ਦੁਨੀਆ ਭਰ ਦੇ ਸਿਰਫ 62 ਵਿਅਕਤੀ ਅਜਿਹੇ ਹਨ ਜਿਹਨਾਂ ਕੋਲ ਦੁਨੀਆ ਦੇ ਅੱਧੇ ਲੋਕਾਂ ਦੀ ਸੰਪਤੀ ਜਿੰਨੀ ਸੰਪਤੀ ਹੈ। ਇਹਨਾਂ ਸੁਪਰ ਅਮੀਰਾਂ ਵਿੱਚੋਂ ਅੱਧੇ ਅਮਰੀਕਾ ਵਿੱਚ ਰਹਿ ਰਹੇ ਹਨ। ਦੁਨੀਆ ਦੇ 3.5 ਬਿਲੀਅਨ ਲੋਕਾਂ ਜਿੰਨੀ ਸੰਪਤੀ ਦੇ ਮਾਲਕ ਇਹ ਸੁਪਰ ਅਮੀਰ 62 ਲੋਕਾਂ ਦੀ ਜਾਇਦਾਦ ਵਿੱਚ ਪਿਛਲੇ ਪੰਜ ਸਾਲਾਂ ਵਿੱਚ 44% ਦਾ ਵਾਧਾ ਹੋਇਆ ਹੈ। ਉੱਧਰ, ਗ਼ਰੀਬ ਹੋਰ ਵਧੇਰੇ ਗ਼ਰੀਬ ਹੋਏ ਹਨ। ਇਹਨਾਂ 3.5 ਬਿਲੀਅਨ ਗ਼ਰੀਬ ਲੋਕਾਂ ਦੀ ਸੰਪਤੀ ਇਹਨਾਂ ਪੰਜ ਸਾਲਾਂ ਵਿੱਚ 41% ਘਟ ਗਈ ਹੈ। ਸਵਿਟਜ਼ਰਲੈਂਡ ਵਿੱਚ ਬੁੱਧਵਾਰ, 20 ਜਨਵਰੀ ਤੋਂ World Economic Forum ਦੀ ਮੀਟਿੰਗ ਸ਼ੁਰੂ ਹੋ ਰਹੀ ਹੈ, ਇਹ ਰਿਪੋਰਟ ਇਸ ਮੀਟਿੰਗ ਤੋਂ ਪਹਿਲਾਂ ਜਾਰੀ ਕੀਤੀ ਗਈ ਹੈ।
ਲੰਡਨ ਵਿੱਚ ਇਹ ਰਿਪੋਰਟ ਅੰਤਰਰਾਸ਼ਟਰੀ ਚੈਰਿਟੀ ਸੰਸਥਾ Oxfam ਵੱਲੋਂ ਜਾਰੀ ਕੀਤੀ ਗਈ । ਇਹਨਾਂ ਅਮੀਰਾਂ ਵਿੱਚੋਂ ਅੱਧੇ ਅਮਰੀਕਾ ਤੋਂ, 17 ਯੂਰੋਪ ਤੋਂ ਅਤੇ ਬਾਕੀ ਚੀਨ, ਬ੍ਰਾਜ਼ੀਲ, ਮੈਕਸੀਕੋ, ਜਾਪਾਨ ਅਤੇ ਸਾਊਦੀ ਅਰਬ ਤੋਂ ਹਨ। ਇਹਨਾਂ ਸੁਪਰ ਅਮੀਰਾਂ ਵਿਚ 9 ਔਰਤਾਂ ਹਨ।
ਇਸ ਚੈਰਿਟੀ ਸੰਸਥਾ ਦੇ ਐਗਜ਼ੈਕਟਿਵ ਡਾਇਰੈਕਟਰ ਵਿਨੀ ਬਾਇਐਨਿਮਾ ਦਾ ਕਹਿਣਾ ਹੈ ਕਿ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਕਿ ਲੱਖਾਂ-ਕਰੋੜਾਂ ਲੋਕ ਜਦੋਂ ਭੁੱਖੇ ਮਰ ਰਹੇ ਹੋਣ ਤਾਂ ਸਾਰੀ ਸੰਪਤੀ ਕੁੱਝ ਕੁ ਗਿਣਵੇਂ ਲੋਕਾਂ ਦੇ ਹੱਥ ਵਿੱਚ ਹੋਵੇ। ਇਹਨਾਂ ਅਮਰੀਕਨ ਅਮੀਰਾਂ ਦੀ ਲਗਪਗ 7.6 ਟ੍ਰਿਲੀਅਨ ਡਾਲਰ ਦੀ ਵਿਸ਼ਾਲ ਰਕਮ ਵਿਦੇਸ਼ਾਂ ਵਿੱਚ ਸੁਰੱਖਿਅਤ ਰੱਖੀ ਗਈ ਹੈ ਜਿਸ ਨਾਲ ਟੈਕਸਾਂ ਦੀ ਚੋਰੀ ਕੀਤੀ ਜਾ ਰਹੀ ਹੈ। ਅਮਰੀਕਾ ਦੀ ਬਰਕਲੇ ਸਥਿਤ ਯੂਨੀਵਰਸਿਟੀ ਆਫ਼ ਕੈਲਿਫੋਰਨੀਆ ਦੇ ਸਹਾਇਕ ਪ੍ਰੋਫੈਸਰ ਗ਼ੈਬਰੀਅਲ ਜ਼ਕਮੈਨ ਦਾ ਕਹਿਣਾ ਹੈ ਕਿ ਜੇ ਇਹ ਰਕਮ ਅਮਰੀਕਾ ਵਿੱਚ ਹੋਵੇ ਅਤੇ ਉਸ ਦਾ ਟੈਕਸ ਦਿੱਤਾ ਜਾਵੇ ਤਾਂ ਇਹ ਰਕਮ 190 ਬਿਲੀਅਨ ਡਾਲਰ ਬਣਦੀ ਹੈ।
