By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਅਵਤਾਰ ਸਿੰਘ ਬਿਲਿੰਗ: ਕਿਰਸਾਨੀ ਦਾ ਵਿਸ਼ਾ ਹੋਰ ਲਿਖਤਾਂ ਦੀ ਮੰਗ ਕਰਦੈ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸ਼ਖ਼ਸਨਾਮਾ > ਅਵਤਾਰ ਸਿੰਘ ਬਿਲਿੰਗ: ਕਿਰਸਾਨੀ ਦਾ ਵਿਸ਼ਾ ਹੋਰ ਲਿਖਤਾਂ ਦੀ ਮੰਗ ਕਰਦੈ
ਸ਼ਖ਼ਸਨਾਮਾ

ਅਵਤਾਰ ਸਿੰਘ ਬਿਲਿੰਗ: ਕਿਰਸਾਨੀ ਦਾ ਵਿਸ਼ਾ ਹੋਰ ਲਿਖਤਾਂ ਦੀ ਮੰਗ ਕਰਦੈ

ckitadmin
Last updated: July 15, 2025 7:31 am
ckitadmin
Published: May 5, 2012
Share
SHARE
ਲਿਖਤ ਨੂੰ ਇੱਥੇ ਸੁਣੋ

ਮੁਲਾਕਾਤੀ: ਸ਼ਿਵ ਇੰਦਰ ਸਿੰਘ

ਚਾਰ ਨਾਵਲ ਤੇ ਤਿੰਨ ਕਹਾਣੀ ਸੰਗ੍ਰਹਿ ਸਮੇਤ ਦਸ ਪੁਸਤਕਾਂ ਦਾ ਰਚੇਤਾ ਅਵਤਾਰ ਸਿੰਘ ਬਿਲਿੰਗ ਪੰਜਾਬੀ ਨਾਵਲ ਜਗਤ ਵਿੱਚ ਅਹਿਮ ਮੁਕਾਮ ਬਣ ਚੁੱਕਾ ਹੈ। ਆਰਥਿਕ, ਸੱਭਿਆਚਾਰਕ ਤੇ ਮਾਨਸਿਕ ਸੰਕਟ ਵਿੱਚ ਗ੍ਰਸਤ ਕਿਸਾਨੀ ਦਾ ਗਲਪੀ ਚਿੱਤਰ ਪੇਸ਼ ਕਰਨ, ਪੇਂਡੂ ਪੰਜਾਬੀ ਜੀਵਨ ਦੇ ਵਿਭਿੰਨ ਪਸਾਰਾਂ ਨੂੰ ਆਪਣੇ ਨਾਵਲਾਂ ‘ਚ ਦਿਖਾਉਣ ‘ਚ ਉਹ ਉਸਤਾਦ ਹੈ। ਪੇਸ਼ ਹੈ ਉਸ ਨਾਲ ਕੀਤੀ ਇਹ ਮੁਲਾਕਾਤ:


? ਬਿਲਿੰਗ ਸਾਹਿਬ, ਕਹਾਣੀ ਛੱਡ ਕੇ ਨਾਵਲ ਵੱਲ ਕਿਉਂ ਆ ਗਏ?
– ਅਸਲ ਵਿਚ ਜੀ ਪਹਿਲਾਂ ਮੈਂ ਕਹਾਣੀਆ ਹੀ ਲਿਖਦਾ ਸੀ। ਮੇਰੀਆਂ ਕਹਾਣੀਆਂ ਚੋਟੀ ਦੇ ਸਾਹਿਤਕ ਮੈਗਜ਼ੀਨਾਂ ਸਿਰਜਣਾ, ਅਰਸੀ, ਸਮਦਰਸ਼ੀ, ਪ੍ਰੀਤਲੜੀ ਆਦਿ ਵਿਚ ਛਪੀਆਂ। ਮੇਰੇ ਅਧਿਆਪਕ ਮਹਿੰਦਰ ਸਿੰਘ ਮਾਨੂੰ ਪੁਰੀ, ਪ੍ਰੋ. ਜਸਵੰਤ ਸਿੰਘ ਵਿਰਦੀ ਅਤੇ ਡਾ. ਰਘਵੀਰ ਸਿੰਘ ਸਿਰਜਣਾ ਦੀ ਪ੍ਰੇਰਨਾ ਸਦਕਾ ਮੇਰਾ ਪਹਿਲਾ ਨਾਵਲ ‘ਨਰੰਜਣ ਮਸ਼ਾਲਚੀ’ 1997 ਵਿਚ ਪ੍ਰਕਾਸਿਤ ਹੋਇਆ। ਜਿਸ ਨੂੰ ਸਮੁੱਚੇ ਪਾਠਕ ਤੇ ਆਲੋਚਕ ਵਰਗ ਵੱਲੋਂ ਏਨਾ ਮਾਣ-ਸਤਿਕਾਰ ਮਿਲਿਆ ਕਿ ਮੈਂ ਇਸੇ ਵਿਧਾ ਵੱਲ ਖਿੱਚਿਆ ਗਿਆ। ਕਹਾਣੀ ਵੀ ਆਉਣੋਂ ਹੀ ਹਟ ਗਈ।

