ਬਿਲਕੁਲ ਗਾਂਧੀ ਦੇ ਅੰਗਰੇਜ਼ਾਂ ਖਿਲਾਫ ਲਾਏ ‘ ਭਾਰਤ ਛੱਡੋ’ ਦੇ ਨਾਅਰੇ ਦੀ ਤਰਜ਼ ’ਤੇ। ਆਮਿਰ ਖਾਨ ਗਾਂਧੀ ਦੇ ਮਾਰਚ ਦੀ ਅਗਵਾਈ ਕਰਦੇ ਬੁੱਤ ਕੋਲੋਂ ਗੁਜ਼ਰਦਿਆਂ ਭਾਰਤ ਵਿਚ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਹਾਲਤ ਦੀ ਵਿਆਖਿਆ ਕਰਦਾ ਹੋਇਆ, ਇੰਡੀਆਂ ਗੇਟ ਤੱਕ ਲੋਕਾਂ ਦਾ ਇਕ ਵੱਡਾ ਹਜੂਮ ਇਕੱਠਾ ਕਰ ਲੈਂਦਾ ਹੈ ਤੇ ਆਖੀਰ ਸਭ ਨਾਲ ਮਿਲ ਕੇ ਇਕ ਨਾਅਰਾ ਉੱਚਾ ਕਰਦਾ ਹੈ ‘ਕੁਪੋਸ਼ਣ ਭਾਰਤ ਛੱਡੋ’।

ਪਲ ਦੀ ਪਲ ਜਾਪਦਾ ਹੈ ਕਿ ਗਾਂਧੀ ਦਾ ਮਾਡਰਨ ਚੇਲਾ ਭਾਰਤ ਨੂੰ ਪੂਰੀ ਤਰ੍ਹਾਂ ਸਵੱਸਥ ਬਣਾਕੇ ਰਹੇਗਾ।ਇਤਿਹਾਸ ਵਿਚ ਗਾਂਧੀਵਾਦੀ ਸ਼ੋਹਰਤ ਖੱਟਣ ਦੇ ਇਸ ਤਰ੍ਹਾਂ ਦੇ ਸਸਤੇ ਤੇ ਆਸਾਨ ਰੁਝਾਨ ਨਿਤੰਤਰ ਚਲਦੇ ਆਏ ਹਨ, ਜਿਵੇਂ ਮੌਜੂਦਾ ਸਮੇਂ ‘ਚ ਹਾਕਮਾਂ ਦੀਆਂ ਲੋਕਮਾਰੂ ਨੀਤੀਆਂ ਖਿਲਾਫ ਵੱਧ ਰਹੇ ਲੋਕ ਰੋਹ ਨੂੰ ਦਿਸ਼ਾਹੀਣ ਕਰਨ ਲਈ ਅੰਨਾ ਹਜ਼ਾਰੇ ਵਰਗੇ ਜਾਅਲੀ ਨਾਇਕ ਪਰਦੇ ਤੇ ਲਿਆਂਦੇ ਗਏ।ਪਿਛਲੇ ਦਿਨੀਂ ਦਿੱਲੀ ਦਰਬਾਰ ਦੇ ਨੇੜੇ ਵਾਪਰੇ ਵਹਿਸ਼ੀ ਬਲਾਤਕਾਰ ਕਾਂਡ ਦੇ ਬਾਅਦ ਨੌਜਵਾਨ ਸ਼ਕਤੀ ਦੇ ਰੋਹ ਨੇ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ।
ਭਾਰਤ ਚੋਂ ਕੁਪੋਸ਼ਣ ਨੂੰ ਖਤਮ ਕਰਨ ਦੀ ਨੌਟੰਕੀ ਕਰਨ ਵਾਲਾ ਸਰਮਾਏਦਾਰਾਂ ਦਾ ਧੁੱਤੂ ਇਹ ਕਲਾਕਾਰ ਉਸ ਸਮੇਂ ਕਿਸ ‘ਅਹਿੰਸਾ ਦੇ ਮੰਤਰ’ ਦਾ ਜਾਪ ਕਰ ਰਿਹਾ ਸੀ ? ਦੂਸਰਾ ਆਮਿਰ ਖਾਨ ਇਹ ਤਾਂ ਕਹਿ ਰਿਹਾ ਹੈ ਕਿ ਭਾਰਤ ਦਾ ਹਰ ਦੂਸਰਾ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ,ਇਹ ਵੀ ਇਕ ਗੁਲਾਮੀ ਹੈ ਤੇ ਦੁਸ਼ਮਣ ਬੜਾ ਖਤਰਨਾਕ ਹੈ, ਪਰ ਇਸਦਾ ਜ਼ਿੰਮੇਵਾਰ ਕੌਣ ਹੈ ? ਇਸ ਬਾਰੇ ਖਾਨ ਸਾਹਿਬ ਚੁੱਪ ਹਨ।
ਭਾਰਤ ਵਿਚ ਅਖੌਤੀ ਅਜ਼ਾਦੀ ਦੇ 66 ਸਾਲ ਬੀਤ ਜਾਣ ਦੇ ਬਾਅਦ ਇਕ ਪਾਸੇ ਮੁੱਠੀਭਰ ਇਜ਼ਾਰੇਦਾਰ, ਸਰਮਾਏਦਾਰ, ਵੱਡੇ ਵਪਾਰੀ, ਵੱਡੀ ਅਫ਼ਸਰਸ਼ਾਹੀ ਤੇ ਵੱਡੇ ਲੈਂਡਲਾਰਡ ਅਥਾਹ ਧਨ ਦੌਲਤ ਦੇ ਮਾਲਕ ਹਨ ਅਤੇ ਅਯਾਸ਼ ਜ਼ਿੰਦਗੀ ਬਤੀਤ ਕਰ ਰਹੇ ਹਨ ਪਰ ਦੂਸਰੇ ਪਾਸੇ ਕਰੋੜਾਂ ਭਾਰਤੀ ਗੁਰਬਤ ਦਾ ਭਾਰ ਢੋਣ ਲਈ ਮਜ਼ਬੂਰ ਹਨ।ਭਾਰਤ ਦੀ 77 ਫੀਸਦ ਅਬਾਦੀ (83 ਕਰੋੜ 60 ਲੱਖ) ਰੋਜ਼ਾਨਾ 20 ਰੁਪਏ ਦਿਹਾੜੀ ’ਤੇ ਗੁਜ਼ਾਰਾ ਕਰਦੀ ਹੈ।ਦੇਸ਼ ਦੇ 35-40 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰਦੇ ਹਨ।35 ਕਰੋੜ ਲੋਕ ਰਾਤ ਨੂੰ ਭੁੱਖੇ ਪੇਟ ਫੁੱਟਪਾਥਾਂ ਤੇ ਸੌਂਦੇ ਹਨ।ਸਾਡੇ ਦੇਸ਼ ‘ਚ ਫੈਕਟਰੀਆਂ-ਕਾਰਖਾਨਿਆਂ, ਖੇਤਾਂ-ਬੰਨ੍ਹਿਆਂ ਹੋਟਲਾਂ-ਢਾਬਿਆਂ, ਰੇਹੜੀ-ਫੜੀ ਤੇ ਛੋਟੀਆਂ ਦੁਕਾਨਾਂ ਤੇ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਲੋਕਾਂ ਨੂੰ ਲੋੜੀਂਦਾ ਪੌਸ਼ਟਿਕ ਆਹਾਰ ਵੀ ਨਹੀਂ ਮਿਲਦਾ।ਇਕ ਰਿਸ਼ਟ-ਪੁਸ਼ਟ ਵਿਅਕਤੀ ਲਈ 2100 ਕਲੋਰੀ ਊਰਜਾ ਦੀ ਲੋੜ ਹੁੰਦੀ ਹੈ ਪਰ ਗਰੀਬੀ ’ਚ ਰਹਿ ਰਹੇ ਲੋਕਾਂ ਨੂੰ 400-500 ਕਲੋਰੀ ਊਰਜਾ ਨਾਲ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਇਹਨਾਂ ਗਰੀਬਾਂ ਦੀਆਂ 75 ਫੀਸਦ ਔਰਤਾਂ ਗਰਭਪਾਤ ਸਮੇਂ ਦਮ ਤੋੜ ਜਾਂਦੀਆਂ ਹਨ ਤੇ 55 ਫੀਸਦ ਔਰਤਾਂ ਅਨੀਮੀਏ ਦਾ ਸ਼ਿਕਾਰ ਹਨ।ਅਜਿਹੀ ਹਾਲਤ ‘ਚ ਉਹਨਾਂ ਦੇ ਪੇਟ ’ਚੋਂ ਜਨਮ ਲੈਣ ਵਾਲੇ ਬੱਚਿਆਂ ’ਚੋਂ 15 ਹਜ਼ਾਰ ਬੱਚੇ ਹਰ ਰੋਜ ਮਰ ਰਹੇ ਹਨ ਤੇ ਬਾਕੀ ਬੱਚਿਆਂ ’ਚੋਂ ਹਰ ਸੱਠਵਾਂ ਬੱਚਾ ਆਪਣੇ ਛੇਵੇਂ ਜਨਮ ਦਿਨ ਤੋਂ ਪਹਿਲਾਂ ਮਰ ਜਾਂਦਾ ਹੈ।ਇਕੱਲੀ ਪੇਚਿਸ਼ ਦੀ ਬਿਮਾਰੀ ਨਾਲ ਹਰ ਰੋਜ਼ 1000 ਬੱਚਾ ਮਰ ਜਾਂਦਾ ਹੈ।ਦੇਸ਼ ਦਾ ਭਵਿੱਖ 45 ਫੀਸਦ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ।ਇਸੇ ਤਰ੍ਹਾਂ ਗੰਦੀਆਂ ਬਸਤੀਆਂ, ਝੁਗੀਆਂ-ਝੌਪੜੀਆਂ, ਫੁੱਟਪਾਥਾਂ, ਰੇਲਵੇ ਲਾਇਨਾਂ ਤੇ ਪੁਲਾਂ ਥੱਲੇ ਜ਼ਿੰਦਗੀ ਕੱਟਣ ਵਾਲੇ ‘ਰੱਬ ਦੇ ਬੰਦੇ’ ਬੁਰੀ ਤਰ੍ਹਾਂ ਭੁੱਖਮਰੀ ਤੇ ਬਿਮਾਰੀਆਂ ਦਾ ਸ਼ਿਕਾਰ ਹਨ।ਦੋ ਡੰਗ ਦੀ ਰੋਟੀ ਲਈ ਉਹਨਾਂ ਨੂੰ (ਖਾਸਕਰ ਉਹਨਾਂ ਦੀਆਂ ਔਰਤਾਂ ਨੂੰ) ਹਰ ਤਰ੍ਹਾਂ ਦਾ ਧੰਦਾ (ਜਿਸਮਫਰੋਸ਼ੀ ਤੱਕ) ਕਰਨਾ ਪੈ ਰਿਹਾ ਹੈ।ਇਹਨਾਂ ਗਰੀਬਾਂ ਦੇ 10 ਕਰੋੜ ਬੱਚੇ ਹੋਟਲਾਂ-ਢਾਬਿਆਂ ਤੇ ਹੋਰ ਅਨੇਕਾਂ ਥਾਵਾਂ ਤੇ ਬਾਲ ਮਜ਼ਦੂਰੀ ਕਰਨ ਲਈ ਸਰਾਪੇ ਹੋਏ ਹਨ।
ਇਕ ਰਿਪੋਰਟ ਮੁਤਾਬਕ ਹਰ ਸਾਲ 44,476 ਬੱਚੇ ਗੁੰਮ ਹੋ ਜਾਂਦੇ ਹਨ, ਜਿਨ੍ਹਾਂ ਵਿਚੋਂ 11,008 ਬੱਚੇ ਕਦੇ ਵੀ ਲੱਭੇ ਨਹੀਂ ਜਾਂਦੇ।ਅਸਲ ਵਿਚ ਇਹਨਾਂ ਬੱਚਿਆਂ ਨੂੰ ਅਗਵਾ ਕਰਕੇ ਦੇਹ ਵਪਾਰ, ਸਸਤੀ ਲੇਬਰ ਤੇ ਸਰੀਰ ਦੇ ਅੰਗ ਕੱਢ ਕੇ ਵੇਚਣ ਲਈ 2-3 ਹਜ਼ਾਰ ਰੁਪਏ ਤੇ ਮੰਡੀ ‘ਚ ਵੇਚਿਆ ਜਾਂਦਾ ਹੈ।ਇਹਨਾਂ ਵਿਚੋਂ 72 ਫੀਸਦ ਬੱਚੇ (ਜ਼ਿਆਦਾਤਰ ਲੜਕੀਆਂ) 4 ਤੋਂ 18 ਸਾਲ ਦੀ ਉਮਰ ਦੇ ਹੁੰਦੇ।ਦੇਸ਼ ਅੰਦਰ 2 ਕਰੋੜ ਬੱਚੇ ਅਨਾਥ ਹਨ।ਕੱਪੜਾ, ਮਕਾਨ, ਚੰਗੀ ਸਿਹਤ ਤੇ ਮੰਨੋਰੰਜਨ ਇਹਨਾਂ ਲਈ ਸਵਰਗੀ ਗੱਲਾਂ ਹਨ।ਅਜਿਹੇ ’ਚ ਇੱਕ ਸਵਾਲ ਸਾਡੇ ਸਾਹਮਣੇ ਉਭਰਦਾ ਹੈ ਕਿ ਜਿਨ੍ਹਾਂ ਦਾ ਬਚਪਨ ਲੁਟਿਆ ਗਿਆ ਹੈ, ਉਹਨਾਂ ਦਾ ਭਵਿੱਖ ਕੀ ਹੋਵੇਗਾ ?
