ਇੱਕ ਘਰ ਵਿੱਚ ਬੁੱਧੀਜੀਵੀਆਂ ਦੀ ਬੈਠਕ ਸੱਦੀ ਗਈ, ਜਿਸ ਵਿੱਚ ਪੰਜਾਬ ਦੇ ਸੱਭਿਆਚਾਰ ’ਤੇ ਬਹਿਸ ਹੋਣੀ ਸੀ। ਮੇਰੇ ਪਾਪਾ ਜੀ, ਪ੍ਰੋ. ਪ੍ਰੀਤਮ ਸਿੰਘ, ਵੀ ਉੱਥੇ ਸੱਦੇ ਗਏ ਸਨ। ਡਰਾਈਵਰ ਦੇ ਤੌਰ ’ਤੇ ਮੈਨੂੰ ਵੀ ਨਾਲ਼ ਜਾਣ ਦਾ ਮੌਕਾ ਮਿਲ਼ ਗਿਆ। ਘਰ ਦੇ ਬੱਚਿਆਂ ਨੂੰ ਵੱਖਰੇ ਕਮਰੇ ਵਿੱਚ ਟੈਲੀਵਿਜ਼ਨ ਵੇਖਣ ਲਈ ਘੱਲ ਦਿੱਤਾ ਗਿਆ, ਤਾਂ ਕਿ ਬਹਿਸ ਵਿੱਚ ਅੜਚਣ ਨਾ ਪਵੇ। ਜਦੋਂ ਬਹਿਸ ਪੂਰੇ ਜ਼ੋਰਾਂ ’ਤੇ ਸੀ ਤਾਂ ਇੱਕ ਤਿੰਨ ਵਰ੍ਹਿਆਂ ਦਾ ਬੱਚਾ ਅੰਦਰੋਂ ਦੌੜਦਾ ਹੋਇਆ ਆਇਆ ਤੇ ਉੱਚੀ ਸਾਰੀ ਬੋਲਿਆ, ‘‘ਮੰਮੀ, ਕੰਡੋਮ ਕੀ ਹੁੰਦਾ ਹੈ? ਟੀ.ਵੀ. ’ਤੇ ਕਹਿ ਰਹੇ ਸੀ ਜ਼ਰੂਰ ਵਰਤੋ।’’
ਇਸ ਗੱਲ ਦਾ ਝਟਕਾ ਏਨਾ ਤਕੜਾ ਸੀ ਕਿ ਸਭਨਾਂ ਦੇ ਚਿਹਰੇ ’ਤੇ ਸਪੱਸ਼ਟ ਦਿਸਣ ਲੱਗ ਪਿਆ ਸੀ। ਕੁਝ ਨੇ ਗੱਲ ਸੁਣੀ-ਅਣਸੁਣੀ ਕਰਨੀ ਚਾਹੀ, ਕੁਝ ਝੇਪ ਗਏ ਤੇ ਕੁਝ ਸ਼ਰਮ ਨਾਲ਼ ਲਾਲ-ਸੂਹੇ ਹੋ ਗਏ ਸਨ, ਪਰ ਮੈਨੂੰ ਇਸ ਸਥਿਤੀ ਨੇ ਇਹ ਲੇਖ ਲਿਖਣ ਲਈ ਮਜਬੂਰ ਕਰ ਦਿੱਤਾ।

ਜਦੋਂ ਇਹ ਗੱਲ ਸਿੱਧ ਹੋ ਚੁੱਕੀ ਹੋਵੇ ਕਿ ਹਰ ਜਵਾਨ ਹੋ ਰਿਹਾ ਬੱਚਾ ਅੰਦਾਜ਼ਨ ਦੋ ਤੋਂ ਤਿੰਨ ਘੰਟੇ ਰੋਜ਼ਾਨਾ ਟੀ.ਵੀ. ਦੇਖੇ ਤਾਂ ਲਗਭਗ ਚੌਦਾਂ ਘੰਟੇ ਹਰ ਹਫ਼ਤੇ ਟੀ.ਵੀ. ਵੇਖਿਆ ਗਿਆ, ਜਿਸ ਵਿੱਚ ਬੱਚਾ 20 ਹਜ਼ਾਰ ਦੇ ਕਰੀਬ ਲੜਾਈ-ਝਗੜੇ ਤੇ ਕਤਲ ਅਤੇ ਦਸ ਕੁ ਹਜ਼ਾਰ ਦੇ ਕਰੀਬ ਜਿਸਮਾਨੀ ਨਜ਼ਦੀਕੀਆਂ ਦੇਖਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਜਿੰਨਾ ਵਕਤ ਬੱਚਾ ਸਕੂਲ ਜਾਂ ਪੜ੍ਹਾਈ ਵਿੱਚ ਲਾ ਰਿਹਾ ਹੈ, ਉਸ ਤੋਂ ਕਿਤੇ ਵੱਧ ਉਸ ਦਾ ਦਿਮਾਗ਼ ਇਨ੍ਹਾਂ ਚਲ-ਚਿਤਰਾਂ ਵਿੱਚ ਫਸਿਆ ਰਹਿੰਦਾ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਇਸ ਦਾ ਪ੍ਰਭਾਵ ਬੱਚੇ ਦੇ ਦਿਮਾਗ਼ ’ਤੇ ਕਿੰਨਾ ਤਕੜਾ ਹੋਵੇਗਾ, ਜੇ ਉਹ 80% ਟੀ.ਵੀ. ਦੇ ਪ੍ਰੋਗਰਾਮਾਂ ਵਿੱਚ ਸਿਰਫ਼ ਜਿਸਮਾਨੀ ਨਜ਼ਦੀਕੀਆਂ ਤੇ ਵਧੀਕੀਆਂ ਹੀ ਵੇਖੀ ਜਾਏ। ਸਭ ਤੋਂ ਵੱਧ ਅਸਰ ਤਾਂ 2 ਤੋਂ 5 ਸਾਲ ਤੱਕ ਦੇ ਬੱਚੇ ’ਤੇ ਪੈਂਦਾ ਹੈ, ਕਿਉਂਕਿ ਬਹੁਤੀ ਵਾਰ ਮਾਪੇ ਆਪਣੇ ਰੁਝੇਵਿਆਂ ਕਾਰਨ ਛੋਟੇ ਬੱਚੇ ਨੂੰ ਟੀ.ਵੀ. ਅੱਗੇ ਇਕੱਲਾ ਹੀ ਬਿਠਾਈ ਰੱਖਦੇ ਹਨ, ਤਾਂ ਕਿ ਆਹਰੇ ਲੱਗਾ ਰਹੇ।
ਇਹ ਮਾਹਰਾਂ ਦੀ ਵੇਖੀ-ਪਰਖੀ ਗਲ ਹੈ ਕਿ ਜੇ ਛੋਟਾ ਬੱਚਾ ਟੀ.ਵੀ. ’ਤੇ ਇੱਕ ਵਾਰੀ ਵੀ ਖ਼ੂਨ-ਖ਼ਰਾਬੇ ਜਾਂ ਲੜਾਈ-ਝਗੜੇ ਦੀ ਫ਼ਿਲਮ ਵੇ ਲਵੇ ਤਾਂ ਉਸ ਤੋਂ ਕਾਫ਼ੀ ਘੰਟੇ ਬਾਅਦ ਤੱਕ ਵੀ ਉਹ ਲੜਾਈ ਲੜਨ ਜਾਂ ਮਾਰ-ਕੁਟਾਈ ਦੀ ਹੀ ਗੱਲ ਕਰਦਾ ਰਹਿੰਦਾ ਹੈ। ਮਸਲਨ, ਪਿਸਤੌਲ ਮੰਗਣੀ ਸੁਰੂ ਕਰ ਦੇਣੀ, ਭੈਣ-ਭਰਾਵਾਂ ਜਾਂ ਮਾਂ-ਪਿਓ ਨੂੰ ਘਸੁੰਨ ਮਾਰਨੇ, ਚਾਕੂ ਜਾਂ ਬਲੇਡ ਚੁੱਕ ਲੈਣਾ, ਖ਼ੂਨ ਜਾਂ ਸੱਟ ਦੀ ਗੱਲ ਕਰਨੀ, ਵੱਟਾ ਚੁੱਕ ਕੇ ਮਾਰਨਾ, ਚੀਜ਼ਾਂ ਚੁੱਕ ਕੇ ਥੱਲੇ ਸੁੱਟਣੀਆਂ, ਆਦਿ। ਹੋਰ ਕਿਤੇ ਵੱਸ਼ ਨਾ ਚੱਲੇ ਤਾਂ ਜ਼ੋਰ-ਜ਼ੋਰ ਦੀ ਚੀਕ ਮਾਰਨੀ ਹੀ ਸ਼ੁਰੂ ਕਰ ਦਿੰਦਾ ਹੈ, ਖ਼ਾਸ ਕਰ ਜੇ ਕੋਈ ਮੰਗੀ ਹੋਈ ਚੀਜ਼ ਦੇਣ ਵਿੱਚ ਦੇਰ ਹੋ ਜਾਵੇ। ਕੀ ਤੁਹਾਡੇ ਬੱਚੇ ਨੇ ਕਦੇ ਨਹੀਂ ਕਿਹਾ, ‘‘ਮੈਂ ਮਾਰੂੰਗਾ ਫੇਰ!’’ ਜਾਂ ਤੁਹਾਨੂੰ ਗੁੱਸੇ ਵਿੱਚ ਚੂੰਢੀ ਵੱਢੀ ਹੋਵੇ?