? ‘ਨਰੰਜਣ ਮਸ਼ਾਲਚੀ’ ਕਿਵੇਂ ਲਿਖਿਆ ਗਿਆ? ਮੇਰਾ ਮਤਲਬ ਹੈ, ਅਨੁਭਵ ਤਾਂ ਤੁਹਾਡਾ ਆਪਣਾ ਹੋਵੇਗਾ?
– ਗੱਲ ਪ੍ਰੇਰਨਾ ਦੀ ਚੱਲਦੀ ਸੀ; ਅਨੁਭਵ ਤਾਂ ਬੇਸ਼ੱਕ ਲੇਖਕ ਦਾ ਆਪਣਾ ਹੀ ਹੁੰਦੈ। ਅਸਲ ‘ਚ ਕਹਾਣੀਆਂ ਲਿਖਦੇ ਹੋਏ ਮੈਂ ਆਪਣੀ ਆਤਮ ਕਥਾ ਲਿਖਣੀ ਚਾਹੁੰਦਾ ਸਾਂ। ਆਪਣੇ ਜੀਵਨ ਦੇ ਮੁੱਢਲੇ 30-31 ਸਾਲਾਂ ਦੀ ਕਹਾਣੀ। ਪਰ ਨਿੱਜੀ ਅਨੁਭਵ ਦਾ ਇੰਨਾ ਜ਼ੋਰ ਸੀ ਅਤੇ ਸਮੇਂ ਸਿਰ ਪ੍ਰੇਰਨਾ ਮਿਲੀ ਤਾਂ ‘ਨਰੰਜਣ ਮਸ਼ਾਲਚੀ’ ਲਿਖਿਆ ਗਿਆ। ਇਹ ਮੇਰੀ ਹੱਡ-ਬੀਤੀ ਅਧਾਰਿਤ ਗਲਪ ਕਥਾ ਹੈ।

? ਤੁਹਾਡਾ ਦੂਜਾ ਨਾਵਲ ‘ਖੇੜੇ ਸੁੱਖ ਵਿਹੜੇ ਸੁੱਖ’ ਇਕ ਸੱਭਿਆਚਾਰਕ ਦਸਤਾਵੇਜ਼ ਕਿਵੇਂ ਹੋਇਆ?
– ਮੈਨੂੰ ਵੀ ਉਦੋਂ ਤੱਕ ਨਹੀਂ ਸੀ ਪਤਾ ਜਦੋਂ ਤੱਕ ਡਾ. ਤੇਜਵੰਤ ਸਿੰਘ ਗਿੱਲ ਹੁਰਾਂ ਇਸ ਦਾ ਮੁੱਖਬੰਦ ਨਹੀਂ ਸੀ ਲਿਖਿਆ। ਇਸ ਨੂੰ ਸਭਿਆਚਾਰਕ ਦਸਤਾਵੇਜ਼ ਉਨ੍ਹਾਂ ਨੇ ਆਖਿਆ ਸੀ।

? ਕੀ ਤੁਸੀਂ ਇਸ ਨੂੰ ਪੰਜਾਬੀ ਸੱਭਿਆਚਾਰ ਦਾ ਦਸਤਾਵੇਜ਼ ਮੰਨਦੇ ਹੋ?
– ਜਿੱਥੋਂ ਤੱਕ ਮੈਂ ਜਾਣਦਾ ਹਾਂ, ਸੱਭਿਆਚਾਰ ਦਾ ਸੰਬੰਧ ਮਨੁੱਖ ਦੇ ਜਨਮ, ਨਿੱਤ ਕਰਮ, ਵਿਆਹ-ਸਾਦੀਆਂ, ਕਿੱਤੇ, ਗਮੀਆਂ-ਖਸ਼ੀਆਂ, ਰਸਮਾਂ-ਰਿਵਾਜਾਂ ਇੱਥੋਂ ਤੱਕ ਕਿ ਮਰਨ ਨਾਲ ਵੀ ਹੈ। ਮੇਰਾ ਇਹ ਨਾਵਲ ਵੀਹਵੀਂ ਸਦੀ ਦੇ ਪਹਿਲੇ ਪੰਜ-ਛੇ ਦਹਾਕਿਆਂ ਦੇ ਪੰਜਾਬੀ ਜੀਵਨ ਤੇ ਸਭਿਆਚਾਰ ਨੂੰ ਇਕ ਮਹਾਂਕਾਵਿ ਵਾਂਗੂ ਭਰਪੂਰ ਰੂਪ ‘ਚ ਪੇਸ਼ ਕਰਦਾ ਹੈ।

 

 

? ‘ਇਨ੍ਹਾਂ ਰਾਹਾਂ ਉੱਤੇ’ ਰਾਹੀ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ?

– ਸ਼ਿਵਵਿੰਦਰ ਜੀ ਸੁਨੇਹਾ ਕੋਈ ਸਿੱਧਾ ਨਹੀਂ ਹੈ। ਇਸ ਨਾਵਲ ਦੀ ਮੁੱਖ ਕਹਾਣੀ  ਇਹ ਸੁਝਾਅ ਜ਼ਰੂਰ ਦਿੰਦੀ ਹੈ ਕਿ ਜਗੀਰਦਾਰੀ ਕਦਰਾਂ-ਕੀਮਤਾਂ ਤੋਂ ਖ ਹਿੜਾ ਛੁਡਾਉਣਾ ਏਨਾ ਸੌਖਾ ਨਹੀਂ ਪਰ ਇਨ੍ਹਾਂ ਨੂੰ ਚਿੰਬੜੇ ਰਹਿਣ ਵਿਚ ਬਰਬਾਦੀ ਹੀ ਪੱਲੇ ਪੈਂਦੀ ਹੈ। ਲਾਣੇਦਾਰੀ ਲਾਭ ਕੌਰ ਵਾਂਗ ਜੇ ਜ਼ਮੀਨ-ਜਾਇਦਾਦ ਦੇ ਲਾਲਚ ਵੱਸ ਪੈ ਕੇ ਅਸੀਂ ਸੁੱਖੇ-ਸਰਬੋ ਵਰਗਿਆਂ ਦੀਆਂ ਭਾਵਨਾਵਾਂ ਨੂੰ ਕਤਲ ਕਰਾਂਗੇ ਤਾਂ ਟਕਰਾਅ ਹੋਣਾ ਸੁਭਾਵਿਕ ਹੈ। ਸਿੱਟੇ ਵਜੋਂ ਨਿਰਾਸ਼ਾ ਹੀ ਹੱਥ ਲੱਗੇਗੀ।

