-ਵਿਕਰਮ ਸਿੰਘ
ਜਾਣ ਪਛਾਣ
ਅਜੋਕਾ ਵਿਗਿਆਨਕ ਯੁੱਗ ਸੂਚਨਾ-ਤਕਨਾਲੋਜੀ ਦੇ ਖੇਤਰ ਵਾਸਤੇ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਸਮੇਂ ਵਿਗਿਆਨ ਦਾ ਲਾਹਾ ਲੈਕੇ ਜਿੱਥੇ ਕਈ ਵਿਕਸਿਤ ਅਤੇ ਵਿਕਾਸਸ਼ੀਲ ਮੁਲਕ ਆਪਣੇ ਸੰਚਾਰ ਖੇਤਰ ਨੂੰ ਤਕਨੀਕੀ ਪੱਖੋਂ ਹੋਰ ਵਿਕਸਿਤ ਕਰਕੇ ਆਪਣੇ ਪਾਠਕਾਂ/ਸਰੋਤਿਆਂ/ਦਰਸ਼ਕਾਂ ਦੀ ਮਾਨਸਿਕਤਾ ਵਿੱਚ ਵਿਗਿਆਨਕ ਸੋਚ ਦਾ ਘੇਰਾ ਮੋਕਲਾ ਕਰਨ ਵਿੱਚ ਲੱਗੇ ਹੋਏ ਹਨ, ਉੱਥੇ ਇਹ ਵੀ ਦੇਖਣ ਵਿੱਚ ਆ ਰਿਹਾ ਹੈ ਕਿ ਅਜੋਕੇ ਵਿਗਿਆਨਕ ਯੁੱਗ ਵਿੱਚ ਵੀ ਮੀਡੀਆ ਵੱਲੋਂ ਵਿਗਿਆਨਕ ਸੋਚ ਨੂੰ ਹੀ ਖੋਰਾ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਵਿਗਿਆਨਕ ਕਾਢਾਂ ਸਦਕਾ ਤਕਨੀਕੀ ਅਤੇ ਮਲਕੀਅਤ ਪੱਖੋਂ ਤਾਕਤਵਰ ਹੋਣ ਪਿੱਛੋਂ ਜਿੱਥੇ ਰਾਜ ਦਾ ਚੌਥਾ ਥੰਮ੍ਹ ਮੰਨੀ ਜਾਣ ਵਾਲੀ ਪ੍ਰੈੱਸ1 ਨੇ ਆਪਣੇ ਪਾਠਕਾਂ ਨੂੰ ਜਾਣਕਾਰੀ, ਸਿੱਖਿਆ ਅਤੇ ਮਨੋਰੰਜਨ ਦਿੱਤਾ ਹੈ, ਉੱਥੇ ਅੰਧ-ਵਿਸ਼ਵਾਸ ਅਤੇ ਵਹਿਮ-ਭਰਮ ਵਧਾਉਣ ਵਾਲੇ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਵੱਲੋਂ ਜਾਦੂ, ਤੰਤਰ-ਮੰਤਰ ਆਦਿ ਗ਼ੈਰ-ਵਿਗਿਆਨਕ ਢੰਗ-ਤਰੀਕਿਆਂ ਨਾਲ ਕੀਤੇ ਜਾਣ ਵਾਲੇ ਮਨੁੱਖ ਦੀਆਂ ਸਰੀਰਿਕ ਬਿਮਾਰੀਆਂ ਅਤੇ ਘਰੇਲੂ ਸਮੱਸਿਆਵਾਂ ਦੇ ਇਲਾਜ ਦਾ ਪ੍ਰਚਾਰ ਇਸ਼ਤਿਹਾਰਾਂ ਰਾਹੀਂ ਕਰ ਰਿਹਾ ਹੈ।ਇਨ੍ਹਾਂ ਇਸ਼ਤਿਹਾਰਾਂ ਦਾ ਮੰਤਵ ਪਾਠਕਾਂ ਨੂੰ ਵਹਿਮਾਂ-ਭਰਮਾਂ ਵਿੱਚ ਫਸਾ ਕੇ ਕੁਰਾਹੇ ਪਾਉਣਾ ਹੈ।
ਅੰਧ-ਵਿਸ਼ਵਾਸ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਰੇ ਪੰਜਾਬੀ ਕਵੀ ਪਾਸ਼ ਲੋਕਾਂ ਅੰਦਰ ਪਾਏ ਜਾਂਦੇ ਅੰਧ-ਵਿਸ਼ਵਾਸਾਂ ਨੂੰ ਬੀਤੇ ਵੇਲੇ ਦਾ ਅਣ-ਪੜਤਾਲਿਆ ਗਿਆਨ ਆਖਦਾ ਹੈ।2 ਭਾਈ ਕਾਹਨ ਸਿੰਘ ਦੇ ਮਹਾਨ ਕੋਸ਼ ਵਿੱਚ ਵਹਿਮ ਨੂੰ ਖ਼ਿਆਲ, ਸ਼ੱਕ, ਜਾਂ ਸ਼ੰਸਾ ਦੱਸਿਆ ਗਿਆ ਹੈ, ਜਦਕਿ ਭਰਮ ਦਾ ਅਰਥ ਮਿਥਿਆ ਗਿਆਨ ਜਾਂ ਹੋਰ ਨੂੰ ਹੋਰ ਸਮਝਣਾ ਦੱਸਿਆ ਗਿਆ ਹੈ।3 ਅਸਲ ਵਿੱਚ ਇਹ ਅੰਧ-ਵਿਸ਼ਵਾਸ ਅਤੇ ਵਹਿਮ-ਭਰਮ ਹੀ ਹਨ, ਜਿਨ੍ਹਾਂ ਦੀਆਂ ਨੀਹਾਂ ਉੱਤੇ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਵੱਲੋਂ ਸਰੀਰਕ ਬਿਮਾਰੀਆਂ ਅਤੇ ਘਰੇਲੂ ਸਮੱਸਿਆਵਾਂ ਦਾ ਜਾਦੂਈ ਢੰਗ-ਤਰੀਕਿਆਂ ਨਾਲ ਇਲਾਜ ਕਰਨ ਵਾਲਾ ਧੰਦਾ ਪੰਜਾਬ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਇੱਕ ਵੱਡੇ ਕਾਰੋਬਾਰ ਦਾ ਰੂਪ ਅਖ਼ਤਿਆਰ ਕਰ ਰਿਹਾ ਹੈ। ਅੰਧ-ਵਿਸ਼ਵਾਸ ਅਤੇ ਵਹਿਮ-ਭਰਮ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਇਸ ਕਦਰ ਸਮਾ ਚੁੱਕੇ ਹਨ ਕਿ ਸੁਰਜੀਤ ਪਾਤਰ ਵਰਗੇ ਕਵੀ ਵੀ ਇਸ ਵਹਿਮ ਨੂੰ ਕਾਵਿਕ ਬਿੰਬ ਵਿੱਚ ਢਾਲਣੋਂ ਨਹੀਂ ਬਚ ਸਕੇ, ਜਦੋਂ ਉਹ ਲਿਖਦਾ ਹੈ “ਲੱਗੀ ਨਜ਼ਰ ਪੰਜਾਬ ਨੂੰ , ਇਹਦੀ ਨਜ਼ਰ ਉਤਾਰੋ। ਲੈਕੇ ਮਿਰਚਾਂ ਕੌੜੀਆਂ ਇਸ ਦੇ ਸਿਰ ਤੋਂ ਵਾਰੋ।” 4
ਭਾਰਤੀ ਸੰਵਿਧਾਨ ਦੇ ਅਨੁਛੇਦ 51-ਏ ਤਹਿਤ ਦਰਜ ਨਾਗਰਿਕਾਂ ਦੀਆਂ ਮੌਲਿਕ ਜ਼ਿੰਮੇਵਾਰੀਆਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਨਾਗਰਿਕਾਂ ਦਾ ਫ਼ਰਜ਼ ਵਿਗਿਆਨਕ ਸੁਭਾਅ, ਮਾਨਵਤਾਵਾਦ ਅਤੇ ਜਾਂਚ-ਪੜਤਾਲ ਅਤੇ ਸ਼ੋਧ ਕਰਨ ਦੀ ਭਾਵਨਾ ਨੂੰ ਵਿਕਸਿਤ ਕਰਨਾ ਹੈ।5
ਸੰਵਿਧਾਨ ਵਿੱਚ ਦਰਜ ਨਾਗਰਿਕਾਂ ਦੀ ਇਸ ਜ਼ਿੰਮੇਵਾਰੀ ਤਹਿਤ ਹੀ ਵਿਗਿਆਨਕ ਨਜ਼ਰੀਏ ਨੂੰ ਲੋਕਾਂ ਵਿੱਚ ਬਰਕਰਾਰ ਰੱਖਣ ਖ਼ਾਤਿਰ ਇੱਕ ਅਜਿਹੇ ਕਾਨੂੰਨ ਦੀ ਵੀ ਵਿਵਸਥਾ ਕੀਤੀ ਗਈ ਹੈ, ਜਿਸ ਨੂੰ ਦਵਾਈਆਂ ਅਤੇ ਜਾਦੂਈ ਇਲਾਜ (ਇਤਰਾਜ਼ਯੋਗ ਇਸ਼ਤਿਹਾਰਬਾਜ਼ੀ) ਕਾਨੂੰਨ, 1954 (The Drugs and Magic Remedies (Objectionable Advertisement) Act, 1954) ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਇਹ ਕਾਨੂੰਨ ਖ਼ਾਸਕਰ ਦਵਾਈਆਂ ਦੀ ਇਸ਼ਤਿਹਾਰਬਾਜ਼ੀ, ਜਾਦੂਈ ਯੋਗਤਾਵਾਂ ਨਾਲ ਅਰਾਮ ਕਰਨ ਬਾਰੇ ਇਸ਼ਤਿਹਾਰਬਾਜ਼ੀ ਨੂੰ ਕੰਟਰੋਲ ਕਰਨ ਲਈ ਅਤੇ ਇਸ ਨਾਲ ਸੰਬੰਧਿਤ ਸਮੱਗਰੀ ਦੀ ਵਿਵਸਥਾ ਕਰਨ ਲਈ ਹੈ,6 ਜੋ ਜੰਮੂ ਅਤੇ ਕਸ਼ਮੀਰ ਨੂੰ ਛੱਡ ਕੇ ਸਾਰੇ ਭਾਰਤ ਵਿੱਚ 01 ਅਪਰੈਲ, 1955 ਤੋਂ ਲਾਗੂ ਹੁੰਦਾ ਹੈ।ਇਸ ਕਾਨੂੰਨ ਦੀ ਧਾਰਾ 2 ਦੇ (ੳ) ਵਿੱਚ ਇਸ਼ਤਿਹਾਰ ਨੂੰ ਪ੍ਰਭਾਸ਼ਿਤ ਕਰਦਿਆਂ ਲਿਖਿਆ ਗਿਆ ਹੈ ਕਿ ‘ਇਸ਼ਤਿਹਾਰ’ ਤਹਿਤ ਕੋਈ ਸੂਚਨਾ, ਗਸ਼ਤੀ ਪੱਤਰ, ਚੇਪੀ, ਵਲੇਟਣ ਵਾਲਾ ਕਾਗ਼ਜ਼ ਜਾਂ ਹੋਰ ਦਸਤਾਵੇਜ਼, ਮੌਖਿਕ ਰੂਪ ਨਾਲ ਜਾਂ ਰੋਸ਼ਨੀ, ਆਵਾਜ਼ ਜਾਂ ਧੂਏ ਨਾਲ ਪੈਦਾ ਜਾਂ ਭੇਜੀ ਗਈ ਘੋਸ਼ਣਾ ਆ ਜਾਂਦੀ ਹੈ।7 ਇਸੇ ਧਾਰਾ ਦੀ (ੲ) ਵਿੱਚ ਜਾਦੂਈ ਇਲਾਜ (Magic Remedies)ਨੂੰ ਪ੍ਰਭਾਸ਼ਿਤ ਕਰਦਿਆਂ ਲਿਖਿਆ ਗਿਆ ਹੈ ਕਿ ‘ਜਾਦੂਈ ਇਲਾਜ’ ਤੋਂ ਭਾਵ ਤਵੀਤ, ਮੰਤਰ, ਕਵਚ ਜਾਂ ਕਿਸੇ ਵੀ ਤਰ੍ਹਾਂ ਦਾ ਅਜਿਹਾ ਜਾਦੂ-ਟੂਣਾ, ਜਿਸ ਰਾਹੀਂ ਮਨੁੱਖ ਅਤੇ ਜਾਨਵਰਾਂ ਦੀ ਕਿਸੇ ਬਿਮਾਰੀ ਦੀ ਜਾਂਚ, ਇਲਾਜ, ਬਿਮਾਰੀ ਨੂੰ ਘਟਾਉਣ, ਵਰਤਾਓ ਜਾਂ ਰੋਕਥਾਮ ਕਰਨ ਦਾ ਦਾਅਵਾ ਕੀਤਾ ਗਿਆ ਹੋਵੇ ਜਾਂ ਮਨੁੱਖੀ ਜਾਂ ਜਾਨਵਰਾਂ ਦਾ ਸਰੀਰ ਜਾਂ ਕਿਸੇ ਵੀ ਅੰਗ ਨੂੰ ਪ੍ਰਭਾਵਿਤ ਕਰਨ ਦਾ ਦਾਅਵਾ ਕੀਤਾ ਗਿਆ ਹੋਵੇ।8
ਭਾਰਤੀ ਸੰਵਿਧਾਨ ਵਿੱਚ ਦਰਜ ਇਸ ਕਾਨੂੰਨ ਤੋਂ ਇਲਾਵਾ ਭਾਰਤੀ ਪੈ੍ਰੱਸ ਕੌਂਸਲ ਵੱਲੋਂ ਵੀ ਪੱਤਰਕਾਰੀ ਲਈ ਇਸ਼ਤਿਹਾਰਾਂ ਸੰਬੰਧੀ ਦਿਸ਼ਾ ਨਿਰਦੇਸ਼ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਤਹਿਤ ਜਿਹੜੇ ਇਸ਼ਤਿਹਾਰ ਦਵਾਈਆਂ ਅਤੇ ਜਾਦੂਈ ਇਲਾਜ (ਇਤਰਾਜ਼ਯੋਗ ਇਸ਼ਤਿਹਾਰਬਾਜ਼ੀ) ਕਾਨੂੰਨ, 1954 ਦਾ ਉਲੰਘਣ ਕਰਦੇ ਹੋਣ, ਉਨ੍ਹਾਂ ਨੂੰ ਅਖ਼ਬਾਰਾਂ ਵੱਲੋਂ ਪ੍ਰਕਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।9 ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋਤਿਸ਼ ਸੰਬੰਧੀ ਭਵਿੱਖਵਾਣੀ ਅਤੇ ਅੰਧ-ਵਿਸ਼ਵਾਸ ਨੂੰ ਵਧਾਉਣ ਨਾਲ ਪਾਠਕਾਂ ਦੀ ਮਾਨਸਿਕਤਾ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ, ਇਸ ਕਰਕੇ ਇਹ ਇਤਰਾਜ਼ਯੋਗ ਹਨ।ਸੰਪਾਦਕ, ਜੋ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਅੰਧ-ਵਿਸ਼ਵਾਸ ਦਾ ਮੁਕਾਬਲਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ, ਨੂੰ ਜੋਤਿਸ਼ ਸੰਬੰਧੀ ਭਵਿੱਖਬਾਣੀ ਦੇ ਪ੍ਰਕਾਸ਼ਨ ਤੋਂ ਬਚਣਾ ਚਾਹੀਦਾ ਹੈ। ਉਹ ਪਾਠਕ ਜਿਨ੍ਹਾਂ ਦੀ ਜੋਤਿਸ਼ ਵਿੱਚ ਰੁਚੀ ਹੈ, ਇਸ ਵਿਸ਼ੇ ਸੰਬੰਧੀ ਵਿਸ਼ਿਸ਼ਟ ਪ੍ਰਕਾਸ਼ਨਾਂ ਨੂੰ ਦੇਖ ਸਕਦੇ ਹਨ।10 ਜੇਕਰ ਪ੍ਰਿੰਟ ਮੀਡੀਆ ਇਨ੍ਹਾਂ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਇਸ ਦੀ ਸ਼ਿਕਾਇਤ ਭਾਰਤੀ ਪੈ੍ਰੱਸ ਕੌਂਸਲ ਨੂੰ ਕੀਤੀ ਜਾ ਸਕਦੀ ਹੈ।ਰਜਿਸਟਰਾਰ ਆਫ਼ ਨਿਊਜ਼ਪੇਪਰਜ਼ ਫ਼ਾਰ ਇੰਡੀਆ ਅਨੁਸਾਰ 31 ਮਾਰਚ, 2012 ਤਕ ਭਾਰਤ ਵਿੱਚੋਂ 86,754 ਅਖ਼ਬਾਰ ਰਜਿਸਟਰਡ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕਾਫ਼ੀ ਹੱਦ ਤਕ ਅਜਿਹੇ ਅਖ਼ਬਾਰ ਪ੍ਰਾਪਤ ਹੋ ਸਕਦੇ ਹਨ, ਜੋ ਅੰਧ-ਵਿਸ਼ਵਾਸ, ਕਾਲਾ ਜਾਦੂ ਅਤੇ ਵਹਿਮ-ਭਰਮ ਨੂੰ ਫੈਲਾਉਣ ਸੰਬੰਧੀ ਸਮੱਗਰੀ ਪ੍ਰਕਾਸ਼ਤ ਕਰ ਰਹੇ ਹਨ। ਖੋਜਾਰਥੀ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਭਾਰਤੀ ਪ੍ਰੈੱਸ ਕੌਂਸਲ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹਾਲੇ ਤਕ ਭਾਰਤੀ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੋਣ ਵਾਲੇ ਅੰਧ-ਵਿਸ਼ਵਾਸ ਅਤੇ ਵਹਿਮ-ਭਰਮ ਫੈਲਾਉਣ ਵਾਲੇ ਇਸ਼ਤਿਹਾਰਾਂ ਸੰਬੰਧੀ ਕੌਂਸਲ ਨੂੰ ਸਿਰਫ਼ ਦੋ ਸ਼ਿਕਾਇਤਾਂ ਹੀ ਪ੍ਰਾਪਤ ਹੋਈਆਂ ਹਨ, ਜਦਕਿ ਪੰਜਾਬ ਤੋਂ ਹਾਲੇ ਤਕ ਕੋਈ ਵੀ ਸ਼ਿਕਾਇਤ ਭਾਰਤੀ ਪ੍ਰੈੱਸ ਕੌਂਸਲ ਨੂੰ ਪ੍ਰਾਪਤ ਨਹੀਂ ਹੋਈ ਹੈ।11
