ਬਾਬਾ ਨਜ਼ਮੀ ਸਾਹਿਬ ਆਂਹਦੇ ਨੇ…
ਪਾਇਆ ਢੋਲ ਵਜਾਉਂਦਾ ਕਿਉਂ ਨਹੀਂ
ਆਪਣਾ ਫਰਜ਼ ਨਿਭਾਉਂਦਾ ਕਿਉਂ ਨਹੀਂ
ਲਿਖਦਾ ਕਿਉਂ ਨਈਂ ਸੱਚੇ ਅੱਖਰ?
ਕੋਈ ਸੱਚੇ ਅੱਖਰ ਲਿਖੇ ਨਾ ਲਿਖੇ, ਪਰ ਸੱਚ ਕਹਿਣ ਸੁਣਨ ਦੀ ਜੁਰੱਅਤ ਵਾਲੇ ਸਾਥੀਆਂ ਦੇ ਸਾਥ ਨੇ ਸਾਡੀ ਟੀਮ ਨੂੰ ਸੱਚੇ ਅੱਖਰ ਲਿਖਣ ਦੀ ਹਿੰਮਤ ਬਖਸ਼ੀ ਹੈ . . .
ਆਓ, ਇਹਨਾਂ ਅੱਖਰਾਂ ਦੀ ਉਂਗਲ ਫੜ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਚੱਲਦੇ ਹਾਂ, ਜਿੱਥੇ ਲੌਕਡਾਊਨ ਦੇ ਨਿਯਮ ਸਮਝਾਉਣ ਗਈ ਪੁਲਸ ਨੇ ਮੁਲਜ਼ਮਾਂ ਦੇ ਨਾਲ ਮਜ਼ਲੂਮਾਂ ਨੂੰ ਵੀ ਛੱਲੀਆਂ ਵਾਂਗ ਉਧੇੜ ਸੁੱਟਿਆ, ਕੀ ਬੁੜ੍ਹੀਆਂ, ਕੀ ਕੁੜੀਆਂ, ਕੀ ਜਵਾਕ, ਜੋ ਵੀ ਮੂਹਰੇ ਆਇਆ, ਸਭ ਦੇ ਪੁਲਸੀਆ ਡਾਂਗ ਐਸੀ ਵਰਾਈ ਕਿ ਨੀਲ, ਨਿਸ਼ਾਨ ਇਸ ਤਸ਼ੱਦਦ ਦੀ ਗਵਾਹੀ ਭਰਦੇ ਨੇ। ਸਾਰਾ ਕਹਿਰ ਰੰਘਰੇਟੇ ਗੁਰੂ ਦੇ ਬੇਟਿਆਂ ਦੇ ਟੱਬਰਾਂ ਤੇ ਵਰਪਿਆ।
ਪਿੰਡ ਦੇ ਸਰਪੰਚ ਸ. ਬਿੱਕਰ ਸਿੰਘ ਅਤੇ ਪੀੜਤ ਪਰਿਵਾਰਾਂ ਦੀਆਂ ਔਰਤਾਂ ਨਾਲ ਕੁਝ ਜਾਣਕਾਰਾਂ ਜ਼ਰੀਏ ਟੈਲੀਫੋਨ ਤੇ ਸਾਰੀ ਘਟਨਾ ਦਾ ਵੇਰਵਾ ਲਿਆ, ਗੱਲਬਾਤ ਦੇ ਸਾਰੇ ਸਬੂਤ, ਘਟਨਾ ਦੇ ਵੇਰਵਿਆਂ ਦੇ ਆਡੀਓ ਤੇ ਵੀਡੀਓ ਸਬੂਤ ਵੀ ਸਾਡੇ ਕੋਲ ਮੌਜੂਦ ਹਨ।

11 ਅਪ੍ਰੈਲ ਦੀ ਰਾਤ ਨੂੰ ਖਾਓ ਪੀਓ ਵੇਲੇ ਦਲਿਤਾਂ ਦੇ ਵਿਹੜੇ ਚੌਕੀਂਦਾਰਾਂ ਵਾਲੀ ਗਲੀ ਚ ਕੁਝ ਮੁੰਡੇ ਇਕ ਜਗਾ ਖੜ੍ਹੇ ਸਨ, ਲੌਕਡਾਊਨ ਚ ਕੋਈ ਘਰੋਂ ਬਾਹਰ ਨਾ ਆਵੇ, ਇਹ ਪੁਖਤਾ ਕਰਨ ਲਈ ਗਸ਼ਤ ਕਰਦੀ ਪੁਲਸ ਦੀ ਗੱਡੀ ਆਈ, ਤਾਂ ਮੁੰਡੇ ਦੌੜ ਕੇ ਆਪੋ ਆਪਣੇ ਘਰ ਚਲੇ ਗਏ, ਪੁਲਸ ਮੁਲਾਜ਼ਮ ਮਗਰੇ ਦੌੜੇ ਤੇ ਘਰਾਂ ਦੇ ਅੰਦਰ ਜਾ ਕੇ ਕੁੱਟ ਕੁਟਾਪਾ ਸ਼ੁਰੂ ਕਰ ਦਿੱਤਾ, ਹਰਪ੍ਰੀਤ ਸਿੰਘ ਨਾਮ ਦੇ ਸਾਢੇ ਪੰਦਰਾਂ ਸਾਲਾ ਬੱਚੇ ਦਾ ਪੁਲਸ ਦੀ ਮਾਰ ਨਾਲ ਸਿਰ ਪਾਟ ਗਿਆ, ਪਲਾਂ ਚ ਹੀ ਹੱਲਾ ਗੁੱਲਾ ਹੋ ਗਿਆ ਕਿ ਪੁਲਸ ਘਰਾਂ ਤੋਂ ਬਾਹਰ ਕੁਝ ਵੀ ਕਰੇ, ਪਰ ਘਰਾਂ ਦੇ ਅੰਦਰ ਵੜ ਕੇ ਕੁੱਟ ਕੁਟਾਪਾ ਅਸੀਂ ਨਹੀਂ ਜਰਾਂਗੇ, ਲੋਕ ਵੀ ਪੁਲਸ ਦੇ ਮਗਰ ਪੈ ਗਏ, ਜੁਆਬੀ ਹਮਲਾ ਬੋਲਿਆ, ਇਕ ਵਿਅਕਤੀ ਨੇ ਏ ਐਸ ਆਈ ਦੇ ਫੌਹਡ਼ਾ ਮਾਰ ਕੇ ਉਸ ਨੂ ਜ਼ਖਮੀ ਕਰ ਦਿਤਾ, ਲੋਕ ਰੋਹ ਤਿੱਖਾ ਸੀ ਤੇ ਮੁਲਾਜ਼ਮਾਂ ਦੀ ਗਿਣਤੀ ਘਟ ਅਤੇ ਏ ਐਸ ਆਈ ਜ਼ਖਮੀ ਹੋਣ ਕਾਰਨ ਪੁਲਸ ਮੁਲਾਜ਼ਮ ਵਾਪਸ ਚਲੇ ਗਏ। ਗੁੱਸੇ ਚ ਆਏ ਲੋਕਾਂ ਨੇ ਲਲਕਾਰੇ ਮਾਰਦਿਆਂ ਖਾਕੀ ਨੂੰ ਲਲਕਾਰਿਆ, ਪਿੰਡ ਚ ਪੁਲਸ ਚੌਕੀ ਫੂਕਣ ਤੱਕ ਦੀ ਧਮਕੀ ਦੇ ਦਿੱਤੀ, ਪਿੰਡ ਦੀ ਫਿਰਨੀ ਤੇ ਲੱਗੇ ਨਾਕੇ ਕੋਲ ਖੜ੍ਹੀ ਟਰਾਲੀ ਪਲਟ ਦਿੱਤੀ। ਕੁਝ ਚਿਰ ਦੇ ਲਲਕਾਰੇ , ਲਹੂ ਲੁਹਾਣ ਹੋਏ ਜੁਆਕ ਤੇ ਔਰਤਾਂ ਮਰਦ, ਡਾਂਗਾਂ ਲੈ ਕੇ ਪੁਲਸ ਤੇ ਖਿੱਝ ਕਢਦੇ ਘਰਾਂ ਨੂੰ ਪਰਤ ਗਏ। ਕਰੀਬ ਰਾਤ ੧੧ ਵਜੇ ਪੁਲਸ ਦੁਬਾਰਾ ਪਿੰਡ ਚ ਆਈ, ਆਪਣੇ ਹੀ ਵਿਭਾਗ ਦੇ ਲਾਂਗਰੀ ਦਰਸ਼ਨ ਸਿੰਘ ਨੂੰ ਘਰੋਂ ਇਹ ਕਹਿ ਕੇ ਲੈ ਗਈ ਕਿ ਡਿਊਟੀ ਦੇਣੀ ਹੈ। ਦਰਸ਼ਨ ਸਿੰਘ ਦੀ ਪਤਨੀ ਨੇ ਇਹ ਦਸਿਆ। ਰਾਤ ਗਈ, ਸਵੇਰ ਹੋਈ, ਪਹੁ ਫੁਟਣ ਤੋਂ ਪਹਿਲਾਂ ਛੇ ਵਜੇ ਦੇ ਆਸ ਪਾਸ ਪੁਲਸ ਦੀਆਂ 30-35 ਗੱਡੀਆਂ ਪਿੰਡ ਠੂਠਿਆਂਵਾਲੀ ਪੁੱਜੀਆਂ, ਘੇਰਾ ਪਾ ਲਿਆ, ਦਲਿਤਾਂ ਦੇ ਚੌਕੀਦਾਰਾਂ ਵਾਲੀ ਗਲੀ ਤੇ ਮੰਦਰ ਵਾਲੇ ਪਾਸੇ, ਸੁੱਤੇ ਪਏ ਲੋਕਾਂ ਨੂੰ ਜਾ ਨੱਪਿਆ, ਬਾਰ ਖੁੱਲਵਾਏ ਗਏ, ਭੰਨੇ ਗਏ, ਜਿਵੇਂ ਵੀ ਕਿਸੇ ਦੇ ਅੰਦਰ ਵੜਿਆ ਗਿਆ, ਪੁਲਸ ਵੜ ਗਈ ਤੇ ਜੋ ਵੀ ਮੂਹਰੇ ਆਇਆ, ਡਾਂਗ ਫੇਰੀ ਗਏ, ਸੁੱਤੇ ਪਏ ਮੁੰਡਿਆਂ ਨੂੰ, ਵੱਡੀ ਉਮਰ ਦੇ ਮਰਦਾਂ ਨੂੰ ਧੂਹ ਘੜੀਸ ਕਰਕੇ ਨਾਲ ਲੈ ਕੇ ਗਏ, ਮਾਂਵਾਂ ਭੈਣਾਂ ਬਚਾਉਣ ਲਈ ਮੂਹਰੇ ਆਉਂਦੀਆਂ ਤਾਂ ਉਹਨਾਂ ਦੀ ਵੀ ਕੁੱਟਮਾਰ ਹੋਈ, ਸਭ ਦੇ ਸਰੀਰ ਤੇ ਪੁਲਸੀਆ ਡਾਂਗ ਦੇ ਨਿਸ਼ਾਨ ਨੇ, ਇਕ ਔਰਤ ਦੇ ਪੈਰ ਤੇ ਸੱਟ ਵੱਜੀ, ਉਹ ਤੁਰ ਨਹੀ ਪਾ ਰਹੀ, ਉਸ ਨੂੰ ਲਗਦਾ ਹੈ ਸ਼ਾਇਦ ਪੈਰ ਦੀ ਹੱਡੀ ਟੁੱਟ ਗਈ, ਕੁਝ ਘਰਾਂ ਦੀਆਂ ਔਰਤਾਂ ਨੇ ਦੱਸਿਆ ਕਿ ਉਹਨਾਂ ਨਾਲ ਪੁਲਸ ਨੇ ਕੁਟਮਾਰ ਨਹੀ ਕੀਤੀ ਪਰ ਉਹਨਾਂ ਦੇ ਘਰੋਂ ਮਰਦ ਮੈਂਬਰਾਂ ਨੂ ਫੜ ਕੇ ਲੈ ਗਈ, ਇਕ ਔਰਤ ਨੇ ਦੱਸਿਆ ਕਿ ਸਿਆਣੀ ਉਮਰ ਦੇ ਪੁਲਸ ਮੁਲਾਜ਼ਮ ਨੇ ਨਾਲ ਦੇ ਸਾਥੀ ਨੂੰ ਕੁੱਟਮਾਰ ਕਰਨ ਤੋਂ ਵਰਜਿਆ। ਇਕ ਗਰਭਵਤੀ ਆਪਣੇ ਪਤੀ ਨੂੰ ਪੁਲਸ ਦੀ ਕੁਟ ਤੋਂ ਬਚਾਉਣ ਲਈ ਮੂਹਰੇ ਹੋਈ ਤਾਂ ਪੁਲਸੀਆ ਦਾਬਾ ਪਿਆ ਕਿ ਪਰਾਂ ਹੋ ਜਾਹ ਨਹੀਂ ਤਾਂ ਤੇਰੇ ਵੀ ਡਾਂਗ ਫੇਰਾਂਗੇ।
ਪੁਲਸ ਨਾਲ ਟਕਰਾਅ ਚੌਕੀਦਾਰਾਂ ਵਾਲੀ ਗਲੀ ਚ ਹੋਇਆ ਸੀ, ਫੇਰ ਮੰਦਰ ਵਾਲੀ ਗਲੀ ਚ ਪੁਲਸ ਨੇ ਲੋਕਾਂ ਦੇ ਘਰਾਂ ਚ ਵੜ ਕੇ ਹਮਲਾ ਕਿਉਂ ਕੀਤਾ?
