ਇਸ ਯੁੱਗ ਨੂੰ ਕਵਿਤਾ ਦੀ ਕਿੰਨੀ ਕੁ ਲੋੜ ਹੈ? ਪੰਜਾਬੀ ਦੀ ਕਵਿਤਾ ਪੜ੍ਹਣ ਵਾਲੇ ਪਾਠਕ ਕਿੰਨੇ ਹਨ? ਪੰਜਾਬੀ ‘ਚ ਕਿੰਨੇ ਕੁ ਚੰਗੇ ਕਵੀ ਹਨ? ਕੀ ਕਵਿਤਾ ਇਸ ਯੁੱਗ ਦੀਆਂ ਪੇਚੀਦਗੀਆਂ ਨੂੰ ਅੰਕਿਤ ਕਰਨ ਲਈ ਯੋਗ ਵਿਧਾ ਹੈ?
ਇਨ੍ਹਾਂ ਸੁਆਲਾਂ ਦਾ ਜੁਆਬ ਸਭ ਨੂੰ ਪਤਾ ਹੈ। ਫਿਰ ਕਵਿਤਾ ਨੇ ਪੰਜਾਬੀ ਸਾਹਿਤਕਾਰੀ ਨੂੰ ਆਤੰਕਿਤ ਕਿਉਂ ਕੀਤਾ ਹੋਇਆ ਹੈ? ਬਿਲਕੁਲ ਉਸ ਤਰ੍ਹਾਂ ਜਿਵੇਂ ਧਰਮ ਨੇ ਇਸ ਦੇਸ਼ ਨੂੰ ਆਤੰਕਿਤ ਕਰ ਰੱਖਿਆ ਹੈ।
ਪੰਜਾਬੀ ‘ਚ ਕਵਿਤਾ ਕਿਸੇ ਉਚੇਰੇ ਚਿੰਤਨ ਨੂੰ ਨਹੀਂ ਉਭਾਰ ਰਹੀ। ਕਵਿਤਾ ਚਿੰਤਨੀ ਬੁਲੰਦੀਆਂ ਛੁਹਣ ਲਈ ਸਾਡੇ ਲਿਖੀ ਵੀ ਨਹੀਂ ਜਾਂਦੀ। ਇਹਨੇ ਉਦਗ਼ਾਰਾਂ ਦਾ ਜਲੌਅ ਹੀ ਦਿਖਾਣਾ ਹੁੰਦਾ ਕਿ ਸਰੋਤੇ ਤਰੰਗਿਤ ਹੁੰਦੇ ਰਹਿਣੇ। ਪੰਜਾਬੀ ਕਵੀ ਜੇ ਅਜਿਹਾ ਵੀ ਕਰਦੇ ਹੋਣ ਤਾਂ ਕਵਿਤਾ ਬਾਰੇ ਕਿਸੇ ਨੂੰ ਇਤਰਾਜ਼ ਨਹੀਂ। ਕਵਿਤਾ ਦੀ ਸਿਨਫ਼ ਅਦੁੱਤੀ ਹੈ, ਸਭ ਨੂੰ ਪਤਾ ਹੈ। ਪਰ ਆਪਣੇ ਤਾਂ ਕਵਿਤਾ ਦਾ ਗਾਹ ਪਈ ਜਾ ਰਿਹੈ। ਲਿਖਣਕਾਰਾਂ ਦੀ ਗਿਣਤੀ ‘ਚ ਹੀ ਵਾਧਾ ਹੋ ਰਿਹੈ, ਜਿਵੇਂ ਮਾਲ ਰੋਡ ‘ਤੇ ਸ਼ਾਮ ਨੂੰ ਰੌਣਕ ਵੱਧਦੀ ਜਾਂਦੀ ਹੈ। ਹਰ ਸਾਹਿਤਕ ਇਕੱਠ ਦਾ ਅਗਲਾ ਮੋੜ ਕਾਵਿ ਬਾਜ਼ਾਰ ਵੱਲ ਨੂੰ ਜਾਂਦਾ ਹੈ ਤੇ ਤੋੜਾ ਮਹਿਫ਼ਲੀਅਤ/ਸ਼ਰਾਬੀਅਤ ‘ਤੇ ਟੁੱਟਦਾ ਹੈ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ।