ਭਾਰਤ ਦੀ ਮਰਦਮਸ਼ੁਮਾਰੀ 2011 ਅਨੁਸਾਰ ਪੰਜਾਬ ਦੀ ਆਬਾਦੀ ਦੋ ਕਰੋੜ ਸਤੱਤਰ ਲੱਖ ਤੋਂ ਟੱਪ ਚੁੱਕੀ ਹੈ। ਇਸ ਮਰਦਮਸ਼ੁਮਾਰੀ ਅਨੁਸਾਰ 62.51 ਫ਼ੀਸਦੀ ਲੋਕ ਪੇਂਡੂ ਇਲਾਕਿਆਂ ਵਿਚ ਅਤੇ 37.49 ਫ਼ੀਸਦੀ ਸ਼ਹਿਰਾਂ ਵਿਚ ਵਸਦੇ ਹਨ।ਪੰਜਾਬ ਵਿੱਚ ਵੱਸਦੇ 27.7 ਮਿਲੀਅਨ ਲੋਕਾਂ ਵਿੱਚ ਹਾਲੇ ਵੀ 23.3 ਫ਼ੀਸਦ ਲੋਕ ਅਨਪੜ੍ਹਤਾ ਦਾ ਸ਼ਿਕਾਰ ਹਨ।12 ਅਨਪੜ੍ਹਤਾ ਵਿਗਿਆਨਕ ਦ੍ਰਿਸ਼ਟੀ ਦੀ ਵਿਰੋਧੀ ਹੋਣ ਕਰਕੇ ਇੱਥੇ ਨਿੱਤ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ਵਿੱਚ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਵੱਲੋਂ ਘਰੇਲੂ ਸਮੱਸਿਆਵਾਂ ਅਤੇ ਬਿਮਾਰੀਆਂ ਨੂੰ ਜਾਦੂਈ ਇਲਾਜ ਨਾਲ ਠੀਕ ਕਰਨ ਸੰਬੰਧੀ ਮਾਸੂਮ ਬੱਚਿਆਂ ਦੀਆਂ ਬਲੀਆਂ ਦਿੱਤੀਆਂ ਜਾ ਰਹੀਆਂ ਹਨ,13 ਚਿਮਟਿਆਂ ਨਾਲ ਕੁੱਟ ਕੇ ਜਾਨਂੋ ਮਾਰਨ ਦੇ ਯਤਨ ਕੀਤੇ ਜਾ ਰਹੇ ਹਨ14 ਜਾਂ ਉਨ੍ਹਾਂ ਉੱਤੇ ਇੱਟਾਂ ਵਰ੍ਹਾਈਆਂ ਜਾ ਰਹੀਆਂ ਹਨ,15 ਜਿਨਸੀ ਸ਼ੋਸ਼ਨ ਕੀਤਾ ਜਾ ਰਿਹਾ ਹੈ16 ਅਤੇ ਧੋਖਾ ਦਿੱਤਾ ਜਾ ਰਿਹਾ ਹੈ।17 ਜਾਦੂਈ ਇਲਾਜ ਕਰਨ ਵਾਲੇ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਆਦਿ ਦਾ ਇਹ ਮੱਕੜ-ਜਾਲ ਸਮੁੱਚੇ ਭਾਰਤ ਵਿੱਚ ਅਮਰ ਵੇਲ ਵਾਂਗੂੰ ਨਿਰੰਤਰ ਫੈਲਦਾ ਜਾ ਰਿਹਾ ਹੈ।ਇਸ ਕਾਰੋਬਾਰ ਨੂੰ ਚਲਾਉਣ ਤਾਂਤਰਿਕ, ਬਾਬਿਆਂ ਅਤੇ ਜੋਤਸ਼ੀਆਂ ਦੇ ਹੱਥ ਹੁਣ ਇੰਨੇ ਸ਼ਕਤੀਸ਼ਾਲੀ ਹੋ ਗਏ ਹਨ ਕਿ ਇਨ੍ਹਾਂ ਦੇ ਮੱਕੜ ਜਾਲ ’ਚੋਂ ਜੇਕਰ ਕੋਈ ਲੋਕਾਂ ਨੂੰ ਰਿਹਾਅ ਕਰਾਉਣ ਦਾ ਯਤਨ ਕਰਦਾ ਹੈ ਤਾਂ ਉਸ ਦੀ ਹੱਤਿਆ ਤਕ ਕਰ ਦਿੱਤੀ ਜਾਂਦੀ ਹੈ।18 ਇਸ ਦੀ ਤਾਜ਼ਾ ਮਿਸਾਲ ਤਰਕਸ਼ੀਲ ਆਗੂ ਨਰਿੰਦਰ ਦਾਭੋਲਕਰ ਹਨ, ਜੋ ਮਹਾਰਾਸ਼ਟਰ ਵਿੱਚ ਲੰਮੇ ਸਮੇਂ ਤੋਂ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਖ਼ਿਲਾਫ਼ ਵਿਗਿਆਨਕ ਸੋਚ ਦਾ ਨਾਅਰਾ ਬੁਲੰਦ ਕਰਦੇ ਆ ਰਹੇ ਸਨ, ਜਿਸ ਕਾਰਨ ਉਹ ਅਜਿਹੇ ਕਾਰੋਬਾਰੀਆਂ ਦੀਆਂ ਅੱਖਾਂ ਵਿੱਚ ਰੜਕ ਰਹੇ ਸੀ, ਜੋ ਅੰਧ-ਵਿਸ਼ਵਾਸ ਅਤੇ ਵਹਿਮਾਂ-ਭਰਮਾਂ ਦਾ ਸਹਾਰਾ ਲੈ ਕੇ ਲੋਕਾਂ ਦੇ ਵਿਗਿਆਨਕ ਨਜ਼ਰੀਏ ’ਤੇ ਮਿੱਟੀ ਪਾ ਕੇ ਉਨ੍ਹਾਂ ਨੂੰ ਦੋਹੇਂ ਹੱਥੀਂ ਲੁੱਟ ਰਹੇ ਸਨ।ਆਪਣੇ ਵਿਗਿਆਨਕ ਸੋਚ ਦੇ ਨਾਅਰੇ ਕਾਰਨ ਦਾਭੋਲਕਰ ਨੂੰ ਅਗਸਤ, 2013 ਵਿੱਚ ਪੂਣੇ ਵਿੱਖੇ ਗੋਲੀਆਂ ਦਾ ਸ਼ਿਕਾਰ ਹੋਣਾ ਪਿਆ, ਜਿਸ ਵਿੱਚ ਉਨ੍ਹਾਂ ਦੀ ਜਾਨ ਚਲੀ ਗਈ।ਉਨ੍ਹਾਂ ਨੇ ਮਹਾਰਾਸ਼ਟਰਾ ਵਿਧਾਨ ਸਭਾ ਵਿੱਚ ਵਹਿਮ-ਭਰਮ ਅਤੇ ਕਾਲਾ ਜਾਦੂ ਰੋਕੂ ਬਿਲ ਪਾਸ ਕਰਵਾਉਣ ਲਈ ਮੁਹਿੰਮ ਵੀ ਚਲਾਈ ਹੋਈ ਸੀ, ਜੋ ਉਨ੍ਹਾਂ ਦੀ ਮੌਤ ਪਿੱਛੋਂ ਲੋਕਾਂ ਵੱਲੋਂ ਸੰਘਰਸ਼ ਦੀ ਧਾਰ ਤਿੱਖੀ ਕਰਨ ਤੋਂ ਬਾਅਦ ਨੇਪਰੇ ਚੜ੍ਹ ਸਕੀ 19
ਜੇਕਰ ਗੱਲ ਪੰਜਾਬੀ ਦੀਆਂ ਪ੍ਰਮੁੱਖ ਅਖ਼ਬਾਰਾਂ ਦੀ ਕੀਤੀ ਜਾਵੇ ਤਾਂ ਜਾਦੂਈ ਇਲਾਜ ਸੰਬੰਧੀ ਇਸ਼ਤਿਹਾਰਬਾਜ਼ੀ ਨੂੰ ਪ੍ਰਕਾਸ਼ਤ ਕਰਨ ਅਤੇ ਅੰਧ-ਵਿਸ਼ਵਾਸਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਇਹ ਆਪਣੀ ਦੁਵੱਲੀ ਭੂਮਿਕਾ ਨਿਭਾਅ ਰਹੀਆਂ ਪ੍ਰਤੀਤ ਹੋ ਰਹੀਆਂ ਹਨ। ਜਿੱਥੇ ਇੱਕ ਪਾਸੇ ਇਹ ਇਸ ਧੰਦੇ ਨੂੰ ਆਪਣੇ ਇਸ਼ਤਿਹਾਰਾਂ ਵਿੱਚ ਪਰੋਸ ਕੇ ਲੋਕਾਂ ਦੇ ਘਰਾਂ ਤਕ ਪਹੁੰਚਾ ਰਹੀਆਂ ਹਨ, ਉੱਥੇ ਦੂਜੇ ਪਾਸੇ ਇਹ ਇਨ੍ਹਾਂ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਦੇ ਕਾਲ਼ੇ-ਕਾਰਨਾਮਿਆਂ ਦਾ ਪਰਦਾਫ਼ਾਸ਼ ਕਰਕੇ ਪਾਠਕਾਂ ਨੂੰ ਜਾਗਰੂਕ ਵੀ ਕਰ ਰਹੀਆਂ ਹਨ। ਵਰਤਮਾਨ ਸਮੇਂ ਵਿੱਚ ਪ੍ਰਿੰਟ ਮੀਡੀਆ ਨਿੱਜੀ ਮਲਕੀਅਤ ਦਾ ਇੱਕ ਵੱਡਾ ਕਾਰੋਬਾਰ ਬਣਦਾ ਜਾ ਰਿਹਾ ਹੈ, ਜਿਸ ਨੂੰ ਚਲਾਉਣ ਲਈ ਪੈਸੇ ਦੀ ਲੋੜ ਹੁੰਦੀ ਹੈ। ਇਹ ਵਿੱਤੀ ਲੋੜ ਦਾ ਬਹੁਤਾ ਹਿੱਸਾ ਅਖ਼ਬਾਰਾਂ ਇਸ਼ਤਿਹਾਰਾਂ ਤੋਂ ਹੋਣ ਵਾਲੀ ਆਮਦ ਨਾਲ ਹੀ ਪੂਰਾ ਕਰਦੀਆਂ ਹਨ।ਇਹ ਇਸ਼ਤਿਹਾਰ ਸਮਾਜ ਦੀ ਵਿਗਿਆਨਕ ਦ੍ਰਿਸ਼ਟੀ ਉੱਤੇ ਕੀ ਪ੍ਰਭਾਵ ਪਾਉਣਗੇ, ਇਸ ਨਾਲ ਅਖ਼ਬਾਰ ਦੇ ਮਾਲਕਾਂ ਦਾ ਕੋਈ ਸੰਬੰਧ ਨਹੀਂ ਹੁੰਦਾ ਹੈ।
