ਕੰਵਲ ਵਿਚ ਸੈਂਕੜੇ ਨਹੀਂ ਹਜ਼ਾਰ ਖਾਮੀਆਂ ਹੋਣਗੀਆਂ, ਹਰ ਇਨਸਾਨ ਹੀ ਗ਼ਲਤੀਆਂ ਦਾ ਪੁਤਲਾ ਹੈ, ਪਰ ਕੀ ਉਸਦੀ ਮਨਸ਼ਾ ਤੇ ਸ਼ੱਕ ਕਰ ਸਕਦੇ ਹੋ? ਸਾਡੇ ਨੇਤਾਵਾਂ ਵਿਚ ਕਮਜ਼ੋਰੀਆਂ ਹੀ ਨਹੀਂ, ਗਦਾਰੀ, ਬੇਵਕੂਫ਼ੀ ਅਤੇ ਮਾੜੀ ਨੀਅਤ ਦੇ ਨਾਲ-ਨਾਲ ਸਵਾਰਥਪੁਣਾ ਦੇ ਅੰਸ਼ ਹਨ, ਗੁਲਾਮੀ ਉਨ੍ਹਾਂ ਦੀ ਸੋਚ ਅਤੇ ਵਿਚਾਰ ਵਿਚ ਕੁੱਟ-ਕੁੱਟ ਕੇ ਭਰੀ ਹੈ, ਅਤੇ ਦੁੱਖ ਇਹ ਹੈ ਕਿ ਕੋਈ ਚਿੰਤਕ ਵਿਦਵਾਨ ਜਦੋਂ ਇਨ੍ਹਾਂ ਵੱਲ ਉਂਗਲ ਕਰਨ ਦੀ ਜੁਅਰਤ ਨਹੀਂ ਕਰਦਾ। ਸਿਵਾਏ ਕੰਵਲ ਦੇ ਜੋ “ਰਾਣੀ ਨੂੰ ਅੱਗਾ ਢੱਕਣ” ਦੀ ਨਸੀਅਤ ਦੇ ਸਕਦਾ ਹੈ, ਵੰਗਾਰ ਸਕਦਾ ਹੈ, ਅਤੇ ਉਨ੍ਹਾਂ ਦੀਆਂ ਬੇਵਕੂਫੀਆਂ ਅਤੇ ਬਦਨੀਤੀਆਂ ਵੀ ਗਿਣਾਉਂਦਾ ਹੈ। ਫਿਰ ਉਹ ਅਕਲ ਦਾ ਦੁਸ਼ਮਣ, ਘੋਗੜ ਵਿਦਵਾਨ, ਤਾਤ੍ਰਿਕ ਵਿਦਵਾਨ, ਦੁਸ਼ਟ ਵਿਦਵਾਨ, ਮੱਕੜਜਾਲੀ ਵਿਦਵਾਨ, ਫਾਸਿਸਟੀ, ਮਹਾਂਮੂਰਖ ਅਤੇ ਦੁਸ਼ਟ ਕਿਵੇਂ ਹੋਇਆ, ਇੰਦਰਜੀਤ ਜੀ?
ਇੰਦਰਜੀਤ ਜੀ, ਤੁਸੀਂ ਕੰਵਲ ਜੀ ਤੇ ਬੁੱਢੇ ਹੋ ਕੇ ਪਿਛਾਂਹਖਿੱਚੂ ਅਤੇ ਸਮਝੌਤਾਵਾਦੀ ਹੋਣ ਦਾ ਇਲਜਾਮ ਲਗਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਦੁਸ਼ਟ ਤੱਕ ਆਖਦੇ ਹੋ। ਕੀ ਤੁਸੀਂ ਆਪਣੇ ਬਜ਼ੁਰਗਾਂ ਨੂੰ ਵੀ ਇੰਜ ਹੀ ਸੰਬੋਧਤ ਹੁੰਦੇ ਹੋ? ਜੇਕਰ ਹਾਂ ਤਾਂ ਤੁਹਾਡੀ ਸੋਚ ਤੁਹਾਨੂੰ ਮੁਬਾਰਕ ਅਤੇ ਜੇਕਰ ਨਹੀਂ, ਤਾਂ ਕੀ ਕੰਵਲ ਜੀ ਕਿਸੇ ਦੇ ਪਿਓ-ਦਾਦਾ ਜਾਂ ਬਜੁਰਗ ਨਹੀਂ। ਆਪਣੇ ਖ਼ਿਆਲ ਸਮਾਜਿਕ ਘੇਰੇ ਅਨੁਸਾਰ ਹੀ ਪ੍ਰਗਟਾਓ। ਤੁਹਾਨੂੰ ਅਜੇ ਕੰਵਲ ਜਿਹੇ ਪੰਜਾਬੀਅਤ ਦੇ ਪਹਿਰੇਦਾਰਾਂ ਤੋਂ ਬੜਾ ਕੁਝ ਸਿੱਖਣ ਦੀ ਲੋੜ ਹੈ। ਘੱਟੋ-ਘੱਟ ਮੈਂ ਤਾਂ ਖੁਦ ਨੂੰ ਉਨ੍ਹਾਂ ਦੇ ਪੈਰਾਂ ਦੀ ਧੂੜ ਬਰਾਬਰ ਨਹੀਂ ਸਮਝਦਾ, ਅਜਿਹਾ ਕੰਵਲ ਜੋ ਚਿੱਕੜ ਵਿਚ ਰਹਿ ਕੇ ਵੀ ਅਭਿੱਜ ਹੈ, ਜੋ ਆਪਣੇ ਵੱਡੇ-ਵਡੇਰਿਆਂ ਤਾਂ ਕੀ ਦੇਸ਼ ਧਰੋਹੀਆਂ ਦੇ ਨਾਮ ਲੈਣ ਵੇਲੇ ਵੀ ਝੁਕ ਜਾਂਦਾ ਹੈ, ਅਪਣੱਤ ਭਰੇ ਸ਼ਬਦਾਂ ਦੀ ਵਰਤੋਂ ਕਰਦਾ ਹੈ, ਪਰ ਦੁੱਧ ਨੂੰ ਦੁੱਧ ਅਤੇ ਪਾਣੀ ਨੂੰ ਪਾਣੀ ਆਖਦਾ ਹੈ। ਤੁਸੀਂ ਪਤਾ ਨਹੀਂ ਕਿਹੜੇ ਅਸਮਾਨਾਂ ਵਿਚ ਰਹਿੰਦੇ ਹੋ?
