ਪਿਛਲੇ ਦਿਨੀ ਸ਼੍ਰੀ ਮੁਕਤਸਰ ਸਾਹਿਬ ਨਜ਼ਦੀਕ ਦੇਖਦਿਆਂ ਦੇਖਦਿਆਂ ਇੱਕੋ ਪਰਿਵਾਰ ਦੇ ਚਾਰ ਜੀਅ ਮੌਤ ਦੇ ਮੂੰਹ ਵਿੱਚ ਜਾ ਪਏ ਜਦੋਂ ਕਿ ਸੰਘਣੀ ਧੁੰਦ ਅਤੇ ਖਰਾਬ ਸੜਕ ਕਾਰਨ ਪਿੰਡ ਕਾਉਣੀ ਦਾ ਪਰਿਵਾਰ ਕਾਰ ਸਮੇਤ ਨਹਿਰ ਵਿੱਚ ਜਾ ਡਿੱਗਿਆ। ਜਿਸ ਵਿੱਚ ਇੱਕੋ ਪਰਿਵਾਰ ਦੇ ਪਿਉ, ਪੁੱਤ, ਪਤਨੀ ਅਤੇ ਮਾਂ ਸ਼ਾਮਿਲ ਸਨ।
ਹ਼ਾਏ! ਰੱਬਾ ਇਹ ਮੌਤ ਦਾ ਕਿੰਨਾਂ ਭਿਆਨਕ ਮੰਜ਼ਰ ਰਿਹਾ ਹੋਵੇਗਾ। ਕਿਵੇਂ ਜਾਂਦੀ ਵਾਰ ਸਾਰੇ ਪਰਿਵਾਰ ਨੇ ਇੱਕ ਦੂਜੇ ਨੂੰ ਦੇਖਿਆ ਹੋਵੇਗਾ, ਮੌਤ ਨੂੰ ਸਾਹਮਣੇ ਦੇਖ ਕੇ ਆਖਰੀ ਵਾਰ ਕੀ ਗੱਲਾਂ ਕੀਤੀ ਹੋਣਗੀਆਂ, ਕਿਵੇਂ ਦੋ ਮਾਵਾਂ ਆਪਣੇ ਪੁੱਤਰਾਂ ਨੂੰ ਗਲ ਲਾ ਕੇ ਦੁਨੀਆ ਤੋਂ ਰੁਖਸਤ ਹੋਈਆਂ ਹੋਣਗੀਆਂ? ਕਿਵੇਂ ਛੋਟੇ ਜਿਹੇ ਬੱਚੇ ਸਮੇਤ ਸਾਰਿਆਂ ਦੀ ਗੱਡੀ ਵਿੱਚ ਤੜਫ ਤੜਫ ਕੇ ਜਾਨ ਨਿਕਲੀ ਹੋਵੇਗੀ? ਪਰ ਇਸ ਦਰਮਿਆਨ ਕੁਝ ਕਿਲੋਮੀਟਰ ਦੀ ਦੂਰੀ ਤੇ ਇਸ ਦਰਦਨਾਕ ਦੁਰਘਟਨਾ ਤੋਂ ਬੇਖਬਰ ਵਿਆਹ ਦੇ ਮਾਹੌਲ ਵਿੱਚ ਖੁਸ਼ੀ ਦੇ ਭੰਗੜੇ ਪੈ ਰਹੇ ਸਨ। ਭਾਵੇਂ ਜਿਉਣਾ ਮਰਨਾ ਖੁਸ਼ੀਆਂ ਗ਼ਮੀਆਂ ਸਭ ਕੁਝ ਕੁਦਰਤੀ ਵਰਤਾਰਾ ਹੈ।
ਦੁਨੀਆ ਤੇ ਮਨੁੱਖ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਬਾਪੂ ਪਾਰਸ ਦੇ ਕਹਿਣ ਵਾਂਗ “ਕਿਤੇ ਜ਼ੋਰ ਮਕਾਣਾਂ ਦਾ, ਕਿਧਰੇ ਹਨ ਵਿਆਹ ਤੇ ਮੁਕਲਾਵੇ, ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ” ਪਰ ਆਏ ਦਿਨ ਹੋ ਰਹੀਆਂ ਇਹਨਾਂ ਸੜਕੀ ਦੁਰਘਟਨਾਵਾਂ ਲਈ ਅਸੀਂ, ਤੁਸੀਂ, ਸਰਕਾਰਾਂ, ਆਪਾਂ ਸਭ ਜ਼ਿੰਮੇਵਾਰ ਹਾਂ। ਪੁਛੋ ਕਿਉਂ, ਕਿਉਂਕੇ ਕੋਈ ਵੀ ਇਮਾਨਦਾਰੀ ਨਾਲ ਦਿਲ ਤੇ ਹੱਥ ਰੱਖ ਕੇ ਕਹਿ ਦੇਵੇ ਕਿ ਮੈਂ ਡਰਾਇਵਰੀ ਲਾਇਸੈਂਸ ਡਰਾਇਵਰੀ ਦੀਆਂ ਕਲਾਸਾਂ ਲੈ ਕੇ ਪੂਰੇ ਸੜਕੀ ਨਿਯਮਾਂ ਨੂੰ ਸਿਖ ਕੇ ਲਿਆ ਹੈ।
ਬਹੁਤ ਘੱਟ ਹੋਣਗੇ, ਜੋ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਡਰਾਇਵਰੀ ਲਾਇਸੈਂਸ ਲੈਂਦੇ ਹੋਣਗੇ, ਮੈਂ ਵੀ ਨਹੀਂ ਲਿਆ ਸੀ। ਸੜਕਾਂ ਤੇ ਚਲਦਿਆਂ ਕੀ ਅਸੀਂ ਕਦੇ ਕਿਸੇ ਬਾਰੇ ਸੋਚਿਆ? ਬਸ ਅੱਗੇ ਨਿਕਲਨ ਦੀ ਦੌੜ ਵਿਚ ਬਹੁਤ ਅੱਗੇ ਰੱਬ ਦੇ ਘਰ ਨਿਕਲ ਰਹੇ ਹਾਂ। ਕੀ ਅਸੀਂ ਕਾਰ ਚਲਾਉਂਦੇ ਸਮੇਂ ਕਦੇ ਬੈਲਟ ਲਾਈ ਹੈ? ਇੰਡੀਆ ਵਿਚ ਤਾਂ ਵੈਸੇ ਵੀ ਬੈਲਟ ਲਾਉਣਾ ਬੇਇਜ਼ੱਤੀ ਮਹਿਸੂਸ ਕਰਨ ਵਾਲੀ ਗੱਲ ਹੈ।
ਕੀ ਅਸੀਂ ਸ੍ਕੂਟਰ, ਮੋਟਰ ਸਾਇਕਲ ਚਲਾਉਣ ਵੇਲੇ ਕਦੇ ਹੈਲਮਟ ਪਹਿਨਦੇ ਹਾਂ? ਕੀ ਅਸੀਂ ਸੜਕਾਂ ਤੇ ਆਪਣੇ ਹੱਥ ਚਲਦੇ ਹਾਂ? ਕੀ ਰਾਤ ਵੇਲੇ ਆਪਣੀ ਗੱਡੀ ਦੀਆਂ ਹਾਈ ਬੀਮ ਲਾਈਟਾਂ ਡਾਊਨ ਕਰਦੇ ਹਾਂ? ਇਥੇ ਤਾਂ ਸਾਇਕਲ ਵਾਲਾ ਪੈਦਲ ਚੱਲਣ ਵਾਲੇ ਤੋਂ ਕਾਹਲਾ ਹੈ, ਸਕੂਟਰ ਵਾਲਾ ਸਾਇਕਲ ਵਾਲੇ ਨੂੰ ਨੀ ਗੌਲਦਾ, ਮੋਟਰ ਸਾਇਕਲ ਵਾਲੇ ਨੂੰ ਆ ਬਈ ਕਿਤੇ ਸਕੂਟਰ ਵਾਲਾ ਨਾ ਮੂਹਰੇ ਲੰਘ ਜੇ। ਕਾਰ ਵਾਲੇ ਨੂੰ ਆ ਮੋਟਰ ਸਾਇਕਲ ਮੇਰੇ ਮੂਹਰੇ ਕੀ ਆ, ਟਰੱਕ ਵਾਲੇ ਨੂੰ ਆ ਕਾਰ ਨੂੰ ਤਾਂ ਮੈਂ ਥੱਲੇ ਦੇ ਕੇ ਉਤੋਂ ਦੀ ਲੰਘ ਜਾਵਾਂਗਾ।
