ਬੜਾ ਪੁਰਾਣਾ ਹੈ,ਸਵਾਲਾਂ ਦਾ ਦਰੱਖ਼ਤ
ਜਿਸ ਦੇ ਪੱਤਿਆਂ ਨਾਲ ਲਾਡ ਕਰ ਰਹੀ ਏ
ਸਿਆਸਤ ਦੀ ਹਵਾ
ਰਾਜ ਇਸ ਗੱਲ ਦਾ ਇਕਬਾਲ ਹੈ ਕਿ ਸਮਾਜ ਨਾ ਹੱਲ ਹੋ ਸਕਣ ਵਾਲੇ ਜਮਾਤੀ ਟਕਰਾ ਅਤੇ ਵਿਰੋਧਾ ਵਿੱਚ ਉਲਝ ਗਿਆ ਹੈ ਅਤੇ ਇਨ੍ਹਾਂ ਜਮਾਤੀ ਵਿਰੋਧਾਂ ਵਿਚਲੇ ਤਿੱਖੇਪਨ ਨੂੰ ਨਰਮ ਕਰਨ ਲਈ ਅਤੇ ਟਕਰਾਵੇਂ ਆਰਥਿਕ ਹਿੱਤਾਂ ਵਾਲੀਆਂ ਜਮਾਤਾਂ ਨੂੰ “ਪ੍ਰਬੰਧ” ਦੀਆਂ ਹੱਦਾ ਵਿੱਚ ਰੱਖਣ ਲਈ ਵਿਕਾਸ ਦੇ ਇੱਕ ਪੜਾਅ ‘ਤੇ ਇਸੇ ਸਮਾਜ ਵਿੱਚੋਂ ਉਪਜੀ ਸ਼ਕਤੀ ਹੈ। ਰਾਜ ਸਿਰਫ ਇੱਕ ਜਮਾਤ ਦੀ ਦੂਜੀ ਜਮਾਤ ਉੱਪਰ ਹਕੂਮਤ ਹੈ ਜੇ ਰਾਜ ਇਨ੍ਹਾਂ ਜਮਾਤੀ ਵਿਰੋਧਾਂ ਨੂੰ ਹੱਲ ਕਰ ਸਕਣ ਦੇ ਯੋਗ ਹੁੰਦਾ ਤਾਂ ਹੁਣ ਤੱਕ ਖੁਦ ਵੀ ਇਸ ਨੂੰ ਖਤਮ ਹੋ ਜਾਣਾ ਚਾਹੀਦਾ ਸੀ। ਇਸ ਲਈ ਕਿਸੇ ਵੀ ਤਰ੍ਹਾਂ ਦੇ ਰਾਜ ਪ੍ਰਬੰਧ ਵਿੱਚ ਇਹ ਗੱਲ ਕਿ ਉਹ ਸਾਰੀਆ ਆਰਥਿਕ ਹਿੱਤਾਂ ਵਾਲੀਆਂ ਜਮਾਤਾਂ ਦੇ ਅਨਕੂਲ ਹੋਵੇਗਾ ਸਿਰਫ ਇੱਕ ਕਲਪਨਾ ਹੀ ਹੈ। ਇਹ ਸਿਰਫ ਤੇ ਸਿਰਫ ਇੱਕ ਖਾਸ ਜਮਾਤ ਦੇ ਆਰਥਿਕ,ਸਮਾਜਿਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਹੀ ਉਜਾਗਰ ਕਰਦਾ ਹੋਵੇਗਾ ਅਤੇ ਇਸੇ ਦੀ ਹੀ ਤਰਜਮਾਨੀ ਕਰੇਗਾ। ਬੇਸ਼ੱਕ ਇਸ ਰਾਜ ਦੇ ਨੁਮਾਇਦੇ ਇਹ ਪ੍ਰਚਾਰ ਕਰਨ ਕੀ ਇਹ ਸਭ ਦੀ ਭਲਾਈ ਦਾ ਕਲਿਆਣਕਾਰੀ ਰਾਜ ਹੈ,ਪਰ ਇਸ ਵਿੱਚ ਅਚੇਤ ਜਾਂ ਸੁਚੇਤ ਤੌਰ ’ਤੇ ਵਿਰੋਧੀ ਹਿੱਤਾਂ ਵਾਲੀਆਂ ਜਮਾਤਾਂ ਦਾ ਵਿਰੋਧ ਹਮੇਸ਼ਾ ਹੀ ਮੌਜੂਦ ਰਹੇਗਾ।

ਅੱਜ ਜਦ ਕੁਲ ਦੁਨੀਆਂ ਲੋਕਤੰਤਰਿਕ ਰਾਜ ਦੀ ਮੁਦੱਈ ਹੈ, ਜਿਸ ਵਿੱਚ ਟਕਰਾਵੇ ਆਰਥਿਕ ਹਿੱਤਾਂ ਵਾਲੀਆਂ ਜਮਾਤਾਂ ਦੇ ਘੋਲ ਨੂੰ ਨਰਮ ਕਰਨ ਦੀ ਸਭ ਤੋਂ ਵੱਧ ਸੰਭਾਵਨਾਂ ਸਮਝੀ ਜਾਂਦੀ ਹੈ, ਉੱਥੇ ਹੀ ਸੈਕੂਲਰਵਾਦ ਦੀ ਭੂਮਿਕਾ ਵੀ ਅਹਿਮ ਹੈ, ਕਿਉਂਕਿ ਅੱਜ ਵਿਸ਼ਵੀਕਰਨ ਦੇ ਦੌਰ ਵਿੱਚ ਕੋਈ ਵੀ ਕੌਮ ਜਾਂ ਫਿਰਕਾ ਸਿਰਫ ਇੱਕ ਖਾਸ ਦੇਸ਼ ਦੀਆਂ ਹੱਦਾਂ ਵਿੱਚ ਕੈਦ ਨਹੀਂ ਹੈ, ਸੋ ਕਿਸੇ ਇੱਕ ਖਾਸ ਫਿਰਕੇ ਲਈ ਸਿਰਫ ਧਰਤੀ ਦੇ ਕਿਸੇ ਇੱਕ ਖਾਸ ਟੁਕੜੇ ਦੇ ਹੌਮਲੈਂਡ ਹੋਣ ਦੀ ਗੱਲ ਕੁਝ ਅਟਪਟੀ ਜਿਹੀ ਲੱਗਦੀ ਹੈ। ਪਰ ਫਿਰ ਵੀ ਦੁਨੀਆਂ ਵਿੱਚ ਕੌਮਵਾਦ ਜਾਂ ਖਾਸ ਫਿਰਕੇ ਦੇ ਫਲਸਫੇ ਅਧੀਨ ਸਿਰਫ ਇੱਕ ਫਿਰਕੇ ਦੇ ਰਾਜ ਪ੍ਰਬੰਧ ਦੀਆਂ ਸੰਭਾਵਨਾਵਾਂ ਲ਼ੰਮੇ ਸਮੇਂ ਤੋਂ ਖੋਜੀਆਂ ਜਾ ਰਹੀਆਂ ਹਨ, ਜਿਸ ਨੂੰ ਸਿਰਫ ਉਸ ਫਿਰਕੇ ਦੀ ਹੌਮਲੈਂਡ ਜਾਂ ਕੌਮੀ ਘਰ ਦਾ ਨਾ ਦਿੱਤਾ ਜਾ ਰਿਹਾ ਹੈ। ਦੁਨੀਆਂ ਵਿੱਚ ਧਰਮ ਦੀ ਤਰਜ ’ਤੇ ਹੌਦ ਵਿੱਚ ਆਏ ਦੇਸ਼ ਚਾਹੇ ਉਹ ਇਸਰਾਈਲ਼ ਹੋਵੇ ਚਾਹੇ ਈਰਾਨ ਚਾਹੇ ਸਾਡਾ ਗੁਆਢੀ ਦੇਸ਼ ਇਨ੍ਹਾਂ ਦੀ ਜੋ ਅੱਜ ਦੁਨੀਆਂ ਵਿੱਚ ਇਮੇਜ਼ ਹੈ ਉਹ ਕਿਸੇ ਤੋਂ ਲੁੱਕੀ ਛੁਪੀ ਨਹੀਂ ਹੈ। ਸਾਫ ਹੈ ਕਿ ਕਿਸੇ ਖਾਸ ਫਿਰਕੇ ਲਈ ਉਸਾਰੇ ਗਏ ਕੌਮੀ ਘਰ ਵਿੱਚ ਬਾਕੀ ਫਿਰਕਿਆਂ ਦੀ ਦੁਰਦਸ਼ਾ ਤੈਅ ਹੈ। ਕਈ ਵਾਰ ਕੁਝ ਅਜਿਹੇ ਦੇਸ਼ਾਂ ਵਿੱਚ ਜਿੱਥੇ ਲੋਕ ਇਤਿਹਾਸਕ ਪ੍ਰਪੇਖ ਵਿੱਚ ਇੱਕ ਖਾਸ ਫਿਰਕਿਆਂ ਦੀ ਹਕੂਮਤ ਵਿੱਚੋਂ ਹਾਲੇ ਲੰਘੇ ਹੀ ਹੋਣ ਜਾਂ ਲੰਘ ਰਹੇ ਹੋਣ ਆਪਣੇ ਖੁਦ ਦੇ ਰਾਜ ਭਾਗ ਦੀ ਧਾਰਨਾ ਵੱਲ ਸਭ ਤੋਂ ਜਲਦੀ ਖਿੱਚੇ ਆਉਂਦੇ ਹਨ। ਉਹਨ੍ਹਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਸਿਰਫ ਉਨ੍ਹਾਂ ਦੇ ਰਾਜ ਭਾਗ ਦੀ ਸਥਾਪਤੀ ਨਾਲ ਹੀ ਸੰਭਵ ਹੋ ਜਾਣਾ ਹੈ ਹੋਰ ਵੀ ਆਸਾਨ ਹੋ ਜਾਂਦਾ ਹੈ ਚਾਹੇ ਕਿ ਯਕੀਨ ਦਿਵਾਉਣ ਵਾਲਿਆਂ ਕੋਲ ਇਸ ਸੰਬਧੀ ਠੋਸ ਤਰਕ ਹੋਣ ਜਾਂ ਨਾ ਹੋਣ ਅਕਸਰ ਇਸ ਮੰਤਵ ਨੂੰ ਲੈ ਕੇ ਸ਼ੁਰੂ ਹੋਈਆਂ ਲਹਿਰਾਂ ਜਾਂ ਤਾਂ ਹਾਕਮ ਧਿਰ ਵੱਲੋਂ ਦਬਾ ਦਿੱਤੀਆਂ ਜਾਂਦੀਆ ਹਨ ਜਾਂ ਜੇ ਇਹ ਆਪਣੇ ਮੰਤਵ ਦੀ ਪੂਰਤੀ ਕਰ ਵੀ ਲੈਂਦੀਆਂ ਹਨ ਤਾ ਆਪਣੇ ਅੰਤਮ ਟੀਚੇ ਰਾਜ ਨੂੰ ਪ੍ਰਾਪਤ ਕਰ ਅਰਾਜਿਕਤਾ ਨੂੰ ਜਨਮ ਦਿੰਦੀਆਂ ਹਨ, ਕਿਉਂਕਿ ਉਨ੍ਹਾਂ ਕੋਲ ਭਵਿੱਖ ਬਾਰੇ ਕੋਈ ਸਾਫ ਸਪਸ਼ੱਟ ਤਸਵੀਰ ਬਹੁਤੀ ਵਾਰ ਹੁੰਦੀ ਹੀ ਨਹੀਂ।
ਇਸ ਲਹਿਰ ਦੇ ਵਿਸ਼ਲੇਸ਼ਣ ਲਈ ਸਾਨੂੰ ਕਹਾਣੀ ਜ਼ਰਾ ਦੂਰ ਤੋਂ ਸ਼ੁਰੂ ਕਰਨੀ ਪਵੇਗੀ। ਅੰਗਰੇਜ਼ਾਂ ਦੇ ਪੰਜਾਬ ਵਿੱਚ ਰਾਜ ਕਾਇਮ ਹੋਣ ਤੋਂ ਬਆਦ ਜਿੱਥੇ ਸਿੱਖ ਧਰਮ ਵਿਚਲੇ ਅਣਖੀਲੇ ਤੱਤਾਂ ਨੇ ਹਕੂਮਤ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਰੱਖਿਆ, ਉੱਥੇ ਹੀ ਸਿੱਖ ਅੰਗਰੇਜ਼ੀ ਫੌਜ ਵਿੱਚ ਵੀ ਭਾਰੀ ਗਿਣਤੀ ਵਿੱਚ ਭਰਤੀ ਸਨ। ਜਿਨ੍ਹਾਂ ਨੇ ੧੮੫੭ ਵਿੱਚ ਜਾਂ ਹੋਰ ਲੜਾਈਆਂ ਵਿੱਚ ਵੀ ਅੰਗਰੇਜ਼ ਹਕੂਮਤ ਦੀ ਜਿੱਤ ਵਿੱਚ ਅਹਿਮ ਰੋਲ ਅਦਾ ਕੀਤਾ ਜਿਸ ਦੀ ਇੱਕ “ਸ਼ਾਨਦਾਰ” ਮਿਸਾਲ ਸਾਰਾਗੜ੍ਹੀ ਦੀ ਲੜਾਈ ਵੀ ਹੈ। ਜਦ ਭਾਰਤ ਦੀ ਆਜ਼ਾਦੀ ਤੱਕ ਗੱਲ ਆਈ ਤਾਂ ਇਸ ਨੇ ਸਭ ਤੋਂ ਵੱਧ ਸਿੱਖ ਧਰਮ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ। ਵੰਡ ਹੋਣੀ ਤੈਅ ਸੀ ਜਿੱਥੇ ਜਿਨਾਹ ਤੇ ਨਹਿਰੂ ਆਪਣੀ ਆਪਣੀ ਜ਼ਿੱਦ ’ਤੇ ਬਜ਼ਿੱਦ ਸਨ ਅਤੇ ਸਿੱਖ ਹਰ ਹੀਲੇ ਵੰਡ ਨੂੰ ਰੋਕਣ ਲਈ। ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦੀ ਵੰਡ ਵੀ ਇਸ ਨਾਲ ਤੈਅ ਸੀ, ਜੇ ਉਹ ਆਜ਼ਾਦ ਸਿੱਖ ਸਟੇਟ ਦੀ ਮੰਗ ’ਤੇ ਵੀ ਆ ਜਾਂਦੇ ਤਾਂ ਵੀ ਉਹ ਜਾਣਦੇ ਸਨ ਕਿ ਉਸ ਵਿੱਚੋਂ ਪਟਨਾ ਸਾਹਿਬ, ਨੰਦੇੜ ਸਾਹਿਬ ਅਤੇ ਕਈ ਹੋਰ ਗੁਰਧਾਮ ਮਨਫੀ ਹੋਣੇ ਸਨ। ਦੂਸਰੇ ਪਾਸੇ ਕੱਟੜ ਹਿੰਦੂਵਾਦ ਦੇ ਪੁਜਾਰੀ ਪੁਆੜੇ ਪਾਊ ਦਿਆਨੰਦ ਦੇ ਬੀਜੇ ਬੀਜ ਵੀ ਹੁਣ ਪੁੰਗਰਨ ਲੱਗੇ ਸਨ, ਇਸੇ ਤੱਤ ਭਲਥੇ ਵਿੱਚ ਹੁਣ “ਹਮ ਹਿੰਦੂ ਨਹੀਂ” ਦੀ ਗੂੰਜ ਵੀ ਸ਼ੁਰੂ ਹੋ ਗਈ ਸੀ। ਸਿੱਖ ਲੀਡਰ ਅੰਤ ਤੱਕ ਵੀ ਕਿਸੇ ਸਪੱਸ਼ਟ ਫੈਸਲੇ ਤੱਕ ਨਹੀਂ ਪੁਹੰਚ ਸਕੇ ਅਤੇ ਅਖੀਰ ਉਹਨਾਂ ਨੇ ਭਾਰਤ ਵਿੱਚ ਰਹਿਣਾ ਕਬੂਲ ਕਰ ਲਿਆ। ਪਰ ਫਿਰ ਵੀ ਉਹ ਮਹਿਸੂਸ ਕਰਦੇ ਸਨ ਕਿ ਉਹ ਆਪਣੇ ਅਸਲ ਟੀਚੇ ਤੱਕ ਨਹੀਂ ਪੁਹੰਚ ਸਕੇ ਰਾਜ ਭਾਗ ਵਿੱਚ ਉਹ ਅਜੇ ਵੀ ਖੁਦ ਨੂੰ ਹੀਣਾ ਮਹਿਸੂਸ ਕਰਦੇ ਸਨ। ਕਿਉਂਕਿ ਅਜੇ ਵੀ ਸਿੱਖਾਂ ਦੇ ਨਾਲ ਨਾਲ ਭਾਰਤੀ ਪੰਜਾਬ ਵਿੱਚ ਹਿੰਦੂ ਆਬਾਦੀ ਸੀ ਹਾਲੇ ਹਰਿਆਣਾ ਅਤੇ ਹਿਮਾਚਲ ਪੰਜਾਬ ਦਾ ਹੀ ਹਿੱਸਾ ਸਨ ਜਿਸ ਕਾਰਨ ਰਾਜ ਸੱਤਾ ਦਾ ਰਾਹ ਅਜੇ ਵੀ ਹਿੰਦੂ ਵਰਗ ਦੀ ਗਲੀ ਵਿੱਚੋਂ ਹੋ ਕੇ ਲੰਘਦਾ ਸੀ।੧੯੫੧ ਵਿੱਚ ਜਦ ਬੋਲੀ ਦੇ ਆਧਾਰ ਉੱਪਰ ਸੂਬਿਆਂ ਦੀ ਵੰਡ ਸ਼ੁਰੂ ਹੋਈ ਤਾਂ ਹਿੰਦੂ ਵੀਰਾਂ ਨੇ ਪੰਜਾਬੀ ਦੀ ਬਜਾਏ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਨੂੰ ਤਰਜੀਹ ਦਿੱਤੀ, ਕਿਉਂਕਿ ਹਿੰਦੂ ਵਰਗ ਦੇ ਲੋਕ ਜੋ ਸਰਕਾਰੀ ਅਰਧ ਸਰਕਾਰੀ ਨੌਕਰੀਪੇਸ਼ਾ ਸਨ ਜਾ ਵਪਾਰੀ ਅਤੇ ਸਿਆਸਤ ‘ਤੇ ਭਾਰੂ ਸਨ ਇਸ ਸਹਿਮ ਵਿੱਚ ਸਨ ਕਿ ਜੇ ਪੰਜਾਬੀ ਸਾਰਕਾਰੀ ਬੋਲੀ ਬਣ ਗਈ ਤਾਂ ਉਨ੍ਹਾਂ ਦੀ ਉਹ ਵਿਸ਼ੇਸ਼ ਹੈਸੀਅਤ ਛੇਤੀ ਹੀ ਖੁਸ ਜਾਵੇਗੀ। ਹਿੰਦੂ ਕੱਟੜਵਾਦੀਆਂ ਨੇ ਵੀ ਇਹ ਗੱਲ ਪ੍ਰਚਾਰਨ ਵਿੱਚ ਕੋਈ ਕਸਰ ਨਾ ਛੱਡੀ ਕਿ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਸਿਰਫ ਸਿੱਖਾਂ ਦੀ ਹੀ ਹੈ,ਇਸੇ ਦੇ ਪ੍ਰਤੀਕਰਮ ਅਕਾਲੀ ਦਲ ਦਾ ਪੰਜਾਬੀ ਸੁਬੇ ਦਾ ਮੋਰਚਾਂ ਸੀ ਜਿਸ ਨੂੰ ਬਹੁਤੇ ਹਿੰਦੂ ਲੋਕ ਇਹੀ ਸਮਝਦੇ ਸਨ ਕਿ ਸਿੱਖ ਲ਼ੀਡਰ ਹੁਣ ਆਜ਼ਾਦ ਸਿੱਖ ਸਟੇਟ ਤੋਂ ਤਿਲਕ ਕੇ ਪੰਜਾਬੀ ਸੂਬੇ ’ਤੇ ਆ ਗਏ ਹਨ। ਜਿਸ ਦੇ ਪ੍ਰਤੀਕਰਮ ਵਜੋਂ ਹੌਂਦ ਵਿੱਚ ਆਇਆ ਸੂਬਾ ਬੋਲੀ ਨਾਲੋਂ ਜ਼ਿਆਦਾ ਧਰਮ ਆਧਰਤ ਸੀ, ਪਕਿਸਤਾਨ ਦੀ ਧਰਮ ਅਧਾਰਤ ਸਟੇਟ ਵਾਲੀ ਤਾਜ਼ਾ ਉਦਾਰਹਣ ਅਜੇ ਉਨ੍ਹਾਂ ਦੇ ਸਮਾਹਣੇ ਸੀ ਇਸ ਲਈ ਉਹ ਖੁਦ ਨੂੰ ਇੱਕ ਹੋਰ ਧਰਮ ਆਧਰਤ ਸਟੇਟ ਵਿੱਚ ਫਸਿਆ ਨਹੀਂ ਸੀ ਦੇਖਣਾ ਚਾਹੁੰਦੇ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਸਿੱਖ ਇਹ ਮਹਿਸੂਸ ਕਰਦੇ ਸਨ ਕਿ ਹਿੰਦੂਵਾਦੀ ਖਾਸੇ ਵਾਲੇ ਭਾਰਤ ਵਿੱਚ ਆਜ਼ਾਦੀ ਦਾ ਨਿੱਘ ਨਹੀਂ ਮਾਣ ਰਹੇ ਸਨ। ਇਸੇ ਲਈ ਅੱਗੇ ਚੱਲ ਕੇ ਉਨ੍ਹਾਂ ਪੰਜਾਬੀ ਸੂਬੇ ਵਾਂਗ ਆਨੰਦਪੁਰ ਸਾਹਿਬ ਦੇ ਅੰਦਰੂਨੀ ਖੁਦ ਮੁਖਤਿਆਰੀ ਵਾਲੇ ਮਤੇ ਨੂੰ ਵੀ ਧਰਮ ਅਧਾਰਤ ਸਟੇਟ ਦੀ ਹੀ ਕੜੀ ਵਜੋਂ ਦੇਖਿਆ। ਹਾਲੇ ਅੰਦਰੂਨੀ ਖੁਦ ਮੁਖਤਿਆਰੀ ਦੇ ਖਾਸੇ ਵਾਲੇ ਕਸ਼ਮੀਰ ਵਿੱਚ ਉਨ੍ਹਾਂ ਦੀ ਦੁਰਦਸ਼ਾ ਦੀ ਕਹਾਣੀ ਵੀ ਕੋਈ ਬੁਹਤੀ ਪੁਰਾਣੀ ਨਹੀਂ ਸੀ। ਇਹ ਕੁਝ ਪ੍ਰਮੁੱਖ ਕਾਰਨ ਸਨ ਜਿਨ੍ਹਾਂ ਕਰਕੇ ਪੰਜਾਬ ਵਿਚਲੇ ਹਿੰਦੂ ਵਰਗ ਨੇ ਇਸ ਸਭ ਤੋਂ ਦੂਰੀ ਬਣਾਈ ਰੱਖੀ ਜਾਂ ਵਾਹ ਲੱਗਦੀ ਨੂੰ ਇਸ ਦਾ ਵਿਰੋਧ ਵੀ ਕੀਤਾ। ਜਿਸ ਨੇ ਹਿੰਦੂ ਅਤੇ ਸਿੱਖ ਭਾਈਚਾਰੇ ਵਿੱਚ ਤਰੇੜ ਪਾਉਣੀ ਸ਼ੁਰੂ ਕਰ ਦਿੱਤੀ। ਪੰਜਾਬੀ ਕੌਮ ਫਿਰਕੂ ਲੀਹਾਂ ਵਿੱਚ ਵੰਡੀ ਗਈ।
ਇਥੇ ਇੱਕ ਗੱਲ ਸਾਫ ਕਰਨੀ ਬਣਦੀ ਹੈ ਕਿ ਕੌਮ ਦੀ ਅਸਲ ਪਰਿਭਾਸ਼ਾ ਕੀ ਹੈ, ਕੀ ਇਕੋ ਧਰਾਤਲ,ਇੱਕ ਸੱਭਿਆਚਾਰ,ਬੋਲੀ ਅਤੇ ਸਮਾਜਿਕ ਰੀਤੀ ਰਿਵਾਜ ,ਸਾਫ ਹੈ ਕਿ ਪੱਜਾਬ ਦੀ ਧਰਾਤਲ ਸਿਰਫ ਸਿੱਖ ਧਰਮ ਦੇ ਹੀ ਪੈਰੋਕਾਰਾਂ ਤੱਕ ਹੀ ਸੀਮਤ ਨਹੀਂ ਸੀ, ਦੂਸਰਾ ਪੰਜਾਬੀ ਸਭਿਆਚਾਰ ਅਤੇ ਸਿੱਖ ਸਭਿਆਚਾਰ ਨੂੰ ਵੀ ਰਲਗੱਡ ਨਹੀਂ ਕੀਤਾ ਜਾ ਸਕਦਾ। ਪੰਜਾਬੀ ਸਭਿਆਚਾਰ ਵਿੱਚੋਂ ਦੁੱਲਾ,ਜੱਗਾ,ਜਿਉਣਾ,ਪੋਰਸ,ਜੈਮਲ ਫੱਤਾ ਜਾਂ ਵਰਿਸ,ਬੁੱਲਾ ਅਤੇ ਸੂਫੀਵਾਦ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ, ਹਾਂ ਸਿੱਖ ਸਭਿਆਚਾਰ ਨੂੰ ਇਸ ਵਿੱਚ ਜੋੜਿਆ ਜ਼ਰੂਰ ਜਾ ਸਕਦਾ ਹੈ। ਬੋਲੀ ਵੀ ਪੰਜਾਬੀ ਨੂੰ ਸਿਰਫ ਸਿੱਖ ਨਾਲ ਜੋੜ ਕੇ ਨਹੀਂ ਦੇਖੀ ਜਾ ਸਕਦੀ,ਲਹਿੰਦੇ ਪੰਜਾਬ ਦੀ ਬੋਲੀ ਵੀ ਪੰਜਾਬੀ ਹੈ ਹਾਂ ਲਿਪੀ ਜ਼ਰੂਰ ਵੱਖਰੀ ਹੈ,ਪੰਜਾਬ ਵਿੱਚ ਪੰਜਾਬੀ ਸਿੱਖ ਧਰਮ ਦੇ ਹੌਂਦ ਵਿੱਚ ਆਉਣ ਤੋਂ ਪਹਿਲਾਂ ਵੀ ਪ੍ਰਚਲਤ ਸੀ, ਗੋਰਖ ਦੀਆਂ ਲਿਖਤਾ ਇਸ ਦੀ ਸਾਫ ਉਦਾਹਰਣ ਹਨ। ਖੈਰ ਪੰਜਾਬੀ ਸੂਬੇ ਦੀ ਪ੍ਰਾਪਤੀ ਤੋਂ ਬਆਦ ਰਾਜਨੀਤਕ ਮਸਲੇ ਥੋਕ ਵਿੱਚ ਪੈਦਾ ਹੋ ਗਏ ਸਨ,ਕੇਂਦਰ ਸਰਕਾਰ ਆਪਣੇ ਅੜੀਅਲ ਰਵਈਏ ਉਪਰ ਕਾਇਮ ਸੀ ਉਹ ਆਪਣੇ ਹਿੰਦੂ ਵੋਟ ਬੈਂਕ ਲਈ ਕਿਸੇ ਵੀ ਤਰ੍ਹਾਂ ਇਨ੍ਹਾਂ ਮਸਲਿਆਂ ਨੂੰ ਹੋਰ ਆਦਾ ਪਚੀਦਾ ਬਣਾਉਣ ਵਿੱਚ ਲੱਗੀ ਹੋਈ ਸੀ ਜਿਸ ਵਿੱਚ ਆਕਾਲੀ ਦਲ ਅਣਭੋਲ ਹੀ ਉਸ ਦੇ ਹੱਥਾਂ ਵਿੱਚ ਖੇਡ ਗਿਆ ਸੀ। ਅਕਾਲੀ ਹਮੇਸ਼ਾ ਹੀ ਇਸ ਗੱਲ ਲਈ ਕੇਂਦਰ ਸਰਕਾਰ ਨੂੰ ਕੋਸਦੇ ਰਹੇ ਕਿ ਪੰਜਾਬ ਸਿਰਫ ਖੇਤੀ ਉਪਰ ਹੀ ਨਿਰਭਰ ਹੈ ਉਦਯੋਗਿਕ ਵਿਕਾਸ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਨਾਲ ਦੂਰ ਵਿਵਹਾਰ ਕੀਤਾ ਸੀ ਪ੍ਰੰਤੂ ਸੱਚ ਤਾਂ ਇਹ ਹੈ ਕਿ ਜਦੋਂ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਗਿਆ ਪੰਜਾਬ ਵਿੱਚ ਉਦਯੋਗਿਕ ਪੂੰਜੀ ਨਿਵੇਸ਼ ਦੀਆਂ ਧੁੰਮਾਂ ਮਚੀਆਂ ਹੋਈਆਂ ਸਨ ਉਸ ਸਮੇਂ ਸੂਬੇ ਦਾ ਉਦਯੋਗਿਕ ਉਤਪਾਦਨ 8.4% ਦੀ ਦਰ ਨਾਲ ਵੱਧ ਰਿਹਾ ਸੀ ਜੋ ਕੌਮੀ ਔਸਤ ਤੋ ਦੁੱਗਣਾ ਸੀ। ਪਾਣੀਆਂ ਦੇ ਪੇਚੀਦਾ ਮਸਲੇ,ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਇਹ ਸਭ ਮਸਲੇ ਜੋ ਹੁਣ ਹਰਿਆਣਾ ਅਤੇ ਹਿਮਾਚਲ ਦੇ ਵੱਖਰੇ ਹੋਣ ਕਾਰਨ ਉਭਰੇ ਸਨ ਅਕਾਲੀ ਦਲ ਲਈ ਇੱਕ ਹੋਰ ਮੋਰਚੇ ਲਈ ਅਤਿ ਲੋੜੀਂਦੇ ਸਨ। ਅਕਾਲੀ ਦਲ ਨੇ ਕਪੂਰੀ ਨਹਿਰ ਤੋਂ ਜਦ ਇਹ ਮੋਰਚਾ ਆਰੰਭ ਕੀਤਾ ਤਾਂ ਕੋਈ ਖਾਸ ਸਫਲਤਾ ਹੱਥ ਨਾ ਲੱਗੀ ਹੁਣ ਇੱਕ ਵਾਰ ਫਿਰ ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਜਦ ਤੱਕ ਇਸ ਨੂੰ ਧਾਰਮਿਕ ਰੰਗਤ ਨਹੀਂ ਦਿੱਤੀ ਜਾਦੀ ਇਸ ਦੀ ਸਫਲਤਾ ਸ਼ੱਕੀ ਸੀ ,ਕਿਉਂਕਿ ਇਹ ਫਾਰਮੂਲਾ ਪਹਿਲੀਆਂ ਸਭ ਐਜ਼ੀਟੇਸ਼ਨਾ ਵਿੱਚ ਕਾਮਯਾਬ ਰਿਹਾ ਸੀ। ਸੋ ਇਸ ਮੋਰਚੇ ਨੂੰ ਤਬਦੀਲ ਕਰ ਅੰਮ੍ਰਿਤਸਰ ਲੈ ਜਾਇਆ ਗਿਆ ਅਤੇ ਅਕਾਲੀ ਦਲ ਨੂੰ ਇਸ ਵਾਰ ਆਸ ਮੁਤਾਬਕ ਸਫਲਤਾ ਵੀ ਮਿਲੀ ਚਾਹੇ ਕਿ ਅਜਿਹਾ ਕਰਨ ਨਾਲ ਕਾਮਰੇਡ ਪਾਰਟੀਆਂ ਨੇ ਇਸ ਮੋਰਚੇ ਤੋਂ ਪੱਲਾ ਝਾੜ ਗਈਆਂ ਸਨ।
ਇੱਥੇ ਹੀ ਸਿੱਖ ਰਾਜਨੀਤੀ ਵਿੱਚ ਇੱਕ ਐਸੇ ਵਿਆਕਤੀ ਦੀ ਐਂਟਰੀ ਹੁੰਦੀ ਹੈ ਜਿਸ ਨੇ ਇਸ ਦੌਰ ਵਿੱਚ ਇੱਕ ਅਹਿਮ ਕਿਰਦਾਰ ਬਣ ਕੇ ਉਭਰਨਾ ਸੀ, ਪਹਿਲੀ ਵਾਰ ਉਹ ਉਦੋ ਸਭ ਦੀ ਨਜ਼ਰੇ ਪਿਆ ਜਦੋਂ ਅੰਮ੍ਰਿਤਸਰ ਵਿੱਚ ਨਿੰਰਕਾਰੀ ਸਮਾਗਮ ਹੋਣ ਜਾ ਰਿਹਾ ਸੀ, ਉਸ ਨੇ ਇਸ ਨੂੰ ਰੋਕਣ ਲਈ ਸਿੱਖ ਸੰਗਤ ਨੂਂ ਅਪੀਲ ਕੀਤੀ, ਦਮਦਮੀ ਟਕਸਾਲ ਜਿਸ ਦਾ ਉਹ ਹੁਣ ਮੁੱਖੀ ਸੀ ਪਹਿਲਾ ਵੀ ਸੰਤ ਕਰਤਾਰ ਸਿੰਘ ਸਮੇ ਵੀ ਨਿੰਰਕਾਰੀਆਂ ਨਾਲ ਭਿੜਦੀ ਰਹੀ ਸੀ। ਅੰਤ ਵਿੱਚ ਇਸ ਨੂੰ ਰੋਕਣ ਲਈ ਇੱਕ ਜੱਥਾ ਬਣਇਆ ਗਿਆ ਅਤੇ ਵਿਰੋਧ ਜਿਤਾਉਣ ਲਈ ਨਿੰਰਕਾਰੀ ਸਮਾਗਮ ਨੂੰ ਬੰਦ ਕਰਵਾਉਣ ਲਈ ਸਮਾਗਮ ਵਾਲੀ ਜਗ੍ਹਾ ਤੇ ਜਾਣ ਦਾ ਫੈਸਲਾ ਹੋਇਆ, ਸੰਤ ਭਿੰਡਰਾਵਾਲਾ ਖੁਦ ਇਸ ਜਥੇ ਨਾਲ ਨਾ ਗਿਆ ,ਜਿਸ ਦੇ ਕਾਰਨ ਕਦੇ ਵੀ ਸਪੱਸ਼ਟ ਨਹੀ ਕੀਤੇ ਗਏ। ਉਧਰ ਸਮਾਗਮ ਵਾਲੀ ਥਾ ਤੇ ਵਾਪਰੀ ਘਟਨਾ ਵਿੱਚ ੧੩ ਸਿੱਖ ਮਾਰੇ ਗਏ ਜਿਨ੍ਹਾਂ ਨੂੰ ਸ਼ਹੀਦ ਕਰਾਰ ਦੇ ਦਿੱਤਾ ਗਿਆ, ਜਿਸ ਦੇ ਕਤਲ ਦਾ ਦੋਸ਼ੀ ਨਿੰਰਕਾਰੀ ਗੁਰਬਚਨ ਨੂੰ ਦੱਸਿਆ ਗਿਆ। ਇਨ੍ਹਾਂ ਸ਼ਹੀਦ ਹੋਏ ਸਿੱਖਾਂ ਵਿੱਚੋਂ ਇੱਕ ਫੌਜਾ ਸਿੱਘ ਦੀ ਪਤਨੀ ਬੀਬੀ ਅਮਰਜੀਤ ਕੌਰ ਹਮੇਸ਼ਾ ਭਿੰਡਰਾਵਾਲਾ ਨੂੰ ਇਸ ਗੱਲ ਲਈ ਕੋਸਦੀ ਰਹੀ ਕਿ ਉਹ ਜਾਣਬੁਝ ਕੇ ਜਥੇ ਦੇ ਸਿੰਘਾਂ ਨਾਲ ਨਿੰਰਕਾਰੀ ਸਮਾਗਮ ਦਾ ਵਿਰੋਧ ਕਰਨ ਨਾ ਗਿਆ। ਅਕਾਲੀ ਦਲ ਜਿਨ੍ਹਾਂ ਚਿਰ ਸਰਕਾਰ ਵਿੱਚ ਰਿਹਾ ਉਸ ਨੇ ਚੁੱਪ ਵੱਟ ਰੱਖੀ. ਪਰ ਸਰਕਾਰ ਵਿੱਚੋ ਬਾਹਰ ਹੁੰਦੇ ਹੀ ਉਹਨਾਂ ਨੂੰ ਇੱਕ ਐਸਾ ਤਿਆਰ ਧਰਾਮਿਕ ਪਲੇਟਫਾਰਮ ਮਿਲ ਗਿਆ ਸੀ ਜੋ ਇੱਕ ਮੋਰਚੇ ਲਈ ਬਿਲਕੁਲ ਢੁਕਵਾ ਸੀ. ਹੁਣ ਮੁੱਦਿਆਂ ਦੀ ਵੀ ਘਾਟ ਨਹੀ ਸੀ। ਭਿੰਡਰਾਂਵਾਲੇ ਸੰਬਧੀ ਮੁੱਢ ਤੋਂ ਹੀ ਕਈ ਸਵਾਲ ਉਠਦੇ ਰਹੇ,ਬਹੁਤਿਆਂ ਦਾ ਖਿਆਲ ਸੀ ਕਿ ਉਹ ਕੇਦਰ ਸਰਕਾਰ ਦੁਆਰਾ ਹੀ ਸਿੱਖ ਸਿਆਸਤ ਅਤੇ ਮਸਲਿਆ ਵਿੱਚ ਲਿਆਂਦਾ ਗਿਆ ਸੀ, ਅਜਿਹਾ ਸੀ ਜਾਂ ਨਹੀਂ ਇਹ ਤਾਂ ਪਤਾ ਨਹੀ ਪਰ ਉਸ ਉੱਪਰ ਬੀਬੀ ਭਿੰਡਰ ਦੇ ਖਿਲਾਫ ਚੌਣ ਲੜਨ ਵਾਲਾ ਪ੍ਰਾਣ ਨਾਥ ਲੇਖੀ ਅਤੇ ਹੋਰ ਕਈ ਲੋਕ ਇਹ ਇਲਜ਼ਾਮ ਲਗਾਉਂਦੇ ਰਹੇ ਕਿ ਉਸ ਨੇ ਇੰਦਰਾ ਗਾਂਧੀ ਨਾਲ ਇੱਕੋ ਸਟੇਜ ਤੋ ਬੀਬੀ ਭਿੰਡਰ ਅਤੇ ਰਘੂਨੰਦਨ ਲਾਲ ਭਾਟੀਆਂ ਲਈ ਪ੍ਰਚਾਰ ਕੀਤਾ ਸੀ, ਦਲ ਖਾਲਸਾ ਜੋ ਭਿੰਡਰਾਂਵਾਲੇ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਐਕਟਵ ਰਹੀ ਵੀ ਹਮੇਸ਼ਾ ਗਿਆਨੀ ਜੈਲ ਸਿੰਘ ਨਾਲ ਜੋੜੀ ਜਾਂਦੀ ਰਹੀ। ਸੰਤ ਭਿੰਡਰਾਂਵਾਲੇ ਨੂੰ ਜਦੋਂ ਲਾਲਾ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆਂ ਤਾਂ ਅਦਾਲਤ ਦੀ ਬਜਾਏ ਉਸ ਨੂੰ ਭਾਰਤ ਦੇ ਗ੍ਰਹਿ ਮੰਤਰੀ ਨੇ ਨਿਰਦੋਸ਼ ਕਰਾਰ ਦਿੱਤਾ, ਹਵਾਲਾਤ ਵਿੱਚ ਉਸ ਦੀ ਇਹ ਵੀ ਸ਼ਰਤ ਮੰਨੀ ਗਈ ਕਿ ਉਸ ਦੀ ਨਿਗਰਾਨੀ ਲਈ ਸਾਬਤ ਸੂਰਤ ਸਿੱਖ ਸਿਪਾਹੀ ਹੀ ਤਇਨਾਤ ਕੀਤੇ ਜਾਣ,ਜੋ ਭਾਰਤ ਵਰਗੇ ਇੱਕ ਸੈਕੂਲਰ ਰਾਸ਼ਟਰ ਵਿੱਚ ਬੜੀ ਅਨੌਖੀ ਮੰਗ ਸੀ। ਸੰਤ ਨੇ ਦਿੱਲੀ ਵਿੱਚ ਸਰਕਾਰ ਨੂੰ ਟਿਚ ਕਰਨ ਲਈ ਜੇਤੂ ਜਲੂਸ ਕੱਢਿਆ ਜਿਸ ਵਿੱਚ ਉਸ ਦੇ ਸਮਰਥਕਾ ਨੇ ਖੁਲੇਆਮ ਆਪਣੇ ਨਾਜਇਜ਼ ਹਥਿਆਰਾਂ ਦੀ ਨੁਮਇਸ਼ ਕੀਤੀ ਪਰ ਭਾਰਤ ਦੇ ਗ੍ਰਹਿ ਮੰਤਰੀ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ,ਦਰਬਾਰ ਸਾਹਿਬ ਦੀ ਹੱਦ ਅੰਦਰ ਪੁਲਿਸ ਦੇ ਇੱਕ ਉੱਚ ਅਫਸਰ ਅਟਵਾਲ ਦਾ ਕਤਲ ਕੀਤਾ ਗਿਆ ਪਰ ਸਰਕਾਰ ਚੁੱਪ ਰਹੀ।
