ਭਾਸ਼ਾ ਦੇ ਆਧਾਰ `ਤੇ ਬਣੀ ਦੁਨੀਆ ਦੀ ਦੂਜੀ ਤੇ ਭਾਰਤ ਦੀ ਪਹਿਲੀ ਯੂਨੀਵਰਸਿਟੀ `ਪੰਜਾਬੀ ਯੂਨੀਵਰਸਿਟੀ ਪਟਿਆਲਾ` ਇਸ ਸਮੇਂ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ | ਮੋਟੇ ਅਨੁਮਾਨ ਮੁਤਾਬਕ ਯੂਨੀਵਰਸਿਟੀ 300 ਕਰੋੜ ਰੁ ਦੇ ਘਾਟੇ ਵਿਚ ਚੱਲ ਰਹੀ ਹੈ | ਇਹ ਸੂਬਾਈ ਯੂਨੀਵਰਸਿਟੀ ਲਗਾਤਾਰ ਘਾਟੇ ਵੱਲ ਜਾ ਰਹੀ ਹੈ | ਪੰਜਾਬ ਦੀ ਸਭ ਤੋਂ ਵੱਡੀ ਯੂਨੀਵਰਸਿਟੀ `ਚ ਪਹਿਲੀ ਵਾਰ ਹੋ ਰਿਹਾ ਹੈ ਕਿ ਅਧਿਆਪਕਾਂ ,ਕਰਮਚਾਰੀਆਂ ਤੇ ਪੈਸ਼ਨਰਾਂ ਨੂੰ ਤਨਖਾਹ ਤੇ ਹੋਰ ਅਦਾਇਗੀਆਂ ਪਛੜ ਕੇ ਹੋ ਰਹੀਆਂ ਹਨ | ਵੀ ਸੀ . ਸੁਣੇ ਕਈ ਵਕਾਰੀ ਅਹੁਦੇ ਖਾਲੀ ਪਏ ਹਨ | ਬਹੁਤ ਸਾਰੇ ਪੰਜਾਬ ਦੇ ਬੁਧੀਜੀਵੀ ਇਸ ਸੰਕਟ ਨੂੰ ਪੰਜਾਬ ਦੇ ਵੱਡੇ ਬੌਧਿਕ ਸੰਕਟ ਦੇ ਤੌਰ `ਤੇ ਦੇਖ ਰਹੇ ਹਨ | ਇਸ ਯੂਨੀਵਰਸਿਟੀ ਯੂਨੀਵਰਸਿਟੀ ਵਿਚ ਪੰਜਾਬ ਦੇ ਸਭ ਤੋਂ ਵੱਡੇ ਮਾਲਵਾ ਖੇਤਰ ਦੇ ਨੌਜਵਾਨ ਪੜ੍ਹਦੇ ਹਨ | ਜ਼ਿਆਦਾਤਰ ਵਿਦਿਆਰਥੀ ਗਰੀਬ ਕਿਸਾਨੀ ਤੇ ਗਲਤ ਪਰਿਵਾਰਾਂ ਨਾਲ ਸਬੰਧਿਤ ਹਨ |
ਇਸ ਵਾਰ ਪੰਜਾਬ ਵਿਧਾਨ ਸਭਾ ਵਿਚ ਵੀ `ਪੰਜਾਬੀ ਯੂਨੀਵਰਸਿਟੀ ਪਟਿਆਲਾ` ਦਾ ਮੁੱਦਾ ਭਾਰੂ ਰਿਹਾ | ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਉਸਨੇ ਪੰਜਾਬੀ ਯੂਨੀਵਰਸਿਟੀ ਦੀ ਬਾਂਹ ਨਹੀਂ ਫੜੀ | ਗੁਰੂ ਨਾਨਕ ’ਵਰਸਿਟੀ ਨਾਲੋਂ ਪੰਜਾਬੀ ’ਵਰਸਿਟੀ ਕਿਤੇ ਪਿੱਛੇ ਚਲੀ ਗਈ ਹੈ। ਉਚੇਰੀ ਸਿੱਖਿਆ ਮਹਿਕਮੇ ਤਰਫ਼ੋਂ ਜੋ ਅੰਕੜੇ ਸਾਂਝੇ ਕੀਤੇ ਗਏ ਹਨ, ਉਨ੍ਹਾਂ ਅਨੁਸਾਰ ਪੰਜਾਬੀ ’ਵਰਸਿਟੀ ਦੀਆਂ ਮੌਜੂਦਾ ਸਮੇਂ 235.49 ਕਰੋੜ ਦੀਆਂ ਦੇਣਦਾਰੀਆਂ ਹਨ ਤੇ ’ਵਰਸਿਟੀ ਦੇ ਕੁੱਲ ਖਰਚ ਦਾ ਕਰੀਬ 50 ਫ਼ੀਸਦੀ ਹਿੱਸਾ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਆਉਂਦਾ ਹੈ। ਦੂਜੇ ਪਾਸੇ ਗੁਰੂ ਨਾਨਕ ਦੇਵ ’ਵਰਸਿਟੀ ਦੀ ਕੋਈ ਦੇਣਦਾਰੀ ਨਹੀਂ ਹੈ ਅਤੇ ਇਸ ’ਵਰਸਿਟੀ ਦੇ ਕੁੱਲ ਖਰਚ ਦਾ 30.44 ਫੀਸਦੀ ਹਿੱਸਾ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਪ੍ਰਾਪਤ ਹੁੰਦਾ ਹੈ।
ਪੰਜਾਬੀ ’ਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਉਲ ਨੇ ਮੰਗ ਉਠਾਈ ਕਿ ਪੰਜਾਬ ਸਰਕਾਰ ’ਵਰਸਿਟੀ ਨੂੰ ਵਿੱਤੀ ਸੰਕਟ ’ਚੋਂ ਕੱਢਣ ਲਈ ਇੱਕ ਪੈਕੇਜ ਦੇਵੇ ਅਤੇ ਉਸ ਮਗਰੋਂ ਦਿੱਤੀ ਜਾਣ ਵਾਲੀ ਰੈਗੂਲਰ ਵਿੱਤੀ ਮਦਦ ਵਿਚ ਵਾਧਾ ਕਰੇ। ਵਰਸਿਟੀ ਦੀਆਂ ਫੀਸਾਂ ਬਾਕੀ ਵਰਸਿਟੀਆਂ ਦੇ ਮੁਕਾਬਲੇ ਘੱਟ ਹਨ। ਇਹ ਕੇਵਲ ’ਵਰਸਿਟੀ ਨਹੀਂ ਬਲਕਿ ਇੱਕ ਵਿਰਾਸਤ ਹੈ ਜਿਸ ਨੂੰ ਬਚਾਉਣਾ ਜ਼ਰੂਰੀ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਜਿਥੇ ਵਿਤੀ ਸਮੱਸਿਆਵਾਂ ਨਾਲ ਜੂਝ ਰਹੀ ਹੈ ਉਥੇ ਵਰਸਿਟੀ ਵਿਚ ਵੀ.ਸੀ. ਸਮੇਤ ਕਈ ਮਹੱਤਵਪੂਰਨ ਅਹੁਦੇ ਖਾਲੀ ਪਏ ਹਨ | ਯੂਨੀਵਰਸਿਟੀ ਦੇ ਕਰੀਬ ਤਿੰਨ ਦਰਜਨ ਤੋਂ ਵੱਧ ਅਧਿਆਪਕਾਂ ਵੱਲੋਂ 40 ਵਾਧੂ ਸੰਵਿਧਾਨਕ ਅਹੁਦਿਆਂ ਤੋਂ ਅਸਤੀਫ਼ੇ ਦੇਣ ਨਾਲ ਉਪ ਕੁਲਪਤੀ ਮਗਰੋਂ ਦੋ ਨੰਬਰ ਮੰਨੇ ਜਾਂਦੇ ਸੰਵਿਧਾਨਕ ਅਹੁਦੇ ਰਜਿਸਟਾਰ ਤੇ ਡੀਨ ਅਕਾਦਮਿਕ ਦੀਆਂ ਕੁਰਸੀਆਂ ਵੀ ਖਾਲੀ ਹੋ ਗਈਆਂ ਹਨ, ਜਿਸ ਨਾਲ ਯੂਨੀਵਰਸਿਟੀ ਇੱਕ ਤਰ੍ਹਾਂ ਵਾਲੀਵਾਰਸ ਤੋਂ ਸੱਖਣੀ ਹੋ ਗਈ ਹੈ। ਦੱਸਣਯੋਗ ਹੈ ਕਿ ਯੂਨੀਵਰਸਿਟੀ ਦੇ ਇਤਿਹਾਸ ’ਚ ਪਹਿਲੀ ਵਾਰ ਵੱਡੇ ਰੋਸ ’ਚ ਅਧਿਆਪਕਾਂ ਵੱਲੋਂ ਥੋਕ ਵਿੱਚ ਪ੍ਰਸ਼ਾਸਨਿਕ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਗਏ ਹਨ। ਦੋ ਦਿਨਾਂ ਤੋਂ ਜਾਰੀ ਸਿਲਸਿਲੇ ਦੌਰਾਨ ਅੱਜ ਵੀ ਕਈ ਅਧਿਆਪਕਾਂ ਵੱਲੋਂ ਆਪਣੇ ਪ੍ਰਸ਼ਾਸਨਿਕ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਗਏ ਹਨ। ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ), ਏ ਕਲਾਸ ਆਫੀਸਰਜ਼ ਐਸੋਸੀਏਸ਼ਨ ਅਤੇ ਬੀ. ਅਤੇ ਸੀ. ਕਲਾਸ ਐਸੋਸੀਏਸ਼ਨ ਵੱਲੋਂ ਯੂਨੀਵਰਸਿਟੀ ਦੇ ਮੌਜੂਦਾ ਹਾਲਾਤ ਅਤੇ ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਨੇ ਮੌਜੂਦਾ ਕਾਰਜਕਾਰੀ ਵੀ.ਸੀ. ਦੇ ਯੂਨੀਵਰਸਿਟੀ ਮੁਲਾਜ਼ਮਾਂ ਨਾਲ ਸਬੰਧਤ ਮਸਲਿਆਂ ਨੂੰ ਸੁਲਝਾਉਣ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਾਰਜਕਾਰੀ ਵੀਸੀ ਵੱਲੋਂ ਯੂਨੀਵਰਸਿਟੀ ’ਚ ਰੈਗੂਲਰ ਨਾ ਆਉਣ ਕਰਕੇ ਇਹ ਮਸਲੇ ਲਗਾਤਾਰ ਉਲਝ ਰਹੇ ਹਨ ਅਤੇ ਇਸ ਦਾ ਇਕਲੌਤਾ ਹੱਲ ਤੁਰੰਤ ਰੈਗੂਲਰ ਉਪ ਕੁਲਪਤੀ ਦੀ ਨਿਯੁਕਤੀ ਹੈ, ਜੋ ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਡਾ. ਦਿਓਲ ਨੇ ਦੱਸਿਆ ਕਿ ਕਿ 40 ਤੋਂ ਵੱਧ ਅਧਿਆਪਕਾਂ ਵੱਲੋਂ ਆਪਣੇ ਵਾਧੂ ਪ੍ਰਸ਼ਾਸ਼ਨਿਕ ਅਹੁਦਿਆਂ ਤੋਂ ਅਸਤੀਫਾ ਦੇਣਾ ਪੰਜਾਬ ਸਰਕਾਰ ਤੇ ਮੌਜੂਦਾ ਉਪ ਕੁਲਪਤੀ ਦੀ ਕਾਰਜਸ਼ੈਲੀ ’ਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦਾ ਹੈ। ਅਜਿਹੀ ਸਥਿਤੀ ਵਿੱਚ ਕਾਰਜਕਾਰੀ ਉਪ ਕੁਲਪਤੀ ਨੂੰ ਨੈਤਿਕ ਆਧਾਰ ’ਤੇ ਖ਼ੁਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।


