ਧਰਤ ਤੇ ਹੁਣ ਰੱਬ ਦੇ ਨਾਂ ਵਿਛ ਗਿਆ ਇੱਕ ਜਾਲ ਹੈ।
ਸੂਰਜਾਂ ਦੇ ਹੁੰਦਿਆਂ ਵੀ ਰੌਸ਼ਨੀ ਦਾ ਕਾਲ ਹੈ ।
ਰੌਸ਼ਨੀ ਦੀ ਭਾਲ ਵਿੱਚ ਜਦ ਮੈਂ ਤੁਰਾਂ, ਹੈ ਜਾਪਦਾ,
ਨਾਲ ਮੇਰੇ ਤੁਰ ਰਿਹਾ ਇੱਕ ਤਾਰਿਆਂ ਦਾ ਥਾਲ ਹੈ।
ਝਾਂਜਰਾਂ ਛਣਕਾ ਕੇ ਉਹ ਜੋ ਮਹਿਕ ਬਣ ਕੇ ਉੱਡ ਗਈ,
ਮੁੱਦਤਾਂ ਤੋਂ ਓਸ ਦੀ ਹੀ ਚੱਲ ਰਹੀ ਬਸ ਭਾਲ ਹੈ।
ਜ਼ਿੰਦਗੀ ਦਾ ਫਲਸਫਾ ਜਿਸ ਨੂੰ ਸਮਝ ਹੈ ਆ ਗਿਆ,
ਔਕੜਾਂ ਵਿੱਚ ਮੁਸਕਰਾਵੇ, ਮਸਤ ਰਹਿੰਦੀ ਚਾਲ ਹੈ।
ਖ਼ਾਬ ਦੀ ਅਰਥੀ ਉਠਾਈ ਬੇਕਸਾਂ ਦੇ ਵਾਂਗ ਮੈਂ,
ਗ਼ੈਰ ਕੋਲੇ ਖੜ੍ਹ ਕੇ ਪੁੱਛੇ ਹੁਣ ਤੇਰਾ ਕੀ ਹਾਲ ਹੈ?
ਹਾਂ ਤੇਰੀ ਵਿੱਚ ਹਾਂ ਕਿਵੇਂ ਉਹ ਦੱਸ ਮਿਲਾ ਸਕਦਾ ਭਲਾ,
ਜੋ ਕਦੋ ਦਾ ਕਰ ਰਿਹਾ ਸੰਵਾਦ ਖ਼ੁਦ ਦੇ ਨਾਲ ਹੈ।
ਜੂਨ ਇਕਲਾਪੇ ਦੀ ਮੈਂ ਅਜ਼ਲਾਂ ਤੋਂ ਹੀ ਹੰਢਾ ਰਿਹਾਂ,
ਅੱਥਰੇ ਚਾਵਾਂ ਬਿਨ੍ਹਾਂ ਸਾਹਾਂ ਦੀ ਸੁੰਨੀ ਡਾਲ ਹੈ।
ਗ਼ਮ ਮਿਸਾਲੀ ਕਾਫ਼ਲਾ ਜੋ ਦਰ ਮੇਰੇ ਤੋਂ ਗੁਜ਼ਰਿਆ
ਕਾਫ਼ਲੇ ਦੀ ਚਾਲ ਵਿਚ ਵੀ ਆਪਣਿਆਂ ਦੀ ਚਾਲ ਹੈ।
ਸੰਪਰਕ: +91 99143 10063