ਸਭ ਤੋਂ ਵੱਧ ਅਸਰ ਟੀ.ਵੀ. ਦਾ ਬੋਲੀ ’ਤੇ ਪੈਂਦਾ ਹੈ। ਵੇਖੋ, ਘੋੜੇ ਨੇ ਆਪਣੀ ਬੋਲੀ ਕਦੇ ਨਹੀਂ ਛੱਡੀ, ਨਾ ਕੁੱਤੇ ਨੇ ਤੇ ਨਾ ਹੀ ਸ਼ੇਰ ਨੇ। ਸਭ ਨੇ ਆਪਣੀ ਪਛਾਣ ਕਾਇਮ ਰੱਖੀ ਹੋਈ ਹੈ। ਇਹ ਤਾਂ ਆਪਾਂ ਪੰਜਾਬੀਆਂ ਨੂੰ ਮਾਰ ਹੈ, ਜਿਹੜੇ ਮਾਂ-ਬੋਲੀ ਛੱਡ ਕੇ ਅੰਗਰੇਜ਼ੀ ਮਗਰ ਭੱਜੇ ਫਿਰਦੇ ਹਾਂ। ਇਹ ਸੋਚਦੇ ਹੀ ਨਹੀਂ ਕਿ ਸਾਡੀ ਵੱਖਰੀ ਪਛਾਣ ਹੀ ਦੁਨੀਆਂ ਭਰ ਵਿੱਚ ਸਾਡੀ ਮਾਂ-ਬੋਲੀ ਕਰ ਕੇ ਹੈ। ਅਸੀਂ ਅਗਰੇਜ਼ੀ ਬੋਲ ਕੇ ਅੰਗਰੇਜ਼ ਬਣਨ ਨਹੀਂ ਲੱਗੇ, ਨਾ ਹੀ ਅੰਗਰੇਜ਼ਾਂ ਨੇ ਸਾਨੂੰ ਆਪਣੇ ਵਿੱਚ ਰਲਣ ਦੇਣਾ ਹੈ। ਮਿਸਾਲ ਦੇ ਤੌਰ ’ਤੇ ਸ਼ੇਰਾਂ ’ਤੇ ਘੋੜਿਆਂ ਦਾ ਕੀ ਮੇਲ ਹੋ ਸਕਦਾ ਹੈ? ਆਪਣੇ-ਆਪ ਨੂੰ ਨੀਵਾਂ ਸਮਝਣ ਦੀ ਬਜਾਏ ਸ਼ਾਨ ਨਾਲ਼ ਸਿਰ ਉੱਚਾ ਚੁੱਕ ਕੇ ਆਖੋ; ਅਸੀਂ ਪੰਜਾਬੀ ਹਾਂ ਤੇ ਪੰਜਾਬੀ ਬੋਲਦੇ ਹਾਂ। ਜੇ ਅਸੀਂ ਆਪਣਾ ਮਾਣ ਕਾਇਮ ਰੱਖਿਆ ਤਾਂ ਬਹੁਤਾ ਸਮਾਂ ਨਹੀਂ ਲੱਗਣ ਲੱਗਾ, ਜਦੋਂ ਅੰਗਰੇਜ਼ ਪੰਜਾਬੀ ਸਿੱਖਣ ਨੂੰ ਤਰਜੀਹ ਦੇਣ ਲੱਗ ਪੈਣਗੇ।
ਕੀ ਅੱਜ ਤੱਕ ਪੰਜਾਬੀ ਕਿਸੇ ਖੇਤਰ ਵਿੱਚ ਪਿੱਛੇ ਰਹੇ ਹਨ? ਦੁਨੀਆਂ ਭਰ ਵਿੱਚ ਕਿਸੇ ਨਾ ਕਿਸੇ ਕੋਨੇ ਵਿੱਚ ਇੱਕ ਪੰਜਾਬੀ ਸਿਖਰਾਂ ਉੱਤੇ ਮਾਣ ਨਾਲ਼ ਸਿਰ ਉੱਚਾ ਚੁੱਕ ਕੇ ਬੈਠਾ ਜ਼ਰੂਰ ਮਿਲ਼ ਜਾਵੇਗਾ। ਹਿ ਤਾਂ ਲਗਨ ਤੇ ਮਿਹਨਤ ਦੀ ਹੀ ਕਰਾਮਾਤ ਹੁੰਦੀ ਹੈ।
ਜਦੋਂ ਸਾਡੇ ਨਿੱਕੇ-ਨਿੱਕੇ ਬਾਲ ਟੀ.ਵੀ. ਵੇਖ ਕੇ ਬੋਲੀ ਵਿਗਾੜਦੇ ਹਨ ਤਾਂ ਸੱਭਿਅਤਾ ’ਤੇ ਵੀ ਹੌਲ਼ੀ-ਹੌਲ਼ੀ ਅਸਰ ਪੈ ਜਾਂਦਾ ਹੈ। ਕਿਤੇ ਤਾਂ ਤੁਹਾਡੀ ਨਿੱਕੀ ਜਿਹੀ ਬੇਟੀ ਸਵੇਰੇ ਉੱਠ ਕੇ ਬੋਲਦੀ ਸੀ, ‘‘ਸਤਿ ਸ੍ਰੀ ਅਕਾਲ, ਪਾਪਾ ਜੀ’’। ਕਿਤੇ ਹੁਣ ਦੇ ਬੱਚੇ ਉੱਠਦੇ ਸਾਰ ਕਹਿੰਦੇ ਨੇ, ‘‘ਓਹ ਹੋ ਏਨੀ ਛੇਤੀ ਜਗ੍ਹਾ ਦਿੱਤੈ, ਥੋੜ੍ਹਾ ਹੋਰ ਸੌਂ ਲੈਣ ਦੇਂਦੇ, ਡੈਡ। ਰਾਤ ਏਨੀਂ ਲੇਟ ਟੀ.