ਇਹ ਸਵਾਲ ਪੀੜਤ ਲੋਕਾਂ ਦੇ ਨਾਲ ਨਾਲ ਸਰਪੰਚ ਨੇ ਵੀ ਕੀਤਾ ਹੈ।
12 ਅਪ੍ਰੈਲ ਨੂੰ ਹੋਏ ਇਸ ਪੁਲਸੀਆ ਹਮਲੇ ਦੌਰਾਨ ਪਿੰਡ ਦੇ ਹਾਸ਼ੀਆਗਤ ਪਰਿਵਾਰਾਂ ਚੋਂ ਪੰਜਾਹ ਤੋਂ ਵੱਧ ਅਧਖੜ, ਨੌਜਵਾਨ ਤੇ ਨਬਾਲਗਾਂ ਨੂੰ ਲੈ ਗਈ। ਜਿਸ ਮੁੰਡੇ ਦਾ ਰਾਤ ਦੀ ਕੁੱਟ ਨਾਲ ਸਿਰ ਪਾਟਿਆ ਸੀ, ਉਹਦੇ ਪੱਟੀ ਵੀ ਪਿੰਡ ਦੇ ਡਾਕਟਰ ਤੋਂ ਟੈਂਪਰੇਰੀ ਹੀ ਕਰਵਾਈ ਸੀ, ਕਿਉਂਕਿ ਮਾਨਸਾ ਤੱਕ ਕਿਸੇ ਨੂੰ ਲੌਕਡਾਊਨ ਦੇ ਨਿਯਮ ਦੱਸ ਕੇ ਜਾਣ ਨਹੀਂ ਸੀ ਦਿੱਤਾ ਗਿਆ। 12 ਤਰੀਕ ਨੂੰ ਜਦ ਘਰਾਂ ਚੋਂ ਤਕਰੀਬਨ ਸਾਰੇ ਹੀ ਮਰਦ ਮੈਂਬਰ ਫੜੇ ਗਏ, ਪਿੱਛੇ ਸੱਟਾਂ ਨਾਲ ਭੰਨੀਆਂ ਔਰਤਾਂ, ਕੁੜੀਆਂ ਰਹਿ ਗਈਆਂ, ਦਰਦ ਬਿਆਨਦਿਆਂ ਇਕ ਬਜ਼ੁਰਗ ਮਹਿਲਾ ਨੇ ਕਿਹਾ ਕਿ ਪੁੱਤ ਸਾਡੇ ਤਾਂ `ਸਾਨ ਮਾਰੇ ਗਏ, ਜਦ ਏਨਾ ਹੱਲਾ ਗੁੱਲਾ ਹੋਇਆ ਤਾਂ ਪਿੰਡ ਦਾ ਕੋਈ ਮੋਹਤਬਰ, ਕੋਈ ਪੰਚ ਸਰਪੰਚ ਨਹੀਂ ਆਇਆ, ਦਰਵਾਜ਼ੇ ਭੰਨੇ, ਸਮਾਨ ਖਿਲਾਰਿਆ, ਮੌਕਾ ਦੇਖ ਕੇ ਜਾਂਦੇ ਤਾਂ ਪਤਾ ਲਗਦਾ ਕਿ ਚਿੜੀਆਂ ਨੂੰ ਬਾਜ਼ ਕਿਵੇਂ ਪੈ ਗਏ।
ਪੁਲਸੀਆ ਕੁੱਟ ਦੀਆਂ ਝੰਬੀਆਂ ਦਰਦਾਂ ਤੇ ਮਰਹਮ ਲਈ ਸਰਪੰਚ ਕੋਲ ਗਈਆਂ, ਪਰ ਸਰਪੰਚ ਨੇ ਕੋਈ ਗੱਲ ਨਹੀਂ ਸੁਣੀ।
ਨਮੋਸ਼ ਹੋਈਆਂ, ਸਿਰਫ ਗੋਹਾ ਕੂਡ਼ਾ, ਦਿਹਾੜੀ ਦੱਪਾ ਕਰਕੇ ਰੋਟੀ ਦਾ ਆਹਰ ਕਰਨ ਵਾਲੀਆਂ ਅੱਖਰ ਗਿਆਨ ਵਿਹੂਣੀਆਂ ਇਹ ਔਰਤਾਂ ਕਿਸੇ ਫਰਿਸ਼ਤੇ ਦੇ ਆਉਣ ਲਈ ਆਸ ਚ ਘਰੀਂ ਦੜ ਗਈਆਂ। ਸੱਟਾਂ ਦੀ ਦਾ ਦਾਰੂ ਕਰਵਾਉਣ ਲਈ ਨਜ਼ਦੀਕੀ ਪਿੰਡ ਕੈਂਚੀਆਂ ਤੋਂ ਇਕ ਡਾਕਟਰ ਨੂੰ ਬੁਲਾਇਆ, ਆਪ ਕਿਤੇ ਜਾਣ ਜੋਗੀਆਂ ਨਹੀਂ। ਨਾ ਕੋਈ ਕੋਰਟ ਕਚਹਿਰੀ ਦਾ ਪਤਾ, ਨਾ ਜੇਬ ਚ ਕੋਈ ਪੈਸਾ, ਨਾ ਕੋਈ ਹਮਦਰਦ . . ਇਕ ਦੂਜੇ ਵੱਲ ਦੇਖਦੀਆਂ ਇਹਨਾਂ ਔਰਤਾਂ ਨੂੰ ਕਈ ਸੰਸੇ ਨੇ . .
ਪੁਲਸ ਦੀ ਕੁੱਟ ਦੇ ਝੰਬੇ ਪਤੀ, ਪੁੱਤ, ਭਰਾ ਨੂੰ ਕੀਹਨੇ ਦਵਾ ਦਾਰੂ ਕਰਾਈ ਹੋਣੀ ਆ . . . . . . ?
ਕਮਾਈ ਦਾ ਸੀਜ਼ਨ ਹੈ, ਚਾਰ ਦਾਣੇ ਵਾਢੀ ਕਰਕੇ ਕੱਠੇ ਕਰਨੇ ਸੀ, ਹੁਣ ਕੀ ਬਣੂ??
