ਤੇ ਫਿਰ ਸ਼ੁਰੂ ਹੋਇਆ ਇਤਿਹਾਸ ਦੇ ਚੱਕੇ ‘ਤੇ ਸਵਾਰ ਹੋ ਕੇ ਉਸ ਨੂੰ ਪੁੱਠਾ ਗੇੜਾ ਦੇਣ ਦਾ ਦੌਰ ।ਮੋਹਰੀ ਬਣਿਆ ਆਈ ਸੀ ਬੀ ਦਾ ਸਾਬਕਾ ਬਦਮਾਸ਼ ਮੁਖੀ ਅਜੀਤ ਢੋਵਾਲ ।ਅਰੁਣ ਫਰੇਰਾ, ਸੀਮਾ ਅਜ਼ਾਦ ਤੋਂ ਲੈ ਕੇ ਵਿਦਿਆਰਥੀ ਕਾਰਕੁੰਨ ਹੇਮ ਮਿਸ਼ਰਾ ਜਿਹੇ ਅਨੇਕਾਂ ਦੇ ਨਾਗਪੁਰ ਜੇਲ੍ਹ ਵਿਚਲੇ ਬਦਨਾਮ ਅੰਡਾ ਸੈੱਲ ਦੇ ਯਾਤਨਾ ਸਫ਼ਰ ।
ਏਸ ਸਿਲਸਿਲੇ ‘ਚ ਜੋ ਬਚੀ ਖੁਚੀ ਸਪੇਸ ਭਾਰਤ ਵਿੱਚ ਹੈ ਸੀ। ਅਗਾਂਹ ਲਈ ਉਸ ਦੀਆਂ ਸੰਭਾਵਨਾਵਾਂ ਖਤਮ ਹਨ। ਜਮੂਹਰੀਅਤ ਹੈ ਵੀ ਕੀ ?ਤੇ ਉਹ ਵੀ ਭਾਰਤ ਦੀ ।ਅੰਗਰੇਜ਼ ਸਾਮਰਾਜ ਖਿਲਾਫ਼ ਭਾਰਤ ਦੀ ਸਰਮਾਏਦਾਰੀ ਦੀ ਅਤੇ ਉਸ ਦੀ ਅਗਵਾਈ ‘ਚ ਸਾਧਨਾਂ ‘ਤੇ ਕਬਜ਼ੇ ਦੀ ਜੰਗ ਦੌਰਾਨ ਪੈਦਾ ਹੋਈ ਚੇਤਨਾ। ਇਹ ਕੰਮ ਭਾਰਤ ਦੀ ਵਿਸ਼ਾਲ ਕਿਸਾਨ, ਮਜ਼ਦੂਰ ,ਨੌਜੂਆਨ ਅਬਾਦੀ ਨੂੰ ਨਾਲ ਲਏ ਬਿਨ੍ਹਾਂ ਸੰਭਵ ਨਹੀਂ ਸੀ ।ਹੁਣ ਭਾਰਤ ਦੀ ਸਰਮਾਏਦਾਰੀ ਅਤੇ ਵਿਸ਼ਵ ਦੀ ਸਰਮਾਏਦਾਰੀ ਇਕੋ ਹਮਾਮ ‘ਚ ਨੰਗੇ ਹਨ।ਭਾਰਤ ਦੇ ਸਾਧਨਾਂ ਨੂੰ ਖੁਦ ਲੁੱਟਣ ਅਤੇ ਵਿਦੇਸ਼ੀ ਕੰਪਨੀਆਂ ਨੂੰ ਵੀ ਲੁੱਟਣ ਦੀ ਖੁੱਲ ਦੇ ਦਿੱਤੀ ਗਈ ਹੈ ।ਅਜਿਹੀ ਸੂਰਤ ‘ਚ ਜੋ ਜਮੂਹਰੀ ਸਪੇਸ ਹਾਸਲ ਹੋਈ ਸੀ, ਉਸ ਦੀ ਉਮਰ ਕਿੰਨੀ ਕੁ ਲੰਮੀ ਹੋ ਸਕਦੀ ਹੈ? ਭਾਰਤ ਦੇ ਬੁੱਧੀਜੀਵੀਆਂ ਨੇ ਅੰਗਰੇਜ਼ਾਂ ਖਿਲਾਫ਼ ਲੜਦਿਆਂ ਜਿੰਨਾ ਕੁ ਲਿਖਣਾ ਬੋਲਣਾ ਸਿੱਖਿਆ ਸੀ ,ਹੁਣ ਉਸ ਦੀ ਸੇਧ ਕਿਸੇ ਵੇਲੇ ਦੇ ਸਾਥੀ ਰਹੇ ਭਾਰਤੀ ਸਰਮਾਏਦਾਰੀ ਦੇ ਪ੍ਰਬੰਧ ਖਿਲਾਫ਼ ਬਣ ਗਈ ਹੈ । ਸਰਮਾਏਦਾਰੀ ਢਾਂਚੇ ਨੂੰ ਹੁਣ ਇਸ ਪੁਰਾਣੇ ਜਮਹੂਰੀ ਅਤੇ ਇਨਸਾਫ ‘ਚ ਯਕੀਨ ਰੱਖਣ ਵਾਲੇ ਬੁੱਧੀਜੀਵੀ ਦੀ ਲੋੜ ਨਹੀਂ ,ਲੋੜ ਹੈ ਤਾਂ ਉਸ ਬੁੱਧੀਜੀਵੀ ਦੀ ਜੋ ਸਰਮਾਏਦਾਰੀ ਪ੍ਰਬੰਧ ਅਤੇ ਫਾਸ਼ਿਸਟ ਸੱਤਾ ਦੇ ਹੱਕ ਵਿੱਚ ਰਾਏ ਨਿਰਮਾਣ ਕਰ ਸਕਦਾ ਹੋਵੇ ।ਜਮਹੂਰੀ ਤੇ ਇਨਸਾਫ ਪਸੰਦ ਬੌਧਿਕ ਸਰਗਰਮੀ ਨੁੰ ਹੁਣ ਇਹ ਢਾਂਚਾ ਬਰਦਾਸ਼ਤ ਨਹੀਂ ਕਰੇਗਾ।
ਇਨਾਮ ਸਨਮਾਨ ਵਾਪਸ ਕਰਨ ਦੀ ਸਰਗਰਮੀ ਜੇ ਸਿਰਫ ਜਮੂਹਰੀ ਸਪੇਸ ਕਾਇਮ ਰੱਖਣ ਲਈ ਹੈ ,ਤਾਂ ਇਹ ਓਸ ਜ਼ਮੀਨ ਤੇ ਖੜ੍ਹ ਕੇ ਲੜ੍ਹਨ ਵਾਂਗ ਹੋਵੇਗੀ ,ਜੋ ਪਹਿਲਾਂ ਹੀ ਧਸ ਚੁੱਕੀ ਹੈ। ਜਿਨ੍ਹਾਂ ਲੋਕਾਂ ਨੇ ਏਸ ਜਮੂਹਰੀਅਤ ਦੇ ਅੰਤਰ ਵਿਰੋਧਾਂ ਦਾ ਫਾਇਦਾ ਉਠਾਉਂਦਿਆਂ ਜ਼ੁਰੱਅਤ ਕੀਤੀ ਹੈ ,ਉਹਨਾਂ ਦੀ ਪਛਾਣ ਵਿਰੋਧ ਕਰਨ ਵਾਲਿਆਂ ਵਜੋਂ ਦਰਜ ਹੋਈ ਹੈ।ਪਰ ਅੱਗੇ ਕੀ ਹੋਇਆ?
ਪੰਜਾਬੀ ਜਗਤ ਦੀ ਕਹਾਣੀ ਦਿਲਚਸਪ ਹੈ ।ਪੰਜਾਬੀ ਦੇ ਜਿੰਨੇ ਲੇਖਕਾਂ ਨੇ ਮਾਣ ਸਨਮਾਨ ਵਾਪਸ ਕੀਤੇ ਉਹਨਾਂ ਦੇ ਵਿਰੋਧ ਉੱਤੇ ਸੁਰਜੀਤ ਪਾਤਰ ਦੀ ਇੱਕ ‘ਬੈਂਲਸ ਸਟੇਟਮੈਂਨਟ ‘ ਨੇ ਪਾਣੀ ਫੇਰ ਦਿੱਤਾ ।ਪੰਜਾਬੀ ਟ੍ਰਬਿਊਨ ਵਿੱਚ ਛਪੀ ਉਸ ਦੀ ਲਿਖਤ ਵਿੱਚ ਕੁਰਲਾਹਟ ਦੀਆਂ ਧੁਨੀਆਂ ਅੰਤ ਤੱਕ ਹੋਰ ਉੱਚੀਆਂ ਹੋਰ ਉੱਚੀਆਂ ਹੁੰਦੀਆਂ ਜਾਂਦੀਆ ਹਨ। ਲਿਖਤ ਦਾ ਸਾਰਾ ਜ਼ੋਰ ਏਸ ਗੱਲ ਤੇ ਲੱਗਾ ਹੋਇਆ ਹੈ ਕਿ ਸਾਹਿਤ ਅਕਾਦਮੀ ਜਿਹੀ ‘ਮਹਾਨ ਲੋਕਰਾਜੀ ਤੇ ਸਾਰਥਕ ਸੰਸਥਾ ‘ਚੋਂ ਕਿਤੇ ਪੰਜਾਬੀ ਬੁੱਧੀਜੀਵ ਦਾ ਵਿਸ਼ਵਾਸ ਨਾ ਖਤਮ ਹੋ ਜਾਵੇ । ਇਨਾਮ ਮੋੜਦਿਆਂ ਪਾਤਰ ਦੀ ਰੀਂਝ ਇਸ ਸਾਰਥਕ ਸੰਸਥਾ ਨੂੰ ਹੋਰ ਪ੍ਰਭਾਵਸ਼ਾਲੀ ,ਹੋਰ ਕਰਮਸ਼ੀਲ ਬਣਾਉਣ ਦੀ ਹੈ ।