? ਲੱਗਦੇ ਹੱਥ ‘ਪਤ ਕੁਮਲਾ ਗਏ’ ਪਿੱਛੇ ਜਿਹੜੀ ਸੋਚ ਕੰਮ ਕਰਦੀ ਹੈ, ਉਸ ਬਾਰੇ ਵੀ ਦੱਸ ਹੀ ਦਿਓ? ਏਨੀ ਗੱਲ ਜ਼ਰੂਰ ਹੈ ਇਹ ਨਾਵਲ ਦੱਸਦਾ ਹੈ ਕਿ ਇਹ ਗੰਭੀਰਤਾ ਭਰਪੂਰ ਹੈ ਤੇ ਤੁਸੀਂ ਵੀ ਡੂੰਘਾਈ ‘ਚ ਉੱਤਰੇ ਹੋ?
– ਸ਼ੁਕਰੀਆ ਜੀ, ਸ਼ਿਵਇੰਦਰ ਵੀਹਵੀਂ ਸਦੀ ਦਾ ਪੰਜਾਬੀ ਪੇਂਡੂ ਸਮਾਜ ਆਤਮ ਨਿਰਭਰ ਸੀ, ਬੇਸ਼ੱਕ ਜਗੀਰਦਾਰੀ ਸਿਸਟਮ ਦੀਆਂ ਕੁਰੀਤੀਆਂ ਮੌਜੂਦ ਸਨ ਪਰ ਅਜੋਕਾ ਸਮਾਜ ਇਸ ਪੱਖੋਂ ਖੋਖਲਾ ਹੋ ਗਿਐ। ਕਿਸਾਨੀ ਤੇ ਇਸ ਦੇ ਸਹਾਇਕ ਧੰਦੇ ਤੇਜ਼ੀ ਨਾਲ ਖ਼ਤਮ ਹੋ ਗਏ। ਕਿਸਾਨੀ ਵਿਚੋਂ ਵੀ ਧਨੀ ਕਿਸਾਨੀ ਹੋਂਦ ਵਿਚ ਆ ਗਈ। ਜਿਸ ਨੇ ਖੇਤਾ ਸਿਆਸਤ, ਵਪਾਰ ਤੇ ਧਰਮ ਸਭ ਕੁਝ ਉੱਤੇ ਆਪਣਾ ਕਬਜ਼ਾ ਕਰ ਲਿਐ। ਨੌਕਰੀਆਂ ਅਮੀਰਾਂ ਨੇ ਹਥਿਆ ਲਈਆਂ ਹਨ। ਆਮ ਕਿਸਾਨ, ਮਜ਼ਦੂਰ ਹੋਰ ਗਰੀਬ ਹੋ ਗਿਆ। ਤਰਨੀਕੀ ਸ਼ਬਦਾਵਲੀ ਵਰਤੀਏ, ਕਿਸਾਨ, ਮਜ਼ਦੂਰ ਤੇ ਦਲਿਤ ਸਭ ਹਾਸ਼ੀਏ ਵੱਲ ਧੱਕੇ ਗਏ। ਅਮੀਰ ਜਮਾਤ ਕੇਂਦਰ ‘ਚ ਆ ਗਈ। ਭਾਵੇਂ ਉਹ ਸਵਰਨ ਜਾਤੀਆਂ ਵਿਚੋਂ ਪਨਪੀ ਜਮਾਤ ਹੈ ਜਾਂ ਦਲਿਤ ਜਾਤੀਆਂ ‘ਚੋਂ ਪੈਦਾ ਹੋਈ ਕਰੀਮੀ-ਲੇਅਰ। ਸਿਆਸਤ ਤੇ ਧਰਮ ਦੇਨਾਂ ਉੱਤੇ ਵੰਡੀਆਂ ਪੈ ਗਈਆਂ । ਜੇ ਸਿਰਫ਼ ਦੋ ਵਰਗ ਅਮੀਰ ਤੇ ਗਰੀਬ ਹੀ ਹੁੰਦੇ ਤਾਂ ਸਮਾਜਿਕ ਹਾਲਤ ਏਨੀ ਬਦਤਰ ਨਾ ਹੁੰਦੀ, ਜਿਵੇਂ ਹੁਣ ਆਮ ਜਨਤਾ ਦੀ ਦਸ਼ਾ ਤਰਸ ਯੋਗ ਹੈ। ਸਾਡੇ ਸਿਸਟਮ ਵਿਚ ਸਰਕਾਰ ਨਹੀਂ ਬਦਲਦੀ, ਸਿਰਫ ਰੰਗ ਬਦਲਦੇ ਹਨ।
”ਪੱਤ ਕੁਮਲਾ ਗਏ ਬਾਗ ਦੇ,
ਬੂਟੇ ਸੁੱਕ ਕੇ ਹੋ ਗਏ ਛਾਰ।”
ਪੰਜਾਬੀ ਸਮਾਜ ਦੀ ਹਾਲਤ ਵੀ ਪੂਰਨ ਭਗਤ ਦੇ ਉਜੜੇ ਬਾਗ ਵਰਗੀ ਹੋ ਗਈ ਹੈ।