ਅਜਿਹੀ ਘੋਰ ਗੁਰਬਤ ‘ਚ ਜੀਅ ਰਹੇ ਦੇਸ਼ ਦੇ ਕਰੋੜਾਂ-ਕਰੋੜ ਬੱਚੇ ਆਮਿਰ ਖਾਨ ਲਈ ਮਸ਼ਹੂਰੀ ਦਾ ਸਾਧਨ ਬਣੇ ਹੋਏ ਹਨ।‘ਕੁਪੋਸ਼ਣ ਭਾਰਤ ਛੱਡੋ’ ਦੇ ਫੋਕੇ ਤੇ ਥੋਥੇ ਨਾਅਰੇ ਇਹਨਾਂ ਗਰੀਬ ਬੱਚਿਆਂ ਨਾਲ ਕੋਝਾ ਮਜ਼ਾਕ ਹਨ।ਆਮਿਰ ਖਾਨ ਅਪਣਾ ਨਾਇਕਤਵ ਵਾਲਾ ਪ੍ਰਭਾਵ ਦਿੰਦਿਆਂ ਅਜਿਹੀ ਪੇਸ਼ਕਾਰੀ ਕਰਦਾ ਹੈ, ਜਿਵੇਂ ਉਹ ਇਸ ਮੁਹਿੰਮ ਰਾਹੀਂ ਭੁੱਖਮਰੀ ਤੇ ਕੁਪੋਸ਼ਣ ਦਾ ਸ਼ਿਕਾਰ ਗਰੀਬਾਂ ’ਤੇ ਕੋਈ ਅਹਿਸਾਨ ਕਰ ਰਿਹਾ ਹੋਵੇ।
ਖਾਨ ਸਾਹਿਬ ਤੇ ਉਸਦੇ ਆਕਾਵਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਆਪਣੀ ਕਿਰਤ ਸ਼ਕਤੀ ਨਾਲ ਸੰਸਾਰ ਦੀ ਰਚਨਾ ਕਰਨ ਵਾਲੇ ਇਹ ਮਹਾਨ ਕਲਾਕਾਰ ਹੀ ਇਤਿਹਾਸ ਦੇ ਅਸਲ ਨਾਇਕ ਹਨ।ਇਤਿਹਾਸ ਦੀ ਨਾਇਕ ਮਜ਼ਦੂਰ ਜਮਾਤ ਨੂੰ ਜਾਅਲੀ ਨਾਇਕਾਂ ਦੀ ਮੁਥਾਜਗੀ ਜਾਂ ਅਹਿਸਾਨਮੰਦੀ ਦੀ ਲੋੜ ਨਹੀਂ ਹੁੰਦੀ।ਦੇਸ਼ ਦੀ ਇਹ ਗਰੀਬ ਮਜ਼ਦੂਰ ਜਮਾਤ ਭਵਿੱਖ ਦੇ ਇਨਕਲਾਬ ਦਾ ਵਿਸਫੋਟਕ ਲਾਵਾ ਹਨ ,ਜਿਨ੍ਹਾਂ ਨੂੰ ਸਹੀ ਦਿਸ਼ਾ ਦੀ ਚਿਣਗ ਚੇਤਨ ਜੁਝਾਰੂ ਲੋਕਾਂ ਨੇ ਦੇਣੀ ਹੁੰਦੀ ਹੈ।ਮਿਹਨਤਕਸ਼ ਜਮਾਤ ਦੀ ਕਿਰਤ ਤੇ ਪਲਣ ਵਾਲੀਆਂ ਜਮਾਤਾਂ ਦਾ ਇਤਿਹਾਸ ਲੇਖਾ-ਜੋਖਾ ਜ਼ਰੂਰ ਕਰਦਾ ਹੈ।

