By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਲੱਦ ਚੁੱਕੇ ਹਨ ਸ਼ਹਿਨਸ਼ਾਹੀਆਂ ਦੇ ਦਿਨ -ਹਰੀਸ਼ ਖਰੇ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਲੱਦ ਚੁੱਕੇ ਹਨ ਸ਼ਹਿਨਸ਼ਾਹੀਆਂ ਦੇ ਦਿਨ -ਹਰੀਸ਼ ਖਰੇ
ਨਜ਼ਰੀਆ view

ਲੱਦ ਚੁੱਕੇ ਹਨ ਸ਼ਹਿਨਸ਼ਾਹੀਆਂ ਦੇ ਦਿਨ -ਹਰੀਸ਼ ਖਰੇ

ckitadmin
Last updated: July 26, 2025 9:01 am
ckitadmin
Published: June 8, 2015
Share
SHARE
ਲਿਖਤ ਨੂੰ ਇੱਥੇ ਸੁਣੋ

ਵਰਤਾਰਾ ਬੜਾ ਪੁਰਾਣਾ ਹੈ। ਦੋ ਸਦੀਆਂ ਪਹਿਲਾਂ ਐਡਮੰਡ ਬਰਕ ਨੇ ਵਾਰੈੱਨ ਹੇਸਟਿੰਗਜ਼ ਦੇ ਕੇਸ ਵਿੱਚ ਪਹਿਲੀ ਵਾਰ ਬੜੀ ਬੇਕਿਰਕੀ ਨਾਲ ਇਸ ਬਾਰੇ ਚੀਰ-ਫਾੜ ਕੀਤੀ ਸੀ। ਬਰਕ ਨੇ ਨਾ ਸਿਰਫ ਹੇਸਟਿੰਗਜ਼ ਉੱਤੇ ਆਪਣੇ ਦਫ਼ਤਰ ਦੀ ਦੁਰਵਰਤੋਂ ਦਾ ਦੋਸ਼ ਲਾਇਆ ਸੀ, ਸਗੋਂ ”ਹਜ਼ਾਰਾਂ ਕਸੀਦਾਕਾਰ” ਭਾੜੇ ਉੱਤੇ ਲੈਣ ਦੇ ਦੋਸ਼ ਵੀ ਲਾਏ ਸਨ ਜਿਹੜੇ ਈਸਟ ਇੰਡੀਆ ਕੰਪਨੀ ਦੇ ਸਰਬਰਾਹ (ਹੇਸਟਿੰਗਜ਼) ਵੱਲੋਂ ਭਾਰਤ ਵਿੱਚ ਢਾਹੇ ਜਾ ਰਹੇ ਜ਼ੁਲਮਾਂ ਤੇ ਅੱਤਿਆਚਾਰਾਂ ਨੂੰ ਜਾਇਜ਼ ਤੇ ਸਹੀ ਸਾਬਤ ਕਰਨ। ਦੋ ਸਦੀਆਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਹਜ਼ਾਰਾਂ ਤੋਂ ਵੀ ਕਿਤੇ ਵੱਧ, ਆਪਣੇ ਆਪ ਭਾੜੇ ‘ਤੇ ਚੜ੍ਹੇ ਕਸੀਦਾਕਾਰ ਨਰਿੰਦਰ ਮੋਦੀ ਦੇ ਬਤੌਰ ਪ੍ਰਧਾਨ ਮੰਤਰੀ ਇਕ ਸਾਲ ਮੁਕੰਮਲ ਹੋਣ ‘ਤੇ ਇੱਕ-ਦੂਜੇ ਤੋਂ ਵਧ-ਚੜ੍ਹ ਕੇ ਕਸੀਦਾਗੋਈ ਲਈ ਦੌੜ ਲਾ ਰਹੇ ਹਨ। ਮੋਦੀ ਦੇ ਕਾਰਜ ਕਾਲ ਦੇ ਅੰਤਰ-ਵਿਰੋਧਾਂ ਉੱਤੇ ਪਰਦਾ ਪਾਉਣ ਲਈ ਹਰ ਸੰਭਵ ਪ੍ਰਭਾਵੀ ਕਸੀਦਾਕਾਰ ਲੱਭਿਆ ਗਿਆ ਹੈ। ਮੁਲਕ ਦੀ ਬਹੁਤ ਸਾਰੀ ਤਾਕਤ ਇਨ੍ਹਾਂ ਫ਼ਰਜ਼ੀ ਸ਼ੁਭ ਕਾਮਨਾਵਾਂ ਉੱਤੇ ਲਾ ਦਿੱਤੀ ਗਈ ਹੈ। ਫਿਰ ਵੀ ਕੋਈ ਵੀ ਸ਼ਖ਼ਸ, ਪ੍ਰਧਾਨ ਮੰਤਰੀ ਨੂੰ ਇਹ ਦੱਸਣ ਲਈ ਤਿਆਰ ਨਹੀਂ ਕਿ ਮੋਦੀ ਵਾਲਾ ਮਹਾਤਮ ਤਾਂ ਚਿਰਾਂ ਦਾ ਖ਼ਤਮ ਹੋ ਚੁੱਕਾ ਹੈ।