? ਕੀ ਕਿਸਾਨੀ ਦਾ ਵਿਸ਼ਾ ਵਖ਼ਤ ਨਹੀਂ ਹੰਡਾ ਚੁੱਕਾ?
– ਨਾਵਲ ਸੱਭਿਆ ਸਮਾਜ ਦਾ ਦਰਪਣ ਹੁੰਦੇ, ਸ਼ਿਵ ਇੰਦਰ ਵੀਰੇ! ਪੰਜਾਬੀ ਸਮਾਜ ਵਿਚ ਅਜੇ ਵੀ 60 ਫ਼ੀਸਦੀ ਲੋਕ ਸਿੱਧੇ ਖੇਤੀ ਨਾਲ ਜਾਂ ਕਿਸਾਨੀ ਨਾਲ ਸਬੰਧਤ ਹਨ। ਬਾਕੀ 20 ਫ਼ੀਸਦੀ ਖੇਤ ਮਜ਼ਦੂਰ, ਛੋਟੇ ਦੁਕਾਨਦਾਰ, ਸ਼ਹਿਰੀ ਵਪਾਰੀ ਵੀ ਕਿਸਾਨੀ ਉੱਤੇ ਨਿਰਭਰ ਹਨ। ਸ਼ਹਿਰ ਵਿਚ ਜਾ ਕੇ ਦੇਖ ਲੈਣਾ, ਬਜ਼ਾਰਾਂ ਵਿਚ ਰੌਣਕ ਉਸੇ ਵਕਤ ਆਉਂਦੀ ਹੈ ਜਦੋਂ ਹਾੜ੍ਹੀ-ਸਾਉਣੀ ਫਸਲਾਂ ਆਉਂਦੀਆ ਨੇ। ਕੀ ਬਦਲਦੀ-ਖਰਦੀ ਕਿਸਾਨੀ ਨੂੰ ਚਿਤਰਨਾ ਸਮੇਂ ਦੀ ਲੋੜ ਨਹੀਂ? ਇਹ ਵਿਸ਼ਾ ਹੋਰ ਲਿਖਤਾਂ ਦੀ ਮੰਗ ਕਰਦਾ ਅਜੇ।

? ਤੁਸੀਂ ਪੁਰਾਣੇ ਸਮੇਂ ਤੋਂ ਏਨੇ ਪ੍ਰਭਾਵਿਤ ਕਿਉਂ ਹੋ?
– ਭਾਈ ‘ਪੱਤ ਕੁਮਾਲਾ ਗਏ’ ਅੱਜ ਦੀ ਗੱਲ ਕਰ ਰਿਹੈ, ਵਰਤਮਾਨ ਸਮੇਂ ਦੀ।  ਲੇਖਕ ਨਾ ਵਰਤਮਾਨ ਤੋਂ ਸੰਤੁਸ਼ਟ ਹੁੰਦੈ ਨਾ ਹੀ ਸਥਾਪਤੀ ਤੋਂ, ਸੋ ਉਸ ਨੂੰ ਕਲਮ ਚੁਕਣੀ ਪੈਂਦੀ ਹੈ। ਲਿਖਣਾ ਉਸ ਨੇ ਉਹੀ ਹੁੰਦੈ ਜਿਸ ਬਾਰੇ ਉਸ ਕੋਲ ਸਿੱਧਾ ਜਾਂ ਅਸਿਧਾ ਅਨੁਭਵ ਹੈ ਜਿਵੇਂ ਜਾਦੂ ਦਾ ਖੇਲ ਦਿਖਾ ਰਿਹਾ ਜਾਦੂਗਰ ਸਿਰਫ਼ ਉਹੀ ਚੀਜ਼ਾਂ ਹਵਾ ‘ਚ ਹੱਥ ਘੁਮਾ ਕੇ ਪੈਦਾ ਕਰੇਗਾ ਜਿਹੜੀਆਂ ਪਹਿਲਾਂ ਹੀ ਉਸ ਦੀ ਝੋਲੀ ਵਿਚ ਮੌਜੂਦ ਹੋਣ। ਫੇਰ ਬੀਤਿਆ ਸਮਾਂ ਹਰੇਕ ਲਈ ਰੰਗਦਾਰ ਜਾਂ ਸੁੱਖਦਾਈ ਜਾਪਣ ਲੱਗ ਪੈਂਦਾ ਹੈ। ਕਿਉਂਕਿ ਵਰਤਮਾਨ ਲਈ ਕੁੜੱਤਣ ਚੋਭ ਜਾਂ ਕਰਤੂਤ ਉਸ ਵਿੱਚੋਂ ਗਾਇਬ ਹੋ ਜਾਂਦੀ ਹੈ। ਨਾਵਲਕਾਰ ਇਕ ਸਭਿਆਚਾਰਕ ਇਤਿਹਾਸਕਾਰ ਵੀ ਹੁੰਦੈ ਜਿਹੜਾ ਅਜਿਹੇ ਯਥਾਰਥ ਨੂੰ ਪੇਸ਼ ਕਰਦਾ ਹੈ ਜਿਸ ਵਿਚ ਨਾਵਾਂ ਥਾਵਾਂ ਤੋਂ ਇਲਾਵਾ ਸਾਰਾ ਕੁਝ ਸਮੇਂ ਦਾ ਸੱਚ ਹੁੰਦੈ ਜਦੋਂ ਕਿ ਇਤਿਹਾਸ ਵਿੱਚ ਨਾਵਾਂ-ਥਾਵਾਂ ਤੇ ਤਰੀਖਾਂ ਤੋਂ ਇਲਾਵਾ ਕੁਝ ਵੀ ਸੱਚ ਨਹੀਂ ਹੁੰਦਾ।