ਬਸਾਂ ਵਾਲੇ ਤਾਂ ਪਹਿਲਾਂ ਹੀ ਬੇਲਗਾਮ ਹਨ, ਜੋ ਹਰ ਰੋਜ਼ ਪਤਾ ਨਹੀਂ ਸੜਕਾਂ ਤੇ ਕਿੰਨੇ ਬੰਦੇ ਮਾਰਦੇ ਹਨ। ਹਰ ਪਾਸੇ ਹਫੜਾ-ਦਫੜੀ ਬੁਰੇ ਹਾਲ ਹਨ। ਘਰੋਂ ਸ਼ਹਿਰ ਜਾਂਦਿਆਂ ਤੁਹਾਨੂੰ ਚਾਰ ਪੰਜ ਐਕਸੀਡੈਂਟ ਆਮ ਹੀ ਦੇਖਣ ਨੂੰ ਮਿਲ ਜਾਣਗੇ। ਮੁੱਕਦੀ ਗੱਲ ਕਿਤੇ ਮੋਟਰ ਸਾਇਕਲ ਖਿੱਲਰਿਆ ਪਿਆ ਹੁੰਦਾ, ਕਿਤੇ ਕਾਰਾਂ ਦਰੱਖਤ ਵਿੱਚ ਵੱਜੀਆਂ ਹੁੰਦੀਆਂ, ਕਿਤੇ ਟਰੱਕ ਵਾਲੇ ਨੇ ਟੈਂਪੂ ਕੁਚਲਿਆ ਪਿਆ ਹੁੰਦਾ, ਆਮ ਹੀ ਸੜਕਾਂ ਤੇ ਖੂਨ ਨਾਲ ਲਥ ਪਥ ਹੋਈਆਂ ਲਾਸ਼ਾਂ ਪਈਆਂ ਹੁੰਦੀਆਂ ਹਨ।
ਪੰਜਾਬ ਵਿਚ ਹਰ ਰੋਜ਼ ਸੜਕਾਂ ਤੇ ਮਰਨ ਵਾਲਿਆਂ ਦੀ ਗਿਣਤੀ ਸੌਆਂ ਦੇ ਹਿਸਾਬ ਨਾਲ ਹੈ। ਸਾਰੇ ਦੇ ਸਾਰੇ ਪਰਿਵਾਰ ਸੜਕੀ ਹਾਦਸਿਆਂ ਵਿਚ ਮਰ ਰਿਹਾ ਹਨ। ਇਹ ਸਭ ਕੁਝ ਸਾਰਿਆਂ ਦੇ ਸਾਹਮਣੇ ਹੋ ਰਿਹਾ ਪਰ ਫਿਰ ਵੀ ਹਰ ਪਾਸੇ ਟਰੈਫਿਕ ਦਾ ਬੁਰਾ ਹਾਲ ਹੈ। ਪੰਜਾਬ ਵਿਚ ਟ੍ਰੈਫ਼ਿਕ ਰੱਬ ਆਸਰੇ ਹੀ ਚੱਲ ਰਿਹਾ ਹਰ ਦਿਨ ਸੜਕੀ ਹਾਦਸਿਆਂ ਵਿਚ ਮੌਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ, ਪਰ ਫਿਰ ਵੀ ਲੋਕਾਂ ਵਿਚ ਸੜਕ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਨਹੀਂ, ਕੋਈ ਸਿੱਖਿਆ ਨਹੀਂ ਲੈ ਰਿਹਾ। ਉੱਤੋਂ ਸਿਤਮ ਇਹ ਹੈ ਕਿ ਸਰਕਾਰਾਂ ਦਾ ਧਿਆਨ ਪਤਾ ਨਹੀਂ ਕਿੱਥੇ ਹੈ ਜੋ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ।