2014 ਵਾਲੀ ਚੁਣਾਵੀ ਜਿੱਤ ਇਕ ਖ਼ਾਸ ਵਕਤ ਵਿੱਚ ਅਤੇ ਤੌਖ਼ਲਿਆਂ ਤੇ ਗੁੱਸੇ ਨਾਲ ਭਰੇ ਭਾਵੁਕ ਦੌਰ ਦੌਰਾਨ ਹੋਈ ਸੀ। ਦਰਅਸਲ, ਹਰ ਜਮਹੂਰੀ ਫ਼ਰਮਾਨ ਇਸ ਦੇ ਖ਼ਾਸ ਪ੍ਰਸੰਗ ਵਿੱਚ ਹੀ ਸਮਝਿਆ ਜਾ ਸਕਦਾ ਹੈ ਅਤੇ ਜਿੱਤ ਆਪਣੇ ਆਪ ਹੀ ਪ੍ਰਸੰਗ ਨੂੰ ਬਦਲ ਦਿੰਦੀ ਹੈ। ਇਹ ਜੇਤੂ ਧਿਰ ਨੂੰ ਚੁਣਾਵੀ ਲੜਾਈ ਦੌਰਾਨ ਸਾਹਮਣੇ ਆਈ ਕੁੜਿੱਤਣ ਨੂੰ ਪਿੱਛੇ ਛੱਡ ਕੇ ਅਗਲਾ ਕਦਮ ਉਠਾਉਣ ਦੀ ਜ਼ਿੰਮੇਵਾਰੀ ਨਿਭਾਉਣ ਦਾ ਫ਼ਰਜ਼ ਯਾਦ ਕਰਵਾਉਂਦੀ ਹੈ ਤਾਂ ਕਿ ਸੰਵਿਧਾਨ ਦੇ ਘੇਰੇ ਵਿੱਚ ਰਹਿੰਦਿਆਂ ਅਤੇ ਸਿਆਸੀ ਨਫ਼ਾਸਤ ਦਾ ਇਜ਼ਹਾਰ ਕਰਦਿਆਂ ਗੱਲ ਅਗਾਂਹ ਤੁਰੇ।

 

 

ਮੋਦੀ ਨੇ ਇਹ ਪੜਾਅ ਅਜੇ ਪਾਰ ਨਹੀਂ ਕੀਤਾ ਹੈ। ਉਹ ਇਸ ਪੜਾਅ ਨੂੰ ਪਾਰ ਕਰਨ ਤੋਂ ਆਰੀ ਹੀ ਜਾਪਦੇ ਹਨ, ਉਹ ਅਤੀਤ ਵਾਲੀ ਕੁੜਿੱਤਣ ਤਿਆਗਣ ਲਈ ਤਿਆਰ ਹੀ ਨਹੀਂ ਹਨ। ਇਸ ਦੀ ਥਾਂ ਸਗੋਂ ਉਹ ਰੋਜ਼ ਸਵੇਰੇ ਤਿੱਖੇ ਕੀਤੇ ਖੰਜਰ ਨਾਲ ਨਵਾਂ ਸ਼ਿਕਾਰ ਝਟਕਾਉਣ ਲਈ ਤਤਪਰ ਦਿਸਦੇ ਹਨ ਅਤੇ ਬੜੀ ਤਸੱਲੀ ਤੇ ਖ਼ੁਸ਼ੀ ਨਾਲ ਇਸ ਨੂੰ ਵਰਤਦੇ ਵੀ ਹਨ।

