ਬੰਗਲਦੇਸ਼ ਦੀ ਰਾਜਧਾਨੀਢਾਕਾ ਵਿਚ 27 ਫਰਵਰੀ ਨੂੰ ਬੰਗਲਾਮੁਲਕੀ-ਅਮਰੀਕੀ ਮੂਲ ਦੇ ਇੱਕ ਬਲੌਗਰ ਅਵੀਜੀਤ ਰਾਏ (42) ਨੂੰ ਸ਼ਰੇਆਮ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਧਾਰਮਿਕ ਕੱਟੜਪੰਥੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਅਵੀਜੀਤ ਉੱਪਰ ਹੋਏ ਇਸ ਖ਼ੂਨੀ ਹਮਲੇ ਵਿਚ ਉਹਨਾਂ ਦੀ ਪਤਨੀ ਰਾਫ਼ਿੳਮਪ;ਦਾ ਅਹਿਮ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ।ਅਵੀਜੀਤ ਰਾਏ ਨੂੰ ਇਸ ਲਈ ਕਤਲ ਕਰ ਦਿੱਤਾ ਗਿਆ ਕਿ ਉਹ ਬੰਗਾਲੀ ਭਾਸ਼ਾ ਵਿਚ ‘ਮੁਕਤੋ-ਮੋਨਾ’ ਯਾਨੀ ਅਜ਼ਾਦ ਮਨ ਨਾਂ ਦਾ ਬਲੌਗ ਚਲਾਉਂਦਾ ਸੀ ਜਿਸ ਉਪਰ ਉਹ ਸਾਇੰਸ ਨਾਲ ਜੁੜੇ ਲੇਖ ਲਿਖਦਾ ਅਤੇ ਧਰਮ, ਸਿਆਸਤ ਸਮੇਤ ਸੱਭਿਆਚਾਰ ਨਾਲ ਸਬੰਧਿਤ ਅਲੋਚਾਨਤਕ ਟਿੱਪਣੀਆ ਕਰਦਾ ਸੀ।ਹੁਣ ਜਦੋਂ ਧਾਰਮਿਕ ਜਨੂੰਨੀਆਂ ਦੀਆਂ ਦਲੀਲਾਂ ਅਵੀਜੀਤ ਰਾਏ ਦੀਆਂ ਵਿਗਿਆਨਿਕ ਦਲੀਲਾਂ ਨੂੰ ਕੱਟਣ ਤੋਂ ਅਸਮਰੱਥ ਹੋ ਗਈਆਂ ਤਾਂ ਉਹਨਾਂ ਨੇ ਹਥਿਆਰ ਨਾਲ ਉਸ ਦੀ ਕਲਮ ਨੂੰ ਹਮੇਸ਼ਾ-ਹਮੇਸ਼ਾ ਲਈ ਬੰਦ ਕਰ ਦਿੱਤਾ।

ਜਦੋਂ ਪੈਰਿਸ ਵਿਚ 7 ਜਨਵਰੀ 2015 ਨੂੰ ‘ਸ਼ਾਰਲੀ-ਐਬਦੋ’ ਨਾਮੀ ਹਫ਼ਤਾਵਾਰੀ ਅਖ਼ਬਾਰ ਦੇ ਦਫ਼ਤਰ ਵਿਚ ਵੜ ਕੇ ਕੁਝ ਧਾਰਮਿਕ ਕੱਟੜਪੰਥੀਆਂ ਵੱਲੋਂ ਅਖ਼ਬਾਰ ਦੇ ਮੁੱਖ ਸੰਪਾਦਕ ਅਤੇ ਚਾਰ ਕਾਰਟੂਨਿਸਟਾਂ ਸਮੇਤ ਕੁੱਲ 12 ਲੋਕਾਂ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਇਸ ਹਮਲੇ ਨੇ ਦੁਨੀਆਂ ਭਰ ਵਿਚ ਇੱਕ ਨਵੀਂ ਬਹਿਸ ਛੇੜ ਦਿੱਤੀ ਕਿ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦੀ ਸੀਮਾ ਕੀ ਹੋਣੀ ਚਾਹੀਦੀ ਹੈ? ਇਸ ਹਮਲੇ ਨੇ ਧਰਮ ਅਤੇ ਕਲਾ ਦੇ ਖੇਤਰ ਨੂੰ ਆਪਣੋ-ਸਾਹਮਣੇ ਲਿਆ ਖੜ੍ਹਾ ਕੀਤਾ। ‘ਸ਼ਾਰਲੀ-ਐਬਦੋ’ ਵੱਲੋਂ ਬਣਾਏ ਗਏ ਕਾਰਟੂਨ ਬੇਸ਼ੱਕ ਉਹ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦੇ ਨਾਮ ‘ਤੇ ਛਾਪ ਰਹੇ ਸਨ ਪਰ ਇਹ ਕਾਰਟੂਨ ਬਹੁਤ ਹੱਦ ਤੱਕ ਮੁਸਲਿਮ ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ।ਇਸ ਘਟਨਾ ਵਿਚ ਹੋਏ ਮਨੁੱਖੀ ਕਤਲੇਆਮ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਜਦੋਂ ਕਿਸੇ ਖਿੱਤੇ ਵਿਚ ਘੱਟ ਗਿਣਤੀਆਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ ਤਾਂ ਉਸ ਦਾ ਪ੍ਰਤੀਕਰਮ ਓਨਾ ਹੀ ਖਤਰਨਾਕ ਅਤੇ ਵਿਦਰੋਹੀ ਬਣ ਕੇ ਸਾਹਮਣੇ ਆਉਂਦਾ ਹੈ ਦੂਜਾ ਇਸ ਦਾ ਅਰਥ ਇਹ ਵੀ ਨਹੀਂ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਨਾਮ ਉਪਰ ਕਿਸੇ ਵੀ ਰੌਸ਼ਨ ਦਿਮਾਗ ਜਾਂ ਕਰੀਏਟਿਵ ਲੋਕਾਂ ਦੇ ਸਮੂਹ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇ। ਭਾਰਤ ਵਿਚ ਵੀ ਇੱਕ ਲੇਖਕ ਦੀ ਕਲਮ ਦਾ ਕਤਲ ਸਿਰਫ਼ ਇਸ ਲਈ ਹੋ ਗਿਆ ਕਿ ਉਸ ਦੀ ਕਲਮ ‘ਚੋਂ ਨਿੱਕਲੇ ਸ਼ਬਦਾਂ ਦਾ ਕੱਟੜਪੰਥੀਆਂ ਕੋਲ ਕੋਈ ਜਵਾਬ ਨਹੀਂ ਸੀ। ਤਾਮਿਲ ਲੇਖਕ ਪੇਰੂਮਲ ਮੁਰਗਨ ਨੂੰ ਉਹਨਾਂ ਦੀਆਂ ਲਿਖਤਾਂ ਕਰਕੇ ਲਗਾਤਾਰ ਧਾਰਮਿਕ ਕੱਟੜਪੰਥੀਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਮੁਲਕ ਵਿਚ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਨਾ ਹੋਣ ਦੇ ਰੋਸ ਵੱਜੋਂ ‘ਲੇਖਕ ਪੇਰੂਮਲ ਮੁਰੂਗਨ’ ਦੀ ਮੌਤ ਦਾ ਐਲਾਨ ਉਹਨਾਂ ਆਪਣੇ ਫੇਸਬੁਕ ਖ਼ਾਤੇ ਉਪਰ ਹੀ ਕਰ ਦਿੱਤਾ।