ਆਸਟ੍ਰੇਲੀਆ ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦੇ 6ਵੇਂ ਨੰਬਰ ਤੇ ਦੇਸ਼ ਹੈ। ਅੱਜ ਕੱਲ ਭਾਰਤੀ ਵੱਡੀ ਗਿਣਤੀ ਚ ਆਏ ਹਨ ਅਤੇ ਭਾਰਤੀਆਂ ਦੀ ਪਹਿਲੀ ਪੰਸਦ ਬਣਿਆ ਹੈ। ਜ਼ਿਆਦਾਤਰ ਆਸਟ੍ਰੇਲੀਆ ’ਚ ਵਿਦਿਆਰਥੀ ਵੀਜ਼ੇ ਤੇ ਆਏ ਲੋਕਾ ਨੇ ਪੈਰ ਜਮਾਏ ਹਨ। ਜਿੱਥੇ ਕਿ ਭਾਰਤੀਆ ਨੇ ਪੂਰੀਆ ਮੱਲਾਂ ਮਾਰੀਆ ਹਨ। ਚਾਏ ਕੋਈ ਸਰਕਾਰੀ ਜੋਬ ਹੋਵੇ ਜਾਂ ਖੇਡਾਂ ਹੋਣ ਜਾਂ ਕੋਈ ਹੋਰ ਕੰਮ ਕਾਰ ਹਰ ਥਾਂ ਭਾਰਤੀਆਂ ਦਾ ਬੋਲਬਲਾ ਹੈ।
ਅੱਜ ਕੱਲ ਆਸਟ੍ਰੇਲੀਆ ਰਹਿੰਦੇ ਇਹ ਭਾਰਤੀ ਆਪਣੈ ਆਪ ਅਤੇ ਧਰਮ ਸੱਭਿਆਚਾਰ ਅਤੇ ਖੇਡਾਂ ਨੂੰ ਪ੍ਰਫੁਲਿੱਤ ਕਰਨ ਲਈ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ। ਹਰ ਕੋਈ ਵਿਦੇਸ਼ਾਂ ਵਿੱਚ ਕੰਮਾਂ ਕਾਰਾਂ ਦੀ ਨੱਠ ਭੱਜ ਦੇ ਬਾਵਜੂਦ ਇਥੇ ਵਸਦੇ ਹਰ ਭਾਈਚਾਰਿਆਂ ਦੁਆਰਾ ਆਪੋ ਆਪਣੇ ਪੱਧਰ ਤੇ ਧਰਮ ਪ੍ਰਚਾਰ, ਖੇਡਾ ਅਤੇ ਕਈ ਹੋਰ ਕਾਰਜ ਆਰੰਭੇ ਹਨ। ਆਸਟ੍ਰੇਲੀਆ ਵਿੱਚ ਸਿੱਖਾਂ ਦੇ ਜਿੱਥੇ ਲਗਭਗ 29 ਦੇ ਕਰੀਬ ਗੁਰਦੁਆਰੇ ਹਨ, ਉਥੇ ਹੀ ਹਿੰਦੂ ਅਤੇ ਹੋਰ ਧਰਮਾਂ ਦੇ ਲੋਕਾਂ ਨੇ ਆਪੋ ਆਪਣੇ ਧਰਮ ਨਾਲ ਸੰਬੰਧਤ ਮੰਦਿਰ ਅਤੇ ਹੋਰ ਜਗਾ ਸਥਾਪਿਤ ਕੀਤੇ ਹੋਏ ਹਨ।
ਸਿੱਖ ਧਰਮ ਨਾਲ ਸੰਬੰਧਿਤ ਵੱਖ ਵੱਖ ਪੰਥਕ ਜਥੇਬੰਦੀਆਂ ਆਸਟ੍ਰੇਲੀਆ ਵਿੱਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਰ ਦੇ ਨਾਲ ਨਾਲ ਪੰਥਕ ਮਸਲਿਆਂ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਥੇ ਰਹਿੰਦੇ ਪੰਜਾਬੀਆਂ ਦੇ ਸਮਾਜਿਕ ਜੀਵਨ ਵੱਲ ਝਾਤ ਮਾਰੀਏ ਤਾ ਆਪਸੀ ਗੁਰੱਪ ਬਾਜ਼ੀ ਨਜ਼ਰ ਆ ਰਿਹਾ ਹੈ। ਕੁਝ ਕੁ ਮਾਪਿਆਂ ਤੋਂ ਦੂਰ ਰਹਿਣ ਕਰਕੇ ਇੱਥੇ ਵਿਦਿਆਰਥੀ ਵੀਜ਼ੇ ਤੇ ਪੁਹੰਚੇ ਨੌਜਵਾਨ ਦਾਰੂ ਆਦਿ ਨਸ਼ਿਆਂ ਵਿੱਚ ਗੂਚ ਹੁੰਦੇ ਜਾ ਰਹੇ ਹਨ ਅਤੇ ਲੜਾਈਆਂ ਵੀ ਕਰਦੇ ਹਨ ਅਤੇ ਕੁਝ ਕੁ (ਸਾਰੀਆਂ ਨਹੀਂ) ਲੜਕੀਆਂ ਵੀ ਗਲਤ ਨਕਸ਼ੇ ਤੇ ਚੱਲ ਪਈਆਂ ਹਨ ਤੇ ਨਵੇ ਵਿਆਹੇ ਜੋੜਿਆਂ ਦੀ ਆਪਸੀ ਨਾ ਬਣਨ ਤੇ ਕੋਈ ਸਿਆਣਾ ਬੰਦਾ ਕੋਲ ਨਾ ਹੋਣ ਕਾਰਨ ਲੜਾਈ ’ਚ ਮੌਤਾਂ ਵੀ ਹੋ ਗਈਆਂ ਹਨ। ਜਿਸ ਨਾਲ ਆਸਟ੍ਰੇਲੀਆਈ ਲੋਕਾਂ ਵਿੱਚ ਭਾਰਤੀਆਂ ਦਾ ਅਕਸ ਖਰਾਬ ਹੋ ਰਿਹਾ ਹੈ।
ਜੇਕਰ ਗੱਲ ਪੰਜਾਬੀਆ ਦੀ ਕਰੀਏ ਤਾਂ ਇਨ੍ਹਾਂ ਨੇ ਜਿੱਥੇ ਆਪਣੇ ਕੰਮਾਂ ਕਾਰਾਂ ਚ ਮੱਲਾਂ ਮਾਰੀਆਂ ਨੇ ਉੱਥੇ ਖੇਡਾਂ ਵੱਲ ਵੀ ਝਾਤ ਮਾਰੀਏ ਤਾਂ ਹੁਣ ਤੱਕ ਆਸਟ੍ਰੇਲੀਆ ਚ ਵੱਖ ਵੱਖ ਖੇਡ ਕੱਲਬਾਂ ਦੁਆਰਾ ਖੇਡ ਮੇਲੇ ਕਰਵਾਏ ਜਾ ਰਿਹੇ ਹਨ। ਇਸੇ ਤਰ੍ਹਾਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁਲਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਆਸਟ੍ਰੇਲੀਆ ਵਿੱਚ ਹਰ ਸਾਲ ਵੱਖ ਵੱਖ ਜਗਾ ਤੇ ਕਬੱਡੀ ਦੇ ਖੇਡ ਮੇਲੇ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿੱਚ ਗ੍ਰਿਫਥ ਅਤੇ ਸਿੱਖ ਗੇਮ ਇੱਕ ਮਿੰਨੀ ਵੱਲਡ ਕੱਪ ਦੀ ਤਰ੍ਹਾਂ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਖੇਡ ਮੁਕਾਬਲੇ ਦੇਖਣ ਲਈ ਇਨ੍ਹਾਂ ਖੇਡ ਮੇਲਿਆਂ ਵਿੱਚ ਜੁੜਦੇ ਹਨ, ਪ੍ਰੰਤੂ ਹੁਣ ਇਹ ਕਬੱਡੀ ਦੇ ਸੁਨਹਿਰੀ ਦਿਨ ਬਹੁਤੇ ਜ਼ਿਆਦਾ ਦਿਨ ਬਰਕਰਾਰ ਨਹੀਂ ਰਹਿ ਸਕਦੇ ਕਿਉਂਕਿ ਆਸਟ੍ਰੇਲੀਆ ਦੀ ਕਬੱਡੀ ਫੈਡਰੇਸ਼ਨ ਦੇ ਮੈਂਬਰਾਂ ਦੀ ਆਪਸੀ ਖਿੱਚੋਤਾਣ ਦੀ ਭੇਂਟ ਚੜਦੀ ਨਜ਼ਰ ਆ ਰਹੀ ਹੈ। ਜਿਸ ਨਾਲ ਖੇਡ ਮੈਦਾਨ ਵਿੱਚ ਦਰਸ਼ਕਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ, ਭਾਵ ਕਬੱਡੀ ਫੈਡਰੇਸ਼ਨ ਅਤੇ ਕੁਝ ਕਬੱਡੀ ਕਲੱਬਾਂ ਦੀ ਆਪਸ ਚ ਨਾ ਬਣ ਕਰਕੇ ਗਿਣਤੀ ਦਾ ਗ੍ਰਾਫ ਬਹੁਤ ਜ਼ਿਆਦਾ ਘਟਿਆ ਹੈ।
ਸੱਭਿਆਚਾਰਕ ਪੱਖ ਤੇ ਨਜ਼ਰ ਮਾਰਨ ਨਾਲ ਪਤਾ ਚੱਲਦਾ ਹੈ ਕਿ ਆਸਟ੍ਰੇਲੀਆ ਵਿੱਚ ਪੰਜਾਬੀ ਸੱਭਿਆਚਾਰਕ ਮੇਲਿਆਂ ਅਤੇ ਇਨ੍ਹਾਂ ਮੇਲਿਆਂ ਵਿੱਚ ਪੰਜਾਬੀ ਗੀਤ ਸੰਗੀਤ ਲੋਕ ਨਾਚ ਭੰਗੜਾ ਅਤੇ ਗਿੱਧੇ ਦਾ ਪੂਰਾ ਜ਼ੋਰ ਹੈ। ਇਥੇ ਕਈ ਅਕੈਡਮੀਆਂ ਹਨ, ਜਿਨ੍ਹਾਂ ਵਿੱਚ ਕਈ ਬੱਚੇ ਹਨ ਅਤੇ ਹਰ ਇੱਕ ਆਏ ਦਿਨ ਸੱਭਿਆਚਾਰਕ ਪ੍ਰੋਗਰਾਮ ਆਇਆ ਹੀ ਰਹਿੰਦਾ ਹੈ। ਇਸ ਤੋਂ ਤਾਂ ਆਸਟ੍ਰੇਲੀਅਨ ਵੀ ਪ੍ਰਭਾਵਿਤ ਹਨ ਅਤੇ ਇਸ ਤੋਂ ਪੰਜਾਬੀਆਂ ਦਾ ਆਪਣੇ ਵਿਰਸੇ ਪ੍ਰਤੀ ਮੋਹ ਵੀ ਖੂਬ ਪ੍ਰਗਟ ਹੋ ਰਿਹਾ ਹੈ। ਜਿਸ ਵਿੱਚ ਇਥੋਂ ਦੀ ਸਰਕਾਰ ਦੇ ਮੰਤਰੀ ਵੀ ਪੰਜਾਬੀ ਪਹਿਰਾਵਾ ਪਾ ਕੇ ਇਨ੍ਹਾਂ ਪ੍ਰੋਗਰਾਮਾਂ ਚ ਆਉਂਦੇ ਹਨ।
ਸਮਾਜ ਭਲਾਈ ਦੇ ਕੰਮਾਂ ਲਈ ਵੀ ਸੰਸਥਾਵਾਂ ਬਣਾਈਆਂ ਹੋਈਆਂ ਹਨ, ਜੋ ਇੱਕ ਚੰਗਾ ਕਦਮ ਹੈ ਪ੍ਰੰਤੂ ਇਸ ਸਭ ਕੁਝ ਦੇ ਬਾਵਜੂਦ ਇਥੇ ਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਆਪਸੀ ਏਕਤਾ ਬਣਾਈ ਰੱਖਣਾ ਸਮੇਂ ਦੀ ਮੁੱਖ ਲੋੜ ਹੈ, ਪਰ ਬਹੁਤ ਘੱਟ ਨਜ਼ਰ ਆਉਦੀ ਹੈ ਪਰ ਏਕਤਾ ਬਹੁਤ ਜ਼ਰੂਰੀ ਹੈ ਜੋ ਕਿ ਵਿਦੇਸ਼ਾ ਵਿੱਚ ਰਿਹ ਕੇ ਪੰਜਾਬੀ ਮਾ ਬੋਲੀ ਦੇ ਸੁਨਹਿਰੀ ਮਾਲਾ ਦੇ ਮੋਤੀ ਅਖਵਾ ਸਕੀਏ ਅਤੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆ ਵਿੱਚ ਚਮਕ ਸਕੇ।