ਕਿਸੇ ਵੀ ਵਿਸ਼ੇ ਜਾਂ ਮੁੱਦੇ ਬਾਰੇ ਊਸਾਰੂ ਬਹਿਸ ਛੇੜਣਾ ਸੂਹੀ ਸਵੇਰ ਦੇ ਖਾਤੇ ਆਇਆ ਹੈ, ਅਤੇ ਉਸ ਤੋਂ ਚੰਗੀ ਗੱਲ ਇਹ ਹੈ ਕਿ ਇਨ੍ਹਾਂ ਵਿਸ਼ਿਆਂ ਬਾਰੇ ਆਮ ਪਾਠਕਾਂ ਜਾਂ ਵਿਦਵਾਨਾਂ ਤੇ ਚਿੰਤਕਾਂ ਦੇ ਵਿਚਾਰ ਵੀ ਨਾਲੋ-ਨਾਲ ਪ੍ਰਕਾਸ਼ਿਤ ਕਰਕੇ ਬਹਿਸ ਨੂੰ ਹੋਰ ਸੰਜੀਦਾ ਅਤੇ ਸਿੱæਦਤ-ਭਰਪੂਰ ਬਣਾਉਣ ਦੇ ਨਾਲ-ਨਾਲ ਇਸ ਵਿਚ ਰੌਚਿਕਤਾ, ਸੂਖਮਤਾ ਅਤੇ ਵਿਸ਼ਾਲਤਾ ਲਿਆਉਣ ਦਾ ਯਤਨ ਵੀ ਕੀਤਾ ਜਾਂਦਾ ਹੈ। ਜਿੱਥੋਂ ਤੱਕ ਜਸਵੰਤ ਸਿੰਘ ਕੰਵਲ ਨੂੰ ‘ਪੰਜਾਬ ਦੀ ਪੱਗ’ ਕਹਿਣ ਵਾਲੇ ਇੰਦਰਜੀਤ ਦੇ ਲੇਖ ਦਾ ਸਵਾਲ ਹੈ, ਮੈਂ ਇਹ ਲੇਖ ਦੋ-ਤਿੰਨ ਵਾਰ ਪੜ੍ਹਿਆ। ਮੈ ਨਾ ਤਾਂ ਕੋਈ ਚਿੰਤਕ ਹਾਂ ਅਤੇ ਨਾ ਹੀ ਕੋਈ ਵੱਡਾ ਲਿਖਾਰੀ, ਮੈਂ ਤਾਂ ਸਾਹਿਤ, ਇਤਿਹਾਸ, ਮਨੋਵਿਗਿਆਨ ਅਤੇ ਰਾਜਨੀਤੀ ਦਾ ਅਦਨਾ ਜਿਹਾ ਪਾਠਕ ਹਾਂ। ਫਿਰ ਵੀ ਕੁਝ ਗੱਲਾਂ ਐਨੀਆਂ ਸ਼ਪੱਸ਼ਟ ਹੁੰਦੀਆਂ ਹਨ, ਕਿ ਮੇਰੇ ਜਿਹੇ ਮੋਟੀ ਬੁੱਧੀ ਜਿਹੇ ਇਨਸਾਨ ਦੇ ਵੀ ਸੌਖਿਆਂ ਸਮਝ ਆ ਜਾਂਦੀਆਂ ਹਨ, ਪਰ ਪਤਾ ਨਹੀਂ ਕਿਉਂ ਕੁਝ ਵਿਦਵਾਨ ਇਨ੍ਹਾਂ ਵਿਸ਼ਿਆਂ ਤੇ ਲਿਖਣ ਸਮੇਂ ਜਾਂ ਕਿਸੇ ਵੀ ਲਿਖਾਰੀ ਦੀ ਪੱਗ ਮਿੱਟੀ ਵਿਚ ਰੋਲਣ ਸਮੇਂ ਵੱਡੇ ਵੱਡੇ ਸੱਚਾਂ ਨੂੰ ਜਾਣ ਬੁੱਝ ਕੇ ਭੁੱਲਦੇ ਹਨ, ਅਤੇ ਜਾਂ ਉਨ੍ਹਾਂ ਬਾਰੇ ਸੰਜੀਦਾ ਹੋ ਕੇ ਸੋਚਣ ਦਾ ਯਤਨ ਨਹੀਂ ਕਰਦੇ। ਪਹਿਲੀ ਹਾਲਤ ਸਾਹਿਤਕ ਬੇਈਮਾਨੀ ਹੈ ਅਤੇ ਦੂਜੀ ਇਕ ਵੱਡੀ ਇਨਸਾਨੀ ਭੁੱਲ। ਮੈਂ ਇੰਦਰਜੀਤ ਤੇ ਕੋਈ ਇਲਜ਼ਾਮ ਨਹੀਂ ਲਗਾ ਰਿਹਾ, ਸਗੋਂ ਇਹੀ ਗੱਲ ਮੇਰੇ ਤੇ ਵੀ ਲਾਗੂ ਹੋ ਸਕਦੀ ਹੈ, ਮੇਰਾ ਇਸ਼ਾਰਾ ਤਾਂ ਮੋਟੇ ਰੂਪ ਵਿਚ ਸਭ ਵਿਦਵਾਨਾਂ ਤੇ ਹੈ, ਜੋ ਅਜਿਹਾ ਕਰਨ ਦੀ ਜੁਅਰਤ ਕਰਦੇ ਹਨ, ਅਤੇ ਇਨ੍ਹਾਂ ਵਿਚ ਮੇਰੇ ਸਮੇਤ ਸਭ ਉਹ ਲਿਖਾਰੀ ਜਾਂ ਕਲਮ-ਘਸੀਟ ਵੀ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਦੀਆਂ ਲਿਖਤਾਂ ਨੂੰ ਮੈਂ ਚੰਗਾ ਜਾਂ ਢੁਕਵਾਂ ਕਹਿੰਦਾ ਹਾਂ, ਕਿਉਂਕਿ ਹਰ ਵਿਅਕਤੀ ਦਾ ਆਪਣਾ ਨਜ਼ਰੀਆ ਹੁੰਦਾ ਹੈ, ਆਪਣਾ ਅਧਿਐਨ ਅਤੇ ਆਪਣਾ ਅਨੁਭਵ। ਉਸਤੋਂ ਵੀ ਵੱਡੀ ਗੱਲ ਇਹ ਕਿ ਆਪਣੇ ਪਸੰਦੀਦਾ ਵਿਚਾਰਾਂ ਵਾਲੇ ਸਭ ਨੂੰ ਚੰਗੇ ਲਗਦੇ ਹਨ, ਅਤੇ ਤੁਹਾਡੀ ਆਲੋਚਨਾ ਕਰਨ ਵਾਲਾ ਜਾਂ ਤੁਹਾਡੀ ਗੱਲ ਤੇ ਕਿੰਤੂ-ਪ੍ਰੰਤੂ ਕਰਨ ਵਾਲਾ ਜਾਂ ਅਜਿਹੇ ਵਿਚਾਰ ਦੇਣ ਵਾਲਾ, ਜਿਨ੍ਹਾਂ ਵਿਚਾਰਾਂ ਨਾਲ ਤੁਸੀਂ ਅਸਹਿਮਤ ਹੋਵੋਂ, ਤੁਹਾਡੀਆਂ ਅੱਖਾਂ ਵਿਚ ਰੜਕੇਗਾ। ਇਹ ਇਨਸਾਨੀ ਫਿਤਰਤ ਹੈ, ਅਤੇ ਘੱਟੋ-ਘੱਟ ਮੇਰੇ ਤਾਂ ਤਾਂ ਜ਼ਰੂਰ ਲਾਗੂ ਹੁੰਦਾ ਹੈ, ਦੂਜਿਆਂ ਬਾਰੇ ਮੈਂ ਕੁਝ ਨਹੀਂ ਕਹਾਂਗਾ।