ਕੁੱਟ ਤੇ ਦੁੱਖ ਚ ਪਿਸਦੀਆਂ ਇਹ ਔਰਤਾਂ ਧਰਵਾਸ ਦੇ ਦੋ ਬੋਲਾਂ ਨੂੰ ਨਿਆਂਪਾਲਕਾ ਦੇ ਵਿਹੜੇ ਚੋਂ ਇਨਸਾਫ ਦੀ ਲੀਕ ਸਮਝ ਰਹੀਆਂ ਨੇ।
ਦੋ ਦਰਜਨ ਤੋਂ ਵਧ ਲੋਕ ਪੁਲਸ ਦੀ ਗਿਰਫਤ ਚ ਨੇ, ਇਕ ਘਰ ਦੇ ਪੰਜ ਜੀਅ ਪੁਲਸ ਚੁੱਕ ਕੇ ਲੈ ਗਈ, ਕਿਸੇ ਦਾ ਨਬਾਲਗ ਪੁੱਤ ਪੁਲਸ ਦੀ ਗਿਰਫਤ ਚ ਹੈ, ਮਾਵਾਂ ਨੂੰ ਸੰਸਾ ਹੈ ਕਿ ਪੁਲਸ ਦੀ ਕੁਟ ਦੀਆਂ ਝਰੀਟਾਂ ਜ਼ਿਹਨ ਚ ਲੈ ਕੇ ਇਹ ਜੁਆਕ ਭਵਿੱਖ ਚ ਕੀ ਬਣਨਗੇ? ਹਰ ਔਰਤ ਦਾ ਆਪਣਾ ਦਰਦ ਹੈ, ਫਿਸ ਫਿਸ ਪੈਂਦੀਆਂ ਨੇ।
ਵਿਧਵਾ ਜਸਬੀਰ ਕੌਰ ਦਾ ਦਰਦ ਸੁਣ ਕੇ ਤੁਸੀਂ ਬੇਚੈਨ ਹੋ ਜਾਓਂਗੇ, ਚਾਲੀ ਕੁ ਸਾਲ ਦੀ ਹੈ, ਇਹਦੇ 19 ਸਾਲ ਦੇ ਪੁੱਤ ਨੈਬ ਨੂੰ ਪੁਲਸ ਸੁੱਤੇ ਪਏ ਨੂੰ ਕੁੱਟ ਕੇ ਧੂਹ ਕੇ ਲੈ ਗਈ, ਨੈਬ ਫਰਨੀਚਰ ਦਾ ਕੰਮ ਸਿੱਖਦਾ ਹੈ, ਜਸਬੀਰ ਕੌਰ ਦੇ ਪਤੀ ਦੀ ਮੌਤ ਹੋਈ ਨੂੰ ਸੋਲਾਂ ਸਤਾਰਾਂ ਸਾਲ ਹੋ ਗਏ, ਗੋਹਾ ਕੂਡ਼ਾ ਸੁੱਟ ਕੇ ਉਸ ਨੇ ਆਪਣੇ ਬੱਚੇ ਪਾਲੇ, ਤੇ ਅੱਜ ਕਮਾਊ ਹੋ ਰਹੇ ਪੁੱਤ ਦੇ ਕੋਰੇ ਜਿਸਮ ਤੇ ਜ਼ਿਹਨ ਤੇ ਪੁਲਸੀਆ ਡਾਂਗ ਵਰ ਗਈ ਹੈ, ਤਾਂ ਉਹ ਕੱਲ ਕੀ ਕਰਨ ਜੋਗਾ ਰਹੂ, ਮਾਂ ਫਿਕਰ ਚ ਮੁੱਕ ਰਹੀ ਹੈ, ਦੋ ਸਾਲਾਂ ਦਾ ਤੇ ਛੇ ਮਹੀਨੇ ਦਾ, ਦੋ ਜੁਆਕ ਸਨ ਜਦ ਉਹ ਵਿਧਵਾ ਹੋ ਗਈ, ਜਿਗਰਾ ਕਰਡ਼ਾ ਕਰਕੇ ਸੱਚੀ ਸੁੱਚੀ ਕਿਰਤ ਲਈ ਗੋਹੇ ਦੀ ਟੋਕਰੀ ਸਿਰ ਤੇ ਧਰ ਲਈ ਸੀ, ਹੌਸਲਾ ਨਹੀ ਸੀ ਹਾਰਿਆ, ਪਰ ਅੱਜ ਸਿਸਟਮ ਦੀ ਬਦਇੰਤਜ਼ਾਮੀ ਤੇ ਖਾਕੀ ਦੀ ਧੱਕੇਸ਼ਾਹੀ ਨੇ ਉਸ ਦਾ ਹੌਸਲਾ ਪਟਕਾਅ ਮਾਰਿਆ। ਉਸ ਦਾ ਗੱਲ ਕਰਦੀ ਦਾ ਹਲਕ ਸੁੱਕਦਾ ਹੈ।
ਵੀਹ ਸਾਲਾ ਰਾਜਕੁਮਾਰ ਦੀ ਮਾਂ ਰਣਜੀਤ ਕੌਰ ਦਾ ਵੀ ਇਹੋ ਜਿਹਾ ਦਰਦ ਹੈ, ਉਹਦਾ ਉਸਾਰੀ ਦਾ ਕੰਮ ਕਰਦਾ ਪਤੀ ਜਗਦੀਸ਼ ਸਿੰਘ ਤਿੰਨ ਕੁ ਸਾਲ ਪਹਿਲਾਂ ਕੰਧ ਉੱਤੇ ਡਿਗਣ ਨਾਲ ਸਦੀਵੀ ਅਪਾਹਜ ਹੋ ਗਿਆ, ਜਦ 12 ਤਰੀਕ ਨੂੰ ਚਿੜੀਆਂ ਦੇ ਆਲਣਿਆਂ ਚ ਬਾਜ਼ਾਂ ਦੀ ਧਾੜ ਆ ਪਈ ਸੀ ਤਾਂ ਰਣਜੀਤ ਕੌਰ ਦੇ ਵੀਹ ਸਾਲਾ ਪੁੱਤ ਨੂ ਧੂਹ ਕੇ ਲਿਜਾ ਰਹੀ ਸੀ ਤਾਂ ਰਣਜੀਤ ਕੌਰ ਦੀ ਬਜ਼ੁਰਗ ਸੱਸ ਨੂੰ ਦੰਦਲ ਪੈ ਗਈ, ਉਹ ਇਕ ਪਾਸੇ ਪੁੱਤ ਵੱਲ ਅਹੁਲਦੀ, ਦੂਜੇ ਪਾਸੇ ਸੱਸ ਹੱਥਾਂ ਚ ਆ ਗਈ ਤੇ ਤੀਜਾ ਅਪਾਹਜ ਪਤੀ ਦੀਆਂ ਹੂੰਗਰਾਂ ..
ਚੌਥਾ ਪਾਸਾ ਖਾਲੀ ਰਿਹਾ .. ਕਿਸੇ ਹਮਦਰਦ ਲਈ ਸ਼ਾਇਦ ..
ਕੁਝ ਹਮਦਰਦ ਪੱਤਰਕਾਰ ਪਿੰਡ ਚ ਗਏ ਸਨ, ਪੀੜਤ ਔਰਤਾਂ ਦੀਆਂ ਤਸਵੀਰਾਂ ਵੀ ਲੈ ਕੇ ਗਏ, ਪਰ ਐਸ ਐਸ ਪੀ ਮਾਨਸਾ ਡਾ ਨਰਿੰਦਰ ਭਾਰਗਵ ਜੀ ਨੇ ਕਿਹਾ ਕਿ ਤੁਹਾਨੂੰ ਦੂਰ ਬੈਠਿਆਂ ਨੂੰ ਪਤਾ ਲੱਗ ਗਿਆ ਕਿ ਔਰਤਾਂ ਨੂੰ ਕੁੱਟਿਆ, ਸਾਡਾ ਮਾਨਸਾ ਦਾ ਮੀਡੀਆ ਤਾਂ ਫੇਰ ਸੁੱਤਾ ਹੋਇਆ, ਜੀਹਨੇ ਮੇਰੇ ਧਿਆਨ ਚ ਇਹ ਮਾਮਲਾ ਨਹੀਂ ਲਿਆਂਦਾ।
ਕੀ ਵਾਕਿਆ ਹੀ ਹਕੂਮਤੀ ਡੰਡੇ ਮੂਹਰੇ ਮੀਡੀਆਈ ਕਲਮ ਅੱਜ ਬੌਣੀ ਹੋ ਗਈ ਹੈ, ਜੋ ਪੀਡ਼ਾਂ ਪਰੂਂਨੇ ਲੋਕਾਂ ਲਈ ਸੱਚੇ ਬੋਲ ਨਹੀਂ ਲਿਖ ਰਹੀ? ਵੈਸੇ ਅਜਿਹਾ ਹੋ ਨਹੀਂ ਸਕਦਾ, ਅਫਰਸਸ਼ਾਹੀ ਭੁੱਲ ਰਹੀ ਹੈ ਕਿ ਪੰਜਾਬ ਚ ਗੈਰਤ ਵਾਲੀ ਚਿਣਗ ਬੁਝੀ ਨਹੀ।
ਡੀ ਐਸ ਪੀ ਮਾਨਸਾ ਹਰਜਿੰਦਰ ਸਿੰਘ ਨੇ ਕਿਹਾ ਕਿ ਸਾਡੇ ਮੁਲਾਜ਼ਮਾਂ ਤੇ ਹਮਲਾ ਹੋਇਆ, ਅਸੀਂ ਸਿਰਫ ਜੁਆਬੀ ਕਾਰਵਾਈ ਕੀਤੀ, ਔਰਤਾਂ ਨੂੰ ਘਰ ਵੜ ਕੇ ਕੁਟਣ ਵਾਲੀ ਖਬਰ ਫੇਕ ਹੈ, ਅਸੀਂ ਵੇਰੀਫਾਈ ਕਰਕੇ ਕੁਝ ਬੰਦੇ ਛੱਡੇ ਵੀ ਨੇ।
ਪਿੰਡ ਚ ਲਾਕਡਾਊਨ ਕਾਰਨ ਰੋਜ਼ੀ ਰੋਟੀ ਤੋਂ ਅਵਾਜਾ਼ਰ ਪਰਿਵਾਰਾਂ ਲਈ ਡੇਰਾ ਖੂਹੀ ਵਾਲਾ ਦੇ ਬਾਬੇ ਨੇ ਸਕੂਲ ਚ ਲਂਗਰ ਚਲਾਇਆ ਹੋਇਆ ਸੀ, ਜੋ 12 ਅਪਰੈਲ ਦੇ ਹੱਲੇ ਗੁੱਲੇ ਮਗਰੋਂ ਪੁਲਸ ਨੇ ਬੰਦ ਕਰਵਾ ਦਿਤਾ, ਪਰ ਡੀ ਐਸ ਪੀ ਹਰਜਿੰਦਰ ਸਿੰਘ ਨੇ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਨਾ ਮੰਨਣ ਕਰਕੇ ਇਹ ਲਂਗਰ ਸਿਵਲ ਪਰਸ਼ਾਸਨ ਨੇ ਬੰਦ ਕਰਵਾਇਆ ਹੈ, ਸਾਡੀ ਇਹਦੇ ਚ ਕੋਈ ਭੂਮਿਕਾ ਨਹੀਂ ਹੈ, ਪਰ ਇਹ ਲਂਗਰ ਤਾਂ ਕਈ ਦਿਨਾਂ ਤੋਂ ਚੱਲ ਰਿਹਾ ਸੀ, ਪਰਸ਼ਾਸਨ ਦੀ ਟੀਰੀ ਅੱਖ ਨੇ ਉਦੋਂ ਸੋਸ਼ਲ ਡਿਸਟੈਂਸਿੰਗ ਦੀ ਉਲਂਘਣਾ ਨਹੀਂ ਦੇਖੀ?
