ਜਾਤ-ਪਾਤ ਦੇ ਕੋਹੜ ਨੂੰ ਮੂਲੋਂ ਖ਼ਤਮ ਕਰਨ ਦਾ ਨਿਸ਼ਾਨਾ ਮਿੱਥਿਆ ਗਿਆ। ਹਰ ਗ਼ਦਰੀ ਦਾ ਨੈਤਿਕ ਫ਼ਰਜ ਸਮਝਿਆ ਗਿਆ ਕਿ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਵੀ ਸਾਮਰਾਜ-ਵਿਰੋਧੀ ਕੌਮੀ ਮੁਕਤੀ ਲਹਿਰਾਂ ਚੱਲਦੀਆਂ ਹਨ, ਉਨ੍ਹਾਂ ’ਚ ਡਟ ਕੇ ਆਪਣਾ ਯੋਗਦਾਨ ਪਾਵੇ। ਗ਼ਦਰੀ ਦੇਸ਼ ਭਗਤਾਂ ਦਾ ਟੀਚਾ ਬਦੇਸ਼ੀ ਅਤੇ ਦੇਸੀ ਲੁੱਟ, ਦਾਬੇ, ਵਿਤਕਰੇ, ਅਨਿਆਂ ਅਤੇ ਜਬਰ-ਜ਼ੁਲਮ ਤੋਂ ਮੁਕਤ ਨਵਾਂ-ਨਰੋਆ, ਆਜ਼ਾਦ, ਖ਼ੁਸ਼ਹਾਲ ਅਤੇ ਬਰਾਬਰੀ ’ਤੇ ਆਧਾਰਤ ਨਿਜ਼ਾਮ ਦੀ ਸਿਰਜਣਾ ਕਰਨਾ ਸੀ।
ਗ਼ਦਰ ਲਹਿਰ ਦੀ ਅਜਿਹੀ ਅਣਗੌਲੀ ਕੜੀ ਨੂੰ ਲੋਕਾਂ ਦੇ ਰੂ-ਬ-ਰੂ ਕਰਨ ਲਈ ਹੀ ਇਸ ਵਾਰ ਗ਼ਦਰੀ ਬਾਬਿਆਂ ਦਾ ਮੇਲਾ ਆਜ਼ਾਦ ਹਿੰਦ ਫ਼ੌਜ ਨੂੰ ਸਮਰਪਤ ਕੀਤਾ ਗਿਆ ਹੈ। ਜਨਰਲ ਮੋਹਣ ਸਿੰਘ ਅਤੇ ਸੁਭਾਸ਼ ਚੰਦਰ ਬੋਸ ਵਰਗੇ ਮਹਾਨਾਇਕਾਂ ਦੀ ਅਗਵਾਈ ’ਚ ਅਨੇਕਾਂ ਮੋੜਾਂ-ਘੋੜਾਂ ਵਿੱਚੋਂ ਗੁਜ਼ਰਦੀ ਇਹ ਤਵਾਰੀਖ਼ ਸਾਡੇ ਸਮਾਜ ਕੋਲੋਂ ਅੱਧੀ ਸਦੀ ਦੇ ਅੰਦਰ-ਅੰਦਰ ‘ਬੀਤੇ ਦੀ ਗੱਲ’ ਬਣ ਕੇ ਰਹਿ ਜਾਣਾ ਖ਼ਤਰਨਾਕ ਵਰਤਾਰਾ ਹੈ। ਇਤਿਹਾਸਕ ਹਕੀਕਤਾਂ ਦੀ ਨਿਸ਼ਾਨਦੇਹੀ ਅਤੇ ਨਿਰਖ-ਪਰਖ ਅੱਜ ਹੋਰ ਵੀ ਮਹੱਤਵਪੂਰਨ ਹੋ ਗਈ ਹੈ ਕਿਉਂਕਿ ਗ਼ਦਰ ਇਤਿਹਾਸ ਦਾ ਮੁਹਾਂਦਰਾ ਵਿਗਾੜਨ, ਜਲ੍ਹਿਆਂਵਾਲਾ ਬਾਗ ਨੂੰ ਸੈਰਗਾਹ ’ਚ ਤਬਦੀਲ ਕਰਨ, ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰ ਬਣਾਉਣ ਤੋਂ ਕੋਰਾ ਜਵਾਬ ਦੇਣ ਦੇ ਕਦਮ ਇਹ ਦਰਸਾਉਂਦੇ ਹਨ ਕਿ ਸਥਾਪਤੀ, ਲੋਕਾਂ ਦਾ ਸੰਗਰਾਮੀ ਇਤਿਹਾਸ ਸਾਹਮਣੇ ਆਉਣ ’ਤੇ ਆਪਣੇ ਕੁਹਜ ਨੰਗੇ ਹੋਣ ਤੋਂ ਤ੍ਰਬਕਦੀ ਹੈ। ਅਜਿਹੇ ਦੌਰ ਅੰਦਰ ਸੰਸਾਰ ਦੇ ਜਾਣੇ-ਪਛਾਣੇ ਦਾਰਸ਼ਨਿਕ ਵਾਲਟਰ ਬੈਜ਼ਾਮਿਨ ਦਾ ਕਥਨ ਅੱਜ ਹੋਰ ਵੀ ਪ੍ਰਸੰਗਿਕ ਹੈ, ‘‘ਹੁਕਮਰਾਨ ਜਮਾਤਾਂ ਲੋਕਾਂ ਦਾ ਇਤਿਹਾਸ ਹਥਿਆ ਲੈਂਦੀਆਂ ਹਨ। ਤਰੋੜ-ਮਰੋੜ ਕੇ ਆਪਣੇ ਮੇਚ ਬਹਿੰਦਾ ਬਣਾ ਕੇ ਪੇਸ਼ ਕਰਦੀਆਂ ਹਨ।’’ ਇਹੀ ਕੁਝ ਗ਼ਦਰੀ ਅਤੇ ਆਜ਼ਾਦ ਹਿੰਦ ਫ਼ੌਜ ਦੇ ਹਿੱਸੇ ਵੀ ਆਇਆ ਹੈ। ਰਵਾਇਤੀ ਲੀਡਰਸ਼ਿਪ ਨੂੰ ਹਮੇਸ਼ਾਂ ਇਨ੍ਹਾਂ ਕੋਲੋਂ ‘ਹਿੰਸਾ ਦੀ ਬੋਅ’ ਆਉਂਦੀ ਰਹੀ। ਜਨਰਲ ਮੋਹਣ ਸਿੰਘ, ਸੁਭਾਸ਼ ਚੰਦਰ ਬੋਸ ਅਤੇ ਰਾਣੀ ਝਾਂਸੀ ਰਜ਼ਮੈਂਟ ਦੀ ਕੈਪਟਨ ਲਕਸ਼ਮੀ ਸਹਿਗਲ ਵਰਗਿਆਂ ਦੁਆਰਾ ਜਦੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਤਾਂ ਕੁਝ ਨੈਤਾਵਾਂ ਨੇ ਇਨ੍ਹਾਂ ਦੀਆਂ ਬੇੜੀਆਂ ’ਚ ਵੱਟੇ ਪਾਏ। ਦੇਸ਼-ਵਿਦੇਸ਼ ’ਚ ਲੋਕ ਆਜ਼ਾਦ ਹਿੰਦ ਫ਼ੌਜ ਵਿੱਚ ਠਾਠਾਂ ਮਾਰਦੇ ਜੋਸ਼ ਨਾਲ ਸ਼ਾਮਿਲ ਹੋਏ। ਔਰਤਾਂ ਨੇ ਗਹਿਣਾ-ਗੱਟਾ ਕੌਮੀ ਲਹਿਰ ਦੀ ਝੋਲੀ ਪਾਇਆ। ਬਾਲ ਸੈਨਿਕ ਟੁਕੜੀਆਂ ਬਣਨ ਲੱਗੀਆਂ। ਗ਼ਦਰ ਲਹਿਰ ਅਤੇ ਕਿਰਤੀ ਲਹਿਰ ਦੀ ਪਿੱਠ ਨਾਲ ਜੁੜੀ ਇਹ ਲਹਿਰ ਬਰਤਾਨਵੀ ਹਾਕਮਾਂ ਨੂੰ ਤਰੇਲੀਆਂ ਲਿਆਉਣ ਲੱਗੀ। ਹਜ਼ਾਰਾਂ ਲੋਕ ਜੇਲ੍ਹੀਂ ਡਕ ਦਿੱਤੇ ਗਏ। ਲਾਲ ਕਿਲ੍ਹੇ ਅੰਦਰ ਗੁਰਬਖਸ਼ ਸਿੰਘ ਢਿੱਲੋਂ, ਪ੍ਰੇਮ ਕੁਮਾਰ ਸਹਿਗਲ ਅਤੇ ਸ਼ਾਹ ਨਵਾਜ਼ ਉੱਪਰ ਮੁਕੱਦਮਾ ਚਲਾਇਆ ਗਿਆ। ਪੂਰੇ ਦੇਸ਼ ਅੰਦਰ ਜਨਤਕ ਤੂਫ਼ਾਨ ਉਠ ਖੜ੍ਹਾ ਹੋਇਆ। ਅਖ਼ੀਰ ਅੰਗਰੇਜ਼ ਹਾਕਮਾਂ ਨੂੰ ਲੋਕਾਂ ਦੇ ਮਹਿਬੂਬ ਆਗੂ ਰਿਹਾਅ ਕਰਨੇ ਪਏ।