ਇਹ ਸਮਕਾਲ ਨੂੰ ਸਹਿਣ ਯੋਗ ਬਨਾਣ ਦੀ ਜੁਗਤ ਹੈ। ਇਹ ਇਤਿਹਾਸ ਨੂੰ ਤਰਲ ਬਨਾਣ ਦੀ ਉਮੰਗ ਹੈ। ਅਜਿਹੀ ਸਿਆਸੀ/ਸੱਭਿਆਚਾਰਕ ਬੇਫ਼ਿਕਰੀ ਨੇ ਪੰਜਾਬ ਨੂੰ ਪਿੱਛਲ-ਪੈਰੀ ਧਕੇਲ ਦਿੱਤਾ ਹੈ। ਕਿਸੇ ਨੂੰ ਨਹੀਂ ਪਤਾ ਇਸ ਭੂਖੰਡ ਦਾ ਕੱਲ੍ਹ ਕਿਹੋ ਜਿਹਾ ਹੋਵੇਗਾ। ਸਾਹਿਤ ਦੀ 80 ਪ੍ਰਤਿਸ਼ਤ ਸਪੇਸ ‘ਤੇ ਕਵੀਆਂ ਨੇ ਮੰਜੀਆਂ ਡਾਹ ਰੱਖੀਆਂ ਹਨ। ਬਾਕੀ ਦੀ ਸਪੇਸ ‘ਤੇ ਅਕਾਦਮੀਆਂ ਤੇ ਸਰਕਾਰੀ ਵਿਭਾਗ ਅਲਖ ਜਗਾਂਦੇ ਹਨ। ਕਹਿਣ ਨੂੰ ਨਵਾਂ ਕਿਸੇ ਕੋਲ ਕੁਝ ਨਹੀਂ ਰਿਹਾ। ਜੇ ਕਹਿਣ ਨੂੰ ਹੋਵੇ ਤਾਂ ਗ਼ਜ਼ਲੀਅਤ ਮੰਚਾਂ ‘ਤੇ ਤਰਾਨੇ ਗਾਉਂਦੀ ਨਾ ਦਿਖੇ। ਸੁਆਲ ਪੈਦਾ ਹੁੰਦਾ ਹੈ : ਅਸੀਂ ਕਿਸ ਯੁੱਗ ‘ਚ ਰਹਿੰਦੇ ਹਾਂ? ਯੁੱਗ ਦੀ ਦਸ਼ਾ/ਦਿਸ਼ਾ ਕੁਝ ਵੀ ਹੋਵੇ, ਇਸ ਨੂੰ ਅਸੀਂ ਆਪਣੀ ਤਰ੍ਹਾਂ ਦਾ ਬਣਾ ਰੱਖਿਆ ਹੈ। ਸੁਆਲਾਂ/ਤਸੱਵਰਾਂ, ਸੰਵਾਦਾਂ, ਨਵੇਂ ਵਿਚਾਰਾਂ ਦੀ ਰੋਸ਼ਨੀ ਤੋਂ ਟੁੱਟਾ ‘ਸਾਡਾ ਆਪਣਾ’ ਇਹ ਯੁੱਗ ਅੰਤਰ ਰਾਸ਼ਟਰੀ ਮੱਧਵਰਗ ਦੇ ਆਰਥਿਕ ਵਿਆਕਰਣ ਨੇ ਸਾਂਭ ਲੈਣਾ ਹੈ। ਆਉਂਦੇ ਯੁੱਗਾਂ ਵਿੱਚ ਪੰਜਾਬ ਦੀ ਧਰਤੀ ‘ਤੇ ਜਿਸ ਕਿਸੇ ਦਾ ਗਲਬਾ ਹੋਵੇ, ਪੰਜਾਬੀ ਜਾਂ ਗ਼ੈਰ-ਪੰਜਾਬੀ ਕਿਸੇ ਦਾ ਵੀ, ਉਹਦੇ ਲਈ ਭਾਸ਼ਾ/ਸੱਭਿਆਚਾਰ ਬੇਮਾਅਨੀ ਹੋ ਜਾਣੀ ਹੈ। ਅਸੀਂ ਅਜਿਹੇ ਭਵਿੱਖ ਲਈ ਭੋਏਂ ਤਿਆਰ ਕਰ ਰਹੇ ਹਾਂ।