? ਨਾਵਲ ਲਿਖਦੇ ਸਮੇਂ ਤੁਸੀਂ ਕਿਹੜੇ ਨੁਕਤਿਆਂ ਨੂੰ ਧਿਆਨ ਵਿਚ ਰੱਖਦੇ ਹੋ?
– ਜੀਵਨ ਨੂੰ ਇਸ ਤਰ੍ਹਾਂ ਸਮੱਖਤਾ ਵਿਚ ਪੇਸ਼ ਕਰਨਾ ਕਿ ਉਹ ਹਰ ਕਿਸੇ ਨੂੰ ਆਪਣਾ ਸੱਚ ਜਾਪੇ। ਦੂਜੇ ਅਜਿਹੀ ਪੇਸ਼ਕਾਰੀ ਕਰਨਾ ਜਿਹੜੀ ਬੋਝਲ ਨਾ ਹੋਵੇ, ਸਗੋਂ ਰਸਦਾਇਕ ਜਾਂ ਰੌਚਿਕ ਜਾਂ ਵੀ ਹੋਵੇ, ਕੁਝ ਜਾਣਕਾਰੀ ਬੇਸ਼ੱਕ ਦੇਵੇ ਪਰ ਪ੍ਰਚਾਰ ਨਾ ਕਰੇ। ਬੇਹਤਰ ਜੀਵਨ ਜਿਊਣ ਲਈ ਗੁੱਝਾ ਸੁਝਾਅ ਜ਼ਰੂਰ ਮਿਲਦਾ ਹੋਵੇ। ਆਪਣੇ ਢਾਹੇ ਦੇ ਇਲਾਕੇ ਦੀ ਵਿਸ਼ੇਸ਼ ਬੋਲੀ ਜੋ ਪੁਆਧੀ-ਦੁਆਬੀ ਤੇ ਗੜ ਮਲਵਈ ਤੋਂ ਵੱਖਰੀ ਹੈ, ਨੂੰ ਪਾਤਰਾਂ ਰਾਹੀ ਪੇਸ਼ ਕਰਨਾ ਵੀ ਮੇਰਾ ਮਕਸਦ ਹੈ।

? ਪੰਜਾਬੀ ਨਾਵਲ ਅੱਜ ਕਿੱਥੇ ਖੜ੍ਹਾ ਹੈ?
– ਭਾਈ ਵੀਰ ਸਿੰਘ ਹੁਰਾਂ 1879 ਈ. ‘ਚ ਸੁੰਦਰੀ ਨਾਵਲ ਦਾ ਸ਼ੁਭ ਮਹੂਰਤ ਕੀਤਾ ਜੋ ਅੱਜ 113 ਵਰਿ•ਆਂ ਦਾ ਹੋ ਚੁੱਕਾ ਹੈ। ਜਿਸ ਦੀ ਆਪਣੀ ਪਰੰਪਰਾ, ਆਪਣਾ ਵਿਕਾਸ ਤੇ ਇਤਿਹਾਸ ਹੈ। ਜਿਸ ਵਿਚ ਗਿਣਾਤਮਕ ਕੇ ਗੁਣਾਤਮਕ ਪੱਖੋਂ ਚੋਖਾ ਵਾਧਾ ਹੋਇਆ ਹੈ। ਬੜੀਆਂ ਉੱਤਮ ਰਚਨਾਵਾਂ ਇਸ ਵਿਚ ਲਿਖੀਆਂ ਗਈਆਂ ਹਨ।

? ਕੀ ਕੋਈ ਨਾਵਲ ਕੇਵਲ ਅਧਿਐਨ, ਜਾਂ ਸਿਰਫ਼ ਅਨੁਭਵ ਜਾਂ ਇਕੱਲੀ ਕਲਪਨਾ ਸਹਾਰੇ ਹੀ ਉਸਾਰਿਆ ਜਾ ਸਕਦੈ ?  
– ਸ਼ਿਵਇੰਦਰ ਸਿੰਘ! ਤੁਸੀ ਇਕੱਠੇ ਤਿੰਨ ਸਵਾਲ ਕੀਤੇ ਨੇ। ਨਾਵਲ ਦੀ ਸਿਰਜਣਾ ਲਈ ਅਨੁਭਵ, ਅਧਿਐਨ ਅਤੇ ਕਲਪਨਾ ਤਿੰਨਾਂ ਦੀ ਜ਼ਰੂਰਤ ਹੈ। ਅਧਿਐਨ ਨਾਲ ਨਾਵਲ ਦੀ ਪਰੰਪਰਾ ਦਾ ਗਿਆਨ ਹੁੰਦਾ ਹੈ। ਮੁੱਖ ਧਾਰਾ ਬਾਰੇ ਸੋਝੀ ਮਿਲਦੀ ਹੈ ਜਿਵੇਂ ‘ਨਵੰਜਣ ਮਸ਼ਾਲਚੀ’ ਲਿਖਣ ਤੋਂ ਪਹਿਲਾਂ ਮੈਂ ਉਸ ਸਮੇਂ ਪੰਜਾਬੀ ਨਾਵਲ ਦੀ ਮੁੱਖ ਧਾਰਾ ਨੂੰ ਸਮਜਣ ਲਈ ਚਾਰ-ਪੰਜ ਪ੍ਰਸਿੱਧ ਨਾਵਲ ਜਿਵੇਂ ਕੋਠੇ ਖੜਕ ਸਿੰਘ, ਪਰਸਾ, ਪਿਓ-ਪੁੱਤਰ, ਗਵਾਚੇ ਅਰਥ, ਰੋਹੀ ਬੀਆਬਾਨ ਆਦਿ ਦਾ ਅਧਿਐਨ ਕੀਤਾ ਸੀ। ਐਪਰ ਲਿਖਿਆ ਹਮੇਸ਼ਾ ਅਨੁਭਵ ਦੇ ਜ਼ੋਰ ਨਾਲ ਹੀ ਜਾਂਦਾ ਹੈ। ਕਲਪਨਾ ਸਹਾਰੇ ਕਹਾਣੀ ਰੌਚਿਕ ਬਣਦੀ ਹੈ। ਅਧਿਐਨ ਤੋਂ ਬਗੈਰ ਨਾਵਲ ਸਥਾਪਤ ਪ੍ਰੰਪਰਾ ਤੋਂ ਪਿੱਛੇ ਰਹਿ ਜਾਵੇਗਾ। ਅਨੁਭਵ ਬਗੈਰ ਇਹ ਜੀਵਨ-ਵਿਹੂਣਾ ਹੋਵੇਗਾ ਤੇ ਕਲਪਨਾ ਬਗੈਰ ਇਸ ਦੀ ਰੌਚਿਕਤਾ ਘੱਟ ਜਾਵੇਗੀ। ਮਨੋਕਲਪਿਤ ਘਟਨਾਵਾਂ ਦੇ ਚਿੱਠੇ ਕੌਣ ਪੜ੍ਹਨਾ ਪਸੰਦ ਕਰੇਗਾ?

? ਕਿਹਾ ਜਾਂਦੇ ਅਵਤਾਰ ਬਿਲਿੰਗ ਨੂੰ ਚੰਗੇ ਆਲੋਚਕ ਮਿਲ ਗਏ ਨੇ, ਕੀ ਸਿਰਫ਼ ਆਲੋਚਕਾਂ ਸਿਰ ਵੱਡਾ ਲੇਖਕ ਬਣ ਸਕਦੈ?
– ਤੁਹਾਡੇ ਦੋਹਾਂ ਪ੍ਰਸ਼ਨਾਂ ਵਿੱਚੋਂ ਪਹਿਲੇ ਦਾ ਉੱਤਰ ਮੈਂ ‘ਹਾਂ’, ਵਿਚ ਦਿੰਦਾ ਹਾਂ। ਇਸ ਪੱਖੋਂ ਮੈਂ ਬੜਾ ਖੁਸ਼ਕਿਸਮਤ ਹਾਂ। ਮੈਨੂੰ ਗੁਰਬਾਣੀ ਵਿਚੋਂ ਦ੍ਰਿਸ਼ਟਾਂਤ ਦੇਣਾ ਹੈ ਰਿਹਾ
”ਉਗਰ ਗਇਆ ਜੈਸੇ ਖੋਟਾ ਡਬੂਆ
ਨਦਰਿ ਸਰਾਫਾ ਆਇਆ।”
ਕੋਈ ਖੋਟਾ ਸਿੱਕਾ ਵੀ ਜੇ ਕਿਸੇ ਸਰਾਫ ਦੀ ਨਜ਼ਰ ਚੜ੍ਹ ਜਾਵੇ ਤਾਂ ਉਹ ਉੱਘੜ ਆਉਂਦਾ ਹੈ, ਉਸਦਾ ਮੁੱਲ ਪੈ ਜਾਂਦਾ ਹੈ। ਸ਼ਰਤ ਇਹ ਹੈ ਕਿ ਕੋਈ ਕੀਮਤੀ ਧਾਤ ਉਸ ਅੰਦਰ ਮੌਜੂਦ ਹੋਵੇ। ਮੈਨੂੰ ਸਮੁੱਚੇ ਪੰਜਾਬੀ ਸਾਹਿਤ ਜਗਤ ਵੱਲੋਂ ਭਰਪੂਰ ਹੁੰਗਾਰਾ ਮਿਲਿਐ। ਸਮੁੱਚੇ ਆਲੋਚਕ ਜਗਤ ਨੇ ਹੀ ਮੈਨੂੰ ਹੱਲਾਸ਼ੇਰੀ ਦਿੱਤੀ ਹੈ। ਸਭ ਤੋਂ ਵੱਧ ਮੇਰੇ ਪਾਠਕਾਂ ਨੇ।
ਮੈਂ ਪਹਿਲਾਂ ਕਿਧਰੇ ਹੋਰ ਵੀ ਕਿਹਾ ਸੀ ਕਿ ਬਾਤ ਜਾਂ ਕਥਾ ਸੁਣਾਉਂਣ ਵੇਲੇ ਹੁੰਗਾਰਾ ਭਰਨ ਵਾਲੇ ਦੀ ਜ਼ਰੂਰਤ ਹੁੰਦੀ ਹੈ, ਇੱਥੋਂ ਤੀਕ ਕਿ ਰੋਣ ਵਾਲੇ ਲਈ ਵੀ ਵਰਾਉਣ ਵਾਲੇ ਦੀ ਜ਼ਰੂਰਤ ਲੋੜ ਹੁੰਦੀ ਹੈ। ਲੇਖਕ ਲਈ ਵੀ ਪਾਠਕਾਂ/ਆਲੋਚਕਾਂ ਦੇ ਉਸਾਰੂ ਪ੍ਰਤੀਕਰਮ ਦੀ ਓਨੀ ਹੀ ਜ਼ਰੂਰਤ ਹੁੰਦੀ ਹੈ ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਲੇਖਕ ਸਿਰਫ਼ ਸਿਖਣ ਲਈ ਹੀ ਨਹੀਂ ਲਿਖ ਰਿਹਾ ਸਗੋਂ ਉਸ ਦੀ ਲੇਖਣੀ ਦੀ ਜੀਵਨ ਲਈ ਵੀ ਕੋਈ ਸਾਰਥਿਕਤਾ ਹੈ।

? ਕੀ ਨਾਵਲ ਨਿੱਕੀ ਕਹਾਣੀ ਤੋਂ ਅਗਲੀ ਪੌੜੀ ਹੈ?
– ਹਾਂ ਜੀ, ਮੇਰੇ ਲਈ ਤਾਂ ਜ਼ਰੂਰ ਹੈ, ਉਂਜ ਕਹਾਣੀ ਅਤੇ ਨਾਵਲ ਦੋ ਵੱਖਰੀਆਂ ਵਿਧਾਵਾਂ ਹਨ। ਜਿਨ੍ਹਾਂ ਦਾ ਵਿਕਾਸ ਵੀ ਵੱਖੋਂ-ਵੱਖਰਾ ਹੋਇਆ ਹੈ। ਪਰ ਕਹਾਣੀ ਨੂੰ ਵਧਾ ਕੇ ਨਾਵਲ ਨਹੀਂ ਬਣਾਇਆ ਜਾ ਸਕਦਾ ਨਾ ਹੀ ਯਥਾਰਥ ਨੂੰ ਕਹਾਣੀ ਵਿਚ ਸਮੋਇਆ ਜਾ ਸਕਦਾ ਹੈ।