ਯਾਨੀ ਉਹਨਾਂ ਅੱਗੇ ਤੋਂ ਕੋਈ ਵੀ ਰਚਨਾ ਨਾ ਲਿਖਣ ਦਾ ਫੈਸਲਾ ਕਰ ਲਿਆ ਅਤੇ ਪਾਠਕਾਂ ਸਮੇਤ ਪ੍ਰਕਾਸ਼ਕਾਂ ਤੋਂ ਮੁਆਫ਼ੀ ਮੰਗਦਿਆਂ ਉਹਨਾਂ ਦਾ ਖ਼ਰਚਾ ਵਾਪਿਸ ਦੇਣ ਦਾ ਭਰੋਸਾ ਦਿੱਤਾ। ਮੁਰੂਗਨ ਨੂੰ ਆਪਣੇ ਨਾਵਲ ‘ਵਨ ਪਾਰਟ ਵੂਮਨ’ ਕਾਰਨ ਹਿੰਦੂ ਕੱਟੜਪੰਥੀਆਂ ਦੇ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਾਰਨ ਉਹਨਾਂ ਇਸ ਨਾਵਲ ਸਮੇਤ ਆਪਣੀਆਂ ਸਾਰੀਆਂ ਕਹਾਣੀਆਂ, ਨਾਵਲ ਅਤੇ ਕਵਿਤਾਵਾਂ ਤੋਂ ਹੱਥ ਪਿੱਛੇ ਖਿੱਚਣ ਦਾ ਐਲਾਨ ਕੀਤਾ ਜਦਕਿ ਆਪਣੀ ਪੂਰੀ ਰਚਨਾਂਵਲੀ ਵਿਚ ਉਹਨਾਂ ਦਾ ਜਾਤ ਅਤੇ ਧਰਮ ਨੂੰ ਲੈ ਕੇ ਗਿਣਨਯੋਗ ਕੰਮ ਮੰਨਿਆ ਜਾਦਾ ਹੈ।
ਦੂਜੇ ਪਾਸੇ ਮਹਾਰਾਸ਼ਟਰ ਵਿਚ ਨਰਿੰਦਰ ਦਭੋਲਕਰ ਦੇ ਕਤਲ ਦੇ 18 ਮਹੀਨਿਆਂ ਬਾਅਦ ਸੀ.ਪੀ.ਆਈ. ਦੇ ਬਜ਼ੁਰਗ ਆਗੂ ਗੋਬਿੰਦ ਪਾਨਸਰੇ ਨੂੰ ਸਵੇਰ ਦੀ ਸੈਰ ਕਰਦਿਆਂ ਕੁਝ ਅਣਪਛਾਤੇ ਮੋਟਰਸਾਇਕਲ ਸਵਾਰ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਸਰੀਰਕ ਤੌਰ ‘ਤੇ ਕਤਲ ਕਰ ਦਿੱਤਾ ਜਾਂਦਾ ਹੈ।ਇਹ ਕਤਲ ਵੀ ਬਿਲਕੁਲ ਨਰਿੰਦਰ ਦਭੋਲਕਰ ਵਾਲੇ ਅੰਦਾਜ਼ ਵਿਚ ਕੀਤਾ ਗਿਆ।ਉਧਰ ਇੱਕ ਵਾਰ ਫਿਰ ਸਰਕਾਰਾਂ ਵੱਲੋਂ ਕਾਤਲਾਂ ਨੂੰ ਜਲਦ ਫੜਨ ਅਤੇ ਸਖ਼ਤ ਸਜ਼ਾ ਦੇਣ ਦੇ ਬਿਆਨ ਦਿੱਤੇ ਜਾਂਦੇ ਹਨ।ਗੋਬਿੰਦ ਪਾਨਸਰੇ ਹੁਰਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕ ਭਲਾਈ ਦੇ ਕੰਮਾਂ ਵਿਚ ਲਗਾਈ ਅਤੇ ਕਈ ਤਰਕਵਾਦੀ ਕਿਤਾਬਾਂ ਲਿਖੀਆਂ ਜਿੰਨ੍ਹਾਂ ਦਾ ਵਿਸ਼ਾ ਵਸਤੂ ਜਾਤ-ਪਾਤ, ਧਰਮ ਅਤੇ ਸਿਆਸਤ ਸੀ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਗਿਆਨ ਦੀ ਗੱਲ ਕਰਨ ਵਾਲੇ ਅਤੇ ਤਰਕਸ਼ੀਲ ਸੋਚ ਨੂੰ ਲੈ ਕੇ ਚੱਲਣ ਵਾਲੇ ਲੋਕ ਧਾਰਮਿਕ ਕੱਟੜਪੰਥੀਆਂ ਦੇ ਨਿਸ਼ਾਨੇ ‘ਤੇ ਕਿਉਂ ਹਨ? ਗੋਲੀਆਂ ਨਾਲ ਸ਼ਰੇਆਮ ਦਿਨ-ਦਿਹਾੜੇ ਕਤਲ ਕਰਨ ਦੇ ਮਾਇਨੇ ਕੀ ਹਨ? ਸਵਾਲ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ। ਸਵਾਲ ਧਾਰਮਿਕ ਕੱਟੜਤਾ ਅਤੇ ਤਰਕ ਦੀ ਜੰਗ ਦਾ ਹੈ।ਧਰਮਿਕ ਇਨਸਾਨ ਅਤੇ ਕੱਟੜਪੰਥੀ ਵਿਅਕਤੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ।ਧਰਮ ਦਾ ਅਰਥ ਮਨੁੱਖਤਾ ਵਿਚ ਵਿਸ਼ਵਾਸ਼ ਹੁੰਦਾ ਹੈ ਨਾ ਕਿ ਧਰਮ ਦੇ ਨਾਂ ‘ਤੇ ਕਤਲੇਆਮ ਜਾਂ ਦੰਗੇ ਕਰਨਾ।ਧਰਮ ਦੀ ਸਿਆਸਤ ‘ਚੋਂ ਸੱਤਾ ਕਿੰਨਾ ਫਾਇਦਾ ਲੈਂਦੀ ਹੈ ਇਹ ਮਨੁੱਖਤਾ ਦੇ ਇਤਿਹਾਸ ਨੇ ਹੰਢਾਇਆ ਹੈ।
ਕਿਸੇ ਸਮੇਂ ਰੋਮ ‘ਚ ਬਰੂਨੋ ਨਾਮ ਦੇ ਵਿਗਿਆਨੀ ਨੂੰ ਇਸ ਲਈ ਜ਼ਿੰਦਾ ਜਲਾ ਦਿੱਤਾ ਗਿਆ ਕਿ ਉਸ ਨੇ ਟੋਲਮੀ ਦੇ ਸਿਧਾਂਤ ਦਾ ਵਿਰੋਧ ਕਰਦਿਆਂ ਇਹ ਕਿਹਾ ਸੀ ਕਿ ਸੂਰਜ ਧਰਤੀ ਦੁਆਲੇ ਨਹੀਂ ਸਗੋਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ।ਪਰ ਕੁਝ ਸਮੇਂ ਬਾਅਦ ਕੋਪਰਨਿਕਸ ਨੇ ਟੋਲਮੀ ਦੇ ਸਿਧਾਂਤ ਨੂੰ ਗਲਤ ਸਾਬਿਤ ਕੀਤਾ ਅਤੇ ਕਿਹਾ ਕਿ ਸੂਰਜ ਸਥਿਰ ਹੈ ਅਤੇ ਧਰਤੀ ਸੂਰਜ ਦੁਆਲੇ ਪ੍ਰੀਕਰਮਾ ਕਰਦੀ ਹੈ।