ਜਿਸ ਦੇਸ਼ ਵਿਚ ਪਾਣੀ ਪੀਣ ਵਾਲੀਆਂ ਟੈਂਕੀਆਂ ਦੇ ਨਾਲ ਗਲਾਸਾਂ ਨੂੰ ਸੰਗਲ਼ ਨਾਲ ਬੰਨ੍ਹਣਾ ਪਵੇ। ਜਿੱਥੇ ਧਾਰਮਿਕ ਸਥਾਨਾਂ ਦੇ ਗੋਲਕਾਂ ਨੂੰ ਜਿੰਦੇ ਲਾਉਣੇ ਪੈਣ। ਜਿੱਥੇ ਡਾਕਟਰ ਲੋਕਾਂ ਦੀਆਂ ਕਿਡਨੀਆਂ ਕੱਢ ਕੱਢ ਵੇਚਦੇ ਹੋਣ। ਜਿੱਥੇ ਰਿਕਸ਼ਾ ਚਲਾਉਣ ਵਾਲੇ ਮਹੀਨੇ ਬਾਅਦ ਆਪਣਾ ਖ਼ੂਨ ਵੇਚ ਕੇ ਗੁਜ਼ਾਰਾ ਕਰਦੇ ਹੋਣ। ਜਿੱਥੇ ਮੰਤਰੀਆਂ ਦੇ ਤਿੰਨ ਤਿੰਨ ਵਿਆਹ ਅਤੇ ਪੰਦਰਾਂ ਪੰਦਰਾਂ ਬੱਚੇ ਹੋਣ। ਜਿੱਥੇ ਪਰੋਨ ਸਟਾਰ ਲੋਕਾਂ ਨੂੰ ਸਿੱਖਿਆ ਦੇਣ। ਜਿੱਥੇ ਰੇਤਾ ਮਹਿੰਗਾ ਅਤੇ ਕਣਕ ਸਸਤੀ ਹੋਵੇ। ਜਿੱਥੇ ਚਿੱਟਾ ਆਮ ਤੇ ਦਵਾਈਆਂ ਮੁਸ਼ਕਿਲ ਮਿਲਣ। ਜਿੱਥੇ ਹਸਪਤਾਲ ਘੱਟ ਅਤੇ ਠੇਕੇ ਜਿਆਦਾ ਹੋਣ।
ਜਿੱਥੇ ਸਿੱਖਿਆ ਮੰਤਰੀ ਅਨਪੜ੍ਹ ਅਤੇ ਦਲਿਤ ਖੇਤੀਬਾੜੀ ਮੰਤਰੀ ਹੋਣ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਗੂੰਗਾ ਅਤੇ ਸਰਕਾਰਾਂ ਬੋਲੀਆਂ ਹੋਣ। ਜਿਸ ਦੇਸ਼ ਦੀ ਅੱਧੋਂ ਵੱਧ ਵੋਟ ਵਿਕਦੀ ਹੋਵੇ। ਜਿਸ ਦੇਸ਼ ਦੀ ਵਿਹਲੀ ਮਡੀਰ ਕੁੜੀਆਂ ਨਾਲ ਖਹਿਣ ਦੀ ਮਾਰੀ ਸਾਰੀ ਦਿਹਾੜੀ ਬੱਸਾਂ ਤੇ ਚੜ੍ਹੀ ਫਿਰੇ। ਜਿੱਥੋਂ ਦੇ ਲੀਡਰ ਟਿਕਟਾਂ ਲੈਣ ਦੇ ਮਾਰੇ ਆਪਣੀਆਂ ਧੀਆਂ ਵੱਡੇ ਲੀਡਰਾਂ ਕੋਲ ਭੇਜਣ। ਜਿਸ ਦੇਸ਼ ਦੇ ਲੀਡਰ ਚਾਰੇ ਦੇ ਪੈਸੇ, ਬੱਚਿਆਂ ਦੀਆਂ ਕਿਤਾਬਾਂ ਦੇ ਪੈਸੇ, ਗ਼ਰੀਬਾਂ ਨੂੰ ਵੰਡੀਆਂ ਜਾਣ ਵਾਲੀਆਂ ਦਵਾਈਆਂ ਦੇ ਪੈਸੇ ਖਾਣਾ।