ਪੱਤਰਕਾਰੀ ਦੇ ਉਦੇਸ਼ਾਂ ਮੁਤਾਬਿਕ ਪੱਤਰਕਾਰੀ ਦਾ ਕਾਰਜ ਸਿਰਫ਼ ਪੈਸਾ ਕਮਾਉਣਾ ਹੀ ਨਹੀਂ ਹੁੰਦਾ, ਸਗੋਂ ਪੱਤਰਕਾਰੀ ਪਬਲਿਕ ਟਰਸਟ ਹੈ, ਜਿਸ ਦੀ ਇੱਕ ਆਪਣੀ ਜ਼ਿੰਮੇਵਾਰੀ ਹੁੰਦੀ ਹੈ।20 ਇਹ ਜ਼ਿੰਮੇਵਾਰੀ ਲੋਕ-ਰੁਚੀ ਵਿਸ਼ਿਆਂ ਉੱਤੇ ਨਿਆਂਸੰਗਤ, ਯਥਾਰਥ, ਨਿਰਪੱਖ, ਚੰਗੇ ਅਤੇ ਸਾਫ਼ ਢੰਗ ਤੇ ਭਾਸ਼ਾ ਵਿੱਚ ਖ਼ਬਰਾਂ, ਵਿਚਾਰਾਂ, ਲੇਖਾਂ ਅਤੇ ਜਾਣਕਾਰੀ ਨੂੰ ਦੇਕੇ ਲੋਕਾਂ ਦੀ ਸੇਵਾ ਕਰਨ ਦੀ ਹੈ।21 ਜਦੋਂ ਪ੍ਰਿੰਟ ਮੀਡੀਆ ਸਿਰਫ਼ ਪੈਸੇ ਕਮਾਉਣ ਖ਼ਾਤਿਰ ਆਪਣੇ ਕਾਰਜ ਵਿੱਚ ਯਥਾਰਥ ਦੇ ਮੰਤਵ ਤੋਂ ਕੋਹਾਂ ਦੂਰ ਜਾ ਕੇ ਝੂਠੀ ਜਾਂ ਕਿਸੇ ਗ਼ੈਰ-ਵਿਗਿਆਨਕ ਕਿਸਮ ਦੀ ਜਾਣਕਾਰੀ ਆਪਣੇ ਪਾਠਕਾਂ ਨੂੰ ਦੇਣ ਲੱਗਦਾ ਹੈ ਤਾਂ ਉਸ ਸਮੇਂ ਇਸ ਦਾ ਇਹ ਕਾਰਜ ਸਿਰਫ਼ ਇਸ ਦੇ ਨੈਤਿਕ ਨਿਯਮਾਂ ਨੂੰ ਹੀ ਚੁਣੌਤੀ ਨਹੀਂ ਦੇ ਰਿਹਾ ਹੁੰਦਾ, ਸਗੋਂ ਪਾਠਕਾਂ ਦੇ ਵਿਗਿਆਨਕ ਨਜ਼ਰੀਏ ’ਤੇ ਸੱਟ ਮਾਰਨ ਦੇ ਨਾਲ-ਨਾਲ ਸੰਵਿਧਾਨ ਵਿੱਚ ਦਰਜ ਨਾਗਰਿਕਾਂ ਦੀਆਂ ਮੌਲਿਕ ਜ਼ਿੰਮੇਵਾਰੀਆਂ ਨੂੰ ਵੀ ਇਹ ਅੱਖੋਂ ਪਰੋਖੇ ਕਰਨ ਦਾ ਜ਼ੁਰਮ ਕਰ ਰਿਹਾ ਹੁੰਦਾ ਹੈ।
ਖੋਜ ਦੀ ਮਹੱਤਤਾ
ਵਿਗਿਆਪਨ ਕਲਾ ਇੱਕ ਨਿਯੋਜਤ ਜਾਂ ਯੋਜਨਾ-ਬੱਧ ਵਿਧੀ ਹੈ, ਜਿਸ ਦੇ ਨਾਲ ਕਾਰੋਬਾਰੀ ਅਦਾਰੇ ਜਾਂ ਵਿਅਕਤੀ ਆਪਣੀਆਂ ਵਸਤੂਆਂ ਅਤੇ ਸੇਵਾਵਾਂ ਲੋਕਾਂ ਨੂੰ ਵੇਚ ਜਾਂ ਖ਼ਰੀਦ ਸਕਦੇ ਹਨ।22 ਵਿਗਿਆਪਨ ਜਨ-ਸੰਚਾਰ ਦਾ ਇੱਕ ਸ਼ਕਤੀਸ਼ਾਲੀ ਸੰਦ ਹੋਣ ਕਰਕੇ ਇਸ ਦੇ ਪ੍ਰਤੱਖ ਪ੍ਰਭਾਵ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਨੈਤਿਕ ਨਿਯਮਾਂ ਤਹਿਤ ਇਹ ਵਿਗਿਆਪਨ ਸੱਚ ’ਤੇ ਆਧਾਰਿਤ ਹੋਣੇ ਚਾਹੀਦੇ ਹਨ ਅਤੇ ਇਸ ਦੀ ਪੇਸ਼ਕਾਰੀ ਵਿੱਚ ਇਮਾਨਦਾਰੀ ਵਰਤੀ ਹੋਈ ਹੋਣੀ ਚਾਹੀਦੀ ਹੈ।23 ਵਰਤਮਾਨ ਸਮੇਂ ਪੰਜਾਬ ਵਿੱਚ ਪ੍ਰਾਪਤ ਹੋਣ ਵਾਲੇ ਪੰਜਾਬੀ ਦੇ ਕਈ ਪ੍ਰਮੁੱਖ ਅਖ਼ਬਾਰ ਸੱਚ ਤੋਂ ਦੂਰ ਹੋਕੇ ਅਜਿਹੇ ਇਸ਼ਤਿਹਾਰ ਪ੍ਰਕਾਸ਼ਤ ਕਰ ਰਹੇ ਹਨ, ਜਿਨ੍ਹਾਂ ਵਿੱਚ ਪਾਠਕਾਂ ਨੂੰ ਗ਼ੈਰ-ਵਿਗਿਆਨਕ ਢੰਗ ਨਾਲ ਸਰੀਰਿਕ ਬਿਮਾਰੀਆਂ ਅਤੇ ਘਰੇਲੂ ਸਮੱਸਿਆਵਾਂ ਦਾ ਇਲਾਜ ਜਾਦੂਈ ਢੰਗ ਨਾਲ ਕਰਵਾਉਣ ਲਈ ਉਕਸਾਇਆ ਗਿਆ ਹੁੰਦਾ ਹੈ। ਅਜਿਹੇ ਇਸ਼ਤਿਹਾਰ ਪਾਠਕਾਂ ਦੀ ਮਾਨਸਿਕਤਾ ਨੂੰ ਵਿਗਿਆਨਕ ਸੋਝੀ ਤੋਂ ਦੂਰ ਲੈ ਜਾਣ ਦੀ ਸਮਰੱਥਾ ਰੱਖਦੇ ਹਨ। ਇਹ ਖੋਜ ਪਰਚਾ ਜਿੱਥੇ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੋਣ ਵਾਲੇ ਜਾਦੂਈ ਇਲਾਜ ਸੰਬੰਧੀ ਇਸ਼ਤਿਹਾਰਾਂ ਦਾ ਵਿਸ਼ਲੇਸ਼ਣ ਕਰਦਾ ਹੈ, ਉੱਥੇ ਇਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਨੂੰ ਪ੍ਰਕਾਸ਼ਤ ਕਰਨ ਸੰਬੰਧੀ ਬਣੇ ਕਾਨੂੰਨ ਅਤੇ ਨਿਯਮਾਂ ਬਾਰੇ ਜਾਨਣ ਤੋਂ ਬਿਨਾਂ ਪਾਠਕਾਂ ਦੇ ਨਜ਼ਰੀਏ ਨੂੰ ਵੀ ਘੋਖਣ ਦਾ ਯਤਨ ਕਰਦਾ ਹੈ।
ਖੋਜ ਦੇ ਉਦੇਸ਼
• ਇਹ ਜਾਨਣਾ ਕਿ ਤਾਂਤਰਿਕਾਂ/ਬਾਬਿਆਂ/ਜੋਤਸ਼ੀਆਂ ਆਦਿ ਵੱਲੋਂ ਕੀਤੇ ਜਾਣ ਵਾਲੇ ਮਨੁੱਖੀ ਸਮੱਸਿਆਵਾਂ, ਬਿਮਾਰੀਆਂ ਆਦਿ ਦੀ ਜਾਦੂਈ ਇਲਾਜ ਸੰਬੰਧੀ ਇਸ਼ਤਿਹਾਰਬਾਜ਼ੀ ਕਰਨ ਵਿੱਚ ਪੰਜਾਬੀ ਦੇ ਕਿਹੜੇ-ਕਿਹੜੇ ਪ੍ਰਮੁੱਖ ਅਖ਼ਬਾਰ ਇੱਕ ਦੂਜੇ ਤੋਂ ਮੋਹਰੀ ਹਨ।
• ਉਪਰੋਕਤ ਦੇ ਸੰਬੰਧ ਵਿੱਚ ਇਸ਼ਤਿਹਾਰਾਂ ਦੀ ਵੰਨਗੀ ਅਤੇ ਆਕਾਰ ਨੂੰ ਘੋਖਣਾ।
• ਉਪਰੋਕਤ ਇਸ਼ਤਿਹਾਰਾਂ ਵਿੱਚ ਕੀਤੇ ਜਾਂਦੇ ਦਾਅਵਿਆਂ ਨੂੰ ਜਾਨਣਾ।
• ਉਪਰੋਕਤ ਇਸ਼ਤਿਹਾਰਾਂ ਪ੍ਰਤੀ ਪਾਠਕਾਂ ਦੇ ਨਜ਼ਰੀਏ ਨੂੰ ਸਮਝਣਾ।
• ਉਪਰੋਕਤ ਇਸ਼ਤਿਹਾਰਾਂ ਨੂੰ ਪ੍ਰਕਾਸ਼ਤ ਕਰਨ ਸੰਬੰਧੀ ਕਾਨੂੰਨੀ ਧਾਰਾਵਾਂ ਅਤੇ ਨਿਯਮਾਂ ਨੂੰ ਸਮਝਣਾ।
ਖੋਜ ਵਿਧੀ
ਖੋਜ ਕਾਰਜ ਦੇ ਉਦੇਸ਼ਾਂ ਨੂੰ ਦੇਖਦੇ ਹੋਏ ਇਸ ਲਈ ਵਿਸ਼ਾ ਵਸਤੂ ਵਿਸ਼ਲੇਸ਼ਣ ਅਤੇ ਸਰਵੇਖਣ ਖੋਜ ਵਿਧੀਆਂ ਦੀ ਵਰਤੋਂ ਕੀਤੀ ਗਈ ਹੈ।ਖੋਜ-ਕਾਰਜ ਤਹਿਤ 15 ਦਿਨਾਂ (16 ਅਕਤੂਬਰ, 2012 ਤੋਂ 30 ਅਕਤੂਬਰ, 2012 ) ਦੀਆਂ ਪੰਜਾਬ ਵਿੱਚ ਪ੍ਰਾਪਤ ਹੋਣ ਵਾਲੀਆਂ ਪੰਜਾਬੀ ਦੀਆਂ ਪ੍ਰਮੁੱਖ ਅਖ਼ਬਾਰਾਂ ਅਜੀਤ, ਨਵਾਂ ਜ਼ਮਾਨਾ, ਪੰਜਾਬੀ ਟ੍ਰਿਬਿਊਨ, ਜਗ ਬਾਣੀ, ਦੇਸ ਸੇਵਕ, ਰੋਜ਼ਾਨਾ ਸਪੋਕਸਮੈਨ ਅਤੇ ਪੰਜਾਬੀ ਜਾਗਰਣ ਨੂੰ ਲਿਆ ਗਿਆ।ਖੋਜ ਕਾਰਜ ਦੌਰਾਨ ਵਰਤੀ ਗਈ ਸਰਵੇਖਣ ਵਿਧੀ ਤਹਿਤ 50 ਇਸਤਰੀਆਂ ਅਤੇ 50 ਪੁਰਸ਼ਾਂ ਤੋਂ ਪ੍ਰਸ਼ਨਾਵਲੀ ਭਰਵਾਈ ਗਈ।
ਅੰਕੜੇ