ਅਜਿਹੇ ਦੌਰ ਵਿੱਚ ਬਰਤਾਨਵੀ ਹਾਕਮਾਂ ਨੇ ਆਪਣੇ ਮਨਪਸੰਦ ਆਗੂਆਂ ਨੂੰ ਸੱਤਾ ਦੀਆਂ ਚਾਬੀਆਂ ਸੌਂਪ ਦਿੱਤੀਆਂ। ਰੰਗ-ਢੰਗ ਬਦਲ ਗਿਆ ਪਰ ਕੌਮ ਦੇ ਕਲਿਆਣ ਦਾ ਹਕੀਕੀ ਪ੍ਰੋਗਰਾਮ ਠੰਢੇ ਬਸਤੇ ’ਚ ਪੈ ਗਿਆ। ਗ਼ਦਰੀ ਬਾਬਿਆਂ, ਭਗਤ-ਸਰਾਭਿਆਂ, ਬੱਬਰ ਅਕਾਲੀਆਂ, ਕਿਰਤੀ ਲਹਿਰ ਦੇ ਜੁਝਾਰੂਆਂ, ਸਿੰਘਾਪੁਰ, ਬੰਬਈ ਆਦਿ ਦੇ ਫ਼ੌਜੀ ਬਾਗ਼ੀਆਂ ਅਤੇ ਆਜ਼ਾਦ ਹਿੰਦ ਫ਼ੌਜ ਦੇ ਸੁਪਨਿਆਂ ਨੂੰ ਬੂਰ ਨਾ ਪਿਆ। ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਜੇਕਰ ਇਨਕਲਾਬੀ ਤਵਾਰੀਖ਼ ਵਾਲਿਆਂ ਦੇ ਨਿਸ਼ਾਨੇ ਪੂਰੇ ਹੋਏ ਹੁੰਦੇ ਤਾਂ ਮੁਲਕ ਦੇ ਟੋਟੇ ਨਾ ਹੁੰਦੇ, ਲਹੂ ਦੀਆਂ ਨਦੀਆਂ ਨਾ ਵਗਦੀਆਂ, ਭਰਾਵਾਂ ਵਿੱਚ ਬੇਗਾਨਗੀ ਦੀਆਂ ਸਰਹੱਦਾਂ ਨਾ ਬਣਦੀਆਂ ਅਤੇ ਨਾ ਹੀ ਇਹ ਹਨੇਰ ਢੋਣਾ ਪੈਂਦਾ ਜੋ ਅੱਜ ਮੁਲਕ ਦੇ ਕਰੋੜਾਂ ਕਮਾਊ ਲੋਕ ਢੋਅ ਰਹੇ ਹਨ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਇਸ ਮੇਲੇ ਵਿੱਚ ਭੁੱਲੇ-ਵਿਸਰੇ ਇਤਿਹਾਸ ਨੂੰ ਵੰਨ-ਸੁਵੰਨੀਆਂ ਕਲਾ ਕਿਰਤਾਂ, ਵਿਚਾਰ-ਚਰਚਾਵਾਂ ਅਤੇ ਵਿਸ਼ੇਸ਼ ਕਰਕੇ ਆਜ਼ਾਦ ਹਿੰਦ ਫ਼ੌਜ ਦੇ ਇਤਿਹਾਸਕ ਪਰਿਪੇਖ ਨੂੰ ਕੇਂਦਰ ’ਚ ਰੱਖ ਕੇ ਉਭਾਰਨ ਦਾ ਕਾਰਜ ਉਲੀਕਿਆ ਗਿਆ ਹੈ। ਦੇਸ਼-ਬਦੇਸ਼ ਅੰਦਰ ਗ਼ਦਰੀ ਸ਼ਤਾਬਦੀ ਦੀਆਂ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਅਗਲਾ ਪੂਰਾ ਵਰ੍ਹਾ ਸ਼ਤਾਬਦੀ ਸਮਾਰੋਹਾਂ ਦੀ ਅਰੁਕ ਅਤੇ ਅਮੁੱਕ ਲੜੀ ਬਣੇਗਾ। ਇਸ ਦੇ ਸਿਖ਼ਰ ’ਤੇ 1 ਨਵੰਬਰ 2013 ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਯਾਦਗਾਰੀ ਸ਼ਤਾਬਦੀ ਸਮਾਰੋਹ ਹੋਵੇਗਾ। ਇਸ ਵਿਰਾਸਤ ਨੂੰ ਸੰਭਾਲਣਾ, ਅੱਗੇ ਤੋਰਨਾ, ਅਜੋਕੀਆਂ ਚੁਣੌਤੀਆਂ ਦੇ ਸਨਮੁੱਖ ਇਤਿਹਾਸਕ ਵਿਰਾਸਤ ਦੀ ਪ੍ਰਸੰਗਿਕਤਾ ਉਭਾਰਨਾ ਸਮੇਂ ਦੀ ਵੱਡੀ ਲੋੜ ਹੈ।