ਸਵਾਲ ਹੈ, ਜੁਆਬ ਨਹੀਂ ਮਿਲਣਾ।
ਆਪਕਿਆਂ ਤੋਂ ਕਾਂਗਰਸੀ ਹੋ ਗਏ ਇਲਾਕੇ ਦੇ ਐਮ ਐਲ ਏ ਨਾਜ਼ਰ ਸਿੰਘ ਮਾਨਸ਼ਾਹੀਆ ਨਾਲ ਇਸ ਮਸਲੇ ਤੇ ਗੱਲ ਹੋਈ ਤਾਂ ਉਹਨਾਂ ਨੇ ਹਾਕਮੀ ਧਿਰ ਦਾ ਨੁਮਾਇੰਦਾ ਹੋਣ ਦੇ ਨਾਤੇ ਪੁਲਸ ਦਾ ਪੱਖ ਪੂਰਿਆ, ਪਰ ਕਿਹਾ ਕਿ ਮੈਂ ਪੁਲਸ ਪਰਸ਼ਾਸਨ ਨੂੰ ਕਿਹਾ ਹੈ ਕਿ ਬੇਕਸੂਰਾਂ ਨੂੰ ਮਾਮਲੇ ਚੋਂ ਬਾਹਰ ਕਰੋ, ਇਹਦੇ ਚ ਸਮਾਂ ਲੱਗੇਗਾ। ਔਰਤਾਂ, ਬੱਚੇ ਬੱਚੀਆਂ ਨੂੰ ਘਰੀਂ ਵੜ ਕੇ ਕੁੱਟਣ ਬਾਰੇ ਐਮ ਐਲ ਏ ਸਾਹਿਬ ਨੇ ਕਿਹਾ ਕਿ ਜਿਹਨਾਂ ਪਰਿਵਾਰਾਂ ਨੇ ਵਧੀਕੀ ਬਾਬਤ ਤੁਹਾਨੂੰ ਦਸਿਆ ਹੈ, ਉਹਨਾਂ ਬਾਰੇ ਦੱਸੋ ਮੈਂ ਪਤਾ ਕਰਦਾਂ। ਸਾਡੀ ਟੀਮ ਨੇ ਇਨਕਾਰ ਕਰ ਦਿੱਤਾ ਕਿ ਤੁਹਾਡਾ ਹਲਕਾ ਹੈ, ਪਤਾ ਕਰੋ, ਲਂਗਰ ਰਸਦ ਤੋਂ ਥੁੜੇ ਬੈਠਿਆਂ ਦੀ ਮਦਦ ਕਰਨ ਲਈ ਵੀ ਐਮ ਐਲ ਏ ਸਾਹੇਬ ਨੇ ਨੱਪਵੀਂ ਜਿਹੀ ਹਾਮੀ ਭਰੀ ਹੈ।
ਸਥਾਨਕ ਖੱਬੇਪੱਖੀ ਜਨਤਕ ਜਥੇਬੰਦੀਆਂ ਦੇ ਆਗੂਆਂ ਨਾਲ ਇਸ ਵਿਸ਼ੇ ਤੇ ਗੱਲ ਹੋਈ ਤਾਂ ਉਹਨਾਂ ਕਿਹਾ ਲੌਕਡਾਊਨ ਕਰਕੇ ਅਸੀਂ ਜਾ ਨਹੀਂ ਸਕਦੇ, ਪਰ ਘਟਨਾ ਦੀ ਸਖਤ ਨਿੰਦਾ ਕਰਦਿਆਂ ਉਚਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦੇ ਹਾਂ।
ਪ੍ਰਗਤੀਸ਼ੀਲ ਇਸਤਰੀ ਸਭਾ ਦੀ ਕੇਂਦਰੀ ਕਮੇਟੀ ਦੀ ਮੈਂਬਰ ਜਸਬੀਰ ਕੌਰ ਨੱਤ ਨੇ ਕਿਹਾ ਕਿ ਮੁਲਜ਼ਮਾਂ ਦੀ ਆੜ ਚ ਮਜ਼ਲੂਮਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਹੋ ਸਕਦੀ, ਮਜ਼ਦੂਰ ਵਰਗ ਤਾਂ ਪਹਿਲਾਂ ਹੀ ਦੁੱਖਾਂ ਭੁੱਖਾਂ ਕਾਰਨ ਤਪਿਆ ਪਿਆ ਹੈ, ਅਸੀਂ ਆਪਣੀ ਜਥੇਬੰਦੀ ਵਲੋਂ ਪੀੜਤ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਜੋ ਵੀ ਹੋ ਸਕਦਾ ਹੋਇਆ ਕਰਾਂਗੇ ਤੇ ਲੌਕਡਾਊਨ ਚ ਰਸਦ ਦਾ ਵੀ ਇੰਤਜ਼ਾਮ ਕਰਕੇ ਦੇਣ ਦੀ ਕੋਸ਼ਿਸ਼ ਕਰਾਂਗੇ।
ਪਿੰਡ ਦੇ ਲੋਕ ਸਮੇਤ ਸਰਪੰਚ ਦੇ , ਸ਼ਰੇਆਮ ਕਹਿਂਦੇ ਨੇ ਕਿ ਜਿਹਨਾਂ ਨੇ ਪੁਲਸ ਨਾਲ ਕੋਈ ਵਧੀਕੀ ਕੀਤੀ ਪਰਸ਼ਾਸਨ ਉਹਨਾਂ ਨਾਲ ਬਣਦੀ ਕਾਰਵਾਈ ਕਰੇ, ਬੇਕਸੂਰਾਂ ਨੂੰ ਤਾਂ ਛੱਡੇ, ਤੇ ਲੱਤਾਂ ਬਾਹਵਾਂ ਭੰਨਵਾ ਬੈਠੀਆਂ ਔਰਤਾਂ ਇਥੋਂ ਤੱਕ ਦਰਿਆਦਿਲੀ ਦਿਖਾ ਗਈਆਂ ਨੇ ਕਿ ਸਾਡੀ ਜੋ ਕੁੱਟਮਾਰ ਕੀਤੀ, ਅਸੀਂ ਉਹਦੀ ਵੀ ਕੋਈ ਗੱਲ ਨਹੀਂ ਕਰਦੀਆਂ, ਬੱਸ ਸਾਡੇ ਬੇਕਸੂਰ ਬੱਚੇ ਛੱਡ ਦਿਓ ।
ਅਸਲ ਚ ਇਹਨਾਂ ਗੁਰਬਤ ਮਾਰੀਆਂ ਨੂੰ ਸਿਰਫ ਢਿੱਡ ਦੀ ਚਿੰਤਾ ਹੈ, ਤੇ ਹਾਕਮ.. ਹਾਕਮ ਭਲੀਭਾਂਤ ਜਾਣਦਾ ਹੈ ਕਿ ਰੋਟੀ ਜਿੱਡੇ ਢਿੱਡ ਉੱਤੇ ਸਿਰ ਨਹੀਂ ਹੁੰਦਾ, ਪਰ ਹਾਕਮ ਇਹ ਨਹੀਂ ਜਾਣਦਾ ਕਿ ਜਦ ਰੋਟੀ ਜਿੱਡੇ ਢਿੱਡ ਉੱਤੇ ਸਿਰ ਉਗਦੇ ਨੇ ਤਾਂ ਤਖਤ ਮੂਧੇ ਵੱਜ ਜਾਂਦੇ ਨੇ-
ਹਨੇਰੀਆਂ ਨੂੰ ਰੋਕ ਵੀ ਪਾਉਂਦੇ ਰਹੇ ਨੇ ਲੋਕ
ਜ਼ਿੰਦਗੀ ਦਾ ਜਦ ਕਦੇ ਅਪਮਾਨ ਕੀਤਾ ਹੈ ਕਿਸੇ
ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਨੇ ਲੋਕ
ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦਿ ਤੋਂ
ਜੁ਼ਲਮ ਦੇ ਗਲ਼ ਸੰਗਲ਼ੀ ਪਾਉਂਦੇ ਰਹੇ ਨੇ ਲੋਕ
ਇਹ ਸੀ ਮੁਲਜਮ਼ਾਂ ਨਾਲ ਪਿਸਦੇ ਮਜ਼ਲੂਮਾਂ ਦੀ ਦਾਸਤਾਂ.. ਕੀ ਕੋਈ ਜਮਹੂਰੀ ਧਿਰ ਇਨਸਾਫ ਲਈ ਅੱਗੇ ਆਵੇਗੀ??