ਖ਼ੈਰ! ਗੱਲ ਭਟਕ ਰਹੀ ਹੈ, ਸੋ ਮੇਰੀ ਸੰਪਾਦਕਾਂ ਨੂੰ ਨਿਮਾਣੀ ਜਿਹੀ ਅਰਜ਼ ਹੈ, ਕਿ ਕੁਝ ਵੱਧ-ਘੱਟ ਹੋ ਗਿਆ ਹੋਵੇ, ਤਾਂ ਉਹ ਸੋਧ ਜਾਂ ਤਬਦੀਲੀ ਕਰਨ ਦੇ ਹੱਕਦਾਰ ਹਨ। ਸੋ, ਗੱਲ ਕਰ ਰਹੇ ਸੀ ਰਾਜਿੰਦਰ ਰਾਹੀ ਵਲੋਂ ਕੰਵਲ ਨੂੰ ‘ਪੰਜਾਬ ਦੀ ਪੱਗ’ ਦਾ ਨਾਮ ਦੇਣ ਬਾਰੇ। ਮੈਂ ਨਾ ਤਾਂ ਕੰਵਲ ਜੀ ਦਾ ਬਹੁਤ ਵੱਡਾ ਆਸ਼ਕ ਹਾਂ ਅਤੇ ਨਾ ਹੀ ਇੰਦਰਜੀਤ ਬਾਰੇ ਬਹੁਤ ਕੁਝ ਜਾਣਦਾ ਹਾਂ, ਪਰ ਜਿੱਥੋਂ ਤੱਕ ਕੰਵਲ ਜੀ ਦੇ ਨਾਵਲਾਂ ਅਤੇ ਪਿਛਲੀ/ਢਲਦੀ ਉਮਰੇ ਲਿਖੀ ਵਾਰਤਕ ਦਾ ਸਵਾਲ ਹੈ, ਉਸ ਦੀਆਂ ਰਚਨਾਵਾਂ ਦਾ ਪੱਧਰ ਕੋਈ ਵੀ ਹੋਵੇ, ਚਰਚਾ ਜ਼ਰੂਰ ਬਟੋਰਦੀਆਂ ਹਨ। ਉਸਦੇ ਨਾਵਲਾਂ ਨੇ ਪੰਜਾਬੀ ਲੋਕਾਂ ਨੂੰ ਸਾਹਿਤ ਪੜ੍ਹਣ ਦੀ ਚੇਟਕ ਲਗਾਈ, ਅਤੇ ਭਾਵੇਂ ਕਿ ਉਹ ਤਕਨੀਕੀ ਤੌਰ ਤੇ ਬਹੁਤ ਉੱਚ ਪਾਏ ਦਾ ਨਾਵਲਕਾਰ ਨਾ ਹੋਵੇ, ਪਰ ਉਸਦਾ ਪੰਜਾਬੀ ਨਾਵਲ ਦੇ ਖ਼ੇਤਰ ਵਿਚ ਯੋਗਦਾਨ ਜ਼ਰੂਰ ਯਾਦਗਾਰੀ ਹੈ। ਜਿਸ ਤਰ੍ਹਾਂ ਅੰਗਰੇਜ਼ੀ ਨਾਵਲਕਾਰ ਚਾਰਲਸ ਡਿੱਕਨਜ਼ ਨੇ ਅੰਗਰੇਜ਼ੀ ਨਾਵਲ ਨੂੰ ਉਸ ਸਮੇਂ ਹੱਥ ਪਾਇਆ ਜਦੋਂ ਵਿਕਟੋਰੀਅਨ ਯੁਗ ਵਿਚ ਵਧੇਰੇ ਲੋਕਾਂ ਨੂੰ ਨਾਵਲ ਦੇ ਅਰਥ ਵੀ ਨਹੀਂ ਪਤਾ ਸਨ, ਅਤੇ ਇਹੀ ਗੱਲ ਕੰਵਲ ਬਾਰੇ ਕਹੀ ਜਾ ਸਕਦੀ ਹੈ, ਭਾਵੇਂ ਕਿ ਨਾਨਕ ਸਿੰਘ ਨੇ ਵੀ ਆਪਣਾ ਯੋਗਦਾਨ ਪਾਇਆ, ਪਰ ਜਿੱਥੇ ਨਾਨਕ ਸਿੰਘ ਨੇ ਸੀਮਤ ਸੁਧਾਰਵਾਦੀ ਅਤੇ ਸਮਾਜਿਕ ਵਿਸ਼ਿਆਂ ਨੂੰ ਆਪਣੀ ਕਲਮ ਰਾਹੀਂ ਛੋਹਿਆ, ਉਥੇ ਕੰਵਲ ਦਾ ਨਾਵਲੀ-ਕੈਨਵਸ ਥੋੜ੍ਹਾ ਵਿਸ਼ਾਲ ਸੀ। ਪਰ ਆਪਣੇ ਨਾਵਲਾਂ ਵਿਚ ਵੰਨ-ਸੁਵੰਨਤਾ ਅਤੇ ਪ੍ਰਾਪੇਗੰਡਾ ਲਿਆ ਕੇ ਕੰਵਲ ਨੇ ਆਪਣੀ ਵਿਲੱਖਣ ਵਿਚਾਰਧਾਰਾ ਦਾ ਮਾਧਿਅਮ ਵੀ ਬਣਾਇਆ। ਭਾਵੇਂ ਕਿ ਨਾਵਲ ਨੂੰ ਪ੍ਰਾਪੇਗੰਡਾ ਦਾ ਸਾਧਨ ਬਣਾਉਣ ਦੇ ਵਿਰੋਧ ਵਿਚ ਪੱਛਮ ਦੇ ਅਨੇਕ ਆਲੋਚਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ, ਪਰ ਇਹ ਵੀ ਸੱਚ ਹੈ ਕਿ ਨਾਵਲ ਅਤੇ ਨਾਵਲਕਾਰ ਦਾ ਕੋਈ ਉਦੇਸ਼ ਅਤੇ ਸਮਾਜਿਕ ਸਰੋਕਾਰ ਜ਼ਰੂਰ ਹੋਣਾ ਚਾਹੀਦਾ ਹੈ, ਅਤੇ ਜੇਕਰ ਨਾਵਲ ਸਿਰਫ਼ ਮਨੋਰੰਜਨ ਅਤੇ ਕਲਾ ਦਾ ਸਾਧਨ ਬਣ ਜਾਵੇ ਤਾਂ ਇਹ ਸਤਹੀ ਜਿਹੇ ਟੀਚੇ ਦੀ ਪੂਰਤੀ ਲਈ ਸਹਾਇਕ ਹੋਵੇਗਾ।
ਇੰਦਰਜੀਤ ਜੀ ਨੇ ਆਪਣੇ ਲੇਖ ਵਿਚ ਜਸਵੰਤ ਸਿੰਘ ਕੰਵਲ ਪ੍ਰਤੀ ਜਿੰਨੀ ਭੈੜੀ ਅਤੇ ਅਸੱਭਿਅਕ ਭਾਸ਼ਾ ਵਰਤੀ ਹੈ, ਉੱਨੀ ਮਾੜੀ ਭਾਸ਼ਾ ਵਾਲਾ ਲੇਖ ਮੈਂ ਕਦੇ ਪੜ੍ਹਿਆ ਹੋਵੇ, ਮੇਰੇ ਜ਼ਹਿਨ ਵਿਚ ਨਹੀਂ ਆ ਰਿਹਾ। ਕੰਵਲ ਨੂੰ ਘੋਗੜ ਵਿਦਵਾਨ, ਫਾਸਿਸਟਵਾਦੀ, ਕੰਵਲ ਮਹਾਰਾਜ, ਦੁਸ਼ਟ ਵਿਦਵਾਨ, ਪਿਛਾਂਹਖਿਚੂ ਫਾਸ਼ੀਵਾਦੀ ਚੱਕੀਰਾਹੇ ਅਤੇ ਹੋਰ ਪਤਾ ਨਹੀਂ ਲਕਬਾਂ ਨਾਲ ਸੰਬੋਧਤ ਕੀਤਾ ਗਿਆ ਹੈ? ਕੀ ਤੁਸੀਂ ਆਪਣੇ ਘਰ ਵਿਚ ਆਪਣੇ ਪਿਓ-ਦਾਦੇ ਨੂੰ ਵੀ ਇਹੀ ਸ਼ਬਦਾਂ ਨਾਲ ਸੰਬੋਧਤ ਕਰਦੇ ਹੋ? ਕੀ ਉਹ ਵੀ ਬੁੱਢੇ ਹੋ ਕੇ ਅਜਾਇਬ ਘਰ ਵਿਚ ਰੱਖਣ ਯੋਗ ਹੋ ਗਏ ਨੇ, ਜਿਵੇਂ ਤੁਸੀਂ ਬਜ਼ੁਰਗਾਂ ਬਾਰੇ ਆਖਦੇ ਹੋ? ਜੇ ਕਿਸੇ ਦੀ ਸੋਚ ਨਾਲ ਅਸਹਿਮਤ ਹੋਣ ਕਰਕੇ ਉਸ ਦਾ ਮਜ਼ਾਕ ਉਡਾਉਣਾ ਜਾਇਜ਼ ਹੈ ਤਾਂ ਤੁਸੀਂ ਸਾਰਾ ਦਿਨ ਗਾਲਾਂ ਕੱਢਦੇ ਰਹੋਗੇ ਪਰ ਰੱਜ ਨਹੀਂ ਆਉਣਾ। ਕੰਵਲ ਜੀ ਕੋਲ ਤੁਹਾਡੇ ਤੋਂ ਕਿਤੇ ਤਿੱਖੀ ਸ਼ਬਦਾਵਲੀ ਹੈ, ਪਰ ਕਿਸੇ ਛੋਟੇ-ਵੱਡੇ ਦਾ ਲਿਹਾਜ਼ ਕੀਤੇ ਬਗੈਰ ਮਾੜਾ ਬੋਲਣਾ ਉਨ੍ਹਾਂ ਨੇ ਸ਼ਾਇਦ ਸਿੱਖਿਆ ਨਹੀਂ। ਬਾਕੀ ਰਹੀ ਪਾਣੀਆਂ, ਭਾਸ਼ਾ, ਪ੍ਰਵਾਸੀ ਬਿਹਾਰੀਆਂ ਜਾਂ ਪ੍ਰਵਾਸੀ ਪੰਜਾਬੀਆਂ ਦੀ ਗੱਲ, ਇਹ ਮੁੱਦਾ ਐਨਾ ਸਰਲ ਅਤੇ ਸੌਖਾ ਨਹੀਂ ਜਿੰਨਾ ਤੁਸੀਂ ਸਮਝ ਬੈਠੇ ਹੋ। ਪਹਿਲਾਂ ਇਸ ਮੁੱਦੇ ਦਾ ਬਾਰੀਕ ਅਧਿਐਨ ਕਰੋ, ਫਿਰ ਆਪਣੇ ਸਵਾਲ ਰੱਖੋ। ਬੇਤੁੱਕੇ ਇਲਜ਼ਾਮ ਲਗਾ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ? ਪੰਜਾਬ ਦੇ ਤਿੰਨ ਦਰਿਆ ਕੁੱਲ 18æ23 ਐਮæਏæਐਫ਼ ਪਾਣੀ ਦਾ ਨਿਕਾਸ ਕਰਦੇ ਹਨ, ਜਿਸ ਵਿਚੋਂ 1956 ਤੋਂ ਅਸਲ ਰਾਈਪੇਰੀਅਨ ਰਾਜ ਪੰਜਾਬ ਹਿੱਸੇ ਸਿਰਫ਼ 21% ਭਾਵ 4 ਕੁ ਐਮæਏæਐਫ਼æ ਪਾਣੀ ਹੀ ਆਉਂਦਾ ਹੈ, ਜਦੋਂ ਕਿ ਗੈਰ-ਰਾਇਪੇਰੀਅਨ ਰਾਜ ਹੁੰਦਾ ਹੋਇਆ, ਰਾਜਸਥਾਨ 45% ਭਾਵ 8æ6 ਐਮæਏæਐਫ਼ ਪਾਣੀ ਦਾ ਮਾਲਕ ਹੈ, ਤੇ ਰਾਜਸਥਾਨ ਪੰਜਾਬ ਨੂੰ ਹੱਕੀ ਸਿਨਿਓਰੇਜ਼ ਰਾਇਲਟੀ ਦੇਣੋ ਵੀ ਮੁਕਰ ਗਿਆ ਹੈ, ਤੇ ਉਸੇ ਰਾਜਸਥਾਨ ਤੋਂ ਹੁਣ ਅਸੀਂ ਬਿਜਲੀ ਮੁੱਲ ਲੈ ਰਹੇ ਹਾਂ, ਜੋ ਕਿ ਸਾਡੇ ਵਲੋਂ ਮੁਫ਼ਤ ਦਿੱਤੇ (ਜੋ ਤੁਹਾਡੇ ਮੁਤਾਬਿਕ ਜਾਇਜ਼ ਹੈ) ਪਾਣੀ ਚੋਂ ਕੱਢੀ ਗਈ ਹੈ। ਲੁਧਿਆਣੇ ਦੀ ਖੇਤੀ ਯੂਨੀਵਰਸਿਟੀ ਅਨੁਸਾਰ ਪੰਜਾਬ ਰਾਜ ਵਿਚ ਝੋਨਾ-ਕਣਕ ਦਾ ਫ਼ਸਲੀ ਚੱਕਰ 35.5 ਐਮ.ਏ.ਐਫ਼. ਪਾਣੀ ਦੀ ਮੰਗ ਕਰਦਾ ਹੈ, ਪਰ ਇਹ ਗੱਲਾਂ ਇੰਦਰਜੀਤ ਜੀ ਕਿਉਂ ਨਜ਼ਰਅੰਦਾਜ਼ ਕਰ ਰਹੇ ਹਨ?
ਇੰਦਰਜੀਤ ਜੀ ਲੱਖ ਵਿਦਵਾਨ ਹੋਣਗੇ, ਪਰ ਚੰਡੀਗੜ੍ਹ ਬਾਰੇ “ਜਿਵੇਂ ਲੀ ਕਾਰਬੂਜੀਏ ਨੂੰ ਪੈਸਾ ਸ੍ਰੋਮਣੀ ਕਮੇਟੀ ਨੇ ਦਿੱਤਾ ਹੋਵੇ” ਕਹਿ ਕੇ ਖੁਦ ਵੱਖਵਾਦੀ, ਘਟੀਆ ਅਤੇ ਨਾਸਮਝੀ ਵਾਲੀ ਸੋਚ ਦਾ ਵਿਖਾਵਾ ਕਰ ਦਿੱਤਾ ਹੈ। ਗੁਰਬਾਣੀ ਤਾਂ “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਅਤੇ “ਸੱਭੋ ਸਾਂਝੀਵਾਲ ਸਦਾਇਨ” ਦਾ ਹੋਕਾ ਦਿੰਦੀ ਹੈ, ਅਤੇ ਕੰਵਲ ਵੀ ਵਾਰ-ਵਾਰ ਗੁਰਬਾਣੀ ਦੀ ਪ੍ਰੋੜਤਾ ਅਤੇ ਗੁਰਬਾਣੀ ਅਨੁਸਾਰ ਚੱਲਣ ਦੀ ਗੱਲ ਕਰਦਾ ਹੈ। ਇੰਦਰਜੀਤ ਨੂੰ ਉਸ ਵਿਚ ਕੱਟੜਵਾਦ ਅਤੇ ਫਾਸਿਸਟਵਾਦ ਕਿੱਥੇ ਲੱਭ ਗਿਆ? ਗੱਲ ਤਰਕ, ਸੰਵਾਦ ਅਤੇ ਬਹਿਸ ਦੇ ਨੇਮਾਂ ਅਨੁਸਾਰ ਕਰੋ, ਇੰਦਰਜੀਤ ਜੀ, ਵਾਧੂ ਅਤੇ ਝੂਠੇ ਇਲਜ਼ਾਮ ਨਾ ਲਾਓ ਅਤੇ ਨਾ ਹੀ ਹਵਾ ਵਿਚ ਤਲਵਾਰਾਂ ਚਲਾਉਣਾ ਵਿਦਵਾਨੀ ਹੈ। ਚੰਡੀਗੜ੍ਹ ਬਣਾਉਣ ਲਈ ਜਿਹੜੇ ਪਿੰਡ ਕੱਟੇ ਗਏ ਉਹ ਪੰਜਾਬ ਦਾ ਹਿੱਸਾ ਸਨ, ਅਤੇ ਲੀ ਕਾਰਬੂਜੀæਏ ਦੀ ਇਹ ਜਾਇਦਾਦ ਨਹੀਂ, ਉਹ ਤਾਂ ਇਕ ਇੰਜੀਨੀਅਰ ਸੀ, ਆਰਕੀਟੈਕਟ ਸੀ, ਜਿਸ ਨੂੰ ਚੰਡੀਗੜ੍ਹ ਦਾ ਨਕਸ਼ਾ ਬਣਾਉਣ ਲਈ ਕਿਰਾਏ ਤੇ ਲਿਆ ਗਿਆ ਸੀ।
ਤੁਸੀਂ ਕੰਵਲ ਜੀ ਨੂੰ ਬੁਢਾਪੇ ਦਾ ਸ਼ਿਕਾਰ ਕਹਿ ਕੇ ਬੁਢਾਪਾ ਸਮਝੌਤਾਵਾਦੀ, ਪਿਛਾਂਹਖਿਚੂ ਅਤੇ ਬੀਤੇ ਦੇ ਹੌਂਕਿਆਂ ਤੱਕ ਸੀਮਤ ਹੋਣ ਬਾਰੇ ਆਖਿਆ ਹੈ। ਕੱਲ੍ਹ ਨੂੰ ਤੁਸੀਂ ਬਜ਼ੁਰਗ ਹੋ ਕੇ ਵੀ ਇਹ “ਗੁਣ” ਹਾਸਲ ਕਰੋਗੇ, ਇੰਦਰਜੀਤ ਜੀ? ਇਸ ਗੱਲ ਦਾ ਜਵਾਬ ਦਵੋ। ਫਿਰ ਤੁਹਾਡੀਆਂ ਜਵਾਨੀ ਦੀਆਂ (ਹੁਣ ਵਾਲੀਆਂ) ਗੱਲਾਂ ਨੂੰ ਜ਼ਾਇਜ਼ ਠਹਿਰਾਵਾਂਗੇ ਕਿ ਬੁਢਾਪੇ ਵਾਲੀਆਂ? ਫਿਰ ਤੁਸੀਂ ਜਿੱæਦੀ ਹੋ ਕੇ “ਮੈਂ ਦੁਨੀਆਂ ਦੇਖੀ ਹੈ, ਬਹੁਤ ਪੜ੍ਹਿਆ ਹੈ ਅਤੇ ਬਜ਼ੁਰਗ ਹਾਂ” ਦੀ ਦੁਹਾਈ ਤਾਂ ਨਹੀਂ ਦਵੋਗੇ? ਕੰਵਲ ਜੀ ਤਾਂ ਨਹੀਂ ਦੇ ਰਹੇ, ਫਿਰ ਵੀ ਤੁਹਾਡੇ ਵਰਗਿਆਂ ਦੇ ਇਲਜ਼ਾਮ ਦੇ ਭਾਗੀਦਾਰ ਬਣ ਰਹੇ ਨੇ। ਜੇ ਤੁਹਾਡੀ ਸ਼ਬਦਾਵਲੀ ਵਰਤਾਂ ਤਾਂ, ਜਦੋਂ ਤੁਸੀਂ 10-20 ਸਾਲ ਬਾਅਦ ਪੰਜਾਹ ਜਾਂ 60 ਟੱਪੇ ਸਨਕੀ ਲੋਕਾਂ ਵਿਚ ਸ਼ਾਮਲ ਹੋਵੋਗੇ, ਤਾਂ ਤੁਹਾਡੇ “ਉੱਲੀ ਖਾਧੇ ਅਤੇ ਬਾਸੀ ਅਨੁਭਵਾਂ ਦੀ ਮੋਮਬੱਤੀ” ਛਾਵੇਂ ਵੀ ਕੌਣ ਬੈਠੇਗਾ? ਤੁਸੀਂ ਕੰਵਲ ਜੀ ਨੂੰ ਸਮਝਾ ਰਹੇ ਹੋ ਕਿ ਪੰਜਾਬੀ ਸਿਰਫ਼ ਸਿੱਖਾਂ ਦੀ ਭਾਸ਼ਾ ਨਹੀਂ। ਕੰਵਲ ਜੀ ਦੇ ਦੋਸਤਾਂ ਵਿਚ ਬਲਰਾਜ ਸਾਹਨੀ ਜਿਹਾ ਮਹਾਨ ਪੰਜਾਬੀ ਲੇਖਕ ਸ਼ਾਮਲ ਸੀ, ਜੋ ਹਿੰਦੂ ਸੀ। ਸ਼ਿਵ ਕੁਮਾਰ ਬਟਾਲਵੀ, ਸ਼ਰਫ, ਹਰਨਾਮ ਦਾਸ ਸਹਿਰਾਈ ਜਾਂ ਨੰਦ ਲਾਲ ਨੂਰਪੁਰੀ ਜਿਹੇ ਮਹਾਨ ਪੰਜਾਬੀ ਗੈਰ-ਹਿੰਦੂ ਲੇਖਕਾਂ ਦੇ ਯੋਗਦਾਨ ਤੋਂ ਵੀ ਕੰਵਲ ਕਦੇ ਮੁਨਕਰ ਨਹੀਂ ਹੋਇਆ। ਹਿੰਦੂ ਕੌਮ ਜਾਂ ਧਰਮ ਬਾਰੇ ਕੰਵਲ ਜੀ ਨੇ ਕਦੇ ਵੀ ਮਾੜੇ ਸ਼ਬਦ ਨਹੀਂ ਵਰਤੇ, ਹਾਂ ਉਹ ਗੱਲ ਸਿੱਖ ਜਾਂ ਕਿਸਾਨ ਮਾਨਸਿਕਤਾ ਦੀ ਕਰਦੇ ਹਨ, ਕਿਉਂਕਿ ਇਹ ਪੰਜਾਬ ਵਿਚ ਬਹੁਗਿਣਤੀ ਹਨ, ਪਰ ਉਨ੍ਹਾਂ ਦੀ ਕਲਮ ਵਿਚ ਦੂਜੀਆਂ ਜਾਤਾਂ ਅਤੇ ਦੂਜੇ ਕੰਮ ਕਰਨ ਵਾਲਿਆਂ ਪ੍ਰਤੀ ਵੀ ਬਰਾਬਰ ਦਾ ਸਤਿਕਾਰ ਹੈ। ਉਹ ਕਿਸਾਨਾਂ ਦੀਆਂ ਵਧ ਰਹੀਆਂ ਸਮੱਸਿਆਵਾਂ ਅਤੇ ਸਿੱਖ ਕੌਮ ਨੂੰ ਦਰਪੇਸ਼ ਔਕੜਾਂ ਨੂੰ ਸੰਬੋਧਤ ਹੋਏ ਹਨ, ਤਾਂ ਇਸ ਦਾ ਅਰਥ ਉਨ੍ਹਾਂ ਦੀ ਸੰਕੀਰਨਤਾ ਜਾਂ ਪੱਖਪਾਤੀ ਕਲਮ/ਸੋਚ ਨਹੀਂ ਸਗੋਂ ਕੋਈ ਵੀ ਵਿਅਕਤੀ ਉਸ ਖ਼ੇਤਰ ਜਾਂ ਬਰਾਦਰੀ ਬਾਰੇ ਹੀ ਭਰੋਸੇਯੋਗ ਢੰਗ ਨਾਲ ਲਿਖ ਸਕਦਾ ਹੈ, ਜਿਸ ਨਾਲ ਉਹ ਸੰਬੰਧਤ ਹੋਵੇ। ਫਿਰ ਵੀ ਇੰਦਰਜੀਤ ਜੀ ਆਪਣੇ ਲੇਖ ਵਿਚ ਕੰਵਲ ਜੀ ਦੇ ਇਲਜ਼ਾਮ-ਦਰ-ਇਲਜ਼ਾਮ ਲਗਾਈ ਜਾ ਰਹੇ ਹਨ। ਇਸ ਦਾ ਕਾਰਣ ਉਹ ਖੁਦ ਜਾਣਦੇ ਹੋਣਗੇ।
ਕੰਵਲ ਨੇ ਢੇਰ ਲਿਖਿਆ ਹੈ, ਅਤੇ ਜਿੱਥੇ ਉਸਨੇ ਨਕਸਲੀ ਚੜ੍ਹਤ ਦੌਰਾਨ “ਲਹੂ ਦੀ ਲੋਅ” ਜਿਹਾ ਨਾਵਲ ਲਿਖ ਕੇ ਨੈਕਸਲਾਈਟ ਮੁਹਿੰਮ ਦੀ ਰੱਜ ਕੇ ਪ੍ਰਸੰਸਾ ਕੀਤੀ, ਉੱਥੇ ਖਾੜਕੂ ਦੌਰ ਦੌਰਾਨ ਉਸ ਨੇ “ਖੂਨ ਕੇ ਸੋਹਲੇ ਗਾਵੀਅਹਿ ਨਾਨਕ” ਜਿਹਾ ਕੱਟੜ ਸਿੱਖ ਸੋਚ ਦੀ ਨੁਮਾਇੰਦਗੀ ਕਰਦਾ ਨਾਵਲ ਰਚਿਆ। ਇਸ ਤਰ੍ਹਾਂ ਕਰਨ ਨਾਲ ਉਸਨੇ ਆਪਣੀ ਵਿਲੱਖਣ ਪ੍ਰਤਿਭਾ ਅਤੇ ਇਕੋ ਸੋਚ ਨਾਲ ਬੰਨ੍ਹੇ ਰਹਿਣ ਦੀ ਥਾਂ ਸਮਾਜਿਕ ਸੋਚ ਦੇ ਨਾਮ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਪਿਰਤ ਪਾਈ ਉਥੇ ਅਨੇਕਾਂ ਆਲੋਚਕ ਵੀ ਪੈਦਾ ਕੀਤੇ, ਖਾਸ ਕਰਕੇ ਮਾਰਕਸਵਾਦੀ ਅਤੇ ਨਕਸਲੀ ਸੋਚ ਦੇ ਅਨੇਕ ਚਿੰਤਕ ਉਸਨੂੰ “ਗੰਗਾ ਗਏ ਤਾਂ ਗੰਗਾ ਰਾਮ” ਦੀ ਕਹਾਵਤ ਦੇ ਪਟੇ ਤੇ ਚੜ੍ਹਾ ਕੇ ਗਾਲਾਂ ਦੇਣ ਲੱਗੇ। ਪਰ ਕੰਵਲ ਸਮੇਂ ਦਾ ਹਾਣੀ ਬਣਕੇ ਸਮੇਂ ਅਨੁਸਾਰ ਲਿਖਦਾ ਰਿਹਾ। ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਜੇਕਰ ਹਰਿੰਦਰ ਸਿੰਘ ਮਹਿਬੂਬ ਵਰਗਾ ਮਾਰਕਸਵਾਦੀ ਸੋਚ ਦਾ ਸ਼ਾਇਰ ਕਿਸੇ ਲਹਿਰ ਦੇ ਪ੍ਰਭਾਵ ਸਦਕਾ ਖਾੜਕੂ ਸੋਚ ਦਾ ਧਾਰਣੀ ਬਣ ਸਕਦਾ ਹੈ, ਜਾਂ ਇਕ ਕਾਮਰੇਡ ਸੋਚ ਦੇ ਮਾਲਕ ਵਿਅਕਤੀ ਦਾ ਪੁੱਤਰ ਬਲਵੰਤ ਸਿੰਘ ਰਾਜੋਆਣਾ ਸਿੱਖਾਂ ਦੇ ਸ਼ਰੇਆਮ ਕਤਲੇਆਮ ਨੂੰ ਵੇਖ ਕੇ ਖਾੜਕੂ ਬਣਦਾ ਹੈ ਅਤੇ ਇਕ ਕਾਇਦੇ-ਆਜ਼ਮ ਨੂੰ ਖਤਮ ਕਰਨ ਦਾ ਬੀੜਾ ਉਠਾਉਂਦਾ ਹੈ, ਤਾਂ ਕੰਵਲ ਆਪਣੀ ਸੋਚ ਨੂੰ ਤਿੱਖੀ ਕਰਨ ਦੀ ਬਜਾਏ ਖੁੰਢੀ ਕਿਉਂ ਰੱਖੇ? ਜੇਕਰ ਕੋਈ ਵਿਅਕਤੀ ਮਾਰਕਸਵਾਦੀ ਲਹਿਰ ਅਤੇ ਖਾੜਕੂ ਲਹਿਰ ਦੋਹਾਂ ਨੂੰ ਸਹੀ ਮੰਨੇ ਤਾਂ ਇਸ ਵਿਚ ਅਜਿਹੀ ਸੋਚ ਦੇ ਧਾਰਣੀ ਦਾ ਕਸੂਰ ਨਹੀਂ ਹੈ। ਕਸੂਰ ਉਸ ਤੇ ਉਂਗਲੀ ਕਰਨ ਵਾਲੇ ਛੋਟੀ ਸੋਚ ਵਾਲਿਆਂ ਦਾ ਹੈ, ਜੋ ਕਿਸੇ ਵੀ ਲਹਿਰ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕੇ, ਜਾਂ ਦੋਹਾਂ ਲਹਿਰਾਂ ਨੂੰ ਇਕ ਦੂਜੇ ਦੇ ਵਿਰੋਧੀ ਸਮਝਦੇ ਸਨ/ਹਨ। ਮੈਂ ਖੁਦ ਦੋਹਾਂ ਲਹਿਰਾਂ ਦਾ ਰੱਜ ਕੇ ਸ਼ੁਦਾਈ ਹਾਂ, ਪਰ ਮੇਰੇ ਲਈ ਪਾਸ਼ ਪੰਜਾਬੀ ਦਾ ਚੋਟੀ ਦਾ ਕਵੀ ਨਹੀਂ, ਸਗੋਂ ਆਧੁਨਿਕ ਕਾਵਿ ਦਾ ਵਾਰਸ ਸ਼ਾਹ ਹੈ, ਉੱਥੇ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਦਾ ਵੀ ਕਾਇਲ ਹਾਂ। ਪਾਸ਼ ਅਤੇ ਜਰਨੈਲ ਸਿੰਘ ਦੋਵੇਂ ਲੋਕਾਂ ਲਈ ਸ਼ਹੀਦ ਹੋਏ। ਪਾਸ਼ ਨੂੰ ਮਾਰਣ ਵਾਲੇ ਖਾੜਕੂ ਨਹੀਂ ਸਨ, ਭਾੜੇ ਦੇ ਟੱਟੂ ਸਨ, ਜਾਂ ਦੋਹਾਂ ਲਹਿਰਾਂ ਵਿਚ ਪਾੜ ਪਾਉਣ ਲਈ ਯਤਨਸ਼ੀਲ ਲੋਕ, ਜੋ ਪੰਜਾਬੀਆਂ ਵਿਚ ਫੁੱਟ ਪਵਾਉਣ ਤੇ ਤੁਲੇ ਸਨ, ਅਤੇ ਅੱਜ ਵੀ ਅਜਿਹੀਆਂ ਕਾਲੀਆਂ ਭੇਡਾਂ ਸਾਡੇ ਵਿਚ ਹਨ, ਜੋ ਬਲਵੰਤ ਸਿੰਘ ਰਾਜੋਆਣੇ ਦੇ ਨਾਂ ਤੇ ਪੰਥ ਦੇ ਨਾਂ ਸ਼ੰਦੇਸ਼ ਅਖਬਾਰਾਂ ਵਿਚ ਛਪਵਾਈ ਜਾਂਦੇ ਹਨ, ਅਤੇ ਇਨ੍ਹਾਂ ਰਾਹੀਂ ਬਲਵੰਤ ਰਾਜੋਆਣੇ ਅਤੇ ਜਗਤਾਰ ਹਵਾਰੇ ਵਿਚਕਾਰ ਮੱਤਭੇਦ ਦਿਖਾ ਕੇ ਦੋਹਾਂ ਨੂੰ ਵੱਖ-ਵੱਖ ਰਾਜਸੀ ਦਲਾਂ ਨਾਲ ਜੋੜ ਕੇ ਗੰਧਲੀ ਅਤੇ ਧੁੰਦਲੀ ਸਿਆਸਤ ਖੇਡ ਰਹੇ ਹਨ। ਮੈਂ ਖੁਦ ਦੇਰ ਤੋਂ ਮਾਰਕਸਵਾਦੀ ਸੋਚ ਦਾ ਆਸ਼ਕ ਰਿਹਾ ਹਾਂ ਪਰ ਡੀæਆਰæਅਰਸ਼ੀ (ਪੀæਸੀæਐਸ਼/ਆਈæਏæਐਸ) ਦੀ ਕਿਤਾਬ ਜਾਂਬਾਜ਼ ਯੋਧਾ (ਸੰਤ ਭਿੰਡਰਾਂਵਾਲੇ) ਪੜ੍ਹ ਕੇ ਮੈਂ ਖਾੜਕੂ ਲਹਿਰ ਦਾ ਵੀ ਆਸ਼ਕ ਹੋ ਗਿਆ ਅਤੇ ਕੰਵਲ ਨੂੰ ਮੈਂ ਵੀ ਕਾਫ਼ੀ ਦੇਰ ਤੱਕ ਭਈਆਂ ਵਿਰੁੱਧ ਬਿਆਨਬਾਜ਼ੀ ਕਰਨ ਵਾਲਾ ਸਮਝਦਾ ਰਿਹਾ, ਪਰ ਮੇਰੁ ਦੀਰਘ, ਸੂਖਮ ਅਤੇ ਵਿਸ਼ਾਲ ਅਧਿਐਨ ਨੇ ਮੇਰੀਆਂ ਅੱਖਾਂ ਤੋਂ ਦੇਰ ਤੋਂ ਪਈ ਧੁੰਦ ਅਤੇ ਧੂੰਆਂ ਸਾਫ਼ ਕੀਤਾ। ਮੈਂ ਵੀ ਸੋਚਦਾ ਸੀ, ਕਿ ਜੇਕਰ ਸਾਡੇ ਪੰਜਾਬੀ ਦੂਜੇ ਦੇਸ਼ਾਂ (ਖਾਸ ਕਰਕੇ ਕੈਨੇਡਾ) ਵਿਚ ਜਾ ਕੇ ਉੱਥੇ ਸੁੱਖ-ਸਹੂਲਤਾਂ ਮਾਣ ਸਕਦੇ ਹਨ, ਫਿਰ ਭਈਏ ਸਾਡੇ ਪੰਜਾਬ ਵਿਚ ਆ ਕੇ ਕਿਉਂ ਨਹੀਂ ਰਹਿ ਸਕਦੇ? ਜੇਕਰ ਉੱਜਲ ਦੁਸਾਂਝ ਕੈਨੇਡਾ ਵਿਚ ਜਾ ਕੇ ਪ੍ਰੀਮੀਅਰ ਬਣ ਸਕਦਾ ਹੈ ਤਾਂ ਕੋਈ ਭਈਆ ਸਾਡੇ ਪੰਜਾਬ ਵਿਚ ਮੁੱਖ ਮੰਤਰੀ ਬਣਨ ਦੀ ਗੱਲ ਤਾਂ ਦੂਰ, ਕਿਸੇ ਵੋਟਾਂ ਵਿਚ ਖੜੇ, ਅਸੀਂ ਸਹਿਣ ਨਹੀਂ ਕਰ ਸਕਦੇ?