ਇਹ ਯੁੱਗ ਕਾਰਪੋਰਟ ਸਿੱਖਿਆ ਦਾ ਹੈ। ਸਾਡੇ ਯੁਵਕ ਕਾਰਪੋਰੇਟ ਸੰਸਾਰ ਦੇ ਪਿਆਦੇ ਬਣ ਰਹੇ ਹਨ। ਇਹ ਵਿਸ਼ਵੀਕਰਨ ਦੀ ਸੁਨਾਮੀ ਦਾ ਅਸਰ ਹੈ। ਹਰ ਤਰ੍ਹਾਂ ਦੇ ਮਾਨਵ ਪ੍ਰਵਚਨ ਦਾ ਬਿਜ਼ਨਸੀਕਰਨ ਹੋ ਚੁੱਕਾ ਹੈ। ਟੈਲੀ ‘ਤੇ ਕ੍ਰਿਕਟ/ਫ਼ਿਲਮਾਂ ਤੇ ਫੈਸ਼ਨ ਸ਼ੋਅ ਆਦਿ ਦੀ ਪਾਪੂਲਰ ਦ੍ਰਿਸ਼ਾਵਲੀ ਸਾਡੀ ਤਫ਼ਰੀਹ ਦਾ ਸਰੋਤ ਬਣੀ ਹੋਈ ਹੈ। ਇਸ ਪਿੱਛੇ ਵਿਸ਼ਵ ਪੱਧਰ ‘ਤੇ ਤੈਅ ਹੋ ਚੁੱਕੇ ਆਰਥਿਕ ਸਮੀਕਰਣ ਹਨ। ਇਹ ਸਮੀਕਰਣ ਮਨੁੱਖ ਦੀ ਮਾਨਸਿਕ ਬਣਤ ਨੂੰ ਤਬਦੀਲ ਕਰ ਰਹੇ ਹਨ। ਸਰਲ ਸਿੱਧੜ ਮਨੁੱਖ ਲਈ ਰੂਹਾਨੀ ਰਾਹਤ ਦੇ ਸਰੋਤ ਸੰਗੀਤ, ਕਵਿਤਾ ਜਾਂ ਗਾਇਨ ਨਹੀਂ ਹਨ, ਨਾ ਇਹ ਬੌਧਿਕ ਅਦਾਨ ਪ੍ਰਦਾਨ ਹੈ।
ਪੰਜਾਬ ਦੇ ਪਿੰਡਾਂ ਵਿੱਚ ਤਬਦੀਲੀ ਦਾ ਵੱਡਾ ਕਾਰਣ ਪ੍ਰਵਾਸ ਹੈ ਜਾਂ ਪ੍ਰਵਾਸ ਦੀ ਅਮਿੱਟ ਲਿਲਕ ਹੈ। ਇਹਦੇ ਨਾਲ ਸਾਡੇ ਸਮਾਜ ਵਿੱਚ ਘਣੀ ਉੱਥਲ-ਪੁੱਥਲ ਪੈਦਾ ਹੋਈ ਹੈ। ਕਿੰਨਾ ਕੁਝ ਉਖੜੇਵੇਂ ਦੀ ਸਥਿਤੀ ‘ਚ ਹੈ। ਪੰਜਾਬੀ ਬੰਦਾ ਹਤਾਸ਼ ਹੈ, ਆਪਣੇ ‘ਆਰੰਭ’ ਤੋਂ ਟੁੱਟ ਰਿਹਾ ਹੈ। ਇਹ ਟੁੱਟਣਾ ਤੈਅ ਹੈ, ਪਰ ਉਹਨੇ ਜੁੜਨਾ ਕਿਸ ਨਾਲ ਹੈ? ਉਹਦਾ ਆਉਣ ਵਾਲਾ ਕੱਲ੍ਹ ਕੌਣ ਤੈਅ ਕਰੇਗਾ? ਕਿਸ ਨੂੰ ਪਤਾ ਹੈ? ਇਸ ਬਾਰੇ ਚਿੰਤਾ ਕਰਨ ਵਾਲੇ ਕੌਣ ਹਨ? ਕਵੀ?