ਸਾਰੇ ਅਫ਼ਰੀਕਾ ਦੀ ਵਿੱਤੀ ਜਾਇਦਾਦ ਦਾ 30% ਹਿੱਸਾ ਵਿਦੇਸ਼ੀ ਬੈਂਕਾਂ ਵਿੱਚ ਪਿਆ ਹੈ; ਹਰ ਸਾਲ ਅਮਰੀਕਾ ਦੇ 14 ਬਿਲੀਅਨ ਡਾਲਰ ਦੇ ਟੈਕਸ ਨੂੰ ਚੂਨਾ ਲਾਇਆ ਜਾ ਰਿਹਾ ਹੈ। ਇਸ ਰਕਮ ਨਾਲ ਹਰ ਸਾਲ ਦੁਨੀਆ ਭਰ ਦੇ 40 ਲੱਖ ਬੱਚਿਆਂ ਨੂੰ ਸਿਹਤ ਸੁਵਿਧਾਵਾਂ ਦੇ ਕੇ ਉਹਨਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਅਤੇ ਅਫ਼ਰੀਕਾ ਦੇ ਹਰ ਬੱਚੇ ਨੂੰ (100%) ਪੜ੍ਹਾਈ ਦੇਣ ਲਈ ਅਧਿਆਪਕ ਭਰਤੀ ਕੀਤੇ ਜਾ ਸਕਦੇ ਹਨ। ਮਲਟੀ-ਨੈਸ਼ਨਲ ਕੰਪਨੀਆਂ ਅਤੇ ਸੁਪਰ ਅਮੀਰ ਵਿਅਕਤੀ ਵੱਖੋ ਵੱਖਰੇ ਨਿਯਮਾਂ ਨਾਲ ਖੇਡਦੇ ਹੋਏ , ਟੈਕਸਾਂ ਦੀ ਅਦਾਇਗੀ ਨਾ ਕਰ ਕੇ ਦੁਨੀਆ ਭਰ ਦੇ ਲੋਕਾਂ ਨੂੰ ਰਗੜਾ ਲਗਾ ਰਹੇ ਹਨ। ਕੁੱਲ 201 ਵੱਡੀਆਂ ਕੰਪਨੀਆਂ ਵਿੱਚੋਂ 188 ਕੰਪਨੀਆਂ ਅਜਿਹੀਆਂ ਹਨ ਜਿਹੜੀਆਂ ਕਿਸੇ ਨਾ ਕਿਸੇ ਦੇਸ਼ ਵਿੱਚ ਆਪਣੀ ਆਮਦਨੀ ਪਹੁੰਚਾ ਰਹੀਆਂ ਤਾਂ ਕਿ ਟੈਕਸ ਚੋਰੀ ਕੀਤੀ ਜਾ ਸਕੇ।
ਵਿਨੀ ਬਾਇਐਨਿਮਾ ਦਾ ਕਹਿਣਾ ਹੈ ਕਿ ਜੇ ਇਸ ਟ੍ਰੈਂਡ ਨੂੰ ਨਾ ਰੋਕਿਆ ਗਿਆ ਤਾਂ ਇਸ ਨਾਲ ਦੁਨੀਆ ਦੀ ਸਮੱਸਿਆ ਹੋਰ ਵਧੇਗੀ। ਸਿਰਫ ਇਕ ਚੰਗੀ ਗੱਲ ਜ਼ਰੂਰ ਨਿੱਕਲੀ ਹੈ; ਦੁਨੀਆ ਭਰ ਵਿੱਚ ਗ਼ਰੀਬਾਂ ਦੀ ਸੰਖਿਆ ਘਟੀ ਹੈ। ਸੰਸਾਰ ਦੀ ਆਬਾਦੀ ਵਿੱਚ 1981 ਤੋਂ ਬਾਦ 2 ਬਿਲੀਅਨ ਦਾ ਵਾਧਾ ਹੋਇਐ ਪਰ ਇਸੇ ਸਮੇਂ ਵਿੱਚ ਗ਼ਰੀਬਾਂ ਦੀ ਗਿਣਤੀ 650 ਮਿਲੀਅਨ ਘਟੀ ਹੈ। ਇਸ ਦਾ ਵੱਡਾ ਕਾਰਨ ਚੀਨ ਦੀ ਆਰਥਿਕਤਾ ਵਿਚ ਆਏ ਸੁਧਾਰ ਹਨ ਜਿੱਥੇ 0.5 ਬਿਲੀਅਨ ਲੋਕ ਗ਼ਰੀਬੀ ਵਿੱਚੋਂ ਬਾਹਰ ਨਿੱਕਲੇ ਹਨ। ਬਹੁਤੇ ਗ਼ਰੀਬ ਹੁਣ ਗ਼ਰੀਬ ਮੁਲਕਾਂ ਵਿੱਚ ਨਹੀਂ ਸਗੋਂ ਭਾਰਤ ਵਰਗੇ ਵਿਕਾਸਸ਼ੀਲ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਵਿੱਚ ਮੌਜੂਦ ਹਨ।