ਪਰ ਇਥੇ ਅਸੀਂ ਇਹ ਭੁੱਲ ਕਰਦੇ ਹਾਂ ਕਿ ਕੈਨੇਡਾ ਅਤੇ ਪੰਜਾਬ ਦੀ ਤੁਲਨਾ ਅਸੀਂ ਕਿਸ ਆਧਾਰ ਤੇ ਕਰ ਰਹੇ ਹਾਂ? ਕੈਨੇਡਾ ਇਕ ਮਿਸ਼ਰਤ ਕੌਮਾਂ ਦਾ ਦੇਸ਼ ਹੈ, ਜਿਸ ਦਾ ਕੋਈ ਪੁਰਾਣਾ ਇਤਿਹਾਸ ਨਹੀਂ ਹੋਣ ਕਰਕੇ ਕਿਸੇ ਇਕ ਕੌਮ ਦਾ ਇਸ ਤੇ ਦਾਅਵਾ ਨਹੀਂ। ਇਸ ਲਈ ਜੇਕਰ ਯੂਰਪੀ ਲੋਕ ਇਥੇ ਜਾ ਕੇ ਵਸ ਸਕਦੇ ਹਨ, ਤਾਂ ਪੰਜਾਬੀਆਂ ਨੂੰ ਵੀ ਉੱਥੇ ਜਾ ਕੇ ਉਸ ਦੇਸ਼ ਦੇ ਵਿਕਾਸ ਅਤੇ ਵਸੋਂ ਵਿਚ ਵਾਧਾ ਕਰਨ ਦਾ ਹੱਕ ਹੈ। ਕੈਨੇਡਾ ਵਿਚ ਵਸੋਂ ਅਤੇ ਵਿਕਾਸ ਦੋਹਾਂ ਦੀ ਲੋੜ ਹੈ। ਪੰਜਾਬ ਵਿਚ ਵਸੋਂ ਤਾਂ ਪਹਿਲਾਂ ਹੀ ਕਰੋੜਾਂ ਵਿਚ ਹੈ। ਵਿਕਾਸ ਦੀ ਘਾਟ ਦਾ ਕਾਰਣ ਮਾਨਵੀ ਸਰੋਤਾਂ ਦੀ ਘਾਟ ਨਹੀਂ, ਰਾਜਸੀ ਪਹਿਲ ਅਤੇ ਪ੍ਰਤੀਬੱਧਤਾ ਦੀ ਕਮੀ ਹੈ। ਵਿਕਾਸ ਦੀ ਪਰਿਭਾਸ਼ਾ ਉਦਯੋਗੀਕਰਨ ਨਹੀਂ, ਨਾ ਹੀ ਅੰਨ੍ਹੇਵਾਹ ਜ਼ਮੀਨ ਨਾਲ ਧੱਕਾ ਹੈ, ਜਿਵੇਂ ਹਰੀ ਕ੍ਰਾਂਤੀ ਦੇ ਨਾਂ ਹੇਠ ਪੰਜਾਬ ਨਾਲ ਕਰਕੇ, ਕੀਟ-ਨਾਸ਼ਕਾਂ, ਨਦੀਨ-ਨਾਸ਼ਕਾਂ ਅਤੇ ਹੋਰ ਰਸਾਇਣਾਂ ਅਤੇ ਰਸਾਇਣਿਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਜ਼ਮੀਨ ਦੀ ਤਬਾਹੀ ਹੈ। ਵਿਕਾਸ ਦੇ ਅਰਥ ਸਮਾਜਿਕ ਨਾਬਰਾਬਰੀ ਨੂੰ ਖਤਮ ਕਰਕੇ ਸੰਤੁਲਤ ਵਿਕਾਸ ਕਰਨਾ ਹੈ। ਪੰਜਾਬ ਵਿਚ ਪੈਸੇ ਦੀ ਕਮੀ ਨਹੀਂ, ਪਰ ਇਸ ਦਾ ਵਧੇਰੇ ਹਿੱਸਾ ਅਮੀਰਾਂ, ਨੇਤਾਵਾਂ ਅਤੇ ਉਦਯੋਗਪਤੀਆਂ ਕੋਲ ਹੋਣ ਕਰਕੇ ਵਿਕਾਸ ਦੇ ਨਾਂ ਤੇ ਇਸ ਪੈਸੇ ਨੂੰ ਹੋਰ ਤੇਜ਼ੀ ਨਾਲ ਅਤੇ ਹੋਰ ਵੱਧ ਮਾਤਰਾ ਵਿਚ ਗਰੀਬਾਂ ਦੀ ਲੁੱਟ ਕਰਕੇ ਅਮੀਰਾਂ ਦੀਆਂ ਝੋਲੀਆਂ ਭਰਨ ਵੱਲ ਸੇਧਤ ਹੈ। ਵਿਕਾਸ ਦੇ ਨਾਂ ਤੇ ਉਦਯੋਗ ਸਥਾਪਤ ਕਰਕੇ ਨਿੱਜੀ ਨੌਕਰੀਆਂ ਪੈਦਾ ਕਰਕੇ ਸਰਕਾਰੀ ਨੌਕਰੀਆਂ ਤੇ ਕਾਟਾ ਫੇਰ ਕੇ ਸਰਕਾਰ ਆਮ ਲੋਕਾਂ ਭਾਵ ਬਹੁਗਿਣਤੀ ਦੀ ਆਮਦਨ ਵਿਚ ਵੱਡੀ ਕਟੌਤੀ ਕਰਕੇ ਉਦਯੋਗਪਤੀਆਂ ਦੇ ਖਜ਼ਾਨੇ ਭਰਨ ਲੱਗੀ ਹੈ। ਕੀ ਇਹ ਵਿਕਾਸ ਹੈ? ਪੂੰਜੀਵਾਦ ਇਸੇ ਵਿਨਾਸ਼ ਨੂੰ ਵਿਕਾਸ ਦਾ ਨਾਮ ਦਿੰਦਾ ਹੈ, ਅਤੇ ਇਸੇ ਖ਼ਿਲਾਫ਼ ਮਾਓਵਾਦੀ ਲੜ ਰਹੇ ਹਨ ਅਤੇ ਇਸੇ ਖ਼ਿਲਾਫ਼ ਨਕਸਲੀ ਲੜ ਰਹੇ ਸਨ ਅਤੇ ਇਸੇ ਖ਼ਿਲਾਫ਼ ਭਗਤ ਸਿੰਘ ਨੇ ਸ਼ਹਾਦਤ ਦਿੱਤੀ ਸੀ, ਭਾਵੇਂ ਕਿ ਅੱਜ ਉਸਦੀ ਸ਼ਹਾਦਤ ਨੂੰ ਦੇਸ਼ ਦੀ ਆਜ਼ਾਦੀ ਲਈ ਲੜਾਈ ਤੱਕ ਸੀਮਤ ਕਰਕੇ ਉਸਦੀ ਵਿਚਾਰਧਾਰਾ ਨੂੰ ਹੀ ਖਤਮ ਕੀਤਾ ਜਾਂਦਾ ਹੈ, ਜਦੋਂ ਕਿ “ਕਾਲੇ ਅੰਗਰੇਜ਼ਾਂ” ਖ਼ਿਲਾਫ਼ ਯੁੱਧ ਵਿੱਢਣ ਦੀ ਗੱਲ ਸਭ ਤੋਂ ਪਹਿਲਾਂ ਉਸੇ ਨੇ ਕੀਤੀ ਸੀ। ਇਹੀ ਮਾਰਕਸਵਾਦੀ ਸਿਧਾਂਤ ਅਤੇ ਵਿਚਾਰਧਾਰਾ ਹੈ, ਅਤੇ ਪੂੰਜੀਵਾਦ ਜਦੋਂ ਆਮ ਇਨਸਾਨ ਨੂੰ ਉਸ ਦੇ ਪੱਧਰ ਦਾ ਕੰਮ ਦੇਣ ਦੀ ਥਾਂ ਉਨ੍ਹਾਂ ਨੂੰ ਮਜਦੂਰੀ ਤੱਕ ਸੀਮਤ ਕਰਕੇ ਕੁਸ਼ਲ ਅਤੇ ਪੜ੍ਹੇ ਲਿਖੇ ਲੋਕਾਂ ਨੂੰ ਗੈਰ-ਕੁਸ਼ਲ ਕਾਮਿਆਂ ਵਿਚ ਬਦਲਣ ਦਾ ਯਤਨ ਕਰਦਾ ਹੈ ਤਾਂ ਕਿਹੜਾ ਪੰਜਾਬੀ ਕੰਮ ਕਰੇਗਾ? ਇਸ ਹਾਲਤ ਵਿਚ ਅਸੀਂ ਪੰਜਾਬੀਆਂ ਨੂੰ ਕੰਮ ਚੋਰ ਕਹਿ ਦਿੰਦੇ ਹਨ, ਪਰ ਅਸਲੀਅਤ ਸਮਝਣ ਦਾ ਯਤਨ ਨਹੀਂ ਕਰਦੇ। ਫਿਰ ਇਹੀ ਕੰਮ ਕਰਨ ਲਈ ਭਈਆਂ ਦੀ ਮਦਦ ਲਈ ਜਾਂਦੀ ਹੈ। ਹੁਣ ਸਵਾਲ ਉੱਠਦਾ ਹੈ ਕੌਮੀਅਤ ਅਤੇ ਸਿੱਖੀ ਦੇ ਸਵਾਲ ਦਾ। ਗੱਲ ਕੱਟੜਤਾ ਦੀ ਨਹੀਂ, ਗੱਲ ਕੌਮੀਅਤ ਦੀ ਹੈ, ਭਾਈਚਾਰੇ ਦੀ ਹੈ। ਪੰਜਾਬ ਵਿਚ ਸਿੱਖ ਬਹੁਗਿਣਤੀ ਹਨ, ਅਤੇ ਇਸੇ ਲਈ ਘੱਟੋ-ਘੱਟ ਪੰਜਾਬ ਨੂੰ ਸਿੱਖਾਂ ਲਈ ਸੁਰੱਖਿਅਤ ਮੰਨਿਆਂ ਜਾਂਦਾ ਹੈ, ਨਹੀਂ ਤਾਂ ਦਿੱਲੀ ਵਿਚ 84 ਦੌਰਾਨ ਕੀ ਹੋਇਆ, ਤੇ ਕਿਉਂ ਹੋਇਆ, ਦੁਹਰਾਉਣ ਦੀ ਲੋੜ ਨਹੀਂ। ਭਈਆਂ ਦੀ ਆਮਦ ਅਤੇ ਪੰਜਾਬ ਵਿਚ ਵੀ ਪੱਛਮੀ ਮੀਡੀਆ ਅਤੇ ਹੋਰ ਅਸਰਾਂ ਕਰਕੇ ਸਿੱਖੀ ਦੇ ਪਤਨ/ਖਾਤਮੇ ਨਾਲ ਕੌਮ ਦਾ ਖਾਤਮਾ ਇਕ ਬਦਸ਼ਗਨੀ ਹੈ। ਕੌਮੀਅਤ ਦਾ ਸਵਾਲ ਸੂਖਮ ਹੈ, ਇਸ ਨੂੰ ਕਿਸੇ ਖਾਸ ਧਰਮ ਨਾਲ ਜੋੜ ਕੇ ਦੇਖਣਾ ਗ਼ਲਤੀ ਹੋਵੇਗੀ। ਖੁਸ਼ਵੰਤ ਸਿੰਘ ਆਪਣੇ ਆਪ ਨੂੰ ਨਾਸਤਕ ਕਹਿੰਦਾ ਹੈ, ਪਰ ਪੱਗ ਕਿਉਂ ਬੰਨ੍ਹਦਾ ਹੈ? ਵਧੇਰੇ ਕਾਮਰੇਡ ਦੋਸਤ ਪੱਗੜੀਧਾਰੀ ਹਨ, ਕਿਉਂ?
ਕੈਨੇਡਾ ਵਿਚ ਸਿੱਖਾਂ ਦੇ ਜਾਣ ਨਾਲ ਕੈਨੇਡਾਵਾਸੀਆਂ ਦੀ ਕੌਮੀਅਤ ਨੂੰ ਖ਼ਤਰਾ ਨਹੀਂ, ਪਰ ਪੰਜਾਬ ਵਿਚ ਭਈਆਂ ਦੀ ਆਮਦ ਨਾਲ ਸਿੱਖ ਕੌਮ ਹੋਰ ਖ਼ਤਰਿਆਂ ਵਿਚ ਘਿਰਦੀ ਹੈ, ਕਿਉਂਕਿ ਭਾਰਤ ਵਿਚ ਸਿੱਖ ਘੱਟ ਗਿਣਤੀ ਹਨ। ਇੰਦਰਜੀਤ ਕਾਲਾਸੰਘਿਆਂ ਨੇ ਕੰਵਲ ਤੇ ਹਿੰਦੂ ਕੌਮ ਦੀ ਵਿਰੋਧਤਾ ਕਰਨ ਦਾ ਦੋਸ਼ ਮੜ੍ਹਿਆ ਹੈ। ਮੈਂ ਕੰਵਲ ਦੀ ਸਮੁੱਚੀ ਵਾਰਤਕ ਪੜ੍ਹੀ ਹੈ। ਕੀ ਮੇਰਾ ਵੀਰ ਮੈਨੂੰ ਉਸ ਕਿਤਾਬ ਦਾ ਨਾਮ ਅਤੇ ਪੰਨਾ ਨੰਬਰ ਦੱਸਣ ਦੀ ਖ਼ੇਚਲ ਕਰੇਗਾ?