ਮੋਦੀ ਦੀ ਮੱਲ੍ਹਮ ਵਿਚਲਾ ਰੋਗ, ਪ੍ਰਧਾਨ ਮੰਤਰੀ ਦਾ ਆਪਣਾ ਹੀ ਸਿਆਸੀ ਕਿਰਦਾਰ ਹੈ। ਇਹ ਉਹੀ ਸਿਆਸੀ ਕਿਰਦਾਰ ਹੈ ਜਿਹੜਾ ਆਹਿਸਤਾ ਆਹਿਸਤਾ ਅਤੇ ਪੂਰੀ ਜ਼ਿੱਦ ਨਾਲ ਟਕਰਾਅ ਵਾਲੇ ਮਾਹੌਲ ਵਿੱਚ ਵਿਗਸਿਆ ਤੇ ਇਸ ਦੀ ਸ਼ੁਰੂਆਤ ਗੁਜਰਾਤ ਵਿੱਚ 2002 ਦੌਰਾਨ ਮੁਸਲਿਮ-ਵਿਰੋਧੀ ਕਤਲੇਆਮ ਨਾਲ ਹੋਈ ਸੀ। ਪੂਰਾ ਇਕ ਦਹਾਕਾ ਇਸ ਹਿੰਸਾ ਨਾਲ ਜੁੜੀਆਂ ਯਾਦਾਂ ਤੇ ਇਸ ਦੇ ਮਕਸਦ ਨੇ ਉਨ੍ਹਾਂ ਦੇ ਸਿਆਸੀ ਕਿਰਦਾਰ ਨਾਲ ਸਪਸ਼ਟ ਡਰ ਵੀ ਜੋੜ ਦਿੱਤਾ। ਉਹ ਪਹਿਲਾਂ ਅਟਲ ਬਿਹਾਰੀ ਵਾਜਪਾਈ ਨਾਲ ਵਿਵਾਦ ਵਿੱਚ ਆਏ ਅਤੇ ਫਿਰ ਬੜੀ ਬੇਕਿਰਕੀ ਨਾਲ ਆਪਣੇ ਮੁਰਸ਼ਦ ਤੇ ਸਰਪ੍ਰਸਤ ਲਾਲ ਕ੍ਰਿਸ਼ਨ ਅਡਵਾਨੀ ਸਾਹਵੇਂ ਖਲੋ ਕੇ ਤਲਵਾਰ ਸੂਤ ਲਈ ਅਤੇ ਉਨ੍ਹਾਂ ਨੂੰ ਖਦੇੜ ਦਿੱਤਾ। ਫਿਰ ਆਪਣੀ ਹੀ ਪਾਰਟੀ ਦੀਆਂ ਦਬੀੜਾਂ ਲੁਆਉਣ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ, ਉਸ ਦੀ ਲੀਡਰਸ਼ਿਪ ਤੇ ਸਰਕਾਰ ਖਿਲਾਫ਼ ਜੰਗ ਛੇੜੀ। ਇਹ ਜੰਗ ਅੰਨ੍ਹੇਵਾਹ ਲੜੀ ਗਈ, ਪਰ ਇਸ ਨਾਲ ਉਨ੍ਹਾਂ ਨੂੰ ਤਕੜੀ ਚੁਣਾਵੀ ਜਿੱਤ ਹਾਸਲ ਹੋਈ। ਉਨ੍ਹਾਂ ਦੇ ਇਸ ਬੇਲਗਾਮ ਮਾਰਖੁੰਡੇਪਣ ਦੀ 2014 ਵਿਚ ਪੂਰੀ ਚੜ੍ਹ ਮੱਚੀ; ਹੁਣ ਸਾਲ ਬਾਅਦ ਉਨ੍ਹਾਂ ਦਾ ਇਹੀ ਨਿਆਰਾਪਣ ਗ਼ੈਰ-ਆਕਰਸ਼ਕ ਹੋ ਗਿਆ ਹੈ।