ਜਿਸ ਦੇਸ਼ ਵਿਚ ਮੰਤਰੀ ਤੋਂ ਲੈ ਕੇ ਸੰਤਰੀ ਰਿਸ਼ਵਤਾਂ ਲੈਣ। ਜਿਸ ਦੇਸ਼ ਵਿਚ ਪੜ੍ਹਨ ਵਾਲੀਆਂ ਕੁੜੀਆਂ ਨਾਲ ਬੱਸਾਂ ਵਿਚ ਤਿੰਨ ਤਿੰਨ ਜਣੇ ਰੇਪ ਕਰਨ। ਜਿਸ ਦੇਸ਼ ਦਾ ਸਰਮਾਇਆ 10% ਲੋਕਾਂ ਨੇ ਸਾਂਭਿਆ ਹੋਵੇ ਪਰ ਉੱਥੇ ਲੱਖਾਂ ਲੋਕ ਬਿਨਾਂ ਛੱਤ ਤੋਂ ਭੁੱਖੇ ਨੰਗੇ ਥੱਲੇ ਸੌਣ। ਜਿਸ ਦੇਸ਼ ਵਿਚ ਸਰਕਾਰਾਂ ਨੌਜਵਾਨਾਂ ਨੂੰ ਨਸ਼ਾ ਮੁਹੱਈਆ ਕਰਵਾਉਣ ਤਾਂ ਕਿ ਉਹ ਪੜ੍ਹ ਲਿਖ ਕੇ ਕਿਤੇ ਸੂਝਵਾਨ ਨਾ ਬਣ ਜਾਣ। ਉਸ ਦੇਸ਼ ਵਿਚ ਕਿਸੇ ਵੱਡੀ ਕ੍ਰਾਂਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਐਸੇ ਦੇਸ਼ ਵਿਚ ਵਕਤੀ ਤੌਰ ਤੇ ਛੋਟੀਆਂ ਮੋਟੀਆਂ ਲਹਿਰਾਂ ਜ਼ਰੂਰ ਉੱਠ ਸਕਦੀਆਂ ਅਤੇ ਉੱਠਦਿਆਂ ਵੀ ਰਹੀਆਂ ਪਰ ਉਹ ਸਮੇਂ ਦੇ ਵਹਾ ਨਾਲ ਵਹਿ ਜਾਂਦੀਆਂ ਅਤੇ ਅੰਤ ਬੀਤੇ ਦੀਆਂ ਯਾਦਾਂ ਬਣ ਜਾਂਦੀਆਂ। ਬਦਕਿਸਮਤੀ ਨਾਲ ਮੇਰਾ ਦੇਸ਼ ਵੀ ਇਹਨਾਂ ਦੇਸ਼ਾਂ ਵਿਚੋਂ ਇੱਕ ਹੈ। ਭਾਵੇਂ ਇਨਸਾਨ ਨੂੰ ਆਸ ਨਹੀਂ ਛੱਡਣੀ ਚਾਹੀਦੀ ਆਸ ਨਾਲ ਹੀ ਜਹਾਨ ਹੈ। ਜੇ ਸਾਡੇ ਦੇਸ਼ ਵਿਚ ਕਿਸੇ ਪਾਸਿਉਂ ਨਵੀਂ ਕ੍ਰਾਂਤੀ ਦੀ ਗੱਲ ਹੋ ਰਹੀ ਹੈ ਤਾਂ ਉਸ ਲਈ ਦੁਆ ਕਰਨੀ ਚਾਹੀਦੀ ਹੈ ਕਿ ਉਹ ਕ੍ਰਾਂਤੀ ਸਹੀ ਦਿਸ਼ਾ ਵੱਲ ਜਾਂਦੀ ਲੋਕ ਪੱਖੀ ਹੋਵੇ। ਹੋ ਸਕਦਾ ਕੋਈ ਨੀਲੇ ਚਿੱਟੇ ਕਾਲਿਆਂ ਤੋਂ ਚੰਗਾ ਹੋਵੇ। ਵੈਸੇ ਹਰੇਕ ਸਵਾਲ ਦਾ ਜਵਾਬ ਵਕਤ ਦੇ ਗਰਭ ਵਿਚ ਹੁੰਦਾ ਜੋ ਦੇਰ ਜਾਂ ਸਵੇਰ ਅੱਗੇ ਆ ਹੀ ਜਾਂਦਾ।