ਵੀ. ਵੇਖ ਕੇ ਸੁੱਤੇ ਹਾਂ।’’ ਜੇ ਨਿੱਕਾ ਅਣਭੋਲ਼ ਬੱਚਾ ਵੇਖਦਾ ਹੈ ਕਿ ਹੀਰੋ ਜਦੋਂ ਮਾਰ-ਕੁਟਾਈ ਜਾਂ ਕਹਿਰ ਵਰਤਾਉਂਦਾ ਹੈ ਤਾਂ ਉਸ ਦੀ ਬਹੁਤ ਵਾਹ-ਵਾਹ ਹੁੰਦੀ ਹੈ ਤੇ ਚਾਕੂ ਚਲਾਉਣ ਨਾਲ਼ ਸਾਰੇ ਤਾੜੀਆਂ ਮਾਰਦੇ ਹਨ, ਤਦ ਕੀ ਉਹ ਬੱਚਾ ਵੀ ਇਹੋ ਨਹੀਂ ਕਰਨਾ ਚਾਹੇਗਾ? ਮਾਪੇ ਆਪ ਵੀ ਛੋਟੇ ਬੱਚੇ ਦੀ ਅਜਿਹੀ ਹਰਕਤ ’ਤੇ ਹੱਸ ਪੈਂਦੇ ਹਨ ਜਾਂ ਕਈ ਵਾਰ ਹੱਲਾਸ਼ੇਰੀ ਵੀ ਦਿੰਦੇ ਹਨ, ਜਿਵੇਂ;‘‘ਅੱਜ ਤਾਂ ਬਈ ਘਸੁੰਨ ਬੜੇ ਜ਼ੋਰ ਦਾ ਮਾਰਿਐ, ਕਮਾਲ ਕਰ ਦਿੱਤੀ।’’ ‘‘ਗਵਾਂਢੀਆਂ ਦੇ ਮੁੰਡੇ ਨੂੰ ਭੰਨ ਆਇਆ, ਚੰਗਾ ਕੀਤਾ’’, ਆਦਿ-ਆਦਿ। ਮਾਪੇ ਇਹ ਭੁੱਲ ਜਾਂਦੇ ਹਨ ਕਿ ਇਹ ਆਦਤ ਏਥੇ ਹੀ ਖ਼ਤਮ ਨਹੀਂ ਹੋਣ ਲੱਗੀ, ਬਲਕਿ ਇਹੋ ਗੁੱਸੇ ਵਾਲ਼ੀ ਆਦਤ ਅਗਾਂਹ ਜਾ ਕੇ ਮਾਪਿਆਂ ’ਤੇ ਵੀ ਕਹਿਰ ਵਰਸਾਏਗੀ, ਕਿਉਂਕਿ ਆਖੇ ਨਾ ਲੱਗਣਾ ਇਸ ਗੁੱਸੇ ਦੀ ਦੂਸਰੀ ਮੰਜ਼ਿਲ ਬਣ ਜਾਂਦੀ ਹੁੰਦੀ ਹੈ।
ਇਹ ਬੋਲੀ ਤੇ ਪਛਾਣ ਦਾ ਫਰਕ ਪੈਣ ਨਾਲ਼ ਬੱਚਿਆਂ ਦਾ ਆਪਣੀ ਸੱਭਿਅਤਾ ਤੋਂ ਪਾੜਾ ਏਨਾਂ ਡੂੰਘਾ ਪਈ ਜਾਂਦਾ ਹੈ ਕਿ ਅਸੀਂ ਸਭ ਨੇ ਵੀ ਆਪਣੇ-ਆਪ ਨੂੰ ਹੌਲ਼ੀ-ਹੌਲ਼ੀ ਪੱਛਮੀ ਸੱਭਿਅਤਾ ਵਿੱਚ ਢਾਲਣਾ ਸ਼ੁਰੂ ਕਰ ਦਿੱਤਾ ਹੈ। ਐਸ ਸਮੇਂ ਤੱਕ ਤਾਂ ਅਸੀਂ ਦੋਗਲੇ ਸੱਭਿਆਚਾਰ ਦੇ ਮਾਲਕ ਬਣ ਚੁੱਕੇ ਹਾਂ, ਪਰ ਜੇ ਟੀ.ਵੀ. ਦਾ ਹੱਲਾ ਏਸੇ ਤਰ੍ਹਾਂ ਕਾਇਮ ਰਿਹਾ ਤਾਂ ਸਾਡੇ ਦੋਗਲੇਪਣ ਵਿੱਚ ਜਿਹੜਾ ਦੇਸੀ ਰੰਗ ਹੈ, ਉਸ ਦੇ ਪੂਰੀ ਤਰ੍ਹਾਂ ਲੋਪ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ‘ਜੀ’ ਕਹਿਣਾ ਅਤੇ ਕਹਾਉਣਾ ਤਾਂ ਕਹਾਵਤਾਂ ਵਿੱਚ ਹੀ ਰਹਿ ਗਿਆ ਹੈ। ਅੱਜ-ਕੱਲ੍ਹ ਲਗਭਗ ਹਰ ਬੱਚੇ ਨੂੰ ਘੂਰ ਕੇ ਕਹਿਣਾ ਪੈਂਦਾ ਹੈ, ‘‘ਬਈ, ਸਤਿ ਸ੍ਰੀ ਅਕਾਲ ਆਖੋ।’’ ਫੇਰ ਵੀ ਬੱਚਾ ਹੱਥ ਜੋੜਨ ਨਾਲ਼ੋਂ ਹੱਥ ਹਿਲਾਉਣ ਨੂੰ ਹੀ ਤਰਜੀਹ ਦਿੰਦਾ ਹੈ।
ਹੁਣ ਪਹਿਰਾਵੇ ਨੂੰ ਹੀ ਲੈ ਲਵੋ। ਟੀ.ਵੀ. ’ਤੇ ਪਹਿਰਾਵੇ ਵੇਖ-ਵੇਖ ਕੇ ਬੱਚਿਆਂ ਦੇ ਪਹਿਰਾਵੇ ੳੂਟ-ਪਟਾਂਗ ਹੋ ਗਏ ਹਨ। ਹੁਣ ਤਾਂ ਮੁੰਡੇ-ਕੁੜੀ ਦੀ ਪਛਾਣ ਕਰਨੀ ਵੀ ਔਖੀ ਹੁੰਦੀ ਜਾਂਦੀ ਹੈ ; ਇੱਕੋ ਜਿਹੇ ਵਾਲ਼, ਇੱਕੋ ਜਿਹੇ ਕੱਪੜੇ, ਕੰਨਾਂ ਦੀਆਂ ਵਾਲ਼ੀਆਂ ਵੀ ਇੱਕੋ ਤਰ੍ਹਾਂ ਦੀਆਂ, ਮੁੰਡਿਆਂ ਦੇ ਬੁੱਲ੍ਹਾਂ ’ਤੇ ਚਮਕਦੀਆਂ ਲਿਪਸਟਿਕਾਂ ਤੇ ਕੁੜੀਆਂ ਦੇ ਮੂੰਹ ਵਿੱਚ ਸਿਗਰਟਾਂ! ਇਹ ਸਭ ਕਰਨ ਨਾਲ਼ ਤੁਹਾਡਾ ਬੱਚਾ ਜਿਹੜੀ ਸੱਭਿਅਤਾ ਨੂੰ ਅਪਣਾ ਰਿਹਾ ਹੈ, ਉਹ ਸਿਰਫ਼ ਉਸ ਸੱਭਿਅਤਾ ਦੇ ਮਾੜੇ ਅੰਸ਼ ਹਨ। ਜਿਹੜੇ ਚੰਗੇ ਅੰਸ਼ ਉਸ ਸੱਭਿਅਤਾ ਵਿੱਚ ਨ, ਉਹ ਤਾਂ ਅਸੀਂ ਆਪਣੇ ਬੱਚਿਆਂ ਨੂੰ ਦੇ ਹੀ ਨਹੀਂ ਰਹੇ।
ਮਿਹਨਤ-ਮੁਸ਼ੱਕਤ ਕਰਨਾ ਕੋਈ ਚਾਹੁੰਦਾ ਹੀ ਨਹੀਂ। ਛੇਤੀ ਅਮੀਰ ਹੋ ਜਾਣ ਦਾ ਸੁਫ਼ਨਾ ਅਤੇ ਧੜਾਧੜ ਪੈਸੇ ਖ਼ਰਚਣ ਦੀ ਚਾਹਤ ਜੁਰਮਾਂ ਨੂੰ ਹੋਰ ਹਵਾ ਦੇਈ ਜਾ ਰਹੀ ਹੈ। ਗ਼ਰੀਬੀ ਤੇ ਅਮੀਰੀ ਦਾ ਪਾੜਾ ਏਨਾਂ ਜ਼ਿਆਦਾ ਹੋ ਚੁੱਕਾ ਹੈ ਕਿ ਬੱਚੇ ਗ਼ਲਤ ਤਰੀਕੇ ਅਪਨਾਉਣ ’ਤੇ ਮਜਬੂਰ ਹੋ ਜਾਂਦੇ ਹਨ।
ਹੁਣ ਰਿਸ਼ਤਿਆਂ ਨੂੰ ਲੈ ਲਵੋ। ਟੀ.ਵੀ. ’ਤੇ ਦਿਖਾਏ ਜਾਂਦੇ ਹਨ ਅੱਧ-ਨੰਗੇ ਜਿਸਮ, ਗ਼ੈਰ-ਵਿਵਹਾਰਕ ਸੰਬੰਧ ਤੇ ਬਿਨਾਂ ਵਿਆਹ ਤੋਂ ਪੈਦਾ ਹੋਏ ਬੱਚੇ। ਭੈਣ-ਭਰਾ ਦੇ ਰਿਸ਼ਤੇ ਦੀ ਅਹਿਮੀਅਤ ਫ਼ਿਲਮਾਂ ਵਿੱਚ ਹੌਲ਼ੀ-ਹੌਲ਼ੀ ਖ਼ਤਮ ਹੁੰਦੀ ਜਾ ਰਹੀ ਹੈ। ਪਿਓ-ਧੀ ਤੇ ਮਾਂ-ਪੁੱਤਰ ਦਾ ਰਿਸ਼ਤਾ ਵੀ ਗੂੜ੍ਹਾ ਨਹੀਂ ਦਿਖਾਇਆ ਜਾਂਦਾ।