ਜਿਵੇਂ ਸਾਡੇ ਸਮਿਆਂ ਦੇ ਮਹਾਨ ਸਿਆਸੀ ਸਿਧਾਂਤਕਾਰ ਅੰਤੋਨੀਓ ਗ੍ਰਾਮਸ਼ੀ ਦਾ ਕਹਿਣਾ ਹੈ, ਹਰ ਸੱਤਾ ਧਿਰ ‘ਬੌਧਿਕ ਤੇ ਨੈਤਿਕ ਲੀਡਰਸ਼ਿਪ’ ਦੀ ਪਾਲਣਾ ਦੀ ਪਾਬੰਦ ਹੁੰਦੀ ਹੈ। ਸੱਤਾ ਧਿਰ, ਖ਼ਾਸ ਕਰਕੇ ਜਮਹੂਰੀ ਨਿਜ਼ਾਮ ਵਿੱਚ, ਸੰਕੋਚਵਾਨ ਨਾਗਰਿਕਾਂ ਤੋਂ ਵਾਰ ਵਾਰ ਸਹਿਮਤੀ ਅਤੇ ਆਗਿਆ ਹਾਸਲ ਕਰਨ ਲਈ ਪਾਬੰਦ ਹੁੰਦੀ ਹੈ। ਅੱਜ ਦੇ ਸ਼ਾਸਕਾਂ ਨੇ ਕੌਮੀ ਸਵਾਲ ਅਤੇ ਸੰਵਾਦ ਦੀ ਦਿਸ਼ਾ ‘ਤੇ ਸਹਿਮਤੀ ਕੰਟਰੋਲ ਕਰਨ ਦੀ ਅਹਿਮੀਅਤ ਦਾ ਭੇਤ ਪਾ ਲਿਆ ਹੈ। ਜਿਹੜੇ ਨਿਜ਼ਾਮ ਇਹ ਸਭ ਕਾਰਗਰ ਢੰਗ ਨਾਲ ਨੇਪਰੇ ਚਾੜ੍ਹਦੇ ਹਨ, ਉਹ ਖ਼ੁਸ਼ਹਾਲੀ ਦਾ ਰਾਹ ਖੋਲ੍ਹ ਲੈਂਦੇ ਹਨ। ਜਿਹੜੇ ਅਜਿਹਾ ਕਰਨ ਵਿੱਚ ਨਾਕਾਮਯਾਬ ਰਹਿੰਦੇ ਹਨ, ਉਨ੍ਹਾਂ ਨੂੰ ਫਿਰ ਖਾਮਿਆਜ਼ਾ ਭੁਗਤਣਾ ਪੈਂਦਾ ਹੈ। ਮੋਦੀ ਸਰਕਾਰ ਪਿਛਲੀ ਸਰਕਾਰ ਵਾਲੀਆਂ ਗ਼ਲਤੀਆਂ ਨਾ ਦੁਹਰਾਉਣ ਲਈ ਕੁਝ ਜ਼ਿਆਦਾ ਹੀ ਦ੍ਰਿੜ੍ਹ ਜਾਪਦੀ ਹੈ। ਲਿਹਾਜ਼ਾ, ਪ੍ਰਧਾਨ ਮੰਤਰੀ ਖੁਦ ਸਭ ਤੋਂ ਵੱਡਾ ਧੂਤੂ ਵਜਾਉਣਾ ਆਪਣੀ ਸ਼ਾਨ ਮੰਨ ਰਹੇ ਹਨ।

ਕਿਸੇ ਵੀ ਕੌਮੀ ਕਾਰਜਪਾਲਿਕਾ ਨੂੰ ਸ਼ੋਰੀਲੇ ਨਾਅਰਿਆਂ ਤੇ ਭਾਸ਼ਨਾਂ ਨੂੰ ਕਾਰਗਰ ਸ਼ਾਸਨ ਦੀ ਸਮਰੱਥਾ ਨਾਲ ਰਲ-ਗੱਡ ਕਰਨ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ। ਮੋਦੀ ਕਿਉਂਕਿ ਇਹ ਫ਼ਰਕ ਕਰਨ ਤੋਂ ਵੀ ਇਨਕਾਰੀ ਹਨ, ਇਸ ਲਈ ਉਹ ਅਤੇ ਉਨ੍ਹਾਂ ਦੀ ਸਰਕਾਰ, ਸ਼ਾਸਨ ਦੇ ਸਾਧਨਾਂ ਤੇ ਤਰੀਕਾਕਾਰੀ ਨੂੰ ਸੁਰਜੀਤ ਕਰਨ ਅਤੇ ਉਸ ਵਿੱਚ ਨਵੀਂ ਰੂਹ ਫੂਕਣ ਤੋਂ ਅਸਫਲ ਰਹੇ ਹਨ। ਇਸ ਪ੍ਰਚਾਰ ਨਾਲ ਕੋਈ ਫ਼ਰਕ ਨਹੀਂ ਪੈਣਾ ਕਿ ਉਹ ਗੁਜਰਾਤ ਵਿਚਲੇ ਆਪਣੇ ਕਿਆਮ ਦੌਰਾਨ ਕੰਮ ਕਰਨ ਦੀ ਪਈ ਆਦਤ ਤੋਂ ਮਜਬੂਰ ਹਨ। ਉਨ੍ਹਾਂ ਦਾ ਇਹ ਵਿਸ਼ਵਾਸ ਜਾਪਦਾ ਹੈ ਕਿ ਉਹ ਉਸੇ ਸ਼ਰਧਾ, ਤਾਬੇਦਾਰੀ ਤੇ ਫਰਮਾਬਰਦਾਰੀ ਨਾਲ ਜੁਟੇ ਹੋਏ ਹਨ ਜਿਹੜੀ ਗਾਂਧੀਨਗਰ ਵਿੱਚ ਸੀ; ਪਰ ਨਵੀਂ ਦਿੱਲੀ ਤਾਂ ਗੁਜਰਾਤ ਨਹੀਂ ਹੈ। ਦ੍ਰਿਸ਼ ਬਦਲ ਗਿਆ ਹੈ; ਪਰ ਇਹ ਸ਼ਖ਼ਸ ਨਹੀਂ ਬਦਲਿਆ। ਇਸ ਦਾ ਦੋਸ਼ ਸ਼ਾਇਦ ਉਨ੍ਹਾਂ ਦੇ ਤਜਰਬੇਕਾਰ ਤੇ ਸੀਨੀਅਰ ਮੰਤਰੀ ਸਾਥੀਆਂ ਅਤੇ ਸਾਡੇ ਆਪੂੰ ਬਣੇ ਬੁੱਧੀਜੀਵੀਆਂ ਉੱਤੇ ਹੈ ਜਿਨ੍ਹਾਂ ਨੂੰ ਮੋਦੀ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਜਮਹੂਰੀਅਤ ਵਿਚ ਪ੍ਰਧਾਨ ਮੰਤਰੀ ਚੁਣੇ ਜਾਂਦੇ ਹਨ, ਸਮਰਾਟ ਨਹੀਂ।

ਭਾਰਤ ਦੇ ਸੰਵਿਧਾਨ ਮੁਤਾਬਿਕ ਚੁਣਾਵੀ ਜਿੱਤ, ਕਿਸੇ ਲੀਡਰ ਅਤੇ ਉਸ ਦੀ ਪਾਰਟੀ ਨੂੰ ਭਾਰਤੀ ਹਕੂਮਤ ਚਲਾਉਣ ਦੀ ਤਾਕਤ ਦਿੰਦੀ ਹੈ; ਉਹ ਵੀ ਸੰਵਿਧਾਨਕ ਘੇਰੇ ਦੇ ਅੰਦਰ ਅੰਦਰ। ਸੰਸਦੀ ਬਹੁਮਤ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਕੋਈ ਵੀ ਲੀਡਰ ਵਾਜਬੀਅਤ ਅਤੇ ਜ਼ਬਤ ਦੇ ਢਾਂਚੇ ਤੋਂ ਉਪਰ ਹੋਣ ਬਾਰੇ ਸੋਚ ਵੀ ਨਹੀਂ ਸਕਦਾ। ਕੋਈ ਵੀ ਪ੍ਰਧਾਨ ਮੰਤਰੀ ਸਿਆਸੀ ਸੰਸਥਾਵਾਂ ਅਤੇ ਇਨ੍ਹਾਂ ਵੱਲੋਂ ਸਥਾਪਤ ਕਾਰਜ-ਵਿਧੀਆਂ ਤੋਂ ਉੱਪਰ ਨਹੀਂ ਹੁੰਦਾ। ਮੋਦੀ ਨੂੰ ਵੀ ਇਹ ਸਮਝਣਾ ਪਵੇਗਾ ਕਿ ਘੱਟੋ-ਘੱਟ 1977 ਤੋਂ ਲੈ ਕੇ ਹੁਣ ਤੱਕ ਭਾਰਤ ਦਾ ਸਿਆਸੀ ਲੋਕਾਚਾਰ ਅਤੇ ਰਵਾਇਤਾਂ, ਪਰਮ-ਪ੍ਰਧਾਨਗੀ ਵਾਲੀ ਦਿੱਖ ਤੇ ਦਿਖਾਵੇ ਤੋਂ ਪਾਸੇ ਹੀ ਰਹੀਆਂ ਹਨ।