ਅਜਿਹੀ ਗੰਭੀਰ ਸਥਿਤੀ ‘ਚ ਚੜ੍ਹਤ ਧਰਮ ਦੀ ਰਹਿਣੀ ਹੈ, ਕਿਉਂਕਿ ਲੋਕਾਈ ਕੋਲ ਸਮਕਾਲ ਨਾਲ ਟਕਰਾਣ ਦੀਆਂ ਜੁਗਤਾਂ ਨਹੀਂ ਹਨ। ਟਕਰਾਣ ਤੋਂ ਪਹਿਲਾਂ ਸਮੁੱਚੀ ਸਥਿਤੀ ਨੂੰ ਸਮਝਣ ਦੀ ਜੋ ਲੋੜ ਹੈ, ਕੀ ਉਹਦਾ ਉੱਤਰ ਕਵਿਤਾ ਹੈ? ਕੀ ਪੰਜਾਬੀ ਬੰਦਾ, ਜਾਂ ਪੰਜਾਬੀ ਸਾਹਿਤ ਦਾ ਪਾਠਕ, ਕਵਿਤਾ ਪੜ੍ਹਣਾ ਚਾਹੁੰਦਾ ਹੈ? ਫਿਰ ਵੀ ਪੰਜਾਬੀ ‘ਚ ਇੱਟ ਪੁੱਟਿਆਂ ਕਵੀ ਮਿਲਦੇ ਹਨ। ਅਜਿਹੇ ਕਵੀ ਜਿਨ੍ਹਾਂ ਨੂੰ ਕੋਈ ਨਹੀਂ ਪੜ੍ਹਦਾ। ਅਜਿਹੇ ਕਵੀ ਜੋ ਸਿਰਫ਼ ਨਿੱਕੀਆਂ ਢਾਣੀਆਂ ‘ਚ ਕਵਿਤਾ ਸੁਣਾਂਦੇ ਹਨ। ਇਨਾਮਯਾਫ਼ਤਾ ਕਵੀ ਬੇਪਾਠਕੀ ਕਵਿਤਾ ਲਿਖ ਰਹੇ ਹਨ। ਕਵਿਤਾ ਦੀਆਂ ਕਿਤਾਬਾਂ ਛੱਪਦੀਆਂ ਹਨ, ਰੁਲਦੀਆਂ ਹਨ।
ਪੰਜਾਬੀ ਸਾਹਿਤਕਾਰੀ ਦੀ ਕਵਿਤਾਮੁਖੀ ਮੁਹਾਣ ਗੰਭੀਰ ਤਰਜ਼ ਦੀ ਗ਼ੈਰ-ਜ਼ਿੰਮੇਵਾਰੀ ਦਾ ਆਲਮ ਹੈ ਜਾਂ ਬੌਧਿਕ ਅਲਗ਼ਰਜ਼ੀ ਦੀ ਸਿਖਰ ਹੈ ਜਾਂ ਪ੍ਰਤਿਭਾਹੀਣਤਾ ਦਾ ਵਿਰਾਟ ਪਾਸਾਰਾ ਹੈ। ਜਾਂ ਆਪ ਰਚੀ ਕੋਈ ਸਾਜ਼ਿਸ਼ ਹੈ। ਸਮਕਾਲੀ ਸਥਿਤੀ ਨੂੰ ਵਿਸ਼ਵ ਪ੍ਰਸੰਗਾਂ ‘ਚ ਸਮਝਣ ਵਾਲੇ ਚਿੰਤਕ, ਨਸਰਕਾਰ, ਨਾਵਲਕਾਰ, ਨਾਟਕਕਾਰ ਨਹੀਂ ਮਿਲ ਰਹੇ। ਪੰਜਾਬੀ ਸਾਹਿਤਕਾਰੀ ਨੂੰ ਕਵਿਤਾ ਦੇ ਆਤੰਕ ਨੇ ਪੀੜਤ ਕੀਤਾ ਹੋਇਆ।
(‘ਫ਼ਿਲਹਾਲ’ ਦੇ ਅੰਕ 14 ਵਿੱਚੋਂ)
(ਗੁਰਬਚਨ ਪੰਜਾਬੀ ਦੇ ਨਾਮਵਰ ਵਾਰਤਕ ਲੇਖਕ , ਬੇਬਾਕ ਟਿਪਣੀਕਾਰ,ਆਲੋਚਕ ਤੇ ਸੁਪ੍ਰਸਿੱਧ ਅਦਬੀ ਪਰਚੇ ‘ਫ਼ਿਲਹਾਲ’ ਦੇ ਸੰਪਾਦਕ ਹਨ |)