ਮੱਧਕਾਲੀ ਰਾਗਾਤਮਕਤਾ ਜਦੋਂ ਇਕ ਫਾਸ਼ਿਸਟ ਦੌਰ ‘ਚ ਉਚਾਰੀ ਜਾਵੇਗੀ ਤਾਂ ਉਹ ਰਾਗਦਰਬਾਰੀ ਬਣੇਗੀ ।ਪਾਤਰ ਦੀ ਲਿਖਤ ਇਸ ਦੀ ਸ਼ਾਨਦਾਰ ਮਿਸਾਲ ਹੈ ।
ਪਤਨਸ਼ੀਲ ਜਮੂਹਰੀਅਤ ਦੇ ਆਪਣੇ ਅੰਤਰ ਵਿਰੋਧ ਵੀ ਹਨ ।ਲੇਖਕਾਂ ਨੇ ਐਵਾਰਡ ਵਾਪਸ ਕਰ ਕੇ ਉਹਨਾਂ ਨੂੰ ਨੰਗਾ ਕੀਤਾ ਹੈ।ਪਰ ਕਿਉਂ ਜ਼ਰੂਰਤ ਹੈ ਗੈਰ ਰਾਜਨੀਤਕ ਬਣੇ ਰਹਿਣ ਦੀ ਕੋਸ਼ਿਸ਼ ਕਰਦੀ ਕਿਸੇ ਅਮੂਰਤ ਜਿਹੀ ਲਿਖਤ ਦੀ ? ਇਹ ਅਸਹਿਮਤੀ ਸਹਿਮਤੀ ਦੇ ਦਾਇਰੇ ਤੋ ਬਾਹਰ ਨਹੀਂ।
ਰੈਨਾਡੇ ਵਲੋਂ ਸਥਾਪਿਤ ਵਿਵੇਕਾਨੰਦ ਕੇਂਦਰ ਦੇ ਪੋਸ਼ਿਤ ਬੁੱਧੀਜੀਵੀ ਯੂਨੀਵਰਸਿਟੀ ਅਨੁਦਾਨ ਕੇਂਦਰ , ਯੂਨੀਵਰਸਿਟੀਆਂ, ਇਤਿਹਾਸ ਖੋਜ ਕੇਂਦਰਾਂ , ਅਕਾਦਮੀਆਂ ਵਿੱਚ ਭਰ ਦਿੱਤੇ ਗਏ ਹਨ । ਹੁਣ ਛੇਤੀ ਹੀ ਏਥੇ ਉਲੂ ਬੋਲਣ ਲੱਗਣਗੇ ।ਹਰ ਜੀਵ ਨੂੰ ਆਪਣੀ ਨਸਲ ਜੋ ਪਿਆਰੀ ਹੁੰਦੀ ਹੈ । ਇਸ ਨੂੰ ਚਿਤ ਕਰਨ ਲਈ ਉਸ ਕਾਲੇ ਸੈਲਾਬ ਨਾਲ ਸਾਂਝ ਪਾਉਣੀ ਬੇਹੱਦ ਜ਼ਰੂਰੀ ਹੈ ਜੋ ਲੁਧਿਆਣੇ ਦੇ ਸ਼ੇਰਪੁਰ ,ਲਾਦੋਵਾਲ ਤੋਂ ਸਮਰਾਲੇ ਚੌਂਕ ਤੱਕ ਫੈਲਿਆ ਹੋਇਆ ਹੈ। ਜੋ ਗੁੜਗਾਓਂ ਤੋਂ ਬੰਗਲੌਰ,ਮਿਸ਼ੀਗਨ ਰਿਆਨ ਤੱਕ ਫੈਲਿਆ ਹੋਇਆ ਹੈ । ਜਿਸ ਕੋਲ ਅੱਜ ਵੀ ਇਸ ਦਾ ਸਿਰ ਭੰਨਣ ਲਈ ਫੋਲਾਦ ਦਾ ਹਥੌੜਾ ਚੁੱਕਿਆ ਹੋਇਆ ਹੈ।