? ਕੀ ਨਾਵਲ ਰਚਨਾ ਕਹਾਣੀ ਰਚਨਾ ਨਾਲੋਂ ਸੌਖੀ ਹੈ?
– ਮੈਨੂੰ ਤਾਂ ਨਾਵਲ ਰਚਨਾ ਔਖੀ ਸਿਨਫ਼ ਜਾਪਦੀ ਹੈ। ਇਹ ਬਹੁਤ ਮਿਹਨਤ ਮੰਗਦਾ ਹੈ, ਤਜਰਬਾ ਵੀ ਵਿਸ਼ਾਲ ਹੋਣਾ ਚਾਹੀਦਾ ਹੈ, ਅਨੁਭਵ ਵੀ ਗਹਿਰਾ। ਪਰ ਇਹ ਕਹਾਣੀ ਨੂੰ ਛਟਿਆਉਣ ਵਾਲੀ ਗੱਲ ਵੀ ਨਹੀਂ। ਚੰਗੀ ਕਹਾਣੀ ਇਕ ਕਵਿਤਾ ਲਿਖਣ ਵਾਂਗ ਹੈ ਜਦੋਂ ਕਿ ਚੰਗਾ ਨਾਵਲ ਇਕ ਮਹਾਂਕਾਵਿ। ਕਹਾਣੀ ਕਿਸੇ ਇਮਾਰਤ ਦੀ ਇਕੋ ਨੁੱਕਰ ਉੱਤੇ ਰੌਸ਼ਨੀ ਪਾਉਂਦੀ ਹੈ, ਜਦ ਕਿ ਨਾਵਲ ਸਮੁੱਚੀ ਇਮਾਰਤ ਨੂੰ ਚਿਤਰਨ ਲਈ ਅਹੁਲਦਾ ਹੈ।

? ਕੁਝ ਲੇਖਕ ਕਹਿੰਦੇ ਸ਼ੁਣੀਂਦੇ ਨੇ ਕਿ ਉਹ ਆਪਣੇ ਪਾਤਰਾਂ ਸਨਮੁੱਖ ਬੇਵੱਸ ਹੋ ਕੇ ਰਹਿ ਜਾਂਦੇ ਹਨ ਤੁਹਾਡਾ ਪ੍ਰਤੀਕਰਮ?
– ਜਦੋਂ ਲੇਖਕ ਆਪਣੇ ਸਿਰਜੇ ਪਾਤਰਾਂ ਦੇ ਕਾਰਨਾਮਿਆਂ ਨੂੰ ਸਿਰਜਣ ਵਿਚ ਪੂਰਾ ਖੱਚਤ ਹੋ ਕੇ ਜਾਵੇਂ ਤਾਂ ਜ਼ਰੂਰ ਉਸ ਨੂੰ ਜਾਪਦਾ ਹੈ ਕਿ ਉਸ ਦੇ ਪਾਤਰ ਬਾਗੀਂ ਹੋ ਗਏ ਹਨ। ਅਸਲ ‘ਚ ਸਾਰੀ ਦੁਨੀਆ ਹੀ ਤਾਂ ਹੁੰਦੀ ਹੈ ਜਿਸ ਵਿਚ ਸਭ ਦੀਆਂ ਡੋਰਾਂ ਉਸ ਦੇ ਆਪਣੇ ਹੱਥ ਹਮੇਸ਼ਾਂ ਰਹਿੰਦੀਆਂ ਹਨ।

? ਤੁਹਾਡੇ ਨਾਵਲਾਂ ਨੂੰ ਬੜੇ ਇਨਾਮ-ਸਨਮਾਨ ਮਿਲ ਰਹੇ ਨੇ ਆਖਿਰ ਕੀ ਰਾਜ਼ ਹੈ ਜਨਾਬ?
– ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਪਾਠਕ – ਅਲੋਚਕ, ਜਗਤ ਵੱਲੋਂ ਮੈਨੂੰ ਹਮੇਸ਼ਾ ‘ਸ਼ਾਬਾਸ਼’ ਮਿਲੀ ਹੈ। ‘ਨਰੰਜਣ ਮਸ਼ਾਲਚੀ’ ਭਾਸ਼ਾ ਵਿਭਾਗ ਦੀ ਗ੍ਰਾਂਟ ਨਾਲ ਛਾਪਿਆ? ‘ਖੇੜੇ ਸੁੱਖ ਵਿਹੜੇ ਸੁੱਖ’ ਨੂੰ 2003 ਵਿਚ ਦਾ ਨਾਨਕ ਸਿੰਘ ਗਲਪ ਪੁਰਸਕਾਰ ਪ੍ਰਾਪਤ ਹੋਇਆ। ਇਹੀ ਪੁਰਸਕਾਰ 2007 ਵਿਚ ਛਾਪੇ ‘ਇਨ੍ਹਾਂ ਰਾਹਾਂ ਉੱਤੇ’ ਦੇ ਹਿੱਸੇ ਆਇਆ। ਹੁਣ 2009 ‘ਚ ਪ੍ਰਕਾਸ਼ਤ ‘ਪੁੱਤ ਕੁਮਲਾ ਗਏ’ ਨੂੰ ਅਦਾਰਾ ‘ਨਵਾਂ ਜ਼ਮਾਨਾਂ’ ਵੱਲੋਂ ਸਰਵੋਤਮ ਪੁਸਤਕ 2009 ਦਾ ਪੁਰਸਕਾਰ ਮਿਲਿਆ। ਮੇਰੇ ਖਿਆਲ ਵਿਚ ਜੀਵਨ ਦੀ ਸਹੀ ਪੇਸ਼ਕਾਰੀ ਹੀ ਸਭ ਨੂੰ ਕਾਇਲ ਕਰ ਲੈਂਦੀ ਹੈ।

? ਤੁਸੀਂ ਆਪਣੇ ਨਾਵਲਾਂ ‘ਚ ਪਾਤਰਾਂ ਦੀ ਘੜਮੱਸ ਜਿਹੀ ਕਿਉਂ ਪਾ ਦਿੰਦੇ ਹੋ?
– ਤੁਸੀਂ ਸ਼ਾਇਦ ਪਾਤਰਾਂ ਦੀ ਬਹੁਤਾਤ ਬਾਰੇ ਸ਼ਿਕਾਇਤ ਕਰਦੇ ਹੋ। ਵੱਡੇ ਕੈਨਵਸ ਵਾਲੀ ਰਚਨਾ ਲਈ ਪਾਤਰ ਵੀ ਬਹੁਗਿਣਤੀ ਵਿਚ ਆਉਣੇ ਸੁਭਾਵਿਕ ਨੇ। ਮੇਰੀ ਕੋਸ਼ਿਸ਼ ਸਮੱੁੱਚੇ ਪਿੰਡ ਨੂੰ ਚਿਤਰਨ ਦੀ ਹੁੰਦੀ ਹੈ। ਸੋ ਦੋ ਤਰ੍ਹਾਂ ਦੇ ਪਾਤਰ ਆ ਜਾਂਦੇ ਹਨ ਪਲਾਟ ਜਾਂ ਯਥਾਰਥ ਨਾਲ ਜੁੜੇ ਪਾਤਰ ਦੂਜੇ ਸਬ-ਪਲਾਟ ਲਈ ਛੋਟੇ ਰੋਲ ਨਿਭਾਉਂਦੇ ਪਾਤਰ।

? ਤੁਸੀਂ ਚਿੰਨਾਤਮਕ ਨਾਵਲ ਕਿਉਂ ਨਹੀਂ ਰਚੇ?
– ਬਈ, ਸ਼ਾਇਦ ਅਜੇ ਮੈਂ ਵੱਡੀ ਗੱਲ ਥੋੜ੍ਹੇ ਸ਼ਬਦਾ ਵਿਚ ਕਰਨ ਦੇ ਸਮਰੱਥ ਨਹੀਂ ਹੋਇਆ।

? ਤੁਹਾਡੇ ਨਾਵਲਾਂ ਵਿਚ ਲੋਕਯਾਨ ਵਿਚ ਬਹੁਤ ਮਿਲਦਾ ਹੈ?
– ਜਿਹੜੇ ਜੀਵਨ ਨੂੰ ਮੈਂ ਆਪਣੇ ਨਾਵਲਾਂ ਵਿਚ ਚਿਤਰਿਆ ਹੈ, ਉਹ ਜੀਵਨ ਹੀ ਸੱਭਿਆਚਾਰ ਜਾਂ ਲੋਕ ਧਾਰਾ ਨਾਲ ਓਤ-ਪੋਤ ਹੈ। ਗੀਤ, ਕਥਾ, ਅਖਾਣ, ਬੁਝਾਰਤਾਂ, ਵਹਿਮਾਂ-ਭਰਮ, ਟੂਣੇ-ਟਾਮਣ ਸਭ ਕੁਝ ਸਾਨੂੰ ਗੁੜਤੀ ‘ਚ ਹੀ ਤਾਂ ਮਿਲਦਾ ਹੈ। ਸੋ ਲੋਕ ਧਾਰਾ ਬਗੈਰ ਚਿਤਰਿਆ ਜੀਵਨ ਕੀ ਅਧੂਰਾ ਨਹੀਂ ਹੋਵੇਗਾ? 

ਸੰਪਰਕ: 001 778-986-5334 (ਅਵਤਾਰ ਸਿੰਘ ਬਿਲਿੰਗ)
‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ’: ਅਫ਼ਜ਼ਲ ਤੌਸੀਫ਼
ਵਗਦੇ ਪਾਣੀ ਜਿਹਾ ਸ਼ਾਇਰ: ਮੰਗਾ ਬਾਸੀ
ਆਦਿਵਾਸੀਆਂ ’ਤੇ ਹੋ ਰਹੇ ਜ਼ੁਲਮਾਂ ਤੋਂ ਭਾਰਤ ਵਾਸੀਆਂ ਨੂੰ ਜਾਣੂ ਕਰਵਾਉਣਾ ਮੇਰਾ ਮੁੱਖ ਉਦੇਸ਼: ਹਿਮਾਂਸ਼ੂ ਕੁਮਾਰ
ਲੋਕ ਦਿਲਾਂ ਉੱਤੇ ਰਾਜ ਪੈਸੇ ਦੇ ਸਿਰ ’ਤੇ ਨਹੀਂ ਕਲਾ ਸਿਰ ’ਤੇ ਹੁੰਦਾ ਹੈ:ਇੰਦਰਜੀਤ ਹਸਨਪੁਰੀ
ਉਹ ਇਤਿਹਾਸ ਨੂੰ ਮੂਧੇ-ਮੂੰਹ ਮਾਰ ਰਹੇ ਹਨ :ਇਰਫਾਨ ਹਬੀਬ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਨੀਤੀ ਸਾਸ਼ਤਰ – ਹਰਜਿੰਦਰ ਸਿੰਘ ਗੁਲਪੁਰ

ckitadmin
ckitadmin
January 20, 2015
ਸੁਣਵੇ ਰੱਬਾ ਮੇਰਿਆ . . . –ਸੰਦੀਪ ਸਿੰਘ
ਨੋਟਬੰਦੀ ਦੇ ਦਿਨਾਂ ਵਿਚ ਦੇਸ ਦੌਰਾ -ਸੁਕੀਰਤ
ਪੁਲਿਸ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਹਿਰਾਸਤ ਵਿੱਚ ਲਿਆ
ਧੀਆਂ ਭੈਣਾਂ – ਵਰਿੰਦਰ ਕੌਰ ਰੰਧਾਵਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?