ਸਟੈਂਡਰਡ ਤੇਲ ਕੰਪਨੀ
ਜਦੋਂ ਵਰਮਾ ਪਥਰੀਲੀ ਚਟਾਨ ਦੀ ਹਿੱਕ ਚੀਰਦਾ ਹੈ
ਅਤੇ ਖੁੱਭ ਜਾਂਦਾ ਹੈ ਬੇਰਹਿਮੀ ਨਾਲ
ਇਸਦੀਆਂ ਅੰਤੜੀਆਂ ’ਚ
ਧਰਤੀ ਹੇਠ ਦੌਲਤ ਦੇ ਅੰਬਾਰਾਂ ਤੱਕ
ਮੁਰਦਾ ਵਰ੍ਹੇ, ਤੇ ਯੁੱਗਾਂ ਦੀਆਂ ਅੱਖਾਂ ’ਚ
ਕੈਦ ਰੁੱਖਾਂ ਦੀਆਂ ਜੜ੍ਹਾਂ
ਪੇਪੜੀਦਾਰ ਜੰਗਾਲੀ ਧਰਤ ਤੇ
ਉੱਕਰੀਆਂ ਪਾਣੀ ਦੀਆਂ ਪਰਤਾਂ ਨੂੰ
ਚੋਂਗਾਂ ਚੋਂ ਵਰਦੇ ਅੱਗ ਦੇ ਭਾਂਬੜ ਨੇ
ਸਰਦ ਤਰਲ ’ਚ ਬਦਲ ਦਿੱਤਾ ਹੈ
ਜਿਸ ਦੇ ਫੁਰਮਾਨ ਸ਼ਾਹੀ ਘਰਾਂ ਤੋਂ ਜਾਰੀ ਹੁੰਦੇ ਹਨ
ਅਤੇ ਦਰਬਾਰੀ ਇੰਜੀਨੀਅਰ ਦੇ ਹੱਥ ’ਚ ਫੜੀ
ਕਾਗਜਾਂ ਦੀ ਗੁੱਥੀ ’ਚੋਂ
ਬਦਲ ਸਕਦੀਆਂ ਹਨ ਆਪਣਾ ਰੁੱਖ
ਹਾਲਾਂਕਿ ਇਸਦੀਆਂ ਤੈਹਾਂ ਮਲਕੜੇ ਜਿਹੇ
ਬਦਲ ਸਕਦੀਆਂ ਹਨ ਆਪਣੀ ਠਾਰ
ਆਪਣੀ ਸਰਬਸੱਤਾ ਕਾਇਮ ਰੱਖ ਸਕਦੀਆਂ ਹਨ
ਧਰਤੀ ਦੇ ਗਰਭ ਅੰਦਰ
ਜਦੋਂ ਬੁਛਾਰਾਂ ਪੈਰਾਫਿਨ ਦੇ ਪੱਤਿਆਂ ਨੂੰ ਜਕੜ ਲੈਂਦੀਆਂ ਹਨ
ਤਦ ਪਹਿਲਾਂ ਹੀ ਪਹੁੰਚ ਜਾਂਦੀ ਹੈ
ਸਟੈਂਡਰਡ ਆਇਲ
ਆਪਣੇ ਗੁਰਗਿਆਂ ਅਤੇ ਬੰਦੂਕਾਂ ਸੰਗ
ਸਰਕਾਰਾਂ ਅਤੇ ਬੰਦੀਆਂ ਸੰਗਨਿਊਯਾਰਕ ਦੇ ਮੋਟੇ ਢਿੱਡਾਂ ਵਾਲੇ ਸਮਰਾਟ
ਮਿੰਨਾ-ਮਿੰਨਾ ਮੁਸਕਰਾ ਰਹੇ ਹੱਤਿਆਰੇ
ਛੋਟੇ ਜੁਲਮੀ ਅਤੇ ਤਾਨਾਸ਼ਾਹ
ਜਿਹੜੇ ਰੇਸ਼ਮ, ਨਾਇਲੋਨ ਅਤੇ ਸ਼ਿਗਾਰ ਖਰੀਦਦੇ ਹਨ
ਉਹ ਦੇਸ਼, ਲੋਕ, ਸਮੁੰਦਰ, ਪੁਲਿਸ, ਕਾਉਂਟੀ ਕਾਉਂਸਿਲਾਂ
ਖਰੀਦਦੇ ਹਨ
ਦੂਰ ਦੁਰਾਡਿਓਂ
ਗਰੀਬ ਲੋਕਾਂ ਦਾ ਢਿੱਡ ਭਰਨ ਜੋਗਰੀ ਮੱਕੀ ਹੜੱਪਦੇ ਹਨ
ਆਪਣੇ ਕਪਟੀ ਸੋਨੇ ਦੇ ਲਾਲਚ ਨਾਲ
ਸਟੈਂਰਡ ਆਇਲ ਉਹਨਾਂ ਨੂੰ ਜਗਾਉਂਦੀ ਹੈ
ਉਹਨਾਂ ਨੂੰ ਕਢਾਈਦਾਰ ਕੱਪੜਿਆਂ ਤੇ ਵਰਦੀਆਂ ’ਚ ਲਪੇਟਦੀ
ਉਹ ਦੱਸਦੀ ਹੈ ਕਿ