ਮੋਦੀ ਦੇ ਮਾਮਲੇ ਵਿੱਚ ਐਨ ਇਹੀ ਅੜਿੱਕਾ ਹੈ। ਉਨ੍ਹਾਂ ਦੀ ਸਿਆਸੀ ਸ਼ਖ਼ਸੀਅਤ ਨੇ ਜਿਹੜਾ ਮੋਰਚਾ ਬੰਨਿ੍ਹਆ ਹੈ, ਉਸ ਤੋਂ ਹੁਣ ਉਹ ਦੁਖੀ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਜਵਾਬਦੇਹੀ ਦੇ ਜਮਹੂਰੀ ਨੇਮਾਂ ਵਿਚੋਂ ਲੰਘਣਾ ਪੈਣਾ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੇ ਇਕੱਲਿਆਂ ਹੀ ਮੁਲਕ ਨੂੰ ਕਿਤੇ ਤਬਾਹੀ ਤੋਂ ਬਚਾਅ ਲਿਆ ਹੈ। ਮੰਦੇਭਾਗੀਂ ਆਪੂੰ ਬਣੇ ਕਸੀਦਾਕਾਰਾਂ ਦੇ ਨਾਲ ਨਾਲ ਉਨ੍ਹਾਂ ਦੇ ਸੀਨੀਅਰ ਸਾਥੀਆਂ ਨੇ ਵੀ ਆਤਮ-ਵਡਿਆਈ ਦਾ ਖ਼ਬਤ ਪਾਲ ਲਿਆ ਹੈ। ਹੁਣ ਇਸ ਦੀ ਤਾਂ ਕੋਈ ਸੀਮਾ ਨਹੀਂ ਹੈ ਕਿ ਕੋਈ ਪ੍ਰਧਾਨ ਮੰਤਰੀ ਇਹ ਦਾਅਵਾ ਕਰੇ, ਉਹ ਵੀ ਪਰਦੇਸਾਂ ਵਿੱਚ ਜਾ ਕੇ, ਕਿ ਉਸ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਾਰਤੀ ਲੋਕ ਭਾਰਤ ਵਿਚ ਜਨਮ ਲੈਣ ਤੋਂ ਵੀ ਸ਼ਰਮਿੰਦਾ ਮਹਿਸੂਸ ਕਰਦੇ ਸਨ। ਇਹ ਉਨ੍ਹਾਂ ਦੇ ਸਵੈ-ਖ਼ਬਤ ਦੀ ਇਕ ਮਿਸਾਲ ਹੈ। ਇਹ ਕੋਈ ਜ਼ੁਬਾਨ ਫਿਸਲਣ ਦਾ ਮਾਮਲਾ ਨਹੀਂ ਹੈ। ਕਿਸੇ ਸਿਆਸੀ ਲੀਡਰ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਨਿਕੰਮਾ ਸਾਬਤ ਕਰਨਾ ਹੋਰ ਗੱਲ ਹੈ, ਪਰ ਇਹ ਤਾਂ ਬਿਲਕੁਲ ਹੀ ਉਲਟ ਦਾਅ ਹੈ। ਉਨ੍ਹਾਂ ਨੇ ਤਾਂ ਪ੍ਰਧਾਨ ਮੰਤਰੀ ਰਹਿ ਚੁੱਕੇ ਆਪਣੀ ਹੀ ਪਾਰਟੀ ਦੇ ਚੋਟੀ ਦੇ ਆਗੂ ਅਟਲ ਬਿਹਾਰੀ ਵਾਜਪਾਈ ਨੂੰ ਵੀ ਛੁਟਿਆਇਆ ਹੈ। ਮਹਿਜ਼ ਦਸ ਸਾਲ ਪਹਿਲਾਂ ਸੁਸ਼ਮਾ ਸਵਰਾਜ, ਅਰੁਣ ਜੇਤਲੀ ਤੇ ਵੈਂਕਈਆ ਨਾਇਡੂ ਵਰਗੇ ਮੰਤਰੀ ਸਾਥੀ, ਜਿਹੜੇ ਐੱਨਡੀਏ ਸਰਕਾਰ ਦਾ ਹਿੱਸਾ ਸਨ, ਇਸ ਹੇਠੀ ‘ਤੇ ਰੋਸ-ਰਹਿਤ ਖਾਮੋਸ਼ੀ ਧਾਰਨ ਕਰ ਗਏ। ਇਹ ਡੂੰਘੀ ਬੇਚੈਨੀ ਦੀਆਂ ਹੀ ਅਲਾਮਤਾਂ ਹਨ।

