਲੀਆਂ ਰਾਹੀਂ ਬਿਆਨ ਕਰਦੀਆਂ ਹਨ। ਇਸ ਮਾਹੌਲ ਨੂੰ ਇੱਕ ਲੇਖਕ ਨੇ ਆਪਣੀ ਕਲਮ ਰਾਹੀਂ ਇੰਝ ਬਿਆਨ ਕੀਤਾ ਹੈ ਕਿ
ਛ ਹਿਬਰ ਲਾ ਲਾ ਹੱਸਣ ਕੁੜੀਆਂ।
ਰੰਗ ਬਿਰੰਗੇ ਕੱਪੜੇ ਪਾ, ਸੁਪਨੇ ਅੱਖਾਂ ਚ ਸਜਾ ਕੇ,
ਦੇਖੋ ਕਿੰਝ ਜੁੜੀਆਂ ਨੇ ਕੁੜੀਆਂ।
ਗਿੱਧੇ ਵਿੱਚ ਸੱਸ ਨੂੰਹ ਦੇ ਆਪਸੀ ਤਕਰਾਰ ਨੂੰ ਪੇਸ਼ ਕੀਤਾ ਜਾਂਦਾ ਹੈ । ਜਿਵੇਂ ਕਿ ‘ਨੀ ਸੱਸੇ ਤੇਰੀ ਮੈਹ ਮਰਜੇ ਮੇਰੇ ਵੀਰ ਨੂੰ ਚੂਰੀ ਨਾ ਤੂੰ ਪਾਈ’।ਜਿੱਥੇ ਤੀਆਂ ਵਿਚ ਬੋਲੀਆਂ ਰਾਹੀਂ ਭਾਵ ਪ੍ਰਗਟ ਕੀਤੇ ਜਾਂਦੇ ਹਨ ਉੱਥੇ ਹੀ ਉੱਚੀਆਂ ਹੇਕਾਂ ਵਾਲੇ ਗੀਤ ਵੀ ਗਾਏ ਜਾਂਦੇ ਹਨ ਜਿਵੇਂ
ਚੱਲ ਨੀ ਭਾਬੋ ਪਾਣੀ ਨੂੰ ਚੱਲ,
ਚੱਲ ਨੀ ਪਾਣੀ ਦੇ ਪੱਜ ਜੋਗੀ ਦੇਖੀਏ ਨੇ।
ਅਜਿਹੇ ਹੀ ਅਨੇਕਾਂ ਗੀਤ ਹਨ ਜੋ ਤੀਆਂ ਸਮੇਂ ਸੁਨਣ ਨੂੰ ਮਿਲਦੇ ਹਨ। ਜਿਨ੍ਹਾਂ ਵਿਚ ਕੁੜੀਆਂ ਦਾ ਆਪਣੇ ਰਿਸ਼ਤਿਆਂ ਪ੍ਰਤੀ ਪਿਆਰ ਝਲਕਦਾ ਸੀ। ਮੁਟਿਆਰ ਕੁੜੀਆਂ ਦੀਆਂ ਬੋਲੀਆਂ ਕੁਝ ਇਸ ਤਰ੍ਹਾਂ ਹੁੰਦੀਆਂ ਨੇ
ਕੰਨਾਂ ਦੇ ਵਿਚ ਪਿੱਪਲ ਪੱਤੀਆਂ, ਬਾਹੀਂ ਚੂੜਾ ਛਣਕੇ,
ਗਿੱਧਾ ਕੁੜੀਆਂ ਦਾ ਦੇਖ ਸ਼ੌਕੀਨਾ ਖੜ੍ਹ ਕੇ।
ਐਵੇਂ ਹੀ ਨੱਚਦੇ ਟੱਪਦੇ ਸਾਉਣ ਮਹੀਨਾ ਬੀਤ ਜਾਂਦਾ ਹੈ । ਸਾਉਣ ਮਹੀਨੇ ਦੇ ਬੀਤਣ ਨਾਲ ਹੀ ਤੀਆਂ ਦਾ ਤਿਉਹਾਰ ਖਤਮ ਹੋ ਜਾਂਦਾ ਹੈ। ਅਖੀਰਲੇ ਦਿਨ ਕੁੜੀਆਂ ਬੱਲੋ ਪਾ ਕੇ ਤੀਆਂ ਦੀ ਸਮਾਪਤੀ ਕਰਦੀਆਂ ਹਨ। ਇਸ ਵਿਚ ਓਹ ਪਿੰਡ ਦੇ ਨੰਬਰਦਾਰ ਨੂੰ ਸੰਬੋਧਨ ਕਰਦੀਆਂ ਹਨ।ਫੇਰ ਉਹ ਦੋ ਪਾਰਟੀਆਂ ਬਣਾ ਕੇ ਬਾਲੋ ਖਿੱਚਦੀਆਂ ਹਨ।ਜਿੱਤਣ ਵਾਲੀ ਪਾਰਟੀ ਅਗਲੇ ਸਾਲ ਪੀਂਘਾਂ ਪਾਉਣ ਦੀਆਂ ਹੱਕਦਾਰ ਹੋ ਜਾਂਦੀਆਂ ਹਨ। ਇਸਤੋਂ ਬਾਅਦ ਉਹ ਆਪਣੇ ਆਪਣੇ ਘਰਾਂ ਨੂੰ ਪਰਤ ਜਾਂਦੀਆਂ ਹਨ।
