ਸੁਣ ਕਿਰਤੀਆ, ਸੁਣ ਕਾਮਿਆਂ, ਕਿਰਸਾਨ ਵੀਰਿਆ …
ਤੂੰ ਹਿੰਮਤਾਂ ਦੇ ਨਾਲ਼ ਹਰ ਤੂਫ਼ਾਨ ਚੀਰਿਆ…
ਸੋਹਣੀ ਬਣਾਵੇਂ ਦੁਨੀਆਂ, ਕਰਦਾ ਨਹੀਂ ਆਰਾਮ….
ਕਿਰਤ ਨੂੰ ਸਲਾਮ, ਤੇਰੀ ਕਿਰਤ ਨੂੰ ਸਲਾਮ. …!!!
ਤੇਰੇ ਸਿਰ ਦੀ ਟੋਕਰੀ ‘ਚੋਂ ਬਣੇ ਮਹਿਲ -ਮਾੜੀਆਂ ।
ਸੂਈ, ਜਹਾਜ, ਰੇਲਾਂ ਇਹ ਚੀਜ਼ਾਂ ਸਾਰੀਆਂ ।
ਤੇਰਾ ਮੁੜ੍ਹਕਾ ਜਿੱਥੇ ਡੁੱਲ੍ਹਦਾ ਉਥੇ ਹੋਣ ਬਰਕਤਾਂ ,
ਬੰਜਰ ਜ਼ਮੀਨਾਂ ਦੋਸਤਾਂ ਤੂੰ ਖ਼ੁਦ ਸੰਵਾਰੀਆਂ ।
ਕਿੰਨੀ ਹੈ ਖ਼ਾਸ ਹਸਤੀ, ਰਹਿੰਦਾ ਏਂ ਬਣਕੇ ਆਮ ….
ਕਿਰਤ ਨੂੰ ਸਲਾਮ……।
ਗਰਮੀ ਨੇ ਸਾੜਿਆਂ ਏਂ ਤੂੰ, ਸਰਦੀ ਨੇ ਠਾਰਿਆ ।
ਬੇਰਹਿਮ ਮੌਸਮਾਂ ਦਾ ਤੂੰ ਹਰ ਦੁੱਖ ਸਹਾਰਿਆ ।
ਗ਼ੁਰਬਤ ਨੇ ਤੇਰੇ ਦਰ ‘ਤੇ ਲਾਏ ਹੋਏ ਡੇਰੇ,
ਫ਼ਿਰ ਵੀ ਸਿਤਮਗ਼ਰਾਂ ਨੂੰ ਖੜ੍ਹ ਕੇ ਵੰਗਾਰਿਆ ।
ਤੇਰਾ ਰੋਸ ਹੀ ਕਰ ਦੇਵੇ ਸਾਰੇ ਜਹਾਂ ਨੂੰ ਜਾਮ…..
ਕਿਰਤ ਨੂੰ ਸਲਾਮ …… ।
ਕੋਈ “ਕਰਮਜੀਤ ” ਕਹਿੰਦੈ, ਬੁੱਝ ਲੈ ਬੁਝਾਰਤਾਂ ।
ਜਿੱਥੇ ਵੀ ਜ਼ੁਲਮ ਦਿਸਦੈ ਕਰ ਦੇ ਬਗ਼ਾਵਤਾਂ ।
ਤੇਰੇ ਹੱਥਾਂ ਉੱਤੇ ਰੱਖ ਕੇ ਕਿਸਮਤ ਦਾ ਫ਼ਲਸਫ਼ਾ
ਕੋਈ ਪਰਦੇ ਪਿੱਛੋਂ ਖੇਡਦੈ ਮਿੱਤਰਾ ਸਿਆਸਤਾਂ ।
ਹੁਣ ਖੁੱਦ ਨੂੰ ਇਨਕਲਾਬੀ ਐਲਾਨ ਸ਼ਰੇਆਮ ….
ਕਿਰਤ ਨੂੰ ਸਲਾਮ, ਤੇਰੀ ਕਿਰਤ ਸਲਾਮ.