ਪੰਜਾਬੀ ਦੀਆਂ ਪ੍ਰਮੁੱਖ ਅਖ਼ਬਾਰਾਂ ਦਾ ਵਿਸ਼ਲੇਸ਼ਣ ਕਰਨ ਪਿੱਛੋਂ ਜੋ ਅੰਕੜੇ (16 ਅਕਤੂਬਰ, 2012 ਤੋਂ 30 ਅਕਤੂਬਰ, 2012 ) ਪ੍ਰਾਪਤ ਹੋਏ ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:
| ਲੜੀ ਨੰ: | ਅਖ਼ਬਾਰ ਦਾ ਨਾਮ | ਪ੍ਰਾਪਤ ਇਸ਼ਤਿਹਾਰਾਂ ਦੀ ਗਿਣਤੀ | ਵਰਗ ਸੈਂਟੀਮੀਟਰ | ਵੰਨਗੀ |
| 1 | ਜਗ ਬਾਣੀ | 1377 | 14033 | ਕਲਾਸੀਫਾਈਡ |
| 2 | ਪੰਜਾਬੀ ਜਾਗਰਣ | 423 | 3953 | ਕਲਾਸੀਫਾਈਡ |
| 3 | ਪੰਜਾਬੀ ਟ੍ਰਿਬਿਊਨ | 37 | 312 | ਕਲਾਸੀਫਾਈਡ |
| 4 | ਅਜੀਤ | — | — | — |
| 5 | ਨਵਾਂ ਜ਼ਮਾਨਾ | — | — | — |
| 6 | ਰੋਜ਼ਾਨਾ ਸਪੋਕਸਮੈਨ | — | — | — |
| 7 | ਦੇਸ ਸੇਵਕ | — | — | — |
ਸਿੱਟੇ
ਪੰਜਾਬੀ ਦੀਆਂ ਪ੍ਰਮੁੱਖ ਅਖ਼ਬਾਰਾਂ ਅਜੀਤ, ਨਵਾਂ ਜ਼ਮਾਨਾ, ਪੰਜਾਬੀ ਟ੍ਰਿਬਿਊਨ, ਜਗ ਬਾਣੀ, ਦੇਸ ਸੇਵਕ, ਰੋਜ਼ਾਨਾ ਸਪੋਕਸਮੈਨ ਅਤੇ ਪੰਜਾਬੀ ਜਾਗਰਣ ਵਿੱਚੋਂ ਜਗ ਬਾਣੀ, ਪੰਜਾਬੀ ਜਾਗਰਣ ਅਤੇ ਪੰਜਾਬੀ ਟ੍ਰਿਬਿਊਨ ਹੀ ਅਜਿਹੇ ਅਖ਼ਬਾਰ ਹਨ, ਜਿਨ੍ਹਾਂ ਵਿੱਚ ਅਜਿਹੇ ਇਸ਼ਤਿਹਾਰਾਂ ਦੀ ਪ੍ਰਾਪਤੀ ਹੋਈ, ਜੋ ਜਾਦੂਈ ਇਲਾਜ ਸੰਬੰਧੀ ਇਸ਼ਤਿਹਾਰਬਾਜ਼ੀ ਕਰਦੇ ਹਨ।
ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਆਦਿ ਵੱਲੋਂ ਮਨੁੱਖੀ ਸਮੱਸਿਆਵਾਂ, ਬਿਮਾਰੀਆਂ ਆਦਿ ਦਾ ਇਲਾਜ ਜਾਦੂ, ਤੰਤਰ-ਮੰਤਰ, ਅਦਿੱਖ ਸ਼ਕਤੀਆਂ ਆਦਿ ਦੀ ਮਦਦ ਨਾਲ ਕਰਨ ਵਾਲੇ ਇਸ਼ਤਿਹਾਰਾਂ ਨੂੰ ਪ੍ਰਕਾਸ਼ਤ ਕਰਨ ਵਿੱਚ ਜਗ ਬਾਣੀ ਅਖ਼ਬਾਰ ਸਭ ਤੋਂ ਮੋਹਰੀ ਰਿਹਾ ਹੈ। ਇਸ ਅਖ਼ਬਾਰ ਵਿੱਚ ਸੰਬੰਧਤ 15 ਦਿਨਾਂ ਦੌਰਾਨ ਮੂਲ ਰੂਪ ਵਿੱਚ 185 ਇਸ਼ਤਿਹਾਰ ਪ੍ਰਾਪਤ ਹੋਏ, ਜਿਹੜੇ ਕਿ 1377 ਵਾਰ ਪ੍ਰਕਾਸ਼ਤ ਕੀਤੇ ਗਏ ਹਨ।ਦੂਜੇ ਪਾਸੇ ਪੰਜਾਬੀ ਜਾਗਰਣ ਵਿੱਚੋਂ ਵਿਸ਼ੇ ਸੰਬੰਧਤ ਮੂਲ ਰੂਪ ਵਿੱਚ 45 ਇਸ਼ਤਿਹਾਰ ਪ੍ਰਾਪਤ ਹੋਏ, ਜਿਹੜੇ ਕਿ ਸੰਬੰਧਤ 15 ਦਿਨਾਂ ਦੌਰਾਨ 423 ਵਾਰ ਪ੍ਰਕਾਸ਼ਤ ਹੋਏ ਹਨ ਅਤੇ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿੱਚ ਵਿਸ਼ੇ ਸੰਬੰਧਤ ਮੂਲ ਰੂਪ ਵਿੱਚ 8 ਇਸ਼ਤਿਹਾਰ ਪ੍ਰਾਪਤ ਹੋਏ, ਜਿਹੜੇ ਕਿ ਸੰਬੰਧਤ 15 ਦਿਨਾਂ ਦੌਰਾਨ 37 ਵਾਰ ਪ੍ਰਕਾਸ਼ਤ ਹੋਏ ਹਨ।
ਜਗ ਬਾਣੀ ਅਖ਼ਬਾਰ ਇਸ ਕਿਸਮ ਦੇ ਇਸ਼ਤਿਹਾਰਾਂ ਨੂੰ ਪ੍ਰਕਾਸ਼ਤ ਕਰਨ ਵਿੱਚ ਸਿਰਫ਼ ਇਸ਼ਤਿਹਾਰਾਂ ਦੀ ਗਿਣਤੀ ਵਿੱਚ ਹੀ ਨਹੀਂ, ਸਗੋਂ ਇਨ੍ਹਾਂ ਇਸ਼ਤਿਹਾਰਾਂ ਨੂੰ ਆਪਣੇ ਅਖ਼ਬਾਰ ਦੇ ਪੰਨੇ ਉੱਤੇ ਦਿੱਤੇ ਗਏ ਸਥਾਨ ਪੱਖੋਂ ਵੀ ਮੋਹਰੀ ਰਿਹਾ ਹੈ।ਜਗ ਬਾਣੀ ਨੇ ਸੰਬੰਧਤ 15 ਦਿਨਾਂ ਵਿੱਚ ਅਜਿਹੇ ਇਸ਼ਤਿਹਾਰਾਂ ਨੂੰ 14033 ਵਰਗ ਸੈਂਟੀਮੀਟਰ ਜਗ੍ਹਾ ਦਿੱਤੀ ਹੈ, ਜਦਕਿ ਪੰਜਾਬੀ ਜਾਗਰਣ ਅਤੇ ਪੰਜਾਬੀ ਟ੍ਰਿਬਿਊਨ ਨੇ ਕ੍ਰਮਵਾਰ 3953, 312 ਵਰਗ ਸੈਂਟੀਮੀਟਰ ਜਗ੍ਹਾ ਦਿੱਤੀ ਹੋਈ ਹੈ।
ਪੰਜਾਬੀ ਦੀਆਂ ਪ੍ਰਮੁੱਖ ਉਪਰੋਕਤ ਤਿੰਨ ਅਖ਼ਬਾਰਾਂ ਜਿਨ੍ਹਾਂ ਵਿੱਚ ਵਿਸ਼ਾ ਸੰਬੰਧਤ ਇਸ਼ਤਿਹਾਰ ਪ੍ਰਾਪਤ ਹੁੰਦੇ ਹਨ, ਉਹ ਕਲਾਸੀਫਾਈਡ ਇਸ਼ਤਿਹਾਰਾਂ ਵਾਲੇ ਪੰਨੇ ਉੱਤੇ ਪ੍ਰਕਾਸ਼ਤ ਹੋਏ ਹਨ।ਕਲਾਸੀਫਾਈਡ ਪੰਨੇ ਉੱਤੇ ਪ੍ਰਕਾਸ਼ਤ ਇਨ੍ਹਾਂ ਇਸ਼ਤਿਹਾਰਾਂ ਵਿੱਚ ਕੁਝ ਇਸ਼ਤਿਹਾਰ ਅਜਿਹੇ ਵੀ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ਤਸਵੀਰਾਂ, ਵਿਸ਼ੇਸ਼ ਚਿਨ੍ਹਾਂ ਦੀ ਵਰਤੋਂ ਕਰਕੇ ਇਨ੍ਹਾਂ ਨੂੰ ਸਜਾਵਟੀ ਇਸ਼ਤਿਹਾਰ ਦਾ ਮੁਹਾਂਦਰਾ ਦਿੱਤਾ ਗਿਆ ਹੈ।ਇਸ ਕਿਸਮ ਦੀ ਵੰਨਗੀ ਦੇ ਇਸ਼ਤਿਹਾਰਾਂ ਦੀ ਵਰਤੋਂ ਪਾਠਕਾਂ ਦੀਆਂ ਅੱਖਾਂ ਆਪਣੇ ਵੱਲ ਖਿੱਚਣ ਲਈ ਕੀਤੀ ਜਾਂਦੀ ਹੈ। ਇਸ ਕਿਸਮ ਦੇ ਸਜਾਵਟੀ ਇਸ਼ਤਿਹਾਰ ਪੰਜਾਬੀ ਟ੍ਰਿਬਿਊਨ ਵਿੱਚ ਪ੍ਰਾਪਤ ਨਹੀਂ ਹੋਏ, ਜਦਕਿ ਜਗ ਬਾਣੀ ਅਤੇ ਪੰਜਾਬੀ ਜਾਗਰਣ ਵਿੱਚ ਇਸ ਕਿਸਮ ਦੇ ਇਸ਼ਤਿਹਾਰਾਂ ਦੀ ਭਰਮਾਰ ਹੈ।