ਮੋਦੀ ਆਪਣੇ ਦਫਤਰ ਦੀ ਸੰਜੀਦਗੀ ਤੇ ਮਰਿਆਦਾ ਬਰਕਰਾਰ ਰੱਖਣ ਦੀ ਥਾਂ ਸਿਆਸੀ ਟਕਰਾਅ ਲਈ ਦ੍ਰਿੜ੍ਹ ਜਾਪਦੇ ਹਨ। ਇਹ ਸਭ ਲੜਨ ਦੀ ਅੱਚਵੀ, ਹਰ ਇੱਕ ਨੂੰ ਖਦੇੜਨ ਅਤੇ ਇੱਟ ਦਾ ਜਵਾਬ ਇੱਟ ਨਾਲ ਦੇਣ ਦੇ ਝੱਸ ਵਰਗਾ ਹੀ ਹੈ।

ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ, ਕਾਂਗਰਸ ਚੋਣਾਂ ਵੇਲੇ ਲੱਗੇ ਫੱਟਾਂ ਤੇ ਪੱਛਾਂ ਦਾ ਇਲਾਜ ਕਰ ਚੁੱਕੀ ਹੈ ਅਤੇ ਇਸੇ ਲਈ ਪ੍ਰਧਾਨ ਮੰਤਰੀ ਨਾਲ ਨਿੱਤ ਦਿਨ ਸਿੰਗ ਫਸਾਈ ਰੱਖਣ ਵਿੱਚ ਖ਼ੁਸ਼ ਹੈ। ਪ੍ਰਧਾਨ ਮੰਤਰੀ ਦੇ ਇਸ ਮਾਰਖੁੰਡੇਪਣ ਨੇ ਸਰਕਾਰ ਦੇ ਕੰਮ-ਕਾਰ ਦੇ ਢੰਗ ਅਤੇ ਸ਼ੈਲੀ ਉੱਤੇ ਮਾੜਾ ਅਸਰ ਪਾਇਆ ਹੈ।

ਨਤੀਜੇ ਵਜੋਂ ਮੁਲਕ ਕਸੂਤਾ ਫਸਿਆ ਪਿਆ ਹੈ। ਭਾਰਤੀ ਸਟੇਟ ਨੂੰ ਕਾਰਜਸ਼ੀਲ, ਕਾਰਗਰ, ਪ੍ਰਚੰਡ ਤੇ ਅਰਥਭਰਪੂਰ ਕਾਰਜਪਾਲਿਕਾ ਦੀ ਜ਼ਰੂਰਤ ਹੈ, ਪਰ ਪ੍ਰਧਾਨ ਮੰਤਰੀ ਦੀ ਸਿਆਸੀ ਸ਼ਖ਼ਸੀਅਤ ਤੇ ਉਨ੍ਹਾਂ ਦਾ ਚੋਣਵਾਂ ਸਟਾਈਲ, ਸੰਜੀਦਾ ਸ਼ਾਸਨ ਦੇ ਕਾਰਜ ਨੂੰ ਭਟਕਾ ਰਿਹਾ ਹੈ। ਪਿਛਲੇ ਇਕ ਸਾਲ ਦੀ ਤਸ਼ਰੀਹ, ਜਿਵੇਂ ਵਾਲਟਰ ਬੈਗਹੌਟ ਦਾ ਕਹਿਣਾ ਹੈ – ਮੰਤਰ ਵੀ ਦਾਗਦਾਰ’ ਵਾਲੀ ਹੋ ਗਈ ਹੈ। ਉਂਜ ਪ੍ਰਧਾਨ ਮੰਤਰੀ ਆਪਣੇ ਮੰਤਰਾਂ ਅਤੇ ਆਪਣੀ ਕਹਿਣੀ ਦੇ ਹੀ ਰੋਅਬ ਮੁਤਾਬਕ ਚੱਲ ਰਹੇ ਹਨ।

