ਜਿਉਂ-ਜਿਉਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਪੱਛਮੀ ਪ੍ਰਬੱਲਤਾ ਦੇ ਦਿਨ ਹੁਣ ਬਹੁਤ ਥੋੜ੍ਹੇ ਰਹਿ ਗਏ ਹਨ, ਪੱਛਮੀ ਦੇਸ਼ ਆਪਣੀ ਅਤਿ ਦਰਜੇ ਦੀ ਨਿਰਾਸ਼ਤਾ ਕਾਰਨ ਧਾਰਮਿਕ ਮੂਲਵਾਦ ਨੂੰ ਭੜਕਾ ਰਹੇ ਹਨ। ਪੱਛਮ ਨੂੰ ਲੱਗ ਰਿਹਾ ਹੈ ਕਿ ਪੱਛਮੀ ਸਰਮਾਏਦਾਰੀ ਢਾਂਚਾ ਢਹਿ ਹੋ ਜਾਣ ਦੇ ਕੰਢੇ ’ਤੇ ਖੜ੍ਹਾ ਹੈ ਅਤੇ ਇਸ ਨੂੰ ਬਚਾਉਣ ਲਈ ਹੁਣ ਇੱਕ ਤੀਜਾ ਸੰਸਾਰਿਕ ਯੁੱਧ ਛੇੜਨਾ ਪਵੇਗੀ, ਪਰ ਸੰਸਾਰ ਦੇ ਲੋਕ ਪੱਛਮੀ ਦੇਸ਼ਾਂ ਦੀ ਇਸ ਘਿਨਾਉਣੀ ਚਾਲ ਵਿਰੁੱਧ ਲਾਮਬੰਦ ਹੋ ਰਹੇ ਹਨ। ਸਾਮਰਾਜੀ ਦੇਸ਼ਾਂ ਵੱਲੋਂ ਲੜੇ ਗਏ ਦੋ ਸੰਸਾਰਿਕ ਯੁੱਧਾਂ ਵਿੱਚ ਸੰਸਾਰ ਅਤੇ ਮਨੁੱਖਤਾ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ।
ਇੱਕ ਤੀਜਾ ਸੰਸਾਰਿਕ ਯੁੱਧ ਪਹਿਲੇ ਦੋ ਸੰਸਾਰਿਕ ਯੁੱਧਾਂ ਨਾਲ਼ੋਂ ਵੀ ਕਿਤੇ ਜ਼ਿਆਦਾ ਭਿਆਨਕ ਅਤੇ ਤਬਾਹਕੁੰਨ ਸਾਬਤ ਹੋ ਸਕਦਾ ਹੈ। ਇਸ ਲਈ ਸੰਸਾਰ ਦੇ ਲੋਕ ਇਸ ਯੁੱਧ ਨੂੰ ਰੋਕਣ ਲਈ ਲਾਮਬੰਦ ਹੋ ਰਹੇ ਹਨ। ਲੋਕਾਂ ਦੀ ਇਸ ਵਿਰੋਧਤਾ ਨੂੰ ਦੂਰ ਕਰਨ ਲਈ ਪੱਛਮੀ ਦੇਸ਼ ਧਾਰਮਿਕ ਮੂਲਵਾਦ ਨੂੰ ਭੜਕਾ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਦੇਵਾਂਗੇ ਤਾਂ ਤੀਸਰੇ ਯੁੱਧ ਨੂੰ ਰੋਕਣ ਬਾਰੇ ਗੰਭੀਰ ਬਹਿਸ ਨੂੰ ਰੋਕਿਆ ਜਾ ਸਕਦਾ ਹੈ ਤੇ ਉਨ੍ਹਾਂ ਲਈ ਸੰਸਾਰ ਨੂੰ ਇੱਕ ਤੀਜੇ ਸੰਸਾਰਿਕ ਯੁੱਧ ਵੱਲ ਧੱਕਣਾ ਸੌਖਾ ਹੋ ਜਾਵੇਗਾ।
ਲੱਗਦਾ ਹੈ ਕਿ ਧਾਰਮਿਕ ਮੂਲਵਾਦ ਨੂੰ ਭੜਕਾਉਣ ਲਈ ਪੱਛਮੀ ਦੇਸ਼ ਦੋ ਖਿੱਤਿਆਂ ’ਤੇ ਕੇਂਦਰਿਤ ਹੋ ਰਹੇ ਹਨ। ਇੱਕ ਹੈ ਮੱਧ ਪੂਰਬ ਅਤੇ ਦੂਸਰਾ ਦੱਖਣੀ ਏਸ਼ੀਆਈ ਖਿੱਤਾ। ਮੱਧ ਪੂਰਬ ਵਿੱਚ ਉਹ ਸੁੰਨੀ ਅਤੇ ਸ਼ੀਆ ਮੁਸਲਮਾਨਾਂ ਵਿੱਚ ਤਣਾਅ ਵਧਾਉਣਾ ਚਾਹੁੰਦੇ ਹਨ ਅਤੇ ਦੱਖਣੀ ਏਸ਼ੀਆਈ ਖਿੱਤੇ ਵਿੱਚ ਉਹ ਹਿੰਦੂ ਅਤੇ ਮੁਸਲਮਾਨਾਂ ਵਿੱਚ ਤਣਾਅ ਵਧਾਉਣਾ ਚਾਹੁੰਦੇ ਹਨ। ਦੋਨਾਂ ਹੀ ਖਿੱਤਿਆਂ ਵਿੱਚ ਉਨ੍ਹਾਂ ਨੂੰ ਅਜਿਹਾ ਕਰਨ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ। ਮੱਧ ਪੂਰਬ ਵਿੱਚ ਹੁਣ ਬਹੁਤ ਸਾਰੇ ਲੋਕਾਂ ਨੂੰ ਹੁਣ ਪੱਛਮੀ ਦੇਸ਼ਾਂ ਦੀਆਂ ਚਾਲਾਂ ਸਮਝ ਆਉਣ ਲੱਗ ਪਈਆਂ ਸਨ, ਜਿਸ ਤਰ੍ਹਾਂ ਕਿ ਪੱਛਮੀ ਦੇਸ਼ਾਂ ਨੇ ਸੋਚਿਆ ਸੀ ਕਿ ਸੁੰਨੀ ਅਤੇ ਸ਼ੀਆ ਮੁਸਲਮਾਨਾਂ ਵਿੱਚ ਟਕਰਾਅ ਵਧੇਗਾ, ਉਸ ਤਰ੍ਹਾਂ ਹੋਣ ਦੀ ਬਜਾਏ ਧਾਰਮਿਕ ਮੂਲਵਾਦੀਆਂ, ਜਿਨ੍ਹਾਂ ਨੂੰ ਪੱਛਮੀ ਦੇਸ਼ਾਂ ਦੀ ਹਮਾਇਤ ਹਾਸਲ ਹੈ ਤੇ ਧਰਮ-ਨਿਰਪੱਖ ਸ਼ਕਤੀਆਂ ਵਿੱਚ ਟਕਰਾਅ ਹੋਣ ਲੱਗ ਪਿਆ ਹੈ ਅਤੇ ਧਾਰਮਿਕ ਮੂਲਵਾਦੀ ਸ਼ਕਤੀਆਂ ਨੂੰ ਪਿੱਛੇ ਹੱਟਣਾ ਪੈ ਰਿਹਾ ਹੈ। ਅਜਿਹਾ ਰੁਝਾਨ ਸੀਰੀਆ, ਮਿਸਰ ਅਤੇ ਤੁਰਕੀ ਵਿੱਚ ਦੇਖਣ ਨੂੰ ਮਿਲ਼ਦਾ ਹੈ। ਸੀਰੀਆ ਵਿੱਚ ਅਸਾਦ ਦੀਆਂ ਫ਼ੌਜਾਂ ਦਾ ਹੱਥ ਉੱਪਰ ਹੋ ਗਿਆ ਹੈ ਅਤੇ ਧਾਰਮਿਕ ਮੂਲਵਾਦੀ ਸ਼ਕਤੀਆਂ ਨੂੰ ਬਹੁਤ ਕੁੱਟ ਪੈ ਰਹੀ ਹੈ। ਮਿਸਰ ਵਿੱਚ ਧਾਰਮਿਕ ਮੂਲਵਾਦੀ ਮੋਰਸੀ ਦਾ ਤਖ਼ਤਾ ਧਰਮ-ਨਿਰਪੱਖ ਸ਼ਕਤੀਆਂ ਨੇ ਪਲਟ ਦਿੱਤਾ ਹੈ ਅਤੇ ਤੁਰਕੀ ਵਿੱਚ ਧਾਰਮਿਕ ਮੂਲਵਾਦੀ ਸ਼ਕਤੀਆਂ ਵਿਰੁੱਧ ਧਰਮ-ਨਿਰਪੱਖ ਸ਼ਕਤੀਆਂ ਦਾ ਉਭਾਰ ਹੋ ਰਿਹਾ ਹੈ।