ਇਹ ਗੱਲਾਂ ਅੱਜ ਤੋਂ ਕਈ ਸਾਲ ਪਹਿਲਾਂ ਦੀਆਂ ਹਨ। ਪਰ ਜੇਕਰ ਹੁਣ ਦੇ ਸਮੇਂ ਵਿਚ ਦੇਖਿਆ ਜਾਵੇ ਤਾਂ ਅਜਿਹਾ ਬਹੁਤ ਹੀ ਘੱਟ ਥਾਵਾਂ ਤੇ ਹੁੰਦਾ ਹੈ। ਜਿਸ ਕਰਕੇ ਇਸ ਤਿਉਹਾਰ ਦੀ ਤਸਵੀਰ ਬਦਲੀ ਹੋਈ ਜਾਪਦੀ ਹੈ।ਕਿਉਂਕਿ ਸਾਡੀ ਅਜੋਕੀ ਪੀੜ੍ਹੀ ਸਾਡੇ ਅਮੀਰ ਵਿਰਸੇ ਤੋਂ ਪੱਛੜਦੀ ਜਾ ਰਹੀ ਹੈ।ਵੱਡਿਆਂ ਵਲੋਂ ਦਿੱਤੀ ਜਾਂਦੀ ਸਨਮਾਨ ਦੀ ਚਿੰਨ੍ਹ ਫੁਲਕਾਰੀ ਦੀ ਵੀ ਮਹੱਤਤਾ ਘਟ ਰਹੀ ਹੈ। ਜੋ ਪਹਿਰਾਵਾ ਕਦੇ ਸਾਡੇ ਵਿਰਸੇ ਦਾ ਸ਼ਿੰਗਾਰ ਸੀ ਉਸਨੂੰ ਪੱਛਮੀ ਸੱਭਿਆਚਾਰ ਦੀ ਨਜ਼ਰ ਲੱਗ ਗਈ ਹੈ।ਕਿਉਂਕਿ ਸਾਡੀ ਆਧੁਨਿਕ ਪੀੜ੍ਹੀ ਨੇ ਆਪਣੇ ਸੱਭਿਆਚਾਰ ਨੂੰ ਛੱਡ ਪੱਛਮੀ ਸੱਭਿਆਚਾਰ ਨੂੰ ਅਪਣਾ ਲਿਆ ਹੈ। ਵਿਆਹ ਸਮੇਂ ਸਾਡੇ ਵਿਰਸੇ ਦਾ ਮਾਣ ਘੱਗਰਾ ਜੋ ਪੰਜਾਬਣਾਂ ਦੀ ਟੌਹਰ ਨੂੰ ਚਾਰ ਚੰਨ ਲਗਾਉਂਦਾ ਸੀ ਉਹ ਅੱਜਕਲ੍ਹ ਦੀਆਂ ਕੁੜੀਆਂ ਨੂੰ ਭਾਰਾ ਲਗਦਾ ਹੈ। ਜਿਸ ਕਰਕੇ ਉਹ ਜੀਨ ਪਾਉਂਦੀਆਂ ਹਨ।ਦੇਖਿਆ ਜਾਵੇ ਤਾਂ ਜਦੋਂ ਦਾ ਮੋਬਾਇਲ ਫੋਨ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ ਅਸੀਂ ਆਪਣੇ ਪੁਰਾਣੇ ਸਮੇਂ ਤੋਂ ਦੂਰ ਹੋ ਗਏ ਹਾਂ।
ਅੱਜ ਸਾਡੇ ਲਈ ਇਹ ਸ਼ਰਮ ਦੀ ਗੱਲ ਹੈ ਕਿ ਸਾਨੂੰ ਸਾਡੇ ਆਪਣੇ ਕੁਝ ਲੇਖਕ ਤੇ ਚੰਗੇ ਗਾਇਕ ਆਪਣੀ ਕਲਮ ਰਾਹੀਂ ਸਾਨੂੰ ਸਾਡੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਦੇ ਉਪਰਾਲੇ ਕਰ ਰਹੇ ਹਨ। ਅੱਜ ਦਾ ਹਾਲ ਦੇਖ ਇੱਕ ਕਵਿਤਰੀ ਰਾਜਵੀਰ ਕੌਰ ਸਿੱਧੂ ਨੇ ਆਪਣੇ ਸ਼ਬਦਾਂ ਰਾਹੀਂ ਤ੍ਰਾਸਦੀ ਨੂੰ ਪੇਸ਼ ਕੀਤਾ ਹੈ
