ਜਿਸ ਦਿਨ ਵਾਹਗਾ ਸਰੱਹਦ ‘ਤੇ ਫੀਦਾਈਨ ਹਮਲੇ ਨੇ ਪਾਕਿਸਤਾਨ ‘ਚ ਲਗਭਗ 60 ਜਾਨਾਂ ਲਈਆਂ, ਉਸ ਦਿਨ ਪਾਕਿਸਤਾਨ ਨਾਲ ਭਾਰਤ ਸਮੇਤ ਸਾਰਾ ਸੰਸਾਰ ਸੋਗ ‘ਚ ਡੁੱਬ ਗਿਆ ਅਤੇ ਅੰਤਰਰਾਸ਼ਟਰੀ ਕੈਨਵਸ ‘ਤੇ ਅੱਤਵਾਦ ਦੇ ਇਸ ਕੁਕਰਮ ਦੀ ਤੀਖੀ ਨਿੰਦਾ ਹੋਈ। ਉਸਦੇ ਅਗਲੇ ਦਿਨ ਹੀ ਪਾਕਿਸਤਾਨ ‘ਚ ਇਕ ਰੌਂਗਟੇ ਖੜੇ ਕਰਨ ਵਾਲੀ ਘਟਨਾ ਵਾਪਰੀ ਜਿਸ ਨੇ ਘੱਟ ਗਿਣਤੀਆਂ ਦੀ ਜਿੰਦ-ਜਾਨ ‘ਚੋਂ ਨੀਂਦ ਉਡਾਅ ਕੇ ਉਹਨਾਂ ਦੇ ਜੀਵਨਾ ‘ਤੇ ਖੌਫ, ਅਸੁਰੱਖਿਆ ਅਤੇ ਸਤਾਅ ਦੀ ਮੋਹਰ ਲਗਾ ਦਿੱਤੀ। ਜਿਸਨੂੰ ਪੜ ਸੁਣ ਕੇ ਹੀ ਮਾਨਵੀ ਕਦਰਾਂ ਕੀਮਤਾਂ ਨੂੰ ਸਮਝਣ ਵਾਲਾ ਹਰੇਕ ਮਨੂਖ ਭਾਵੇਂ ਉਹ ਕਿਸੇ ਵੀ ਜਾਤ ਦਾ ਹੋਵੇ ਦੀਆਂ ਅਖਾਂ ਭਰ ਆਈਆਂ ‘ਤੇ ਸਹਿਜ ਹੀ ਮੂੰਹ ‘ਚੋਂ ਆਹ ਨਿਕਲੀ ਅਤੇ ਧਾਰਮਿਕ ਕਟੜਤਾ, ਜਨੂਨ ਅਤੇ ਅਜਿਹੇ ਵਹਿਸ਼ੀਪਨ ਪ੍ਰਤੀ ਰੋਸ ਦੀਆਂ ਤਰੰਗਾਂ 440 ਵੋਲਟੇਜ਼ ਦੇ ਕਰੰਟ ਵਾਂਗ ਸ਼ਰੀਰ ‘ਚੋਂ ਲੰਘ ਗਈਆਂ।
ਲਹੌਰ ਤੋਂ ਮਹਿਜ਼ 40 ਕੁ ਕਿਲੋਮੀਟਰ ਦੂਰ ਪਿੰਡ ਕੋਟ ਰਾਧਾ ਕ੍ਰਿਸ਼ਨ ਦੀਆਂ ਸੜਕਾਂ ‘ਤੇ ਧਾਰਮਿਕ ਕੱਟੜਵਾਦ ਦਾ ਵਹਿਸ਼ੀਪਨ ਦਿਨ ਦਿਹਾੜੇ ਨੰਗਾ ਨਾਚ ਹੁੰਦਾ ਰਿਹਾ………… ਯੁਸਫ ਮੁਹਮੰਦ ਨਾਂ ਦੇ ਇਕ ਭੱਠਾ ਮਾਲਿਕ ਨੇ ਇਕ ਬੰਧੂਆ ਮਜ਼ਦੂਰ ਇਸਾਈ ਜੋੜੋ ਸ਼ਹਿਬਾਜ਼ ਮਸੀਹ ਅਤੇ ਉਸਦੀ ਪਤਨੀ ਸ਼ਮਾ ਜੋ ਗਰਭਵਤੀ ਸੀ ਨੂੰ ਆਪਣੀ ਮਜ਼ਦੂਰੀ ਮੰਗਣ ‘ਤੇ ਉਹਨਾਂ ‘ਤੇ ਈਸ਼ਨਿੰਦਾ ਦਾ ਇਲਜ਼ਾਮ ਲਾ ਕੇ ਭੀੜ ਇਕੱਠੀ ਕੀਤੀ ਅਤੇ ਉਹਨਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਜਿਊਂਦੇ ਹੀ ਭੱਠੇ ਦੇ ਝੂੰਬੇ ਦੀ ਅੱਗ ‘ਚ ਸੁੱਟ ਦਿੱਤਾ। ਘਟਦੀ ਦੇ ਇਸ ਪੈਹਰੇ ‘ਚ ਹਜ਼ਾਰਾਂ ਦੀ ਭੀੜ ‘ਚੋਂ ਇਕ ਵੀ ਬੰਦਾ ਇਸ ਬੇਇੰਸਾਫੀ ਦੇ ਹਕ ‘ਚ ਨਾ ਖੜੋਤਾ……ਉਹ ਸੱਚ ਦੱਸਣ ਲਈ ਵਿਲਕਦੇ ਰਹੇ ਪਰ ਜਨੂੰਨੀ ਭੀੜ ਨੇ ਇਕ ਨਾ ਮੰਨੀ।
ਇਸ ‘ਚ ਵੀ ਕੋਈ ਦੋ ਰਾਏ ਨਹੀ ਕਿ ਪਾਕਿਸਤਾਨੀ ਪ੍ਰਸਾਸ਼ਨ ਭਾਰਤੀ ਪ੍ਰਸਾਸ਼ਨ ਤੋਂ ਵੀ ਜਿਆਦਾ ਅਵੇਸਲਾ ਅਤੇ ਮਾੜਾ ਨਿਕਲਿਆ। ਜਦੋਂ ਨੂੰ ਪੁਲਿਸ ਹਰਕਤ ‘ਚ ਆਈ , ਉਦੋਂ ਤੱਕ ਦੁਨੀਆਂ ਦੀ ਇਹ ਸਭ ਤੋਂ ਨਿੰਦਣਯੋਗ ਘਟਨਾ ਇੰਨਸਾਨੀਯਤ ਦੇ ਮੂੰਹ ‘ਤੇ ਕਾਲਖ ਪੋਥ ਕੇ ਭੱਠੇ ਦੀ ਸਵਾਹ ਬਣ ਚੁੱਕੀ ਸੀ ਅਤੇ ਬਚਿਆ ਸੀ ਸਿਰਫ ਧਾਰਮਿਕ ਕੱਟੜਵਾਦ ਦਾ ਵਹਿਸ਼ੀਪਨ, ਜੋ ਹੁਣ ਆਪਣੇ ਆਪਣੇ ਬੂਹੇ ਭੇੜ ਕੇ ਨਮੋਸ਼ੀ ਮਹਿਸੂਸ ਕਰ ਰਹੇ ਸਨ ਅਤੇ ਗਲੀਆਂ ‘ਚ ਸੀ ਇੱਕ ਸਨਾਟਾ ਇੱਕ ਚੁੱਪ ਜੋ ਕੋਟ ਰਾਧਾ ਕ੍ਰਿਸ਼ਨ ਦੀਆਂ ਸੜਕਾਂ ’ਤੇ ਹੋਈ ਇਸ ਮਹਾਂ ਗਲ਼ਤੀ ਦਾ ਢਿੰਡੋਰਾ ਪਿਟ ਰਿਹਾ ਸੀ। ਬੇਬਸ ਇਸਾਈ ਭਾਈਚਾਰੇ ਦੇ ਲੋਕ ਹੁਣੇ ਹੁਣੇ ਯਤੀਮ ਹੋਏ ਫੁਲਾਂ ਵਰਗੇ ਤਿਨੰ ਬਚਿਆਂ ਦੇ ਮੂੰਹਾਂ ਵਲ ਵੇਖ ਵੇਖ ਵਿਲਕ ਰਹੇ ਸਨ ‘ਤੇ ਉਹਨਾਂ ਦੇ ਅਥੱਰੂ ਪੂੰਜ ਰਹੇ ਸਨ। ਮਹਿਸੂਸ ਕੀਤਾ ਜਾ ਸਕਦਾ ਹੈ ਕਿ ਇਸ ਪਿੰਡ ‘ਚ ਵਸਦੇ 12 ਕੁ ਇਸਾਈ ਪਰਿਵਾਰ ਜੋ ਉਥੇ ਵਿਰਲਾਪ ਲਈ ਵੀ ਘੱਟ ਸਨ ਵਿਚਾਰੇ ਸਹਿਮ ਅਤੇ ਡਰ ਨਾਲ ਪਿੰਡ ਹੀ ਛੱਡ ਗਏ।
ਵੈਸੇ ਤਾਂ ਧਾਰਮਿਕ ਕਟੜਤਾ, ਜਨੂਨ ਅਤੇ ਵਹਿਸ਼ੀਪਨ ਆਦਿ ਕਦੇ ਵੀ ਕਨੂੰਨ ਨੂੰ ਨਹੀਂ ਮੰਨਦੇ, ਪਰ ਪਾਕਿਸਤਾਨ ਦੇ ਮੁਕਾਬਲੇ ਭਾਰਤ ਭਾਵੇਂ ਬਹੂ ਧਰਮਾਂ, ਜਾਤਾਂ ਅਤੇ ਨਸਲਾਂ ਵਾਲਾ ਦੇਸ ਹੈ ਇਸ ਦੇ ਬਾਵਜ਼ੂਦ ਵੀ ਮਾਨਯੋਗ ਨਿਆਂਪਾਲਕਾ ਭਾਵ ਕਾਨੂੰਨ ਦੀ ਅਦਬ, ਇਜਤ ਅਤੇ ਸਨਮਾਨ ਹੈ। ਧਰਮ ਕਾਨੂੰਨ ਤੋਂ ਉਪਰ ਨਹੀ ਅਤੇ ਜੇ ਹੋ ਗਿਆ ਤਾਂ ਅਰਾਜਕਤਾ ਫੈਲ ਜਾਏਗੀ। ਦੇਸ਼ ਦਾ ਝੰਡਾ ਕੌਮੀ ਏਕਤਾ ਦਾ ਪ੍ਰਤੀਕ ਹੁੰਦਾ ਹੈ ਬਾਕਿ ਸਾਰੇ ਝੰਡ ਇਕ ਬਰਾਬਰ ਅਤੇ ਕੌਮੀ ਝੰਡੇ ਦੇ ਹੇਠਾਂ ਲਹਲਿਹਾਉਣੇ ਚਾਹੀਦੇ ਹਨ, ਪਰ ਪਾਕਿਸਤਾਨ ਵਿਚ ਅਜਿਹਾ ਕੁੱਝ ਨਹੀ ਹੈ। ਹਰੇਕ ਦੇਸ਼ ਅੰਦਰ ਈਸ਼ਨਿੰਦਾ ਕਨੂੰਨ ਹੈ,ਪਰ ਪਾਕਿਸਤਾਨ ਦੇ ਈਸ਼ਨਿੰਦਾ ਕਨੂੰਨ ਅੰਦਰ ਸ਼ਾਇਦ ਹਰ ਦੂਜੇ ਧਰਮ ਦੇ ਲੋਕਾਂ ਨੂੰ ਖਾਸਕਰ ਘੱਟਗਿਣਤੀਆਂ ਨੂੰ ਵੱਧ ਤੋਂ ਵੱਧ ਸ਼ੋਸਿਤ ਕਰਨਾ, ਮਾਰਨਾ ਕੁੱਟਣਾ, ਬੇਇਜ਼ਤ ਕਰਨਾ, ਜ਼ਬਰਜਿਨਾਹ ਕਰਨਾ ਅਤੇ ਜਦੋਂ ਚਾਹਿਆ ਜਿੱਦਾਂ ਚਾਹਿਆ ਮਾਰ ਦਿੱਤਾ।
ਭੱਠੇ ਦੀ ਇਸ ਘਟਨਾ ਤੋਂ ਪਿਛਲੀਆਂ ਕੁੱਝ ਵਾਪਰੀਆਂ ਘਟਨਾਵਾਂ ਦੇ ਵਰਕੇ ਵੀ ਆਪਣੇ ਆਪ ਹੀ ਪਲਟਣ ਲੱਗੇ…ਕੁਝ ਦਿਨ ਪਹਿਲਾਂ ਖੇਤਾਂ ਵਿਚ ਕੰਮ ਕਰਦੇ ਪਤੀ ਲਈ ਰੋਟੀ ਲੈ ਕੇ ਗਈ, ਖਾਂਦੇ ਵੇਲੇ ਹਿਚਕੀ ਲਗਣ ਤੇ ਜਲਦੀ ਨਾਲ ਮੁਸਲਮਾਨਾ ਦੇ ਘੜੇ ਚੋਂ ਪੀਣ ਕਾਰਨ ਅਛੂਤ ਕਿਹ ਉਹਨਾ ਨੂੰ ਮਾਰਿਆ-ਕੁਟਿਆ ‘ਤੇ ਈਸ਼ਨਿੰਦਾ ਲਾ ਕੇ ਬੀਬੀ ਆਸ਼ੀਆ ਨੂੰ ਜੇਲ ਭੇਜ ਦਿੱਤਾ। ਉਥੇ ਉਹ ਅਸੁੱਰਖਿਆ ਮਹਿਸੂਸ ਕਰ ਰਹੀ ਹੈ।
ਇਥੋਂ ਤੱਕ ਹੀ ਨਹੀ ਘੱਟ ਗਿਣਤੀਆਂ ਨੂੰ ਬਦਨਾਮ ਕਰਨ ਲਈ ਇਕ ਮੁੱਲਾਂ ਜੀ ਨੇ ਸ਼ਾਇਦ ਆਪ ਹੀ ਕੁਰਾਨ ਪਾੜ ਕੇ ਇਕ ਛੋਟੀ ਬੱਚੀ ਰਿਸ਼ਮਾਂ ਦੇ ਬਸਤੇ ਵਿਚ ਪਾਕੇ ਈਸ਼ਨਿੰਦਾ ‘ਚ ਫਸਾਉਣ ਦੀ ਕੋਸਿਸ਼ ਕੀਤੀ, ਉਥੋਂ ਦੇ ਹੀ ਬੱਚਿਆਂ ਨੇ ਮੁੱਲਾਂ ਦੇ ਇਸ ਕੁਕਾਰਨਾਮੇ ਨੂੰ ਜਗਜ਼ਾਹਿਰ ਕੀਤਾ ਅਤੇ ਬੱਚੀ ਦੀ ਜਾਨ ਬਚੀ। ਤੇ ਉਸ ਮੁਲਾਂ ਨੂੰ ਜੇਲ ਹੋਈ। ਕੁਝ ਸਮਾਂ ਪਹਿਲਾਂ ਇਕ ਘੱਟ ਵਰਗ ਦੀ ਇਸਤਰੀਆਂ ਨੂੰ ਈਸ਼ ਨਿੰਦਾ ਦੇ ਝੂਠੇ ਇਲਜ਼ਾਮ ਲਾ ਕੇ ਗਲੀਆਂ ‘ਚ ਨੰਗੇ ਕਰਕੇ ਜਲੀਜ ਕੀਤਾ।
ਈਸ਼ਨਿੰਦਾ ਦਾ ਇਹ ਨਿਰੰਕੁਸ਼ ਸਿਲਸਿਲਾ ਲਗਾਤਾਰ ਹਿੰਦੂ, ਸਿੱਖ, ਇਸਾਈ ਅਤੇ ਅਹਮਦੀਆ ਘਟਗਿਣਤੀਆਂ ਨੂੰ ਅਜ਼ਗਰ ਵਾਂਗ ਨਿਗਲ ਰਿਹਾ ਹੈ। ਘਟਗਿਣਤੀਆਂ ਨੂੰ ਇਥੋਂ ਤੱਕ ਸਤਾਇਆ ਜਾਂਦਾ ਹੈ ਕਿ ਉਹਨਾਂ ਦੀਆਂ ਧੀਆਂ ਭੈਣਾਂ ਨਾਲ ਜਬਰਦਸਤੀ ਵਿਆਹ ਕਰਵਾਉਣ ਤਕ ਜਾਂਦੇ। ਜਬਰਦਸਤੀ ਜਮੀਨਾ ‘ਤੇ ਕਬਜੇ ਕਰ ਲਏ ਜਾਂਦੇ ਹਨ। ਅਤੱਵਾਦ ਅੱਗੇ ਨਾ ਦਲੀਲ ਹੈ ਨਾ ਅਪੀਲ ਹੈ। ਕਟੜਤਾ ਅਤੇ ਅਤੱਵਾਦ ਦੇ ਡਰ ਦੀ ਹਦ ਇਥੋਂ ਤਕ ਹੈ ਕਿ ਉਹਨਾਂ ਦੇ ਵਕੀਲ ਕੇਸ ਲੜਨ ਤੋਂ ਸਾਫ ਇਨਕਾਰ ਕਰ ਦਿੰਦੇ ਹਨ। 2002 ‘ਚ ਮੁਖਤਾਰਾ ਬੀਬੀ ਦੇ ਕੇਸ ‘ਚ ਅਤੇ ਉਸਤੋਂ ਪਹਿਲਾਂ ਇਕ ਇਸਾਈ ਚਾਚੇ ਭਤੀਜ ਦੇ ਕੇਸ ਵਕੀਲਾਂ ਕੇਸ ਲੜਨ ਤੋਂ ਨਾ ਕਰ ਦਿੱਤੀ ਸੀ। ਇਹੀ ਕਾਰਨ ਹੈ ਕਿ ਜਿਹੜੇ ਵੀ ਪਾਕੋਂ ਇੱਧਰ ਆ ਜਾਂਦੇ ਹਨ ਉਹ ਵਾਪਸ ਹੀ ਜਾਣਾ ਨਹੀ ਚਾਹੁੰਦੇ। ਇਹ ਤਾਂ ਲਿੱਖੀਆਂ ਗੱਲਾਂ ਹਨ ਜੋ ਸਾਹਮਣੇ ਆ ਜਾਂਦੀਆਂ ਹਨ। ਸੈਂਕੜੇ ਅਜਿਹੇ ਜੁਲਮ ਹੋ ਰਹੇ ਹਨ, ਜੋ ਸਾਹਮਣੇ ਨਹੀ ਆੳੇੁਂਦੇ। ਉਹ ਇਸ ਤਰਾਂ ਹੀ ਸਹਿ ਜਾਂਦ ਨੇ ਲੋਕ। ਕੁਲ ਮਿਲਾ ਕੇ ਈਸ਼ਨਿੰਦਾ ਦਾ ਇਹ ਕਾਨੂੰਨ ਘਟਗਿਣਤੀਆਂ ਨੂੂੰ ਦੋਧਾਰੀ ਤਲਵਾਰ ਵਾਂਗ ਚੀਰਦਾ ਜਾ ਰਿਹਾ ਹੈ।
ਇਸ ਵਿਵਾਦਿਤ ਕਾਨੂੰਨ ਦੇ ਵਿਰੋਧ ‘ਚ ਸਾਰੀਆਂ ਘਟਗਿਣਤੀਆਂ ਮਿਲ ਕੇ ਸਰਕਾਰ ਖਿਲਾਫ ਇਸ ਕਾਨੂੰਨ ਵਿਰੁਧ ਮੋਰਚੇ ਖੋਲੇ ਹਨ ਪਰ ਜਦੋ ਵੀ ਇਹ ਲਹਿਰ ਜੋਰ ਫੜਦੀ ਇਸ ਦੇ ਲੀਡਰ ਆਦਿ ਨੂੰ ਮਰਵਾ ਦਿੱਤਾ ਜਾਂਦਾ ਹੈ। ਸਨ 1980 ‘ਚ ਈਸ਼ ਨਿੰਦਾ ਦਾ ਇਹ ਫਰਮਾਨ ਤਾਨਾਸ਼ਾਹ ਜ਼ਿਆਉਲਹੱਕ ਸਾਹਿਬ ਜੀ ਨੇ ਪਰਾਫਿਟ ਮੁੰਹਮਦ ਸਾਹਿਬ ਜੀ ਦੀ ਅਤੇ ਉਹਨਾਂ ਦੀਆਂ ਵਾਣੀਆਂ ਦੀ ਬੇਅਦਬੀ ਕਰਨ ਵਾਲਿਆਂ ਦੇ ਵਿਰੁਧ ਲਾਗੁ ਕੀਤਾ ਸੀ, ਜਿਸ ਦਾ ਅੱਜ ਤਕ ਸਿਰਫ ਗਲ਼ਤ ਪ੍ਰਯੋਗ ਹੀ ਹੋਇਆ ਹੈ। ਲਗਭਗ 1200 ਲੋਕ ਈਸ਼ਨਿੰਦਾ ਦੇ ਕੇਸਾਂ ‘ਚ ਤਸੀਹੇ ਅਤੇ ਸਜਾਵਾਂ ਕਟ ਰਹੇ ਹਨ। ਇਹਨਾਂ ਵਿਚ 200 ਦੇ ਲਗਭਗ ਹਿੰਦੂ ਅਤੇ ਇਸਾਈ ਹਨ।
ਅੱਜ ਦੀ ਤਾਰੀਖ ‘ਚ ਭਾਰਤ ਸਭ ਤੋ ਮਜਬੂਤ ਅਤੇ ਵੱਡਾ ਲੋਕਤੰਤਰ ਹੈ। ਦੇਸ਼ ਦੀ ਅਜ਼ਾਦੀ ਦੇ ਘੋਲ ਨੂੰ ਲੜਦਿਆਂ ਸਾਡੇ ਦੂਰਦਰਸ਼ੀ ਅਜ਼ਾਦੀ ਘੁਲਾਟੀਆਂ ਅਤੇ ਨੇਤਾਵਾਂ ਨੂੰ ਇਸ ਗੱਲ ਦਾ ਤਜ਼ੁਰਬਾ ਅਤੇ ਅੰਦਾਜ਼ਾ ਹੋ ਚੁੱਕਾ ਸੀ ਕਿ ਬਹੁਗਿਣਤੀ ਹਮੇਸ਼ਾ ਘੱਟਗਿਣਤੀ ਨੂੰ ਦਬਾਉਂਦੀ ਅਤੇ ਸਤਾਉਂਦੀ ਹੈ। ਏਸੇ ਕਰਕੇ ਦੇਸ਼ ਦਾ ਸੰਵਿਧਾਨ ਨੂੰ ਧੱਰਮਨਿਰੱਪਖ ਬਣਾਇਆ ਗਿਆ ਅਤੇ ਪ੍ਰਸਤਾਵਨਾ ਵਿਚ ਵੀ ਧੱਰਮਨਿਰੱਪਖਤਾ ਦੀ ਸੌਂਹ ਚੁਕਾਈ ਜਾਂਦੀ ਹੈ ਇਸ ਦੀ ਉਲੰਗਣਾਂ ਲਈ ਕਾਨੂੰਨ ‘ਚ ਠੋਸ ਸਜਾਵਾਂ ਵੀ ਹਨ। ਇਸ ਦੇ ਬਾਵਜ਼ੂਦ ਵੀ ਦੇਸ਼ ‘ਚ ਸਮੇਂ ਸਮੇਂ ਉਹ ਕਾਲੇ ਦੌਰ ਆਏ, ਜਦੋਂ ਫਿਰਕਾਵਾਦ ਨੇ ਇਸਾਈ, ਸਿਖ ਅਤੇ ਮੁਸਲਮਾਨ ਘੱਟਗਿਣਤੀਆਂ ਨੂੰ ਨਾਭੁਲਣੇ ਜ਼ਖਮ ਦਿੱਤੇ। ਹਿੰਦੂਤਵ ਦੀ ਪ੍ਰਤੀਨਿਧ ਪਾਰਟੀ ਜਨਸੰਘ ਭਾਵ ਭਾਰਤੀ ਜਨਤਾ ਪਾਰਟੀ ਨੇ ਜਿੰਨੀ ਦੇਰ ਆਪਣਾ ਅਜੰਡਾ ਹਿੰਦੂਵਾਦ ਰੱਖਿਆ ਲੋਕਤੰਤਰ ਪ੍ਰਣਾਲੀ ‘ਚ ਲੋਕਮਤ ਨਾਲ ਲੋਕ ਉਹਨਾਂ ਨੂੰ ਨਕਾਰਦੇ ਰਹੇ ਪਰ ਜਿਵੇਂ ਹੀ ਉਹਨਾਂ ਧਰਮਨਿਰੱਪਖਤਾ ਨਾਲ ਅਗਾਂਹ ਵੱਧਣ ਲਈ ਲੋਕਾਂ ਨੂੰ ਪ੍ਰੇਰਿਆ ਜਨਤਾ ਨੇ ਖਿੜੇਮੱਥੇ ਸਵੀਕਾਰ ਕੀਤਾ।