ਆਧੁਨਿਕ ਵਿਗਿਆਨ ਦੇ ਜਨਮਦਾਤਾ ਮੰਨੇ ਜਾਂਦੇ ਗੈਲੀਲਿਓ ਨੇ ਆਪਣੀ ਸਭ ਤੋਂ ਵੱਡੀ ਖੋਜ ਦੂਰਬੀਨ ਦੀ ਕਾਢ ਕੱਢ ਕੇ ਧਰਤੀ ਦੀ ਸੂਰਜ ਦੁਆਲੇ ਪ੍ਰੀਕਰਮਾ ਨੂੰ ਨੰਗੇ ਚਿੱਟੇ ਰੂਪ ‘ਚ ਸਿੱਧ ਕਰ ਦਿੱਤਾ ਪਰ ਤਸੱਦਦ ਗੈਲੀਲਿਓ ਨੂੰ ਵੀ ਝੱਲਣਾ ਪਿਆ। ਜਦੋਂ ਚਾਰਲਸ ਡਾਰਵਿਨ ‘ਮਨੁੱਖ ਦੀ ਉੱਤਪਤੀ’ ਦਾ ਸਿਧਾਂਤ ਲੈ ਕੇ ਆਇਆ ਤਾਂ ਚਰਚ ਵੱਲੋਂ ਇਸ ਦਾ ਕਰੜਾ ਵਿਰੋਧ ਕੀਤਾ ਗਿਆ ਅਤੇ ਡਾਰਵਿਨ ਨੂੰ ਇਥੋਂ ਤੱਕ ਕਹਿ ਦਿੱਤਾ ਗਿਆ ਕਿ ਉਸ ਦੇ ਪੂਰਵਜ ਹੀ ਬਾਂਦਰ ਹੋਣਗੇ ਸਾਡੇ ਨਹੀਂ ਸਨ। ਪਰ ਸਮੇਂ ਨੇ ਇਹਨਾਂ ਵਿਗਿਆਨੀਆਂ ਨੂੰ ਸਹੀ ਸਾਬਿਤ ਕੀਤਾ ਜਿਸ ਕਾਰਨ ਕੱਟੜਪੰਥੀਆਂ ਨੂੰ ਆਪਣੇ ਬਿਆਨ ਬਦਲਨੇ ਪਏ।
ਮੌਜੂਦਾ ਸਮੇਂ ਵਿਚ ਵਿਗਿਆਨ ਜਾਂ ਤਰਕ ਦੀ ਗੱਲ ਕਰਨ ਵਾਲਿਆਂ ਨੂੰ ਦਲੀਲ ਨਾਲ ਚੁੱਪ ਕਰਵਾਉਣ ਦਾ ਰਿਵਾਜ਼ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ ਹੈ ਬੱਸ ਗੋਲੀ ਨਾਲ ਹੀ ਚੁੱਪ ਕਰਵਾਇਆ ਜਾ ਰਿਹਾ ਹੈ। ਫਿਰ ਚਾਹੇ ਉਹ ਅਵੀਜੀਤ ਰਾਏ ਹੋਵੇ ਜਾਂ ਦਭੋਲਕਰ ਤੋਂ ਲੈ ਵਾਇਆ ਪੇਰੂਮਲ ਮੁਰੂਗਨ ਹੁੰਦਿਆ ਹੋਇਆਂ ਗੋਬਿੰਦ ਪਾਨਸਰੇ ਹੋਣ। ਅਕਸਰ ਸੱਤਾ ਵੱਲੋਂ ਹਾਲਤਾਂ ਮੁਤਾਬਕ ਧਾਰਮਿਕ ਫ਼ਿਰਕਾਪ੍ਰਸਤੀ ਨੂੰ ਵਰਤਿਆਂ ਜਾਂਦਾ ਅਤੇ ਕਈ ਥਾਵਾਂ ਉਪਰ ਵਿਚਾਰ ਪ੍ਰਗਟਾਵੇ ਦੇ ਨਾਂ ‘ਤੇ ਘੱਟ ਗਿਣਤੀਆਂ ਨੂੰ ਵੀ ਦਬਾਇਆ ਜਾਂਦਾ ਹੈ। ਲੋੜ ਧਰਮ ਅਤੇ ਵਿਚਾਰ ਪ੍ਰਗਟਾਵੇ ਦੇ ਅਧਿਕਾਰ ‘ਚ ਤਰਕ ਅਤੇ ਦਲੀਲ ਨਾਲ ਸੰਵਾਦ ਅੱਗੇ ਵਧਾਉਣ ਦੀ ਹੈ ਨਾ ਕਿ ਹਥਿਆਰਾਂ ਦਾ ਨੰਗਾ ਨਾਚ ਨਚਾਉਣ ਦੀ, ਉਹ ਵੀ ਤਾਂ ਜੇਕਰ ਦੋਵਾਂ ਦਾ ਮਕਸਦ ਮਨੁੱਖਤਾ ਦੀ ਭਲਾਈ ਕਰਨਾ ਹੋਵੇ।


