-ਰਣਦੀਪ ਸੰਗਤਪੁਰਾ
ਅਜਮੇਰ ਸਿੱਧੂ ਸਮਾਜ ਵਿੱਚ ਨਿੱਤ ਵਾਪਰਦੀਆਂ ਘਟਨਾਵਾਂ ਨੂੰ ਰੌਚਕ ਤਰੀਕੇ ਨਾਲ ਪੇਸ਼ ਕਰਨ ਵਾਲਾ ਕਹਾਣੀਕਾਰ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿ਼ਤਸਰ ਦੇ ਪੰਜਾਬੀ ਅਧਿਐਨ ਸਕੂਲ ਦੀ ਪ੍ਰੋਫੈਸਰ ਡਾ: ਰਮਿੰਦਰ ਕੌਰ ਨੇ ਉਸਦੀਆਂ ਸੁਮੱਚੀਆਂ ਕਹਾਣੀਆਂ ਨੂੰ `ਸ਼ਾਇਦ ਰੰਮੀ ਮੰਨ ਜਾਏ` ਸਿਰਲੇਖ ਹੇਠ ਸੰਪਾਦਿਤ ਕੀਤਾ ਹੈ।
ਇਸ ਕਹਾਣੀ ਸੰਗ੍ਰਹਿ ਵਿੱਚ ਸ਼ਾਇਦ ਰੰਮੀ ਮੰਨ ਜਾਏ,ਕਬਰ ਹੇਠ ਦਫ਼ਨ ਹਜ਼ਾਰ ਵਰ੍ਹੇ,ਖ਼ੁਸ਼ਕ ਅੱਖ ਦਾ ਖ਼ਾਬ, ਇਕਬਾਲ ਹੁਸੈਨ ਮੋਇਆ ਨਹੀਂ, ਦਿੱਲੀ ਦੇ ਕਿੰਗਰੇ ਅਤੇ ਸੁਅੋਰਡ ਆਫ਼ ਬੰਦਾ ਸਿੰਘ ਬਹਾਦਰ ਸਮੇਤ ਕੁੱਲ 24 ਕਹਾਣੀਆਂ ਸ਼ਾਮਲ ਹਨ।
ਸੰਪਾਦਿਕਾ ਦਾ ਕਹਿਣਾ ਹੈ ਕਿ ਅਜਮੇਰ ਸਿੱਧੂ ਦਾ ਕਥਾ ਸੰਸਾਰ ਪੰਜਾਬ ਦੇ ਸਾਂਝੇ ਫਿਕਰਾਂ ਨੂੰ ਸੰਬੋਧਿਤ ਹੈ। ਉਹ ਸਮਕਾਲੀ ਸੰਕਟਾਂ ਦਾ ਰਵਾਇਤੀ ਪ੍ਰਗਤੀਵਾਦੀ ਦ੍ਰਿਸ਼ਟੀ ਵਾਂਗ ਸਿੱਧਾ ਵਿਰੋਧ ਕਰਨ ਦੀ ਥਾਂ ਕਹਾਣੀ ਨੂੰ ਸੰਵਾਦ ਦੀ ਕੁਠਾਲੀ ਵਿੱਚ ਪਾਉਂਦਾ ਹੈ ਤੇ ਪਾਠਕਾਂ ਨੂੰ ਵਿਗਿਆਨਕ, ਤਰਕਸ਼ੀਲ ਅਤੇ ਮਾਨਵਵਾਦੀ ਦ੍ਰਿਸ਼ਟੀ ਨਾਲ ਜ਼ੋੜ ਦਿੰਦਾ ਹੈ। ਪੰਜਾਬੀ ਦੇ ਨਾਮਵਰ ਸਾਹਿਤਕ ਰਸਾਲੇ `ਸਿਰਜਣਾ`ਦੇ ਸੰਪਾਦਕ ਡਾ: ਰਘਵੀਰ ਸਿੰਘ ਅਨੁਸਾਰ ਅਜਮੇਰ ਸਿੱਧੂ ਨਿਸ਼ਚੈ ਹੀ ਸਾਰਥਕ ਮਾਨਵਵਾਦੀ ਸੋਚ ਵਾਂਗ ਨਿਪੁੰਨ ਕਹਾਣੀਕਾਰ ਹੈ।ਆਪਣੇ ਸਮਕਾਲੀ ਨਵੇਂ ਸਮਰੱਥਵਾਨ ਕਹਾਣੀਕਾਰਾਂ ਨਾਲੋਂ ਉਸ ਵਿੱਚ ਇਕ ਨਿਵੇਕਲਾਪਨ ਰਿਹਾ ਹੈ,ਜ਼ੋ ਉਸਨੂੰ ਬਹੁਤ ਸਾਰਿਆਂ ਨਾਲੋਂ ਅੱਡਰੀ ਪਛਾਣ ਦਿੰਦਾ ਹੈ।
ਪ੍ਰੋ: ਸੁਖਪਾਲ ਸਿੰਘ ਥਿੰਦ ਅਨੁਸਾਰ -ਅਜਮੇਰ ਸਿੱਧੂ ਦਾ ਕਥਾ ਪ੍ਰਬੰਧ ਅਜੋਕੇ ਸੰਸਾਰੀਕਰਨ ਦੇ ਬੂਥੇ ਚੜ੍ਹੇ ਮਨੁੱਖ ਅਤੇ ਉਸ ਵਿੱਚ ਪਸਰ ਰਹੇ ਖਪਤਵਾਦੀ ਰੁਝਾਨਾਂ ਵਿਚੋਂ ਆਪਣਾ ਰੂਪ ਅਖ਼ਤਿਆਰ ਕਰਦਾ ਜਾਪਦਾ ਹੈ। ਉਸਦੇ ਪਾਤਰ ਇਤਿਹਾਸ ਦੇ ਕਿਸੇ ਨਾਇਕ ਜਾਂ ਉਸਦੀ ਵਿਚਾਰਧਾਰਾ ਤੋਂ ਰੌਸ਼ਨੀ ਦੀ ਕਾਤਰ ਹੋ ਕੇ ਆਪਣੇ ਹਨ੍ਹੇਰੇ ਮਨ੍ਹਾਂ ਵਿੱਚ ਚਾਨਣ ਦੇ ਦੀਪ ਜਗਾਉਣ ਦਾ ਯਤਨ ਕਰਦੇ ਹਨ।
ਸੰਪਰਕ: +91 98556 95905