ਦੱਖਣੀ ਏਸ਼ੀਆਈ ਮੁਲਕਾਂ ਨੇ ਤਾਂ ਪਹਿਲਾਂ ਹੀ ਇਸ ਖਿੱਤੇ ਵਿੱਚ ਧਾਰਮਿਕ ਮੂਲਵਾਦ ਨੂੰ ਪੱਛਮੀ ਦੇਸ਼ਾਂ ਵੱਲੋਂ ਭੜਕਾਉਣ ਦਾ ਬਹੁਤ ਮਾੜਾ ਤੇ ਦੁਖਦਾਈ ਅਨੁਭਵ ਕੀਤਾ ਹੈ। 1947 ਵਿੱਚ ਭਾਰਤੀ ਉਪ-ਮਹਾਂਦੀਪ ਵਿੱਚ ਪੱਛਮੀ ਸਾਮਰਾਜੀਆਂ ਵੱਲੋਂ ਧਾਰਮਿਕ ਮੂਲਵਾਦ ਨੂੰ ਭੜਕਾ ਕੇ ਧਾਰਮਿਕ ਲੀਹਾਂ ’ਤੇ ਵੰਡ ਦਾ ਬਹੁਤ ਹੀ ਭਿਆਨਕ ਅਤੇ ਦੁਖਦਾਈ ਤਜ਼ਰਬਾ ਕੀਤਾ ਗਿਆ। ਲੱਖਾਂ ਲੋਕਾਂ ਦੀ ਜਾਨ ਗਈ। ਕਰੋੜਾਂ ਲੋਕ ਬੇਘਰ ਹੋ ਗਏ ਅਤੇ ਲੱਖਾਂ ਔਰਤਾਂ ਦੀ ਬੇਪੱਤੀ ਕੀਤੀ ਗਈ। ਜ਼ਾਹਿਰ ਹੈ ਕਿ ਇਹ ਇੱਕ ਬਹੁਤ ਹੀ ਕੌੜਾ ਤਜ਼ਰਬਾ ਸੀ, ਪਰ ਇਸ ਨਾਲ਼ੋਂ ਵੀ ਵੱਧ ਮਾੜੀ ਗੱਲ ਇਹ ਹੈ ਕਿ ਪੱਛਮੀ ਸਾਮਰਾਜੀਆਂ ਵੱਲੋਂ ਪਾਈ ਇਸ ਵੰਡ ਦੇ ਨਤੀਜੇ ਲਗਾਤਾਰ ਇੱਥੋਂ ਦੇ ਲੋਕਾਂ ਨੂੰ ਭੁਗਤਣੇ ਪੈ ਰਹੇ ਹਨ।
ਇਸ ਖਿੱਤੇ ਦੇ ਵਸੀਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਬਜਾਏ ਭਾਰਤ ਤੇ ਪਾਕਿਸਤਾਨ ਵਿੱਚ ਹੋਈਆਂ ਲੜਾਈਆਂ ਅਤੇ ਹੋਰ ਲੜਾਈਆਂ ਦੀ ਸੰਭਾਵਨਾ ਦਾ ਸਾਹਮਣਾ ਕਰਨ ਲਈ ਫ਼ੌਜੀ ਤਿਆਰੀ ’ਤੇ ਖ਼ਰਚ ਕੀਤੇ ਜਾ ਰਹੇ ਹਨ। ਇਸ ਖਿੱਤੇ ਦੀ ਵੱਡੀ ਬਹੁ-ਗਿਣਤੀ ਦੀ ਗਰੀਬੀ ਅਤੇ ਜਹਾਲਤ ਦਾ ਇਹ ਵੀ ਇੱਕ ਵੱਡਾ ਕਾਰਨ ਹੈ।ਪੱਛਮੀ ਦੇਸ਼ ਹੁਣ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਇਸਲਾਮਿਕ ਮੂਲਵਾਦ ਨੂੰ ਉਕਸਾ ਰਹੇ ਹਨ ਅਤੇ ਭਾਰਤ ਵਿੱਚ ਹਿੰਦੂ ਮੂਲਵਾਦ ਨੂੰ ਸ਼ਹਿ ਦੇ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਅਜਿਹਾ ਕਰਕੇ ਉਹ ਇਨ੍ਹਾਂ ਦੇਸ਼ਾਂ ਨੂੰ ਰੂਸ ਅਤੇ ਚੀਨ ਦੇ ਧਰਮ-ਨਿਰਪੱਖ ਗੱਠਜੋੜ ਵਿਰੁੱਧ ਆਪਣੇ ਨਾਲ਼ ਰਲ਼ਾ ਸਕਦੇ ਹਨ। ਪਰ ਉਨ੍ਹਾਂ ਦੀਆਂ ਚਾਲਾਂ ਵਿੱਚ ਇੱਕ ਵੱਡੀ ਰੁਕਾਵਟ ਇਹ ਵੀ ਆ ਗਈ ਹੈ ਕਿ ਪਾਕਿਸਤਾਨ ਦੇ ਚੀਨ ਨਾਲ਼ ਹੁਤ ਨੇੜਲੇ ਅਤੇ ਮਜ਼ਬੂਤ ਸੰਬੰਧ ਬਣ ਗਏ ਹਨ ਅਤੇ ਜੋ ਭੂਮਿਕਾ ਪਾਕਿਸਤਾਨ ਨੇ ਪੱਛਮੀ ਦੇਸ਼ਾਂ ਨਾਲ਼ ਮਿਲ਼ ਕੇ ਸੋਵੀਅਤ ਯੂਨੀਅਨ ਨੂੰ ਢਾਹੁਣ ਵਿੱਚ ਨਿਭਾਈ ਹੈ, ਉਹ ਹੁਣ ਚੀਨ ਵਿਰੁੱਧ ਪੱਛਮੀ ਦੇਸ਼ਾਂ ਦੇ ਮਨਸੂਬਿਆਂ ਵਿੱਚ ਨਹੀਂ ਨਿਭਾ ਸਕੇਗਾ। ਪੱਛਮੀ ਦੇਸ਼ਾਂ ਦੀ ਭਾਰਤ ਵਿੱਚ ਕਾਂਗਰਸ ਪਾਟੀ ਦੀ ਸਰਕਾਰ ਨੂੰ ਭਾਜਪਾ ਦੀ ਸਰਕਾਰ ਨਾਲ਼ ਬਦਲਣ ਦੀਆਂ ਉਮੀਦਾਂ ਸ਼ਾਇਦ ਪੂਰੀਆਂ ਨਾ ਹੋਣ।
ਭਾਰਤ ਪੱਛਮੀ ਦੇਸ਼ਾਂ ਦੇ ਦੋ ਪਾਰਟੀ ਸਿਸਟਮ ਦੀ ਬਜਾਏ ਤੀਜੀ ਸ਼ਕਤੀ ਦੇ ਉਭਾਰ ਵੱਲ ਜਾ ਸਕਦਾ ਹੈ। ਕਾਂਗਰਸ ਦੇ ਕਮਜ਼ੋਰ ਹੋਣ ਦਾ ਫ਼ਾਇਦਾ ਭਾਜਪਾ ਦੀ ਬਜਾਏ ਖ਼ੇਤਰੀ ਪਾਰਟੀਆਂ ਨੂੰ ਹੋ ਸਕਦਾ ਹੈ। ਇਹ ਖੇਤਰੀ ਪਾਰਟੀਆਂ ਮਿਲ਼ ਕੇ ਇੱਕ ਤੀਜਾ ਮੋਰਚਾ ਬਣਾ ਸਕਦੀਆਂ ਹਨ। ਪਰ ਭਾਰਤ ਵਰਗੇ ਬਹੁਕੌਮੀ ਬਹੁ-ਸੱਭਿਆਚਾਰੀ ਅਤੇ ਵਿਭਿੰਨਤਾ ਵਾਲ਼ੇ ਦੇਸ਼ ਵਿੱਚ ਕੋਈ ਵੀ ਤੀਜਾ ਮੋਰਚਾ ਜਾਂ ਬਦਲ ਧਰਮ-ਨਿਰਪੱਖ ਸ਼ਕਤੀਆਂ ਹੀ ਬਣਾ ਸਕਦੀਆਂ ਹਨ। ਧਰਮ-ਨਿਰਪੱਖ ਸ਼ਕਤੀਆਂ ਇੱਕ ਅਜਿਹਾ ਅਧਾਰ ਪ੍ਰਦਾਨ ਕਰ ਸਕਦੀਆਂ ਹਨ, ਜਿਸ ਦੁਆਲ਼ੇ ਖੇਤਰੀ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਹਨ। ਸਮੁੱਚੇ ਤੌਰ ’ਤੇ ਮੱਧ-ਪੂਰਬ ਦੀ ਤਰ੍ਹਾਂ ਹੀ ਧਾਰਮਿਕ ਮੂਲਵਾਦੀ ਸ਼ਕਤੀਆਂ ਦੀ ਬਜਾਏ ਧਰਮ-ਨਿਰਪੱਖ ਸ਼ਕਤੀਆਂ ਮਜ਼ਬੂਤ ਹੋ ਸਕਦੀਆਂ ਹਨ।