ਤੁਹਾਡਾ ਭਰਾ ਹੀ ਤੁਹਾਡਾ ਅਸਲੀ ਦੁਸ਼ਮਣ ਹੈ
ਪੈਰਾਗੁਆਈ ਜੰਗ ਲੜਦੇ ਹਨ
ਅਤੇ ਬੋਲੀਵੀਆਨੋ ਤਬਾਹ ਕਰ ਦਿੱਤੇ ਜਾਂਦੇ ਹਨ
ਆਪਣੀ ਹੀ ਮਸ਼ੀਨਗੰਨ ਨਾਲ
ਆਪਣੇ ਹੀ ਜੰਗਲਾਂ ’ਚ
ਇਕ ਰਾਸ਼ਟਰਪਤੀ ਤੇਲ ਦੀ ਇਕ ਬੂੰਦ ਖਾਤਰ
ਕਤਲ ਕਰ ਦਿੱਤਾ ਗਿਆ
ਮਿਲੀਅਨਾਂ ਏਕੜ ਗਿਰਵੀ ਰੱਖ ਦਿੱਤੇ ਗਏ
ਇਕ ਭਿਆਨਕ ਸਵੇਰ ਵੇਲੇ
ਚਕਾਚੌਂਧ ਤੇ ਦਿਮਾਗ ਥੋਥੇ ਕਰਕੇ
ਸਭ ਕੁਝ ਸੂਲੀ ਲਟਕਾ ਦਿੱਤਾ ਗਿਆ
ਨਵੇਂ ਵਿਨਾਸ਼ਕ ਕੈਦੀ ਕੈਂਪ ਉਸਾਰੇ ਗਏ
ਪਾਤਾਗੋਨੀਆ ’ਚ, ਧੋਖੇ ਭਰੇ ਖੁੱਲ੍ਹੇ ਫੱਟ
ਨੀਲੇ ਆਸਮਾਨ ਥੱਲੇ ਤੇਲ ਹਤਿਆਰੇ
ਰਾਜਧਾਨੀ ’ਚ ਬੈਠੇ
ਮੰਤਰੀ ਬਦਲਦੇ ਹਨ
ਤੇਲ ਦੀਆਂ ਲਹਿਰਾਂ ਵਾਂਗ
ਤੁਸੀਂ ਵੇਖੋਂਗੇ
ਇਸਦਾ ਵਾਰ
ਸਟੈਂਡਰਡ ਆਇਲ ਦਾ ਨਾਂ ਅੰਬਰਾਂ ਤੇ ਲਿਸ਼ਕੇਗਾ
ਸਮੁੰਦਰਾਂ ਤੋਂ ਪਾਰ, ਤੁਹਾਡੇ ਘਰਾਂ ਅੰਦਰ
ਆਪਣੀ ਪੂਰੀ ਪੜਤ ਨਾਲ
—
ਯੂਨਾਇਟਡ ਫਰੂਟ ਕੰਪਨੀ
ਜਦੋਂ ਬਿਗੁਲ ਵੱਜਿਆ
ਧਰਤੀ ਉੱਤੇ ਹਰ ਸ਼ੈਅ ਤਿਆਰ ਕੀਤੀ ਗਈ
ਯਾਹੋਵਾਹ ਨੇ ਜਗਤ ਨੂੰ ਦਿੱਤਾ
ਕੋਕਾ ਕੋਲਾ ਆਈਐਨਸੀ*, ਐਨਾਕੌਂਡਾ
ਫੋਰਡ ਮੋਟਰਜ, ਅਤੇ ਹੋਰ ਕਾਰਪੋਰੇਸ਼ਨਾਂ
ਦਾ ਯੂਨਾਇਟਡ ਫਰੂਟ ਕੰਪਨੀ
ਅਤੇ ਆਪਣੇ ਆਪ ਲਈ ਰਾਖਵਾਂ ਰੱਖਿਆ ਸਭ ਤੋਂ ਮਜੇਦਾਰ ਟੁੱਕੜਾ
ਮੇਰੀ ਦੁਨੀਆਂ ਦਾ ਕੇਂਦਰੀ ਤੱਟ
ਅਮਰੀਕਾ ਦੀ ਨਾਜੁਕ ਕਮਰ
ਜਿਸਨੇ ਇਸ ਧਰਤੀ ਦਾ ਮੁੜ ਨਾਮਕਰਨ** ਕੀਤਾ
ਬਨਾਨਾ ਰਿਪਬਲਿਕ
ਮੌਤ ਦੀ ਨੀਂਦਰ ਸੁੱਤੇ ਪਏ
ਬੇਅੰਤ ਨਾਇਕਾਂ ਦੀ ਕਬਰ ਉੱਤੇ
ਜਿਨ੍ਹਾਂ ਨੇ ਮਹਾਨਤਾ ਨੂੰ ਸਰ ਕੀਤਾ
ਅਜਾਦੀ ਅਤੇ ਜਿੱਤ ਦੇ ਝੰਡੇ ਗੱਡੇ
ਇਸਨੇ ਓਪੇਰਾ ਬਫਾ*** ਦੀ ਸਥਾਪਨਾ ਕੀਤੀ
ਇਸਨੇ ਅਜ਼ਾਦੀ ਨੂੰ ਕੁਚਲ ਦਿੱਤਾ