ਇਨ੍ਹਾਂ ਇਸ਼ਤਿਹਾਰਾਂ ਵਿੱਚ ਜਿਹੜੇ ਦਾਅਵੇ ਕੀਤੇ ਗਏ ਹਨ, ਉਹ ਮਨੁੱਖ ਦੀਆਂ ਘਰੇਲੂ, ਸਰੀਰਕ ਅਤੇ ਆਰਥਿਕ ਸਮੱਸਿਆਵਾਂ ਨਾਲ ਸੰਬੰਧਤ ਹਨ। ਘਰੇਲ਼ੂ ਸਮੱਸਿਆਵਾਂ ਤਹਿਤ ਇਨ੍ਹਾਂ ਇਸ਼ਤਿਹਾਰਾਂ ਵਿੱਚ ਘਰੇਲੂ-ਕਲੇਸ਼, ਪ੍ਰੇਮ-ਵਿਆਹ, ਵਿਆਹ ਲਈ ਪ੍ਰੇਮੀ-ਪ੍ਰੇਮਿਕਾ/ਮਾਤਾ-ਪਿਤਾ ਨੂੰ ਮਨਾਉਣਾ, ਕਿਸੇ ਨੂੰ ਵੱਸ ਵਿੱਚ ਕਰਨਾ, ਸੌਂਕਣ ਦੁਸ਼ਮਨ ਤੋਂ ਛੁਟਕਾਰਾ, ਕੀਤੇ-ਕਰਾਏ, ਕਿਸੇ ਵੱਲੋਂ ਕੁਝ ਖਵਾਇਆ, ਚੋਣਾਂ ਵਿੱਚ ਜਿੱਤ, ਕੱਪੜੇ ਫਟਣੇ, ਘਰ ਵਿੱਚ ਖ਼ੂਨ ਦੇ ਛਿੱਟੇ ਡਿੱਗਣੇ, ਕਚਹਿਰੀ ਵਿੱਚ ਮੁਕੱਦਮਾ, ਜੇਲ੍ਹ ਯਾਤਰਾ ਤੋਂ ਛੁਟਕਾਰਾ, ਜਾਦੂ-ਟੂਣਾ, ਭੂਤਾਂ-ਪ੍ਰੇਤਾਂ ਤੋਂ ਮੁਕਤੀ, ਓਪਰੀ ਕਸਰ ਆਦਿ ਸਮੱਸਿਆਵਾਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸਰੀਰਕ ਸਮੱਸਿਆਵਾਂ ਤਹਿਤ ਨਸ਼ਾ ਮੁਕਤੀ, ਸੰਤਾਨ ਨਾ ਹੋਣਾ ਜਾਂ ਹੋ ਕੇ ਮਰ ਜਾਣਾ, ਗੰਭੀਰ ਬਿਮਾਰੀ ਦਾ ਇਲਾਜ, ਮੁੱਠਕਰਨੀ, ਗੁਪਤ ਪ੍ਰੇਸ਼ਾਨੀਆਂ, ਕਿਸੇ ਨੂੰ ਮਨਚਾਹੀ ਬਿਮਾਰੀ ਲਗਾਉਣ ਦਾ ਦਾਅਵਾ ਇਸ਼ਤਿਹਾਰਾਂ ਵਿੱਚ ਕੀਤਾ ਗਿਆ ਹੈ।ਆਰਥਿਕ ਸਮੱਸਿਆਵਾਂ ਪੱਖੋਂ ਇਹ ਇਸ਼ਤਿਹਾਰ ਕਰਜ਼ਾ ਮੁਕਤੀ, ਦੱਬੇ ਧਨ ਦੀ ਪ੍ਰਾਪਤੀ, ਲਾਟਰੀ ਲੱਕੀ ਨੰਬਰ, ਕਰੋੜਪਤੀ ਬਣੋ, ਨੌਕਰੀ ਪ੍ਰਾਪਤੀ, ਕਾਰੋਬਾਰ, ਵਿਦੇਸ਼ ਯਾਤਰਾ, ਪਸ਼ੂ ਫ਼ਸਲ ਨੁਕਸਾਨ ਦੇ ਹੱਲ ਕਰਨ ਦੇ ਦਾਅਵੇ ਕਰਦੇ ਹਨ।ਇਨ੍ਹਾਂ ਸਮੱਸਿਆਵਾਂ ਦਾ ਇਲਾਜ ਤੰਤਰ-ਮੰਤਰ ਵਿੱਦਿਆ, ਕਾਲ਼ੇ ਇਲਮ, ਜਾਦੂਈ ਅੰਗੂਠੀ, ਮਾਤਾ ਦੀ ਕ੍ਰਿਪਾ ਨਾਲ, ਸਿੱਧ ਵਸ਼ੀਕਰਨ ਪੱਥਰ, ਨੌਂ ਦੇਵੀਆਂ ਦੀ ਸ਼ਕਤੀ ਦੀ ਮਦਦ ਨਾਲ ਮਿੰਟਾਂ, ਘੰਟਿਆਂ ਅਤੇ ਦਿਨਾਂ ਵਿੱਚ ਸ਼ਰਤੀਆ ਕਰਨ ਦਾ ਦਾਅਵਾ ਕੀਤਾ ਗਿਆ ਹੈ।ਇਨ੍ਹਾਂ ਇਸ਼ਤਿਹਾਰਾਂ ਵਿੱਚ ਸੰਪਰਕ ਨੰਬਰ ਦਿੱਤਾ ਹੋਇਆ ਪ੍ਰਾਪਤ ਹੁੰਦਾ ਹੈ, ਪਰ ਬਹੁਤੇ ਇਸ਼ਤਿਹਾਰ ਗੁਮਨਾਮ ਹਨ। ਕੁਝ ਇਸ਼ਤਿਹਾਰ ਅਜਿਹੇ ਵੀ ਹਨ, ਜਿਨ੍ਹਾਂ ਨਾਲ ਪਤਾ ਵੀ ਦਿੱਤਾ ਗਿਆ ਹੈ, ਜੋ ਲੁਧਿਆਣਾ, ਜਲੰਧਰ, ਜਗਰਾਓਂ, ਸੰਗਰੂਰ, ਮਾਲੇਰਕੋਟਲਾ, ਪਟਿਆਲ਼ਾ, ਸਮਰਾਲਾ, ਖੰਨਾ, ਆਦਮਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਚੰਡੀਗੜ੍ਹ ਅਤੇ ਮੁਹਾਲੀ ਸ਼ਹਿਰਾਂ ਨਾਲ ਸੰਬੰਧ ਰੱਖਦਾ ਹੈ। ਇੱਕ ਇਸ਼ਤਿਹਾਰ ਅਜਿਹਾ ਵੀ ਪ੍ਰਾਪਤ ਹੋਇਆ ਹੈ, ਜਿਸ ਨਾਲ ਆਨਲਾਈਨ ਵੈੱਬਸਾਈਟ ਦਾ ਪਤਾ ਦਿੱਤਾ ਹੋਇਆ ਹੈ।ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਪ੍ਰਿੰਟ ਮੀਡੀਆ ਵਿੱਚ ਆਪਣਾ ਪ੍ਰਚਾਰ ਕਰਨ ਤੋਂ ਬਿਨਾਂ ਇਹ ਤਾਂਤਰਿਕ, ਬਾਬੇ ਅਤੇ ਜੋਤਸ਼ੀ ਆਦਿ ਨਿਊ ਮੀਡੀਆ ਦੀ ਮਦਦ ਵੀ ਲੈ ਰਹੇ ਹਨ ਤਾਂ ਕਿ ਇਹ ਵੱਧ ਤੋਂ ਵੱਧ ਲੋਕਾਂ ਵਿੱਚ ਪਹੁੰਚ ਸਕਣ।
ਪਾਠਕਾਂ ਦੇ ਵਿਸ਼ਵਾਸ ਨੂੰ ਜਿੱਤਣ ਲਈ ਇਸ ਕਿਸਮ ਦੇ ਇਸ਼ਤਿਹਾਰਾਂ ਨੂੰ ਤਿਆਰ ਕਰਨ ਸਮੇਂ ਵਾਕ-ਬਣਤਰ ਪੱਖੋਂ ਖਿੱਚਵਾਂ ਬਣਾਇਆ ਗਿਆ ਹੈ।ਮਿਸਾਲ ਲਈ ਇਨ੍ਹਾਂ ਇਸ਼ਤਿਹਾਰਾਂ ਵਿੱਚ 11 ਵਾਰ ਗੋਲਡ ਮੈਡਲਿਸਟ, ਜੋ ਸਾਡੇ ਤੋਂ ਪਹਿਲਾਂ ਕੰਮ ਕਰੇ ਉਸ ਨੂੰ 21, 41, 61, 71 ਲੱਖ ਅਤੇ 11 ਕਿੱਲੇ ਜ਼ਮੀਨ ਮੁਫ਼ਤ ਦੇਣ ਦਾ ਇਨਾਮ, ਪੰਜਾਬ ਦੇ ਨੰਬਰ ਵੱਨ ਤਾਂਤਰਿਕ, ਕਾਲ਼ੇ ਇਲਮ ਦੇ ਮਾਹਿਰ, ਦੂਜੇ ਤਾਂਤਰਿਕਾਂ ਨੂੰ ਖੁੱਲ੍ਹਾ ਚੈਲੇਂਜ, ਫ਼ੋਨ ਘੁਮਾਓ ਅਤੇ ਕਾਲ਼ੇ ਇਲਮ ਦਾ ਚਮਤਕਾਰ ਪਾਓ, ਦਿੱਲੀ ਯੂਨੀਵਰਸਿਟੀ ਤੋਂ ਪ੍ਰਮਾਣਿਤ, ਸਰਕਾਰ ਵੱਲੋਂ ਮਾਨਤਾ ਪ੍ਰਾਪਤ, ਖ਼ਬਰਦਾਰ ਕਾਲ਼ੇ ਇਲਮ ਨਾਲ ਮੌਤ ਹੋ ਸਕਦੀ ਹੈ, ਪਹਿਲਾਂ ਕੰਮ ਫਿਰ ਫ਼ੀਸ, ਇਰਾਦੇ ਨਾ ਬਦਲੋ ਹਿੰਮਤ ਨਾ ਹਾਰੋ, ਮੁਫ਼ਤ ਸੇਵਾ, ਇੱਕ ਕੰਮ ਨਾਲ ਦੂਜਾ ਕੰਮ ਮੁਫ਼ਤ, ਦੁਸ਼ਮਨ ਨੂੰ ਕੋਹੜ ਪੈਂਦਾ/ਮੱਛੀ ਵਾਂਗ ਤੜਫਦਾ ਦੇਖੋ, ਸਿਰਫ਼ ਇੱਕ ਔਰਤ ਹੀ ਔਰਤ ਦਾ ਦਰਦ ਸਮਝ ਸਕਦੀ ਹੈ, ਵਸ਼ੀਕਰਨ ਇੱਕ ਸਚਾਈ ਹੈ ਕਰਨ ਵਾਲਾ ਚਾਹੀਦਾ ਹੈ, ਸਮੱਸਿਆ ਬਣ ਸਕਦੀ ਹੈ ਆਤਮ ਹੱਤਿਆ, ਕੀ ਕਹਿੰਦੀ ਹੈ ਤੁਹਾਡੀ ਕਿਸਮਤ ਦੀ ਰੇਖਾ ਕਦੋਂ ਬਣੋਗੇ ਧਨਵਾਨ, ਬਾਬਿਆਂ/ਤਾਂਤਰਿਕਾਂ ਨੂੰ ਖੁੱਲ੍ਹੀ ਚੁਣੌਤੀ, ਸਭ ਨੂੰ ਅਜ਼ਮਾਇਆ ਵਾਰ ਵਾਰ ਸਾਨੂੰ ਅਜ਼ਮਾਓ ਇੱਕ ਵਾਰ, ਦੁੱਖ ਨੂੰ ਸੁੱਖ ਵਿੱਚ ਬਦਲਣ ਵਾਲੇ, ਫ਼ੋਨ ਘੁਮਾਓ ਅਤੇ ਕਾਲ਼ੇ ਇਲਮ ਦਾ ਚਮਤਕਾਰ ਪਾਓ, ਬਜ਼ੁਰਗਾਂ ਤੋਂ ਨੌਂ ਗੁਣਾਂ ਜ਼ਿਆਦਾ ਤਜਰਬਾ, ਰੋਵੋ ਨਾ ਫ਼ੋਨ ਕਰੋ ਵਰਗੇ ਵਾਕ ਪਾਠਕਾਂ ਨੂੰ ਮਾਨਸਿਕ ਤੌਰ ’ਤੇ ਭਰਮਾਉਣ ਦੀ ਸਮਰੱਥਾ ਰੱਖਦੇ ਹਨ।ਇਸ ਕਿਸਮ ਦੇ ਇਸ਼ਤਿਹਾਰ ਸਿਰਫ਼ ਮਰਦ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਆਦਿ ਵੱਲੋਂ ਹੀ ਨਹੀਂ ਦਿੱਤੇ ਗਏ, ਸਗੋਂ ਕਈ ਔਰਤਾਂ ਨੇ ਵੀ ਇਸ ਕਿਸਮ ਦੇ ਇਸ਼ਤਿਹਾਰ ਜਗ ਬਾਣੀ ਅਖ਼ਬਾਰ ਵਿੱਚ ਪ੍ਰਕਾਸ਼ਤ ਕਰਵਾਏ ਹਨ।
ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਆਦਿ ਦੇ ਇਸ਼ਤਿਹਤਰਾਂ ਦੀ ਪਹੁੰਚ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਬਾਬਤ ਸਭ ਤੋਂ ਵੱਧ ਜਾਣਕਾਰੀ ਪਾਠਕਾਂ ਨੇ ਆਪਣੀ ਜਾਣ-ਪਛਾਣ ਵਾਲਿਆਂ ਤੋਂ ਪ੍ਰਾਪਤ ਕੀਤੀ ਹੈ।ਇਸ ਤੋਂ ਬਾਅਦ ਇਸ ਸੰਬੰਧੀ ਜਾਣਕਾਰੀ ਪਾਠਕਾਂ ਨੂੰ ਦੇਣ ਵਾਲਾ ਮਾਧਿਅਮ ਕ੍ਰਮਵਾਰ ਟੀ ਵੀ ਅਤੇ ਅਖ਼ਬਾਰ ਹਨ।ਸਰਵੇ ਅਨੁਸਾਰ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਜਾਦੂਈ ਇਲਾਜ ਸੰਬੰਧੀ ਇਸ਼ਤਿਹਾਰਬਾਜ਼ੀ ਨੂੰ ਅੱਠ ਫ਼ੀਸਦ ਪੁਰਸ਼ ਅਤੇ 10 ਫ਼ੀਸਦੀ ਇਸਤਰੀਆਂ ਪੜ੍ਹਦੀਆਂ/ਦੇਖਦੀਆਂ ਹਨ। ਇਸ ਤਰ੍ਹਾਂ ਦੇ ਇਸ਼ਤਿਹਾਰਾਂ ਦੀ ਜਾਣਕਾਰੀ ਇਸਤਰੀਆਂ ਅਤੇ ਪੁਰਸ਼ਾਂ ਨੂੰ ਵਧੇਰੇ ਟੀ ਵੀ ਤੋਂ ਪ੍ਰਾਪਤ ਹੋਈ ਹੈ।ਟੀ ਵੀ ਅਤੇ ਅਖ਼ਬਾਰ ਤੋਂ ਬਿਨਾਂ 70 ਫ਼ੀਸਦੀ ਪੁਰਸ਼ ਅਜਿਹੇ ਹਨ, ਜਿਨ੍ਹਾਂ ਨੂੰ ਜਾਦੂਈ ਇਲਾਜ ਕਰਨ ਵਾਲੇ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਆਦਿ ਦੀ ਜਾਣਕਾਰੀ ਆਪਣੇ ਦੋਸਤ, ਗੁਆਂਢੀ ਜਾਂ ਕਿਸੇ ਰਿਸ਼ਤੇਦਾਰ ਤੋਂ ਪ੍ਰਾਪਤ ਹੋਈ ਹੈ, ਜਦਕਿ ਦੂਜਿਆਂ ਤੋਂ ਇਹ ਜਾਣਕਾਰੀ ਪ੍ਰਾਪਤ ਕਰਨ ਵਿੱਚ ਇਸਤਰੀਆਂ ਦੀ ਗਿਣਤੀ 76 ਫ਼ੀਸਦੀ ਹਨ।88 ਫ਼ੀਸਦੀ ਪੁਰਸ਼ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਆਦਿ ਵੱਲੋਂ ਕੀਤੇ ਜਾਂਦੇ ਜਾਦੂਈ ਇਲਾਜ ਨੂੰ ਅਵਿਗਿਆਨਕ ਮੰਨਦੇ ਹਨ, ਜਦਕਿ 84 ਫ਼ੀਸਦੀ ਇਸਤਰੀਆਂ ਅਨੁਸਾਰ ਇਸ ਕਿਸਮ ਦਾ ਇਲਾਜ ਅਵਿਗਿਆਨਕ ਕਿਸਮ ਦਾ ਹੁੰਦਾ ਹੈ।ਵਿਅਕਤੀਆਂ ਵੱਲੋਂ ਇੰਨੀ ਵੱਡੀ ਗਿਣਤੀ ਵਿੱਚ ਜਾਦੂਈ ਇਲਾਜ ਨੂੰ ਅਵਿਗਿਆਨਕ ਮੰਨਣ ਦੇ ਬਾਵਜੂਦ ਵੀ ਛੇ ਫ਼ੀਸਦ ਪੁਰਸ਼ ਅਤੇ 14 ਫ਼ੀਸਦੀ ਇਸਤਰੀਆਂ ਅਜਿਹੀਆਂ ਹਨ, ਜੋ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਆਦਿ ਵੱਲੋਂ ਕੀਤੇ ਜਾਂਦੇ ਜਾਦੂਈ ਇਲਾਜ ਵਿੱਚ ਯਕੀਨ ਰਖਦੀਆਂ ਹਨ।
ਪੰਜਾਬੀ ਦੀਆਂ ਪ੍ਰਮੁੱਖ ਅਖ਼ਬਾਰਾਂ, ਜੋ ਜਾਦੂਈ ਇਲਾਜ ਸੰਬੰਧੀ ਇਸ਼ਤਿਹਾਰਾਂ ਨੂੰ ਪ੍ਰਕਾਸ਼ਤ ਕਰ ਰਹੀਆਂ ਹਨ, ਉਹ ਭਾਰਤੀ ਕਾਨੂੰਨ ਦਵਾਈਆਂ ਅਤੇ ਜਾਦੂਈ ਇਲਾਜ (ਇਤਰਾਜ਼ਯੋਗ ਇਸ਼ਤਿਹਾਰਬਾਜ਼ੀ) ਕਾਨੂੰਨ, 1954 ਦੀਆਂ ਧਾਰਾਵਾਂ ਦੀ ਉਲੰਘਣਾ ਹੈ।ਇਸ ਕਾਨੂੰਨ ਦੀ ਧਾਰਾ 2 ਅਨੁਸਾਰ ਇਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਕਰਨਾ ਗ਼ੈਰ-ਕਾਨੂੰਨੀ ਹੈ।ਪੰਜਾਬੀ ਦੀਆਂ ਇਨ੍ਹਾਂ ਤਿੰਨਾਂ ਪ੍ਰਮੁੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੋ ਰਹੇ ਜਾਦੂਈ ਇਲਾਜ ਸੰਬੰਧੀ ਇਸ਼ਤਿਹਾਰ ਜਿੱਥੇ ਉਪਰੋਕਤ ਕਾਨੂੰਨ ਦੀਆਂ ਧਾਰਾਵਾਂ ਦੀ ਉਲੰਘਣਾ ਕਰ ਰਹੇ ਹਨ, ਉੱਥੇ ਭਾਰਤੀ ਪ੍ਰੈੱਸ ਕੌਂਸਲ ਅਤੇ ਐਡਵਰਟਾਈਜ਼ਿੰਗ ਸਟੈਂਡਰਡਸ ਕਾਊਂਸਲ ਆਫ਼ ਇੰਡੀਆ ਵੱਲੋਂ ਇਸ਼ਤਿਹਾਰਾਂ ਨੂੰ ਪ੍ਰਕਾਸ਼ਤ ਕਰਨ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਨੂੰ ਵੀ ਅੱਖੋਂ ਪਰੋਖੇ ਕਰ ਰਹੇ ਹਨ।
ਪੰਜਾਬੀ ਦੀਆਂ ਪ੍ਰਮੁੱਖ ਅਖ਼ਬਾਰਾ ਦੇ ਕੀਤੇ ਵਿਸ਼ਲੇਸ਼ਣ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੰਜਾਬ ਵਿੱਚ ਪ੍ਰਾਪਤ ਹੋਣ ਵਾਲੇ ਪੰਜਾਬੀ ਦੇ ਸਾਰੇ ਪ੍ਰਮੁੱਖ ਅਖ਼ਬਾਰ ਉਪਰੋਕਤ ਸੰਬੰਧੀ ਇਸ਼ਤਿਹਾਰਾਂ ਨੂੰ ਪ੍ਰਕਾਸ਼ਤ ਨਹੀਂ ਕਰਦੇ ਹਨ, ਇਨ੍ਹਾਂ ਵਿੱਚੋਂ ਜਗ ਬਾਣੀ, ਪੰਜਾਬੀ ਜਾਗਰਣ ਅਤੇ ਪੰਜਾਬੀ ਟ੍ਰਿਬਿਊਨ ਹੀ ਅਜਿਹੇ ਅਖ਼ਬਾਰ ਹਨ, ਜਿਹੜੇ ਕਿ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਆਦਿ ਵੱਲੋਂ ਕੀਤੇ ਜਾਂਦੇ ਜਾਦੂਈ ਇਲਾਜ ਸੰਬੰਧੀ ਇਸ਼ਤਿਹਾਰਾਂ ਨੂੰ ਆਪਣੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਕਰ ਰਹੇ ਹਨ।