ਖੋ ਗਏ ਨੇ ਕੰਨਾਂ ਦੇ ਲੋਟਣ,ਨਾ ਕੋਈ ਘੁੰਡ ਨੂੰ ਚਾਵੇ।
ਪੇਕੇ ਬਣੀਆਂ ਆਮ ਰਿਸ਼ਤੇਦਾਰੀਆਂ,ਕਿੰਝ ਪਿੰਡ ਤੀਆਂ ਨੂੰ ਜਾਈਏ।
ਮਾਹੀਆ ਚਾਰ ਦਿਨ ਹੋਰ ਰੁਕ ਜਾ, ਸਾਉਣ ਲੰਘੇ ਤੋਂ ਹੀ ਪੇਕੇ ਮਿਲ ਆਈਏ।
ਹੁਣ ਦੇਖਿਆ ਜਾਵੇ ਤਾਂ ਸਾਡੇ ਅੱਜਕਲ੍ਹ ਦੇ ਬੱਚੇ ਤਾਂ ਇਹਨਾਂ ਤਿਉਹਾਰਾਂ ਤੋਂ ਬਿਲਕੁਲ ਹੀ ਅਣਜਾਣ ਹਨ। ਬਸ ਓਹਨਾਂ ਨੂੰ ਹੀ ਥੋੜਾ ਬਹੁਤ ਗਿਆਨ ਹੈ ਜਿਨਾਂ ਨੇ ਆਪਣੀਆਂ ਕਿਤਾਬਾਂ ਵਿਚ ਇਹਨਾਂ ਤੀਆਂ ਵਾਰੇ ਪੜ੍ਹਿਆ ਹੈ ।ਅਸੀਂ ਆਪਣੇ ਘਰਾਂ ਵਿੱਚੋਂ ਵੀ ਪੁਰਾਤਨ ਸਾਮਾਨ ਵੀ ਬਾਹਰ ਕੱਢ ਕੇ ਵੇਚ ਦਿੱਤਾ ਹੈ।ਹੁਣ ਸਵਾਲ ਇਹੋ ਉੱਠਦਾ ਹੈ ਕਿ ਜੇਕਰ ਸਾਡੇ ਬੱਚੇ ਸਾਡੇ ਕੋਲੋਂ ਸਾਡੇ ਵਿਰਸੇ ਵਾਰੇ ਪੁੱਛਣਗੇ ਤਾਂ ਅਸੀਂ ਓਹਨਾਂ ਨੂੰ ਕੀ ਦਿਖਾਉਣਾ ਹੈ।
ਸਕੂਲ ਤੋਂ ਪੜ੍ਹ ਕੇ ਆਈ ਬੱਚੀ ਜਦੋਂ ਆਪਣੀ ਮਾਂ ਨੂੰ ਇਹ ਪੁੱਛੇਗੀ ਕਿ ਮੰਮੀ ਪੀਂਘ ਕਿਹਨੂੰ ਕਹਿੰਦੇ ਨੇ? ਫੇਰ ਉਸ ਮਾਂ ਕੋਲ ਕੀ ਜਵਾਬ ਹੋਵੇਗਾ। ਕਿਉਂਕਿ ਸਾਡੇ ਘਰਾਂ ਵਿੱਚ ਨਾ ਹੁਣ ਦਰੱਖਤ ਰਹੇ ਹਨ ਤੇ ਨਾ ਹੀ ਪੀਂਘ ਦਾ ਸਾਮਾਨ।
ਇਸ ਕਰਕੇ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਵਿਰਸੇ ਨਾਲ ਜੁੜੇ ਰਹੀਏ। ਸਾਡੇ ਜੁੜੇ ਰਹਿਣ ਕਰਕੇ ਸਾਡੇ ਬੱਚੇ ਵੀ ਇਸ ਮਹਾਨ ਵਿਰਾਸਤ ਵੱਲ ਪ੍ਰੇਰਿਤ ਹੋਣਗੇ।
ਮੋਬਾਇਲ: +91 98554 09825

