ਲੇਖਕ : ਮਲਵਿੰਦਰ ਜੀਤ ਸਿੰਘ ਵੜੈਚ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ
ਕੀਮਤ : 80/- ਰੁਪਏ
ਰਿਵੀਊ ਕਰਤਾ : ਪ੍ਰੋ: ਹਰੀ ਸਿੰਘ
ਇਸ ਪੁਸਤਕ ਦੇ ਲੇਖਕ ਨਾਮਵਰ ਇਤਿਹਾਸਕਾਰ ਮਲਵਿੰਦਰਜੀਤ ਸਿੰਘ ਵੜੈਚ ਹਨ।
14 ਅਪ੍ਰੈਲ 1919 ਨੂੰ ਭਗਤ ਸਿੰਘ (12 ਸਾਲ) ਦਾ ਜ਼ਲ੍ਹਿਆਂ ਵਾਲਾ ਬਾਗ ‘ਚੋਂ ਸ਼ੀਸ਼ੀ ‘ਚ ਮਿੱਟੀ ਭਰ ਕੇ ਲਿਆਇਆ ਜੋ ਜ਼ਿੰਦਗੀ ਭਰ ਪ੍ਰੇਰਣਾ ਸਰੋਤ ਬਣੀ ਰਹੀ ਤੇ ਭਗਤ ਸਿੰਘ ਨੇ ਰਹਿੰਦੇ 12 ਸਾਲ ਦੇਸ਼ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੇ।
ਲੇਖਕ ਭਗਤ ਸਿੰਘ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦੇ ਹੋਏ, ਉਸਦੇ ਸਾਰੇ ਪਰਿਵਾਰ ਨਾਲ ਜਾਣ ਪਛਾਣ ਕਰਵਾਂਦਾ ਹੈ ਅਤੇ ਵਿਸ਼ੇਸ਼ ਤੌਰ ਤੇ ਦਾਦਾ ਅਰਜਨ ਸਿੰਘ ਤੇ ਪਿਤਾ ਕਿਸ਼ਨ ਸਿੰਘ ਦੇ ਪ੍ਰਭਾਵਾਂ ਉਪਰ ਚਾਨਣਾ ਪਾਉਂਦਾ ਹੈ। ਭਗਤ ਸਿੰਘ ਦੀ ਸਕੂਲੀ ਤੇ ਕਾਲਜ ਦੀ ਪੜ੍ਹਾਈ ਸਮੇਂ ਮਿਲੇ ਚੰਗੇ ਸਾਥੀਆਂ ਬਾਰੇ ਜਾਣਕਾਰੀ ਮਿਲਦੀ ਹੈ। ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਬਣਨ ਦਾ ਇਤਿਹਾਸ ਤੇ ਫਿਰ ਨੌਜਵਾਨ ਭਾਰਤ ਸਭਾ ਬਾਰੇ ਜਾਣਕਾਰੀ ਮਿਲਦੀ ਹੈ। ਭਗਤ ਸਿੰਘ ਦੀ ਪਹਿਲੀ ਗ੍ਰਿਫ਼ਤਾਰੀ, ਫਿਰ ਸਮਾਜਵਾਦ ਵੱਲ ਜੁੜਨ ਦੀ ਸੋਚ ਅਤੇ ਲਾਲਾ ਲਾਜਪਤ ਰਾਏ ਦੀ ਮੌਤ ਉਪਰੰਤ ਬਦਲਾ ਲੈਣ ਲਈ ਸਾਂਡਰਸ ਦੇ ਕਤਲ ਦੀ ਵਿਆਖਿਆ ਹੈ। ਬੰਬ ਬਣਾਉਣ ਲਈ ਜਤਿਨ ਦਾਸ ਦੇ ਯੋਗਦਾਨ ਤੇ ਫਿਰ ਅਸੈਂਬਲੀ ‘ਚ ਭਗਤ ਸਿੰਘ ਤੇ ਬਟਕੇਸ਼ਵਰ ਦੱਤ ਵਲੋਂ ਬੰਬ ਸੁੱਟਕੇ ਇਨਕਲਾਬ ਜ਼ਿੰਦਾਬਾਦ ਸਾਮਰਾਜ ਮੁਰਦਾਬਾਦ ਦਾ ਨਾਹਰਾ ਲਾਉਣਾ ਜੋ ਬਾਅਦ ‘ਚ ਦੇਸ਼ ਭਰ ‘ਚ ਨਾਹਰਾ ਬਣ ਗਿਆ, ਬਾਰੇ ਜਾਣਕਾਰੀ ਮਿਲਦੀ ਹੈ।
ਭਗਤ ਸਿੰਘ ਦੀ 63 ਦਿਨ ਦੀ ਭੁੱਖ ਹੜਤਾਲ ਤੇ ਜਤਿਨ ਦਾਸ ਦੀ ਮਹਾਨ ਸ਼ਹੀਦੀ ਪ੍ਰਾਪਤ 63 ਦਿਨ ਦੀ ਭੁੱਖ ਹੜਤਾਲ ਬਾਰੇ ਜਾਣਕਾਰੀ ਹੈ। ਸਪੈਸ਼ਲ ਟ੍ਰਿਬਿਊਨਲ ‘ਚ ਚਲੇ ਮੁਕੱਦਮੇ ਦੀ ਜਾਣਕਾਰੀ ਦੇ ਨਾਲ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਫਾਂਸੀ ਦੀ ਸਜ਼ਾ ਮਿਲਣ ਤੋਂ ਬਾਅਦ 24 ਮਾਰਚ ਫਾਂਸੀ ਦੇ ਦਿਨ ਤੱਕ ਹੋਈਆਂ ਗਤੀਵਿਧੀਆਂ ਬਾਰੇ ਵਿਆਖਿਆ ਹੈ। ਇਸ ਪੁਸਤਕ ‘ਚ ਬਹੁਤ ਸਾਰੇ ਦੇਸ਼ ਭਗਤਾਂ/ਕ੍ਰਾਂਤੀਕਾਰੀਆਂ ਬਾਰੇ ਸੰਖੇਪ ਜਾਣਕਾਰੀ ਹੈ।
ਇਸ ਪੁਸਤਕ ‘ਚ ਜੋ ਭਗਤ ਸਿੰਘ ਦੇ ਪਰਿਵਾਰ ਤੇ ਉਸ ਦੇ ਸਾਥੀਆਂ ਬਾਰੇ ਨਿੱਜੀ ਜਾਣਕਾਰੀ ਵਡਮੁੱਲੀ ਹੈ। ਇੰਝ ਜਾਣਕਾਰੀ ਵਲੋਂ ਇਹ ਜੀਵਨੀ ਕੁੱਜੇ ‘ਚ ਸਮੁੰਦਰ ਨੂੰ ਬੰਦ ਕੀਤਾ ਗਿਆ ਹੈ। ਭਗਤ ਸਿੰਘ ਦਾ ਸੂਰਮਾ ਤੇ ਉੱਚੀ ਸਮਾਜੀ ਸੋਚ ਵਾਲਾ ਬਣਨ ਦੇ ਸਫ਼ਰ ਦੀ ਖੂਬਸੂਰਤ ਜਾਣਕਾਰੀ ਹੈ। ਹਰ ਉਸਾਰੂ ਸੋਚ ਵਾਲੇ ਨੂੰ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ।


