‘ਕਾਮਾਗਾਟਾਮਾਰੂ ਜਹਾਜ਼’ ਦੇ ਭਾਰਤੀ ਮੁਸਾਫਰਾਂ ਦਾ ਘੋਲ ਕੈਨੇਡਾ ਦੀ ਬੰਦਰਗਾਹ ਵੈਨਕੂਵਰ ’ਤੇ 1914 ਵਿਚ ਹੋਇਆ ਸੀ। ਇਹ ਵਰਾ ਕਾਮਾਗਾਟਾਮਾਰੂ ਘੋਲ ਦਾ ‘ਸ਼ਤਾਬਦੀ ਵਰਾ’ ਹੈ, ਜੋ ਦੁਨੀਆ ਭਰ ਵਿਚ ਮਨਾਇਆ ਜਾ ਰਿਹਾ ਹੈ।
ਕਾਮਾਗਾਟਾਮਾਰੂ ਘੋਲ ਦੇ ਪਿੱਛੇ ਅੰਗਰੇਜ਼ੀ ਹਕੂਮਤ ਦੀ ਸੋਚ ਇਹ ਸੀ ਕਿ ਭਾਰਤੀ ਕਿਰਤੀਆਂ ਨੂੰ ਕੈਨੇਡਾ-ਅਮਰੀਕਾ ਵਿਚ ਕਿਰਤ ਲਈ ਜਾਣ ਨਾ ਦਿੱਤਾ ਜਾਵੇ, ਕਿਉਂਕਿ ਜੇ ਭਾਰਤੀ ਕਿਰਤੀ ਅਮਰੀਕਾ-ਕੈਨੇਡਾ ਦੀ ਧਰਤੀ ’ਤ ਜਾ ਕੇ ਕਿਰਤ ਕਰਨਗੇ ਤੇ ਫਿਰ ਆਰਥਿਕ ਤੌਰ ’ਤੇ ਮਜ਼ਬੂਤ ਹੋ ਜਾਣਗੇ ਤਾਂ ਫਿਰ ਇਨਾਂ ਨੂੰ ਗੁਲਾਮ ਰੱਖਣਾ ਮੁਸ਼ਕਲ ਹੋ ਜਾਵੇਗਾ। ਅੰਗਰੇਜ਼ੀ ਕੌਮ ਜਾਣਦੀ ਸੀ ਕਿ ਆਰਥਿਕ ਮਜ਼ਬੂਤੀ ਹੀ ਸਮਾਜਿਕ ਤੇ ਰਾਜਨੀਤਕ ਆਜ਼ਾਦੀ ਦਾ ਆਧਾਰ ਮੁਹੱਈਆ ਕਰਦੀ ਹੈ। ਇਸ ਲਈ ਅੰਗਰੇਜ਼ ਸਾਮਰਾਜ ਦੇ ਹੁਕਮ ’ਤੇ ਕੈਨੇਡਾ ਹਕੂਮਤ ਨੇ ਭਾਰਤੀ ਕਿਰਤੀਆਂ ਦੀ ਆਮਦ ਨੂੰ ਰੋਕਣ ਵਾਸਤੇ ਸਖ਼ਤ ਕਾਨੂੰਨ ਬਣਾ ਦਿੱਤਾ।
ਕਾਨੂੰਨ ਇਹ ਸੀ ਕਿ ‘ਕਿਸੇ ਵੀ ਦੇਸ਼ ਦੇ ਨਾਗਰਿਕ ਨੇ ਜੇ ਕੈਨੇਡਾ ਆਉਣਾ ਹੋਵੇ ਤਾਂ ਫਿਰ ਉਸ ਦੇਸ਼ ਤੋਂ ਸਿੱਧਾ ਜਹਾਜ਼ ਕੈਨੇਡਾ ਆਉਣਾ ਚਾਹੀਦਾ ਹੈ। ਨਾਗਰਿਕ ਕੋਲ ਆਪਣੇ ਦੇਸ਼ ਤੋਂ ਕੈਨੇਡਾ ਤੱਕ ਦੀ ਸਿੱਧੀ ਟਿਕਟ ਵੀ ਹੋਵੇ ਅਤੇ ਨਾਲ 200 ਡਾਲਰ ਵੀ ਜ਼ਰੂਰ ਹੋਣੇ ਚਾਹੀਦੇ ਹਨ।’ ਜਦੋਂ ਇਹ ਕਾਨੂੰਨ ਹੋਂਦ ਵਿਚ ਆਇਆ ਸੀ ਤੇ ਉਸ ਵਕਤ ਕਿਸੇ ਵੀ ਕੰਪਨੀ ਦਾ ਜਹਾਜ਼ ਭਾਰਤ ਤੋਂ ਸਿੱਧਾ ਕੈਨੇਡਾ ਨਹੀਂ ਆਉਂਦਾ ਸੀ। ਇਸ ਕਰਕੇ ਉਸ ਕਾਨੂੰਨ ਦਾ ਸਭ ਤੋਂ ਵਧੇਰੇ ਬੁਰਾ ਅਸਰ ਭਾਰਤੀ ਕਿਰਤੀਆਂ ’ਤੇ ਪਿਆ। ਹਜ਼ਾਰਾਂ ਭਾਰਤੀ ਜਿਨਾਂ ਵਿਚ ਵੱਡੀ ਗਿਣਤੀ ਪੰਜਾਬੀ ਕਿਰਤੀ ਕਾਮਿਆਂ ਦੀ ਸੀ, ਉਹ ਤਾਂ ਕੈਨੇਡਾ ਜਾਣ ਲਈ ਪਹਿਲਾਂ ਹੀ ਬੰਦਰਗਾਹਾਂ ’ਤੇ ਬੈਠੇ ਜਹਾਜ਼ਾਂ ਦੀ ਉਡੀਕ ਕਰ ਰਹੇ ਸਨ। ਇਸ ਕਾਨੂੰਨ ਤੋਂ ਨਿਰਾਸ਼ ਹੋਏ ਕਿਰਤੀਆਂ ਵਿਚ ਬੜਾ ਰੋਸ ਤੇ ਜੋਸ਼ ਪੈਦਾ ਹੋਇਆ। ਉਨਾਂ ਨੇ ਇਸ ਘਾਤਕ ਕਾਨੂੰਨ ਦੀ ਸ਼ਰਤ ਪੂਰੀ ਕਰਨ ਵਾਸਤੇ ਬਾਬਾ ਗੁਰਦਿੱਤ ਸਿੰਘ ਸਰਿਹਾਲੀ (ਤਰਨ ਤਾਰਨ) ਦੀ ਅਗਵਾਈ ਹੇਠ ‘ਗੁਰੂ ਨਾਨਕ ਸਟੀਮਸ਼ਿਪ ਕੰਪਨੀ’ ਸਥਾਪਤ ਕੀਤੀ। ਕੰਪਨੀ ਨੇ ਇਕ ‘ਭਾਰ ਢੋਣ’ ਵਾਲਾ ਕਾਮਾਗਾਟਾਮਾਰੂ ਜਹਾਜ਼ ਜਾਪਾਨੀ ਕੰਪਨੀ ਤੋਂ ਪਟੇ ’ਤੇ ਲੈ ਲਿਆ। ਜਿਸ ਦਾ ਨਾਂ ਬਦਲ ਕੇ ‘ਨਾਨਕ ਨਾਮ ਜਹਾਜ਼’ ਰੱਖ ਲਿਆ।
ਇਹ ਜਹਾਜ਼ ਪਟੇ ’ਤੇ ਲੈਣ ਪਿੱਛੇ ਬਾਬਾ ਗੁਰਦਿੱਤ ਸਿੰਘ ਦਾ ਦੂਹਰਾ ਮੰਤਵ ਸੀ। ਇਕ ਤਾਂ ਭਾਰਤੀ ਕਿਰਤੀਆਂ ਲਈ ਕੈਨੇਡਾ ਜਾਣ ਵਾਸਤੇ ਪੱਕਾ ਰਾਹ ਖੋਲਣਾ ਅਤੇ ਦੂਜਾ ਵਿਦੇਸ਼ਾਂ ਨਾਲ ਵਪਾਰਕ ਕਾਰੋਬਾਰ ਸ਼ੁਰੂ ਕਰਨਾ। ਕੰਪਨੀ ਨੇ ਕੈਨੇਡਾ ਜਾਣ ਲਈ ਟਿਕਟਾਂ ਲੈਣ ਵਾਸਤੇ ਇਸ਼ਤਿਹਾਰਾਂ ਰਾਹੀਂ ਪ੍ਰਚਾਰ ਕੀਤਾ। ਇਸ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ 25 ਹਜ਼ਾਰ ਦੇ ਕਰੀਬ ਲੋਕ ਕੈਨੇਡਾ ਜਾਣ ਵਾਸਤੇ ਤਿਆਰ ਹੋ ਗਏ ਅਤੇ 5 ਸੌ ਦੇ ਕਰੀਬ ਮੁਸਾਫਰਾਂ ਨੇ ਟਿਕਟਾਂ ਖਰੀਦ ਲਈਆਂ।
ਸਾਰੀਆਂ ਅੜਚਨਾਂ ਹੋਣ ਤੋਂ ਬਾਅਦ ਜਹਾਜ਼ 4 ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਕੈਨੇਡਾ ਜਾਣ ਲਈ ਚੱਲ ਪਿਆ। ਇਸ ਜਹਾਜ਼ ਵਿਚ ਸ਼ੰਘਾਈ, ਮੌਜੀ ਅਤੇ ਯੋਕੋਹਾਮਾ ਤੋਂ ਹੋਰ ਮੁਸਾਫਰ ਵੀ ਬੈਠੇ। ਜਹਾਜ਼ ਵਿਚ ਕੁੱਲ 376 ਦੇ ਕਰੀਬ ਮੁਸਾਫਰ ਸਨ। ਜਹਾਜ਼ 23 ਮਈ 1914 ਨੂੰ ਕੈਨੇਡਾ ਦੀ ਬੰਦਰਗਾਹ ‘ਵੈਨਕੂਵਰ’ ’ਤੇ ਪਹੁੰਚ ਗਿਆ। ਪੁਲਿਸ ਨੇ ਛਾਣਬੀਣ ਕਰਕੇ ਜਹਾਜ਼ ਵਿਚ ਸਵਾਰ ਆਪਣੇ ਮੁਖ਼ਬਰਾਂ ਨੂੰ ਉਤਾਰ ਲਿਆ। ਜਿਹੜੇ ਮੁਸਾਫਰ ਪਹਿਲਾਂ ਤੋਂ ਹੀ ਕੈਨੇਡਾ ਵਿਚ ਰਹਿੰਦੇ ਸਨ, ਉਨਾਂ ਨੂੰ ਵੀ ਉਤਰਨ ਦੀ ਇਜਾਜ਼ਤ ਦੇ ਦਿੱਤੀ। ਪਰ ਬਾਕੀ ਮੁਸਾਫਰਾਂ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਕੈਨੇਡਾ ਸਰਕਾਰ ਉਨਾਂ ਨੂੰ ਜਹਾਜ਼ ਤੋਂ ਉਤਾਰਨ ਲਈ ਨਾ ਮੰਨੀ।
ਜਹਾਜ਼ ਦੇ ਮੁਸਾਫਰਾਂ ਨੇ ਇਕ ਸੰਘਰਸ਼ ਕਮੇਟੀ ਬਣਾ ਕੇ ਕੈਨੇਡਾ ਦੀ ਧਰਤੀ ’ਤੇ ਉਤਰਨ ਵਾਸਤੇ ਕਾਨੂੰਨੀ ਚਾਰਾਜੋਈ ਸ਼ੁਰੂ ਕਰ ਦਿੱਤੀ। ਕੈਨੇਡਾ ਦੀ ਹਕੂਮਤ ਨੇ ਮੁਸਾਫਰਾਂ ਨੂੰ ਸਮੁੰਦਰ ਵਿਚ ਡੋਬ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਮੁਸਾਫਰਾਂ ਨੇ ਜਹਾਜ਼ ਨੂੰ ਢਾਲ ਬਣਾ ਕੇ ਕੈਨੇਡਾ ਪੁਲਿਸ ਦਾ ਯੁਕਤੀ ਅਤੇ ਦਲੇਰੀ ਨਾਲ ਮੁਕਾਬਲਾ ਕੀਤਾ। ਪੁਲਿਸ ਦੇ ਦੌੜ ਜਾਣ ਕਰਕੇ ਮੁਸਾਫਰਾਂ ਨੂੰ ਡੋਬ ਕੇ ਮਾਰਨ ਦਾ ਯਤਨ ਅਸਫ਼ਲ ਹੋ ਗਿਆ। ਗੋਰੀ ਨਸਲ ਦੀ ਇਸ ਕਰਤੂਤ ਦਾ ਜਦੋਂ ਕੈਨੇਡਾ ਵਿਚ ਵਸਦੇ ਭਾਰਤੀ ਕਿਰਤੀ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਮੁਸਾਫਰਾਂ ਦੀ ਮਦਦ ਵਾਸਤੇ ਮੈਦਾਨ ਵਿਚ ਆ ਗਏ। ਕੈਨੇਡਾ-ਅਮਰੀਕਾ ਵਿਚ ਰਹਿੰਦੇ ਭਾਰਤੀ ਲੋਕਾਂ ਨੇ ਅੰਗਰੇਜ਼ ਸਾਮਰਾਜ ਅਤੇ ਕੈਨੈਡਾ ਹਕੂਮਤ ਦੇ ਵਿਰੁੱਧ ਭਾਰੀ ਇਕੱਠ ਕੀਤੇ। ਜਹਾਜ਼ ਦੀ ਕਿਸ਼ਤ ਵੀ ਤਾਰੀ। ਭਾਈ ਭਾਗ ਸਿੰਘ ਭੀਖੀਵਿੰਡ ਅਤੇ ਹਸਨ ਰਹੀਮ ਦੀ ਅਗਵਾਈ ਹੇਠ ਜਹਾਜ਼ ਦੀ ਨਵੀਂ ਪ੍ਰਬੰਧਕ ਕਮੇਟੀ ਸਥਾਪਤ ਕਰਕੇ ਕਾਨੂੰਨੀ ਲੜਾਈ ਵੀ ਲੜੀ।
ਵੈਨਕੂਵਰ ਵਿਚ ਵਸਦੇ ਭਾਰਤੀ ਲੋਕਾਂ ਨੇ ਫੈਸਲਾ ਕਰ ਲਿਆ ਕਿ ਜੇ ਕੇਨੈਡਾ ਦੀ ਹਕੂਮਤ ਨੇ ਹੁਣ ਮੁਸਾਫਰਾਂ ਨੂੰ ਕੋਈ ਜਾਨੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸੇ ਵਕਤ ਵੈਨਕੂਵਰ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਵੇਗਾ। ਜਦੋਂ ਕੈਨੇਡਾ ਹਕੂਮਤ ਨੂੰ ਭਾਰਤੀਆਂ ਦੇ ਇਸ ਦਿ੍ਰੜ ਫੈਸਲੇ ਦਾ ਪਤਾ ਲੱਗਾ ਤੇ ਉਹ ਘਬਰਾ ਗਈ। ਕੈਨੇਡਾ ਸਰਕਾਰ ਨੇ ਭਾਈ ਭਾਗ ਸਿੰਘ ਭੀਖੀਵਿੰਡ, ਹਸਨ ਰਹੀਮ ਤੇ ਹੋਰ ਹਿੰਦੀ ਆਗੂਆਂ ਨੂੰ ਜਹਾਜ਼ ’ਤੇ ਲਿਜਾ ਕੇ ਬਾਬਾ ਗੁਰਦਿੱਤ ਸਿੰਘ ਅਤੇ ਜਹਾਜ਼ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਅਰੰਭੀ। ਅਖੀਰ ਸ਼ਰਤਾਂ ਅਧੀਨ ਕੈਨੇਡਾ ਸਰਕਾਰ ਨੇ ਜਹਾਜ਼ ਦੀ ਪ੍ਰਬੰਧਕ ਕਮੇਟੀ ਵਿਚ ਸਮਝੌਤਾ ਹੋ ਗਿਆ। ਪ੍ਰਬੰਧਕ ਕਮੇਟੀ ਮੁਸਾਫਰਾਂ ਸਮੇਤ ਜਹਾਜ਼ ਵਾਪਸ ਲੈ ਕੇ ਜਾਣਾ ਮੰਨ ਗਈ ਅਤੇ ਕੈਨੇਡਾ ਸਰਕਾਰ ਮੁਸਾਫਰਾਂ ਦੇ ਖਾਧ ਖੁਰਾਕ ਦੀ ਵਸਤਾਂ, ਵਾਪਸੀ ਕਿਰਾਇਆ ਅਤੇ ਜਹਾਜ਼ ਦਾ ਕੋਲਾ ਦੇਣਾ ਮੰਨ ਗਈ। 23 ਜੁਲਾਈ 1914 ਨੂੰ ਜਹਾਜ਼ ਮੁਸਾਫਰਾਂ ਸਮੇਤ ਭਾਰਤ ਵੱਲ ਮੁੜ ਆਇਆ।
ਵਾਪਸੀ ’ਤੇ ਜਦੋਂ ਜਹਾਜ਼ 16 ਅਗਸਤ 1914 ਨੂੰ ‘ਯੋਕੋਹਾਮਾ’ ਪਹੁੰਚਿਆ ਸੀ ਤਾਂ ਉਸ ਵਕਤ ਪਹਿਲੀ ‘ਆਲਮੀ ਜੰਗ’ ਲੱਗ ਚੁੱਕੀ ਸੀ। ਅੰਗਰੇਜ਼ ਸਾਮਰਾਜ ਜੰਗ ਵਿਚ ਮੁੱਖ ਧਿਰ ਸੀ। ਗਦਰ ਪਾਰਟੀ ਨੇ ਪਹਿਲਾਂ ਹੀ ਫੈਸਲਾ ਲਿਆ ਹੋਇਆ ਸੀ ਕਿ ਸੰਸਾਰ ਜੰਗ ਛਿੜਨ ਉਪਰੰਤ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਗਦਰੀ ਭਾਰਤ ਪਹੰੁਚ ਜਾਣ, ਕਿਉਂਕਿ ਸੰਸਾਰ ਜੰਗ ਵਿਚ ਅੰਗਰੇਜ਼ਾਂ ਦੇ ਫਸੇ ਹੋਣ ਦਾ ਫਾਇਦਾ ਲੈ ਕੇ ਗਦਰ ਪਾਰਟੀ ਨੇ ਭਾਰਤ ਵਿਚ ਗਦਰ ਭਾਵ ਇਨਕਲਾਬੀ ਜੰਗ ਅਰੰਭਣੀ ਸੀ।
ਜਹਾਜ਼ ਯੋਕੋਹਾਮਾ ਵਿਖੇ ਠਹਿਰਨ ਤੋਂ ਬਾਅਦ 21 ਅਗਸਤ 1914 ਨੂੰ ‘ਕੋਬੋ’ ਪੁੱਜ ਗਿਆ। ਕੋਬੋ ਤੋਂ ਚੱਲ ਕੇ ਜਹਾਜ਼ 16 ਸਤੰਬਰ ਨੂੰ ‘ਸਿੰਘਾਪੁਰ’ ਦੀ ਧਾੜੀ ਵਿਚ ਜਾ ਪੁੱਜਾ।