ਲੋੜ ਤਾਂ ਸਾਨੂੰ ਹੁਣ ਵੋਟਾਂ ਵੇਲੇ ਸਮਝਣ ਅਤੇ ਸਮਝਾਉਣ ਦੀ ਹੈ ਜੇ ਅਸੀਂ ਤਬਦੀਲੀ ਚਾਹੁੰਦੇ ਹਾਂ ਤਾਂ ਹੁਣ ਤੋਂ ਹੀ ਉਨ੍ਹਾਂ ਨੂੰ ਚੁਣੀਏ ਜੋ ਸਾਡੇ ਸੁਪਨਿਆਂ ਨੂੰ ਸੱਚ ਕਰਨ। ਜੋ ਆਮ ਲੋਕਾਂ ਨਾਲ ਖੜ੍ਹਨ ਵਾਲੇ ਹੋਣ ਨਾ ਕਿ ਜਹਾਜ਼ਾਂ ਉੱਤੇ ਚੜ੍ਹ ਕੇ ਸਾਡੇ ਸਿਰਾਂ ਉੱਤੋਂ ਦੀ ਲੰਘਣ ਵਾਲੇ। ਕਈ ਵਾਰੀ ਅਸੀਂ ਵਿਕ ਤਾਂ ਸ਼ਰਾਬ ਦੀ ਬੋਤਲ ਤੇ ਜਾਦੇ ਹਾਂ ਅਤੇ ਭਾਲਦੇ ਅਸੀਂ ਕ੍ਰਾਂਤੀਆਂ ਹਾਂ। ਜੇ ਅਸੀਂ ਵੋਟਾਂ ਮੌਕੇ ਸਿਆਸੀ ਪਾਰਟੀਆਂ ਵੱਲੋਂ ਵੰਡੇ ਜਾਂਦੇ ਨਸ਼ੇ ਮੁਫ਼ਤ ਦਾ ਮਾਲ ਸਮਝ ਕੇ ਪੀਂਦੇ ਹਾਂ ਤਾਂ ਇਸ ਵਿਚ ਕਸੂਰ ਇਹਨਾਂ ਲੀਡਰਾਂ ਦਾ ਨਹੀਂ ਬਲਕਿ ਸਾਡਾ ਆਪਣਾ ਹੀ ਹੈ। ਫੇਰ ਇੱਕ ਵਾਰ ਪਿਆਈ ਬੋਤਲ ਦੇ ਸਿਰ ਤੇ ਇਹ ਲੀਡਰ ਪੰਜ ਸਾਲ ਸਾਡਾ ਖ਼ੂਨ ਪੀਂਦੇ ਹਨ ਅਤੇ ਆਪਣੀ ਮਰਜ਼ੀ ਸਾਡੇ ਤੇ ਥੋਪਦੇ ਹਨ।
ਫਿਰ ਅਸੀਂ ਇਹਨਾਂ ਖ਼ਿਲਾਫ਼ ਮੁਜਾਹਰੇ ਕਰਦੇ ਹਾਂ, ਰੇਲਾਂ ਰੋਕਦੇ ਹਾਂ, ਸੜਕਾਂ ਜਾਮ ਕਰਦੇ ਹਾਂ ਪਰ ਇੱਕ ਵਾਰ ਨੇਤਾ ਚੁਣਨ ਚ ਕੀਤੀ ਸਾਡੀ ਗ਼ਲਤੀ ਇਹਨਾਂ ਲੀਡਰਾਂ ਨੂੰ ਰਾਜਧਾਨੀ ਬਠਾ ਦਿੰਦੀ ਹੈ ਅਤੇ ਸਾਡੇ ਪੱਲੇ ਰਹਿ ਜਾਂਦੇ ਨੇ ਡੰਡੇ ਜਾਂ ਠੂਠੇ ਜੋ ਅਸੀਂ ਹਰ ਇੱਕ ਦੇ ਮੂਹਰੇ ਅੱਜ ਵੀ ਅੱਡੀ ਫਿਰਦੇ ਹਾਂ। ਸੋ ਸਮਝਣ ਦੀ ਲੋੜ ਤਾਂ ਸਾਨੂੰ ਹੁਣ ਵੋਟਾਂ ਵੇਲੇ ਹੈ ਸੱਪ ਲੰਘੇ ਤੋਂ ਲੀਹ ਕੁੱਟਣ ਦਾ ਕੀ ਫ਼ਾਇਦਾ। ਅਜਿਹੇ ਅਹਿਮ ਮੌਕਿਆਂ ਤੇ ਪੜਿਆਂ ਅਤੇ ਸੂਝਵਾਨਾਂ ਵੱਲੋਂ ਸਭ ਨੂੰ ਸਮਝਾਉਣਾ ਚਾਹੀਦਾ ਹੈ ਕਿ ਕੀ ਸਹੀ ਹੈ ਅਤੇ ਕੀ ਗ਼ਲਤ ਹੈ। ਦੇਸ਼ ਨੂੰ ਗ਼ਲਤ ਜਾਂ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਤਾਕਤ ਤੁਹਾਡੀ ਸਿਰਫ ਇੱਕ ਵੋਟ ਵਿੱਚ ਹੈ। ਫ਼ੈਸਲਾ ਅਸੀਂ ਆਪ ਹੀ ਕਰਨਾ।