ਦੇਸ਼-ਪ੍ਰੇਮ ਵਰਗੀ ਚੀਜ਼ ਤਾਂ ਪਤਾ ਨਹੀਂ ਕਿਧਰ ਉੱਡ-ਪੁੱਡ ਗਈ ਹੈ! ਰਿਸ਼ਤਿਆਂ ਦੀ ਪਵਿੱਤਰਤਾ ਦਾ ਖ਼ਾਤਮਾ ਜਵਾਨ ਬੱਚੇ ਦੇ ਦਿਮਾਗ਼ ’ਤੇ ਏਨਾਂ ਡੂੰਘਾ ਅਸਰ ਪਾਈ ਜਾ ਰਿਹਾ ਹੈ ਕਿ ਅੱਜ ਦੇ ਦਿਨ ਵੀ ਜੇ ਹਾਈ ਸਕੂਲਾਂ ਵਿੱਚ ਜਾ ਕੇ ਪਤਾ ਕੀਤਾ ਜਾਵੇ ਤਾਂ ਜਿਸਮਾਨੀ ਸੰਬੰਧਾਂ ਬਾਰੇ ਹੈਰਾਨੀਜਨਕ ਤੱਥ ਸਾਹਮਣੇ ਆਉਂਦੇ ਹਨ, ਜਿਨ੍ਹਾਂ ਬਾਰੇ ਮਾਪੇ ਸੋਚ ਵੀ ਨਹੀਂ ਸਕਦੇ। ਜੇ ਯਕੀਨ ਨਹੀਂ ਆ ਰਿਹਾ ਤਾਂ ਇੱਥੋਂ ਸਮਝ ਜਾਵੋਗੇ, ਜੋ ਮੈਂ ਤੁਹਾਨੂੰ ਅੱਗੇ ਦੱਸਣ ਲੱਗੀ ਹਾਂ।
ਜਿਹੜਾ ਛੋਟਾ ਜਿਹਾ ਬੱਚਾ ਸਭਾ ਵਿੱਚ ਕੰਡੋਮ ਬਾਰੇ ਪੁੱਛਣ ਆ ਪਹੁੰਚਿਆ ਸੀ, ਉਸ ਦੀ ਵੱਡੀ ਭੈਣ, ਜੋ ਦਸਾਂ ਵਰ੍ਹਿਆਂ ਦੀ ਸੀ ਤੇ ਅੰਗਰੇਜ਼ੀ ਸਕੂਲ ਵਿੱਚ ਪੜ੍ਹ ਰਹੀ ਸੀ, ਉਸ ਨੂੰ ਖਿੱਚ ਕੇ ਵਾਪਸ ਬਾਹਰ ਲੈ ਗਈ ਤੇ ਬਾਹਰਲੇ ਕਮਰੇ ਵਿੱਚ ਉਸ ਨੂੰ ਇਸ ਬਾਰੇ ਸਮਝਾਉਣ ਲੱਗ ਪਈ। ਉਸ ਦੀ ਜਾਣਕਾਰੀ ਸੁਣ ਕੇ ਮੈਂ ਵੀ ਹੈਰਾਨ ਰਹਿ ਗਈ ਸੀ। ਪੁੱਛਣ ’ਤੇ ਉਸ ਨੇ ਦੱਸਿਆ, ‘‘ਮਾਪਿਆਂ ਨਾਲ਼ ਥੋੜ੍ਹਾ ਇਹੋ ਜਿਹੀਆਂ ਗੱਲਾਂ ਕਰੀਦੀਆਂ ਹਨ। ਇਹ ਤਾਂ ਸਹੇਲੀਆਂ ਅਤੇ ਟੀ.ਵੀ., ਰਸਾਲੇ ਹੀ ਬਥੇਰੇ ਹਨ ਦੱਸਣ ਲਈ।’’
ਗਾਤਾਰ ਬੈਠ ਕੇ ਟੀ.ਵੀ. ਵੇਖਣ ਨਾਲ਼ ਬੱਚੇ ਕੁਝ ਨਾ ਕੁਝ ਮੂੰਹ ਵਿੱਚ ਪਾਉਂਦੇ ਰਹਿੰਦੇ ਹਨ। ਇਸੇ ਲਈ ਮੋਟਾਪਾ, ਬਲੱਡ ਪ੍ਰੈਸ਼ਰ ਤੇ ਸ਼ੱਕਰ ਰੋਗ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਦੰਦਾਂ ਦਾ ਅਤੇ ਅੱਖਾਂ ਦਾ ਨੁਕਸਾਨ ਇਸ ਤੋਂ ਵੱਖਰਾ ਹੈ।
ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ਼ ਜੋੜਨਾ ਚਾਹੁੰਦੇ ਹਾਂ ਤੇ ਘਰ ਦਾ ਮਾਹੌਲ ਠੀਕ ਰੱਖਣਾ ਚਾਹੁੰਦੇ ਹਾਂ, ਤਾਂ ਟੀ.ਵੀ. ਦੀ ਵਰਤੋਂ ਦਿਆਨ ਨਾਲ਼ ਹੀ ਕਰਨੀ ਪਵੇਗੀ, ਤਾਂ ਜੋ ਟੀ.ਵੀ. ਤੋਂਚੰਗੀ ਜਾਣਕਾਰੀ ਹੀ ਲਈ ਜਾ ਸਕੇ ਤੇ ਬੱਚੇ ਦੇ ਵਧਦੇ ਦਿਮਾਗ਼ ਲਈ ਜੋ ਲਾਜ਼ਮੀ ਹੈ, ਉਹੋ ਵਿਖਾਇਆ ਜਾਵੇ।
ਇਸ ਵਾਸਤੇ ਮਾਪਿਆਂ ਨੂੰ ਨਜ਼ਰ ਰੱਖਣੀ ਪਵੇਗੀ ਕਿ ਬੱਚੇ ਕਿਹੜਾ ਪ੍ਰੋਗਰਾਮ ਵੇਖ ਰਹੇ ਹਨ ਤੇ ਇਹ ਵੇਖਣ ਯੋਗ ਹੈ ਜਾਂ ਨਹੀਂ। ਮਾਪਿਆਂ ਨੂੰ ਆਪ ਵੀ ਬੱਚਿਆਂ ਸਾਹਮਣੇ ਅਦਿਜਹੇ ਪ੍ਰੋਗਰਾਮ ਨਹੀਂ ਵੇਖਣੇ ਚਾਹੀਦੇ, ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਮਾਰ-ਕੁਟਾਈ, ਜੁਰਮ ਜਾਂ ਜਿਸਮਾਨੀ ਸੰਬੰਧ ਦਿਖਾਏ ਜਾ ਰਹੇ ਹੋਣ। ਇਕੱਲੇ ਬੱਚੇ ਨੂੰ ਟੀ.ਵੀ. ਵੇਖਣ ਲਈ ਨਹੀਂ ਬਿਠਾਉਣਾ ਚਾਹੀਦਾ। ਟੀ.ਵੀ. ਖਾਣੇ ਵਾਲ਼ੇ ਕਮਰੇ ਜਾਂ ਸੌਣ ਵਾਲ਼ੇ ਕਮਰੇ ਵਿੱਚ ਨਹੀਂ ਹੋਣਾ ਚਾਹੀਦਾ। ਰੋਜ਼ਾਨਾ ਇੱਕ ਘੰਟੇ ਤੋਂ ਵੱਧ ਟੀ.ਵੀ. ਨਹੀਂ ਵੇਖਣਾ ਚਾਹੀਦਾ। ਬੱਚੇ ਲਈ ਰੋਜ਼ ਟੀ.ਵੀ. ਵੇਖਣਾ ਵੀ ਜ਼ਰੂਰੀ ਨਹੀਂ ਹੁੰਦਾ, ਕਦੇ-ਕਦੇ ਨਾਗਾ ਪਾ ਲੈਣਾ ਚਾਹੀਦਾ ਹੈ, ਤਾਂ ਕਿ ਬੱਚਾ ਇਸ ਨੂੰ ਆਦਤ ਹੀ ਨਾਂ ਬਣਾ ਲਵੇ। ਇਸ਼ਤਿਹਾਰਾਂ ਵੇਲ਼ੇ ਬੱਚਿਆਂ ਨੂੰ ਗੱਲਾਂ ਵਿੱਚ ਜਾਂ ਕਿਸੇ ਹੋਰ ਆਹਰੇ ਲਾ ਦੇਣਾ ਚਾਹੀਦਾ ਹੈ, ਤਾਂ ਕਿ ਲਗਾਤਾਰ ਅੱਖਾਂ ’ਤੇ ਜ਼ੋਰ ਨਾ ਪਵੇ। ਖਾਣੇਦੇ ਵਕਤ ਟੀ.ਵੀ. ਨਹੀਂ ਲਗਾਉਣਾ ਚਾਹੀਦਾ, ਬਲਕਿ ਬੱਚੇ ਦੇ ਸਕੂਲ ਜਾਂ ਦੋਸਤਾਂ ਬਾਰੇ ਗੱਲਾਂ ਕਰਨੀਆਂ ਚਾਹੀਦੀਆਂ ਹਨ। ਬਿਨਾਂ ਕਿਸੇ ਮਕਸਦ ਦੇ ਟੀ.