ਪਰ ਪਾਕਿਸਤਾਨ ‘ਚ ਅਜਿਹਾ ਨਹੀਂ ਹੋ ਸਕਦਾ, ਬਲਕਿ ਕੋਈ ਵੀ ਅਜਿਹਾ ਦੇਸ਼ ਜੋ ਨਰੋਲ ਧਰਮ ਦੇ ਆਧਾਰ ਬਣਿਆ ਹੈ ਜਾਂ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਕੋਸ਼ਿਸ਼ ਕਰੇਗਾ। ਓਥੇ ਘੱਟ ਗਿਣਤੀ ਨੂੰ ਦਬਾਇਆ ਅਤੇ ਸਤਾਇਆ ਹੀ ਜਾਵੇਗਾ ਨਤੀਜਨ ਅਜਿਹੀਆਂ ਅਣਮੱਨੂਖੀ ਅਤੇ ਵਹਿਸ਼ੀਆਨਾ ਵਰਤਾਰਾ ਵਾਪਰਦਾ ਰਹੇਗਾ। ਭਾਰਤ ਤੋਂ ਵੱਖ ਹੋ ਕੇ ਵੀ ਪਾਕਿਸਤਾਨ ਦੇ ਮੋਢੀ ਨੇਤਾਵਾਂ ਅਜਿਹਾ ਪਾਕਿਸਤਾਨ ਕਦੇ ਨਹੀ ਸੋਚਿਆ ਹੋਵੇਗਾ, ਜਿਥੇ ਕਟੜਤਾ ਇਨੀ ਚੋਟੀ ‘ਤੇ ਫਿਨ ਖਲਾਰੇ। ਭਾਵੇਂ ਸ਼ਹਿਬਾਜ਼ ਮਸੀਹ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਲਈ ਮਸੀਹ ਭਾਈਚਾਰੇ ਨਾਲ ਬਾਕਿ ਘੱਟਗਿਣਤੀ ਲੋਕਾਂ ਨੇ ਭਾਰੀ ਰੋਸ ਮੁਜਾਹਰੇ ਕਰਕੇ ਪਾਕਿਸਤਾਨ ਸਰਕਾਰ ਨੂੰ ਮਜਬੂਰ ਕੀਤਾ ਹੈ ਫਿਰ ਵੀ ਉਥੇ ਜਿਨੀ ਦੇਰ ਈਸ਼ਨਿੰਦਾ ਵਰਗੇ ਕਾਲੇ ਕਾਨੂੰਨ ਦੀ ਦੁਰਵਰਤੋਂ ਨਹੀ ਰੁਕਦੀ ਓਨੀ ਦੇਰ ਤੱਕ ਘੱਟਗਿਣਤੀਆਂ ਲਈ ਅਸੁਰੱਖਿਆ ਅਤੇ ਸਤਾਅ ਬਣਿਆ ਰਹੇਗਾ। ਇਸ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਹੀ ਅੱਗੇ ਵਧ ਕੇ ਅਜਿਹੇ ਮਾਮਲਾਤ ਹੱਲ ਕਰਨੇ ਹੋਣਗੇ, ਨਹੀਂ ਤਾਂ ਇਥੇ ਘੱਟਗਿਣਤੀਆਂ ਦਾ ਰੱਬ ਹੀ ਰਾਖਾ।