ਜਗ ਬਾਣੀ ਅਤੇ ਪੰਜਾਬੀ ਜਾਗਰਣ ਨਿੱਜੀ ਹੱਥਾਂ ਵਿੱਚ ਹਨ, ਪਰ ਪੰਜਾਬੀ ਟ੍ਰਿਬਿਊਨ ਜਿਹੜਾ ਕੇ ਟਰੱਸਟ ਰਾਹੀਂ ਚਲਾਇਆ ਜਾ ਰਿਹਾ ਹੈ, ਉਸ ਵੱਲੋਂ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਨੂੰ ਪ੍ਰਕਾਸ਼ਤ ਕਰਨਾ ਪੱਤਰਕਾਰੀ ਦੇ ਖੇਤਰ ਵਿੱਚ ਅਖ਼ਬਾਰਾਂ ਦੀ ਸਮਾਜਕ ਜ਼ਿੰਮੇਵਾਰੀ ਦੇ ਸਾਹਮਣੇ ਗੰਭੀਰ ਚਿੰਤਨ ਦਾ ਵਿਸ਼ਾ ਹੈ। ਇਸ ਲਈ ਜਿੱਥੇ ਦਵਾਈਆਂ ਅਤੇ ਜਾਦੂਈ ਇਲਾਜ (ਇਤਰਾਜ਼ਯੋਗ ਇਸ਼ਤਿਹਾਰਬਾਜ਼ੀ) ਕਾਨੂੰਨ, 1954 ਦੀਆਂ ਧਾਰਾਵਾਂ ਨੂੰ ਸੋਧ ਕੇ ਵਧੇਰੇ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੈ, ਉੱਥੇ ਪੰਜਾਬੀ ਦੀਆਂ ਇਨ੍ਹਾਂ ਪ੍ਰਮੁੱਖ ਅਖ਼ਬਾਰਾਂ ਅਤੇ ਲੋਕਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕੇ ਉਹ ਭਾਰਤ ਦੇ ਸੰਵਿਧਾਨ ਵਿੱਚ ਦਰਜ ਨਾਗਰਿਕਾਂ ਦੀਆਂ ਮੌਲਿਕ ਜ਼ਿੰਮੇਵਾਰੀਆਂ ਦੀ ਕਦਰ ਕਰਦੇ ਹੋਏ ਮੁਲਕ ਵਿੱਚ ਵਿਗਿਆਨਕ ਨਜ਼ਰੀਏ ਨੂੰ ਵਿਕਸਤ ਕਰ ਕੇ ਆਪਣੀ ਸਾਕਰਾਤਮਕ ਭੂਮਿਕਾ ਨਿਭਾਉਣ।
ਹਵਾਲੇ
1. ਸਲਦੀ, ਰਤਨ, ਮੀਡੀਆ ਦੀ ਸਮਾਜਿਕ ਭੂਮਿਕਾ (ਲੇਖ), ਯੋਜਨਾ, ਮਈ 2013, ਪੰਨਾ 23
2. ਪਾਸ਼, ਤੁਹਾਡੀ ਰਾਸ਼ੀ ਕੀ ਕਹਿੰਦੀ ਹੈ, ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਅੱਪੂ ਆਰਟ ਪ੍ਰੈੱਸ ਸ਼ਾਹਕੋਟ, 2011 , ਪੰਨਾ 7
3. ਤਰਕ ਦੀ ਸਾਣ ’ਤੇ, ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਅੱਪੂ ਆਰਟ ਪ੍ਰੈੱਸ ਸ਼ਾਹਕੋਟ, 2011 ਪੰਨਾ 15
4. ਓਹੀ- ਪੰਨਾ 18
5. http://india.gov.in/govt/documents/hindi/PartIVA.pdf
6. ਲਾਲੀ, ਹਰਿੰਦਰ ਐਡਵੋਕੇਟ ਸੁਨਾਮ, ਅੰਧਵਿਸ਼ਵਾਸਾਂ ਵਿਰੁੱਧ ਕਾਨੂੰਨ, ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਅੱਪੂ ਆਰਟ ਪ੍ਰੈੱਸ ਸ਼ਾਹਕੋਟ, 2005 ਪੰਨਾ 9
7. ञिपाठी, मधुसूदन (प्रो.), भारत में प्रैस कानून, ओमेगा पब्लिकेशनस नई दिल्ली, 2010, पन्ना 278
8. ਓਹੀ-
9. पत्रकारिता के आचरण के मानक, भारतीय प्रैस परिषद, संसकरण 2010, पन्ना 33
10. ਓਹੀ- ਪੰਨਾ 39
11. 28 /63 /12 – … -… – 16 , 2012
12. ਪੰਜਾਬੀ ਟ੍ਰਿਬਿਊਨ, ਪੰਜਾਬ ਦੀ ਆਬਾਦੀ ਪੌਣੇ 3 ਕਰੋੜ ਤੋਂ ਟੱਪੀ, 27 ਅਗਸਤ 2011, ਪੰਨਾ ਪਹਿਲਾ
13. ਰੋਜ਼ਾਨਾ ਸਪੋਕਸਮੈਨ, ਗੁਰਕੀਰਤ ਬਲੀ ਕਾਂਡ: ਤਾਂਤਰਿਕ ਸਣੇ ਪੰਜ ਗ੍ਰਿਫ਼ਤਾਰ (ਖ਼ਬਰ), 24 ਨਵੰਬਰ 2012, ਪੰਨਾ 8 , ਪੰਜਾਬ
14. ਪੰਜਾਬੀ ਟ੍ਰਿਬਿਊਨ, ਤਾਂਤਰਿਕ ਬਾਬੇ ਨੇ ਮੁੰਡੇ ਨੂੰ ਚਿਮਟਿਆਂ ਨਾਲ ਕੁਟਿੱਆ (ਖ਼ਬਰ), 21 ਸਤੰਬਰ 2012, ਪੰਨਾ ਮਾਝਾ/ਦੁਆਬਾ
15. ਰੋਜ਼ਾਨਾ ਪੰਜਾਬੀ ਨਿਊਜ਼, ਤਾਂਤਰਿਕ ਦੇ ਕਹਿਣ ’ਤੇ 8 ਸਾਲਾ ਬੱਚੇ ਨੂੰ ਖੂਹ ’ਚ ਸੁੱਟ ਕੇ ਇੱਟਾਂ ਵਰ੍ਹਾਈਆਂ (ਖ਼ਬਰ), 22 ਨਵੰਬਰ 2012
16. ਪੰਜਾਬੀ ਟ੍ਰਿਬਿਊਨ, ਨਾਬਾਲਗ ਲੜਕੀ ਵੱਲੋਂ ਬਾਬੇ ’ਤੇ ਜਿਨਸੀ ਸ਼ੋਸ਼ਨ ਦਾ ਦੋਸ਼ (ਖ਼ਬਰ), 21 ਜੂਨ 2012, ਪੰਨਾ ਮਾਝਾ/ਦੁਆਬਾ
17. ਰੋਜ਼ਾਨਾ ਹਮਦਰਦ, ਹੁਣ ਤਾਂਤਰਿਕ ਲੈਣ ਲੱਗੇ ਹੱਤਿਆ ਦੀ ਸੁਪਾਰੀ (ਖ਼ਬਰ), 14 ਜੁਲਈ 2012, ਪੰਨਾ 2
19. चौपाल, अंधविश्वास का दंश, जनसत्ता, 29 अगस्त 2013, पन्ना 6
19. Hindustan Times, Anti-superstition campaigner Dabholkar shot dead in Pune, National, page 7
20. मूलयानुगत मीडिया, अक्तूबर 2012, अंक 9, पन्ना 12
21. पत्रकारिता के आचरण के मानक, भारतीय प्रैस परिषद, संसकरण 2010, पन्ना 1
22. ਨਾਗਪਾਲ, ਐੱਲ.ਆਰ., ਸਮਾਚਾਰ-ਪੱਤਰ ਪ੍ਰਬੰਧ ਅਤੇ ਵਿਗਿਆਪਨ ਕਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, 1991, ਪੰਨਾ 239
23. ASCI CODE, http://www.ascionline.org/index.php/asci-about/51-cat-about-asci-regulations/asci-code