ਰਾਜ ਪ੍ਰਬੰਧ ਬੜੇ ਔਖੇ ਦਿਨਾਂ ਵੱਲ ਸਰਕ ਰਿਹਾ ਹੈ, ਐਮਰਜੈਂਸੀ ਤੋਂ ਪਹਿਲਾਂ ਵਾਲੇ ਟਕਰਾਅ ਵਾਲੇ ਯੁੱਗ ਦੀ ਯਾਦ ਤਾਜ਼ਾ ਹੋ ਰਹੀ ਹੈ। ਅਜਿਹੇ ਆਲਮ ਵਿੱਚ ਪ੍ਰਧਾਨ ਮੰਤਰੀ ਨੂੰ ਵਾਜਪਾਈ ਵਾਲੇ ਸੰਜਮ ਤੇ ਸੰਤੁਲਨ ਦੇ ਗੁਣਾਂ ਬਾਰੇ ਦੱਸਣਾ ਭਾਜਪਾ ਦੇ ਸੀਨੀਅਰ ਲੀਡਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸ਼ਿਸਟਤਾ ਅਤੇ ਬੜਬੋਲਾਪਣ ਸਿਆਸੀ ਸਿਆਣਪ ਲਈ ਸਹੀ ਨਹੀਂ। ਕੋਈ ਵੀ ਪ੍ਰਧਾਨ ਮੰਤਰੀ ਸਿਆਸੀ ਜ਼ਬਤ, ਤਰਕਸੰਗਤੀ ਅਤੇ ਸਰਬ ਸਹਿਮਤੀ ਦੀਆਂ ਰਵਾਇਤਾਂ ਨੂੰ ਨਜ਼ਰਅੰਦਾਜ਼ ਕਰਨ ਦੀ ਜ਼ਹਿਮਤ ਨਹੀਂ ਉਠਾ ਸਕਦਾ। ਧੁਰ ਤੱਕ ਵੰਡੇ ਗਏ ਸਮਾਜ ਉੱਤੇ ਵੰਡਪਾਊ ਲੀਡਰ, ਵੰਡਪਾਊ ਢੰਗ-ਤਰੀਕਿਆਂ ਨਾਲ ਰਾਜ ਨਹੀਂ ਚਲਾ ਸਕਦਾ।

‘ਟ੍ਰਿਬਿਊਨ’ ‘ਚੋਂ ਧੰਨਵਾਦ ਸਹਿਤ
ਭਾਰਤੀ ਅੱਤਵਾਦੀ ਅਤੇ ਸ਼ਾਹਰੁਖ਼ ਦੀ ਸਕਿਉਰਿਟੀ -ਮੁਹੰਮਦ ਸ਼ੋਇਬ ਆਦਿਲ
ਪਰਦੇਸਾਂ ਵਿੱਚ ਪੰਜਾਬੀ ਦਾ ਪਰਚਮ – ਗੁਰਬਚਨ ਸਿੰਘ ਭੁੱਲਰ
ਦੇਸ਼ ਕੀ ਬੇਟੀ ‘ਗੀਤਾ’ – ਮਿੰਟੂ ਬਰਾੜ
ਜਿਨ੍ਹਾਂ ਦਾ ਬਚਪਨ ਲੁੱਟਿਆ ਗਿਆ, ਉਹਨਾਂ ਦਾ ਭਵਿੱਖ ਕੀ ਹੋਵੇਗਾ? – ਮਨਦੀਪ
ਮੋਦੀ ਦੇ ਰਾਜ ’ਚ ਵਧ ਰਿਹਾ ਕਿਸਾਨੀ ਸੰਕਟ – ਮੋਹਨ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਵਿਦਿਆਰਥੀਆਂ ਦੀ ਜਥੇਬੰਦਕ ਤਾਕਤ ਨੂੰ ਖੋਰਾ ਲਾਉਣ ਦੇ ਯਤਨ -ਹਰਜਿੰਦਰ ਸਿੰਘ ਗੁਲਪੁਰ

ckitadmin
ckitadmin
January 11, 2016
ਜੰਗ -ਸਚਿੰਦਰਪਾਲ ‘ਪਾਲੀ’
ਸਭ ਰਲ਼ੇ ਕਬੂਤਰ ਨੇ – ਤਨਵੀਰ ਸਿੰਘ ਕੰਗ
`ਜਨਚੇਤਨਾ ` ਅਦਾਰੇ `ਤੇ ਹਿੰਦੂ ਕੱਟੜਵਾਦੀਆਂ ਦੇ ਹਮਲੇ ਦੀ ਚੁਫੇਰਿਉਂ ਨਿਖੇਧੀ
ਇਸ਼ਰਤ ਜਹਾਂ ਕਤਲ ਕੇਸ : ਲੋਕ ਸਿਮਰਤੀ ’ਚੋਂ ਵਿਸਰਿਆ ਗੰਭੀਰ ਮਾਮਲਾ – ਇਮਰਾਨ ਨਿਆਜ਼ੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?