ਕਾਮਾਗਾਟਾਮਾਰੂ 26 ਸਤੰਬਰ 1914 ਨੂੰ ‘ਕਲਕੱਤਾ’ ਦੇ ਹੁਗਲੀ ਦਰਿਆ ਦੇ ਕੰਢੇ ’ਤੇ ਪੁੱਜ ਗਿਆ। ਮੁਸਾਫਰਾਂ ਨੂੰ ਇੱਥੇ ਵੀ ਆਪਣੀ ਧਰਤੀ ’ਤੇ ਉਤਰਨ ਨਾ ਦਿੱਤਾ ਗਿਆ। ਅੰਗਰੇਜ਼ੀ ਹਕੂਮਤ ਦੀ ਪੁਲਿਸ ਨੇ ਜਹਾਜ਼ ਨੂੰ ਘੇਰ ਕੇ ਅੱਗੇ ਬਜਬਜ ਘਾਟ ’ਤੇ ਲੈ ਗਈ। ਬਜਬਜ ਘਾਟ ’ਤੇ ਵੀ ਅੰਗਰੇਜ਼ ਹਕੂਮਤ ਨੇ ਮੁਸਾਫਰਾਂ ਨੂੰ ਜਲਦੀ ਨਾਲ ਉਤਾਰਨ ਦੀ ਥਾਂ ’ਤੇ ਉਨਾਂ ਨੂੰ ਤਿੰਨ ਦਿਨ ਜਹਾਜ਼ ਵਿਚ ਹੀ ਪ੍ਰੇਸ਼ਾਨ ਕੀਤਾ। ਮੁਸਾਫਰਾਂ ਦੀ ਵਾਰ-ਵਾਰ ਤਲਾਸ਼ੀ ਲੈ ਕੇ ਉਨਾਂ ਨੂੰ ਜਲੀਲ ਕੀਤਾ ਗਿਆ। ਅੰਤ ਬਜਬਜਟ ਘਾਟ ’ਤੇ 29 ਸਤੰਬਰ 1914 ਨੂੰ ਮੁਸਾਫਰ ਜਹਾਜ਼ ਤੋਂ ਉਤਾਰ ਲਏ ਗਏ। ਮੁਸਾਫਰਾਂ ਨੂੰ ਸਮਝ ਪੈ ਚੁੱਕੀ ਸੀ ਕਿ ਅੰਗਰੇਜ਼ ਹਕੂਮਤ ਸਾਨੂੰ ਗਿ੍ਰਫ਼ਤਾਰ ਕਰਨਾ ਚਾਹੁੰਦੀ ਹੈ। ਮੁਸਾਫਰ ਗੁਰੂ ਗ੍ਰੰਥ ਸਾਹਿਬ ਲੈ ਕੇ ਭਜਨ ਬੰਦਗੀ ਕਰਦੇ ਹੋਏ ਕਲਕੱਤੇ ਦੇ ਗੁਰਦੁਆਰੇ ਵੱਲ ਨੂੰ ਤੁਰ ਪਏ। ਮੁਸਾਫਰਾਂ ਨੇ ਕਾਫ਼ੀ ਪੈਂਡਾ ਤੈਅ ਕਰ ਲਿਆ। ਅੱਗੋਂ ਹੋਰ ਪੁਲਿਸ ਆ ਜਾਣ ਕਰਕੇ ਮੁਸਾਫਰਾਂ ਨੂੰ ਪੁਲਿਸ ਨੇ ਘੇਰ ਕੇ ਰੋਕ ਲਿਆ। ਮੁਸਾਫਰਾਂ ਨੇ ਸਟੇਸ਼ਨ ’ਤੇ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਤੋਂ ਸਵੇਰ ਦਾ ਪਾਠ ਆਰੰਭ ਦਿੱਤਾ। ਪੁਲਿਸ ਨੇ ਪਾਠ ਕਰਨ ਦੀ ਪ੍ਰਕਿਰਿਆ ਭੰਗ ਕਰ ਦਿੱਤੀ। ਥੋੜੇ ਜਿਹੇ ਤਕਰਾਰ ਤੋਂ ਬਾਅਦ ਪੁਲਿਸ ਨੇ ਨਿਹੱਥੇ ਮੁਸਾਫਰਾਂ ’ਤੇ ਅੰਨੇਵਾਹ ਗੋਲੀ ਚਲਾ ਦਿੱਤੀ। ਇਸ ਖੂਨੀ ਕਾਂਡ ਵਿਚ 20 ਦੇ ਕਰੀਬ ਮੁਸਾਫਰ ਤੇ ਇਕ ਦੁਕਾਨਦਾਰ ਸ਼ਹੀਦ ਹੋ ਗਿਆ, 25 ਗੰਭੀਰ ਜ਼ਖ਼ਮੀ ਹੋਏ, 28 ਮੁਸਾਫਰ ਲਾਪਤਾ ਹੋ ਗਏ, 202 ਨੂੰ ਜੇਲ ਵਿਚ ਬੰਦ ਕਰ ਦਿੱਤਾ ਅਤੇ 62 ਮੁਸਾਫਰਾਂ ਨੂੰ ਸਰਕਾਰ ਨੇ ਰਿਹਾਅ ਕਰ ਦਿੱਤਾ।
ਕਾਮਾਗਾਟਾਮਾਰੂ ਜਹਾਜ਼ ਦੇ ਸਾਕੇ ਨਾਲ ਸਬੰਧਤ ਮੁੱਖ ਰੂਪ ਵਿਚ ਤਿੰਨ ਸਥਾਨ ਹਨ। ਇਕ ਬਾਬਾ ਗੁਰਦਿੱਤ ਸਿੰਘ ਦਾ ਪਿੰਡ ਸਰਿਹਾਲੀ ਜਿੱਥੇ ਬਾਬਾ ਜੀ ਦਾ ਜੱਦੀ ਘਰ ਵਿਰਾਨ ਹਾਲਤ ਵਿਚ ਮੌਜੂਦ ਹੈ, ਦੂਜਾ ਬਜਬਜ ਉਹ ਘਾਟ ਜਿੱਥੇ ਖੂਨੀ ਸਾਕਾ ਵਾਪਰਿਆ ਸੀ, ਤੀਜਾ ਵੈਨਕੂਵਰ ਦੀ ਬੰਦਰਗਾਹ ਜਿੱਥੇ ਕਾਮਾਗਾਟਾਮਾਰੂ ਪਹੁੰਚਿਆ ਸੀ। ਸਰਿਹਾਲੀ ਵਿਖੇ ਕਾਲਜ ਤੇ ਆਈਟੀਆਈ ਤੋਂ ਬਗੈਰ ਬਾਬਾ ਜੀ ਦੀ ਹੋਰ ਕੋਈ ਢੁਕਵੀਂ ਯਾਦਗਾਰ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡ ਵਿਚ ਇਕ ਸ਼ਾਨਦਾਰ ਯਾਦਗਾਰ ਉਸਾਰੀ ਜਾਵੇ ਜਿੱਥੇ ਹਰ ਭਾਰਤ ਵਾਸੀ ਨਤਮਸਤਕ ਹੋ ਸਕੇ। ਕੈਨੇਡਾ ਵਿਚ ਵਸਦੇ ਭਾਰਤੀ ਲੋਕਾਂ ਦੀ ਹਿੰਮਤ ਨਾਲ ਕੈਨੇਡਾ ਸਰਕਾਰ ਨੇ ਸ਼ਤਾਬਦੀ ਵਰੇ ਨੂੰ ਸਮਰਪਤ ਯਾਦਗਾਰੀ ਟਿਕਟ ਜਾਰੀ ਕੀਤੀ ਹੈ। ਭਾਰਤ ਦੇ ਪੰਜਾਬ ਸਰਕਾਰ ਨੂੰ ਵੀ ਸ਼ਤਾਬਦੀ ਵਰੇ ਬਾਬਤ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ।