ਸ਼ਾਹੀ ਤਾਜ ਪਹਿਨਾਇਆ
ਈਰਖਾ ਨੂੰ ਉਤਸ਼ਾਹਿਤ ਕੀਤਾ, ਲੁਭਾਇਆ
ਮੱਖੀਆਂ ਦੀ ਤਾਨਾਸ਼ਾਹੀ ਸਥਾਪਿਤ ਕੀਤੀ
ਤਰੂਖੀਜੋ**** ਮੱਖੀਆਂ, ਤਾਚੋ ਮੱਖੀਆਂ
ਕਾਰੀਆਸ ਮੱਖੀਆਂ, ਮਾਰਤੀਨ ਮੱਖੀਆਂ
ਓਬੀਕੋ ਮੱਖੀਆਂ, ਲਲਸਾਈਆਂ, ਚਿਪਚਿਪੀਆਂ ਮੱਖੀਆਂ
ਆਗਿਆਕਾਰੀ
ਲਹੂ ਅਤੇ ਮੁਰੱਬੇ
ਅਤੇ ਲੋਕਾਂ ਦੀਆਂ ਕਬਰਾਂ ਤੇ ਭਿਣਕਦੀਆਂ
ਸ਼ਰਾਬੀ ਮੱਖੀਆਂ
ਸਰਕਸ ਮੱਖੀਆਂ, ਸਿਆਣੀਆਂ ਮੱਖੀਆਂ
ਤਾਨਾਸ਼ਾਹੀ ਦੀਆਂ ਮਾਹਰ
ਲਹੂ ਦੀਆਂ ਪਿਆਸੀਆਂ ਮੱਖੀਆਂ ਨਾਲ
ਆਉਂਦੀਆਂ ਹਨ ਫਰੂਟ ਕੰਪਨੀਆਂ
ਕੌਫੀ ਅਤੇ ਫਲ ਇਕੱਠੇ ਕਰਦੀਆਂ
ਜਹਾਜਾਂ ’ਚ ਭਰਦੀਆਂ
ਸਮੁੰਦਰ ਵਿਚ ਠੇਲ ਦਿੱਤੇ ਜਾਂਦੇ ਹਨ
ਖਜਾਨਿਆਂ ਨਾਲ ਓਵਰਲੋਡ ਕੀਤੇ ਟ੍ਰੇਅ
ਸਾਡੀਆਂ ਧਸੀਆਂ ਜਮੀਨਾਂ ਤੋਂ
ਇਸੇ ਦੌਰਾਨ ਇੰਡੀਅਨ ਲੁੜ੍ਹਕ ਪੈਂਦੇ ਹਨ
ਖੰਡ ਦੀਆਂ ਡੂੰਘੀਆਂ ਬੰਦਰਗਾਹਾਂ ’ਤੇ
ਅਤੇ ਦਫਨ ਹੋ ਜਾਂਦੇ ਹਨ
ਸਵੇਰ ਦੇ ਗੁਬਾਰ ’ਚ
ਇਕ ਗੁੰਮਨਾਮ ਲਾਸ਼ ਵਾਂਗ
ਰੱਦ ਹੋ ਚੁੱਕਿਆ ਇਕ ਹੋਰ ਨੰਬਰ
ਗਲੇ-ਸੜੇ ਫਲਾਂ ਦਾ ਇਕ ਗੁੱਛਾ
ਸੁੱਟ ਦਿੱਤਾ ਜਾਂਦਾ ਹੈ
ਕੂੜੇ ਦੇ ਢੇਰ ’ਤੇ
**rebaptized – baptism ਭਾਵ ਬਪਤਿਸਮਾ ਇਸਾਈ ਲਈ ਨਾਮਕਰਨ ਕਰਨ ਵੇਲੇ ਕੀਤੀ ਜਾਂਦੀ ਰਸਮ।
*** opera buffa – ਇਟਾਲੀਅਨ ਹਾਸਰਸ ਡਰਾਮਿਆਂ ਦੀ ਇਕ ਧੁਨ।
**** Trujillo, Tachos , Carias, Martinez, Ubico – ਗੋਤ, : ਕ੍ਰਮਵਾਰ ਪੇਰੂ, ਨਿਕਾਰਾਗੁਆ, ਹੌਂਡਰੁਸ, ਅਰਜਨਟੀਨਾ, ਗੁਆਟੇਮਾਲਾ ਦੇਸ਼ ਦੇ ਅਮਰੀਕੀ ਸ਼ਹਿ ਪ੍ਰਾਪਤ ਡਿਕਟੇਟਰ ਅਤੇ ਕੱਠਪੁਤਲੀ ਘਰਾਣਿਆਂ ਦੇ।
ਅਨੁਵਾਦ- ਮਨਦੀਪ
mandeepsaddowal@gmail.com