ਸਰਕਾਰਾਂ ਚਾਹੁਣ ਤਾਂ ਕੀ ਨਹੀਂ ਹੋ ਸਕਦਾ, ਘੱਟੋ ਘੱਟ ਸਰਕਾਰਾਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਉਪਰਾਲੇ ਤਾਂ ਕਰ ਹੀ ਸਕਦੀਆਂ ਹਨ। ਟਰੈਫਿਕ ਨਿਯਮਾਂ ਨੂੰ ਸਖਤਾਈ ਨਾਲ ਲਾਗੂ ਕਰ ਸਕਦੀਆਂ ਹਨ। ਪਰ ਇਥੇ ਤਾਂ ਟਰੈਫਿਕ ਸਟਾਫ ਵਾਲੇ ਹਰ ਮੋੜ, ਹਰ ਨਾਕੇ ਤੇ ਰਿਸ਼ਵਤਾਂ ਲੈ ਲੈ ਕੇ ਲੋਕਾਂ ਨੂੰ ਛੱਡ ਰਹੇ ਹਨ।
ਦੋਸਤੋ ਇਹਨਾਂ ਸਰਕਾਰਾਂ ਦਾ ਕੁਝ ਨਹੀਂ ਜਾਣਾ ਆਪਾਂ ਨੂੰ ਹੀ ਸੁਚੇਤ ਹੋਣਾ ਪੈਣਾ ਆਪਾਂ ਨੂੰ ਹੀ ਸਿੱਖਣਾ ਪੈਣਾ ਨਹੀਂ ਤਾਂ ਸਾਡੇ ਆਪਣੇ ਭੈਣ ਭਰਾ, ਰਿਸ਼ਤੇਦਾਰ, ਦੋਸਤ-ਮਿੱਤਰ ਖੂਨੀ ਸੜਕਾਂ ਦੀ ਭੇਂਟ ਚੜਦੇ ਰਹਿਣਗੇ। ਪਿੰਡਾਂ ਵਿਚ ਆਪਣੇ ਪੱਧਰ ਤੇ ਸੜਕੀ ਸੁਰੱਖਿਆ ਲਈ ਪ੍ਰੋਗਰਾਮ ਉਲੀਕਣੇ ਪੈਣੇ ਹਨ। ਆਪਣੇ ਬੱਚਿਆਂ ਨੂੰ ਸਮਝਾਉਣਾ ਪੈਣਾ ਨਹੀਂ ਤਾਂ ਆਪਣੇ ਹੀ ਆਪਣਿਆਂ ਤੋਂ ਵਿੱਛੜਦੇ ਰਹਿਣਗੇ ਕਿਸੇ ਦਾ ਕੁਝ ਨਹੀਂ ਜਾਣਾ। ਕਿਤੇ ਨਾ ਪਹੁੰਚਣ ਨਾਲੋਂ ਦੇਰ ਨਾਲ ਹੀ ਪਹੁੰਚੇ ਚੰਗੇ, ਨਹੀਂ ਤਾਂ ਹੁਣ ਪੰਜਾਬ ਦਾ ਇਹ ਹਾਲ ਹੈ ਕਿ ਕੰਮ ਤੇ ਨਿਕਲਿਆ ਇਨਸਾਨ ਸ਼ਾਮ ਨੂੰ ਘਰੇ ਪਹੁੰਚ ਕੇ ਆਪਣੇ ਆਪ ਨੂੰ ਵਧਾਈ ਦਿੰਦਾ ਕਿ ਸ਼ੁਕਰ ਆ ਪਤੰਦਰਾ ਤੂੰ ਘਰੇ ਸਹੀ ਸਲਾਮਤ ਆ ਗਿਆ।
ਦੋਸਤੋ ਇਹ ਗੱਲਾਂ ਸਾਨੂੰ ਆਪ ਹੀ ਸਿੱਖਣੀਆਂ ਪੈਣੀਆਂ ਆਪਨੂੰ ਹੀ ਸਿਆਣੇ ਹੋਣਾ ਪੈਣਾ ਨਹੀਂ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਸਾਡੀ ਵੀ ਫੋਟੋ ਤੇ ਹਾਰ ਪਏ ਹੋਣਗੇ।