ਵੀ. ਵੇਖਣ ’ਤੇ ਸਮਾਂ ਖ਼ਰਾਬ ਕਰਨ ਦੀ ਬਜਾਏ ਬੱਚੇ ਨੂੰ ਬੱਚੇ ਨੂੰ ਸੈਰ ਜਾਂ ਬਾਹਰ ਖੇਡਣ ਜਾਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸ਼ੁਰੂ ਤੋਂ ਹੀ ਬੱਚੇ ਨੂੰ ਚੰਗਾ ਸਾਹਿਤ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਤਾਂ ਕਿ ਉਸ ਦਾ ਆਪਣਾ ਦਿਲ ਵੀ ਟੀ.ਵੀ. ਵਿਚਲੇ ਜਾਣਕਾਰੀ ਭਰਪੂਰ ਪ੍ਰੋਗਰਾਮ, ਜਿਵੇਂ ਜਿਸਕਵਰੀ ਚੈਨਲ ਤੇ ਨੈਸ਼ਨਲ ਜਿੳੂਗ੍ਰਾਫਿਕ ਚੈਨਲ ਵੇਖਣ ਨੂੰ ਕਰੇ। ਇਸ ਵਾਸਤੇ ਬੱਚੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਇਹ ਸਭ ਤਾਂ ਹੀ ਸੰਭਵ ਹੋ ਸਕਦਾ ਹੈ, ਜੇ ਮਾਪੇ ਪਹਿਲਾਂ ਆਪ ਬੱਚੇ ਸਾਹਮਣੇ ਇੱਕ ਮਿਸਾਲ ਕਾਇਮ ਕਰਨ, ਤਾਂ ਜੋ ਮਾਪਿਆਂ ਨੂੰ ਵੀ ਇਹੋ ਜਿਹੇ ਹਾਲਾਤ ਵਿੱਚੋਂ ਨਾ ਲੰਘਣਾ ਪਵੇ ਕਿ ਕਿਸੇ ਸਾਹਮਣੇ ਕਹੀ ਬੱਚੇ ਦੀ ਗੱਲ ’ਤੇ ਸ਼ਰਮਿੰਦਾ ਨਾ ਹੋਣਾ ਪਵੇ। ਜੋ ਮਾਪਿਆਂ ਦੀ ਸਮੂਹਿਕ ਸੱਭਿਆਚਾਰਕ ਚੇਤਨਾ ਜਾਗ ਪਵੇ ਤਾਂ ਸੱਭਿਆਚਾਰ-ਵਿਰੋਧੀ ਪ੍ਰੋਗਰਾਮ ਦਿਖਾਉਣ ਵਾਲ਼ੇ ਟੀ.ਵੀ. ਚੈਨਲ ਵਾਲ਼ਿਆਂ ਨੂੰ ਆਪਣੇ-ਆਪ ਸੱਭਿਆਚਾਰ ਹਿਤੈਸ਼ੀ ਮੋੜਾ ਕੱਟਣਾ ਪਵੇਗਾ।
ਕਾਸ਼! ਸਾਡਾ ਟੀ.ਵੀ. ‘ਚੋਲੀ ਕੇ ਪੀਛੇ ਕਿਆ ਹੈ’ ਛੱਡ ਕੇ ਫੇਰ ‘ਨੰਨ੍ਹਾ ਮੁੰਨਾ ਰਾਹੀ ਹੂੰ, ਦੇਸ ਕਾ ਸਿਪਾਹੀ ਹੂੰ’, ‘ਕੋਟਲਾ ਛਪਾਕੀ ਜੁੰਮੇਂ ਰਾਤ ਆਈ ਜੇ’, ‘ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ’, ‘ਰੰਗਲੇ ਦੁਪੱਟੇ’, ‘ਇੱਕ ਕੈਂਠੇ ਵਾਲ਼ਾ ਆ ਗਿਆ ਪ੍ਰਾਹੁਣਾ, ਨੀ ਮਾਏ ਤੇਰੇ ਕੰਮ ਲਮਕੇ’ ਵਰਗੇ ਭੁੱਲ ਚੁੱਕੇ ਬੋਲਾਂ ਨੂੰ ਨਵੀਂ ਜਾਨ ਬਖ਼ਸ਼ੇ!