ਬਚਨ ਸਿੰਘ ਦਾ ਕਤਲ ਵੀ ਉਸ ਨੂੰ ਧਮਕੀ ਦੇਣ ਤੋਂ ਬਆਦ ਕੀਤਾ ਗਿਆ ਜਿਸ ਬਾਰੇ ਕਿਹਾ ਗਿਆ ਕਿ ਉਸ ਨੇ ਅਮਰੀਕ ਸਿੰਘ ਨੂੰ ਜੇਲ੍ਹ ਅੰਦਰ ਤਸੀਹੇ ਦਿੱਤੇ ਸਨ. ਸੰਤ ਭਿੰਡਰਾਂਵਾਲਾ ਅਕਸਰ ਕਹਿੰਦਾ ਸੀ ਫਲਾਣਾ ਬੰਦਾ ਮੇਰੇ ਕੋਲ ਹੈ ਸਰਕਾਰ ਵਿੱਚ ਹਿੰਮਤ ਹੈ ਤਾਂ ਫੜ ਲਵੇ, ਇਨ੍ਹਾਂ ਮਸਲੇ ਵਿੱਚ ਹੁਣ ਵਿਦੇਸ਼ੀ ਦੁਸ਼ਮਣਾ ਦੀ ਦਖਲਅੰਦਾਜ਼ੀ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ ਸੀ ਜੋ ਭਾਰਤ ਹੱਥੋਂ ਹਾਰ ਖਾ ਕੇ ਦੰਦ ਪੀਹ ਰਹੇ ਸਨ, ਚਾਂਦ ਜੋਸ਼ੀ ਅਤੇ ਕਈ ਹੋਰ ਲੇਖਕਾ ਦਾ ਮੰਨਣਾ ਹੈ ਕਿ ਇਸ ਸਮੇਂ ਇੱਕ ਡਬਲ ਏਜੰਟ ਦੀ ਵੀ ਚਰਚਾ ਆਮ ਸੀ ਜੋ ਆਈ.ਐੱਸ.ਆਈ ਅਤੇ ਰਾਅ ਦੋਹਾ ਨਾਲ ਮੇਲ ਜੋਲ ਰੱਖਦਾ ਸੀ ਬਹੁਤਿਆਂ ਦਾ ਮੰਨਣਾ ਹੈ ਕਿ ਉਹ ਹਰਮਿੰਦਰ ਸਿੰਘ ਸੰਧੂ ਸੀ, ਸੰਧੂ ਡਬਲ ਏਜੰਟ ਸੀ ਜਾਂ ਨਹੀਂ ਪਰ ਉਹ ਸੰਤ ਦੇ ਕਰੀਬੀਆਂ ਵਿੱਚੋਂ ਇੱਕੋ ਇੱਕ ਆਦਮੀ ਸੀ ਜਿਸ ਨੇ ਆਤਮ-ਸਮਰਪਣ ਕੀਤਾ ਸੀ।
ਪ੍ਰਭਸ਼ਰਨਬੀਰ ਨੇ ਵੀ ਆਪਣੀ ਕਿਤਾਬ ਸਾਕਾ ੮੪ ਵਿੱਚ ਉਨ੍ਹਾਂ ਕੁਝ ਸਿੱਖ ਲੀਡਰਾਂ ਦੀਆ ਚਿੱਠੀਆਂ ਪ੍ਰਕਾਸ਼ਤ ਕੀਤੀਆ ਹਨ ਜੋ ਸਿੱਖ ਲੀਡਰ ਸਰਕਾਰ ਨਾਲ ਤਾਲਮੇਲ ਰੱਖਦੇ ਰਹੇ ਹਨ,ਦਰਬਾਰ ਸਹਿਬ ਵਿੱਚ ਭਗੌੜੇ ਅਤੇ ਸਮਗਲਰ ਅਤੇ ਸ਼ਰਾਰਤੀ ਅਨਸਰ ਵੀ ਡੇਰਾ ਜਮਾ ਚੁੱਕੇ ਸਨ ਜਿਨ੍ਹਾਂ ਦੀ ਮੁਖਾਲਫਤ ਦੀ ਥਾਂ ਸੰਤ ਭਿੰਡਰਾਂਵਾਲੇ ਨੇ ਉਨ੍ਹਾਂ ਤੋਂ “ਕੰਮ” ਲੈਣਾ ਜਾਰੀ ਰੱਖਿਆ। ਸਰਕਾਰ ਹੁਣ ਇਸ ਮੋਰਚੇ ਵਿੱਚ ਪੂਰੀ ਤਰ੍ਹਾਂ “ਸ਼ਾਮਲ” ਸੀ ਜਿਸ ਦਾ ਅੰਤ ਸੰਤ ਭਿੰਡਰਾਂਵਾਲੇ ਅਤੇ ਉਸ ਦੇ ਸਾਥੀਆਂ ਦੇ ਖਾਤਮੇ ਨਾਲ ਹੀ ਹੋਣਾ ਸੀ। ਸੰਤ ਭਿੰਡਰਾਂਵਾਲਾ ਬਿਨ੍ਹਾਂ ਸ਼ੱਕ ਧਾਰਮਿਕ ਅਕੀਦਿਆ ਵਿੱਚ ਬਿਲਕੁਲ ਪੱਕਾ ਸੀ ਪਰ ਰਾਜਨੀਤਕ ਪਿੜ ਸ਼ਾਇਦ ਉਨ੍ਹਾਂ ਪਰਪੱਕ ਨਹੀ ਸੀ ਪਰ ਉਸ ਦੀ ਮਸਲਿਆਂ ਸੰਬਧੀ ਰਣਨੀਤੀ ਬਹੁਤੀ ਗੁਰਤੇਜ ਸਿੰਘ ਸਾਬਕਾ ਆਈ .ਏ.ਐਸ ਵਰਗਿਆਂ ‘ਤੇ ਹੀ ਨਿਰਭਰ ਸੀ। ਇਹ ਸਿਰਫ ਨਿਰਾ ਧਾਰਮਿਕ ਜੋਸ਼ ਹੀ ਸੀ ਜੋ ਸਰਕਾਰ ਨਾਲ ਸਿੱਧਾ ਟੱਕਰਨ ਲਈ ਬਜਿੱਦ ਸੀ। ਦੂਜੇ ਪਾਸੇ ਅਕਾਲੀ ਦਲ ਬੁਰੀ ਤਰ੍ਹਾਂ ਇਸ ਵਿੱਚ ਉਲਝ ਗਿਆ ਸੀ, ਮੋਰਚਾ ਉਨ੍ਹਾਂ ਦੇ ਹੱਥੋਂ ਨਿਕਲ ਚੁੱਕਾ ਸੀ ਉਨ੍ਹਾਂ ਨੂੰ ਜਲਦੀ ਹੀ ਇੱਕ ਅਜਿਹੀ ਪ੍ਰਾਪਤੀ ਦੀ ਲੋੜ ਸੀ ਜਿਸ ਨਾਲ ਉਹ ਮੋਰਚਾ ਖਤਮ ਕਰ ਸਕਣ, ਇਸ ਸੰਬਧੀ ਉਹਨਾਂ ਜਦ ਕੇਂਦਰ ਨਾਲ ਗੱਲਬਾਤ ਕੀਤੀ ਤਾ ਉਹ ਲੀਕ ਹੋ ਗਈ ਜਾਂ ਜਾਣ ਬੁਝ ਕੇ ਲੀਕ ਕਰਵਾ ਦਿੱਤੀ ਗਈ ਕਿਹਾ ਨਹੀਂ ਜਾ ਸਕਦਾ, ਸੰਤ ਭਿੰਡਰਾਂਵਾਲੇ ਨੇ ਤਦ ਲੀਡਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਨੰਦਪੁਰ ਦੇ ਮੱਤੇ ਦੀ ਪ੍ਰਾਪਤੀ ਤੋਂ ਥਿੜਕ ਨਹੀਂ ਸਕਦੇ ਇਸ ਨੇ ਆਕਾਲੀ ਦਲ ਨੂੰ ਹੋਰ ਵੀ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ।
ਇਸ ਤੱਤੇ ਮਹੋਲ ਵਿੱਚ ਖਾਲਿਸਤਾਨ ਦੇ ਨਆਰੇ ਗੂੰਜਣੇ ਸ਼ੁਰੂ ਹੋ ਗਏ ਸਨ ਜਿਸ ਨੂੰ ਨੀਲਾ ਤਾਰਾ ਤੋਂ ਬਆਦ ਸਿੱਖ ਗਰਮ ਖਿਆਲੀਆਂ ਵੱਲੋਂ ਪੂਰੀ ਤਰ੍ਹਾਂ ਆਪਣਾ ਲਿਆ ਗਿਆ। ਇਸ ਨੂੰ ਅਪਣਾਉਣ ਪਿੱਛੇ ਸਿਰਫ ਭਾਵਨਾਵਾਂ ਦਾ ਅਵੇਗ ਹੀ ਸੀ,ਇਸ ਸੁਪਨਿਆਂ ਦੇ ਦੇਸ਼ ਸੰਬਧੀ ਕੋਈ ਵੀ ਭਵਿੱਖ ਮੁੱਖੀ ਤਸਵੀਰ ਨਹੀਂ ਸੀ ਉਹ ਅਜਿਹਾ ਕਰਕੇ ਸਿਰਫ ਧਾਰਮਿਕ ਤੌਰ ‘ਤੇ ਖੁਦ ਨੂੰ ਸੁਰੱਖਿਅਤ ਕਰਨਾ ਦੀ ਸੋਚ ਰਹੇ ਸਨ ਆਰਥਿਕ ਤੌਰ ‘ਤੇ ਸੁਰੱਖਿਆਂ ਦੀ ਕੋਈ ਯੋਜਨਾ ਉਲੀਕਣ ਤੋਂ ਅਜੇ ਅਸਮਰਥ ਸਨ। ਉਨ੍ਹਾਂ ਦੇ ਨਿਰੇ ਪੁਰੇ ਧਾਰਮਿਕ ਜੋਸ਼ ਨਾਲ ਨਿਪਟਣਾ ਸਰਕਾਰ ਲਈ ਵੀ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਸੀ ਪਰ ਸਟੇਟ ਦੁਆਰਾ ਅਖਿਰ ਹਰ ਜਾਇਜ਼ ਨਜਾਇਜ਼ ਤਰੀਕਿਆਂ ਨਾਲ ਇਹ ਹਥਿਆਰਬੰਦ ਲਹਿਰ ਦਬਾ ਦਿੱਤੀ ਗਈ।
ਇਸ ਤੋਂ ਅਗਲੇ ਸਾਲਾਂ ਵਿੱਚ ਆਕਾਲੀ ਦਲ ਨੇ ਵੀ ਜੋ ਧਰਮ ਅਧਾਰਤ ਸੋਚ ਨੂੰ ਛੱਡ ਕੇ ਸੈਕੂਲਰ ਹੋਣ ਵੱਲ ਕਦਮ ਵਧਾਉਣਾ ਸ਼ੁਰੂ ਕੀਤਾ ਤਾਂ ਇਸ ਨੇ ਹੌਲੀ ਹੌਲੀ ਫਿਰ ਸਿੱਖ ਅਤੇ ਹਿੰਦੂ ਭਾਈਚਾਰੇ ਵਿੱਚ ਸਾਂਝ ਪੈਦਾ ਕਰਨੀ ਸ਼ੁਰੂ ਕਰ ਦਿੱਤੀ। ਅੱਜ ਜਦ ਪੰਜਾਬ ਵਿੱਚ ਕੁਝ ਅਹਿਮ ਸੱਮਿਸਆਵਾਂ ਮੌਜੂਦ ਹਨ ਜਿਵੇਂ ਬੇਰੁਜ਼ਗਾਰੀ,ਕਿਸਾਨੀ ਦੀ ਮਾੜੀ ਹਾਲਤ ਜਾਂ ਹੋਰ ਸਮਾਜਿਕ ਸੱਮਿਸਆਵਾਂ ਤਾਂ ਉਹਨਾਂ ਦੀ ਆੜ ਵਿੱਚ ਨਾਲ ਕੁਝ ਧਾਰਮਿਕ ਮੁੱਦੇ ਜੋੜ ਕੇ ਫਿਰ ਇਸ ਲਹਿਰ ਦਾ ਪੁਰਾਣਾ ਕੇਡਰ ਉਸ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਵਿੱਚ ਹੈ ਚਾਹੇ ਕਿ ਹੁਣ ਉਨ੍ਹਾਂ ਨੇ ਹਥਿਆਰਬੰਦ ਰਸਤਾ ਛੱਡ ਕੇ ਜਮਹੂਰੀਅਤ ਦਾ ਰਾਹ ਫੜ ਲਿਆ ਹੈ ਕਿਉਂਕਿ ਹੁਣ ਪੂਰੀ ਦੁਨੀਆਂ ਵਿੱਚ ਆਲਮੀ ਬਰਾਦਰੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਨਾਪੰਸਦ ਕੀਤਾ ਜਾਂਦਾ ਹੈ। ਇਨ੍ਹਾਂ ਦਾ ਪਹਿਲਾ ਰਾਹ ਠੀਕ ਸੀ ਜਾਂ ਹੁਣ ਦਾ ਇਹ ਤਾਂ ਉਹਨਾਂ ਲਈ ਵਿਸ਼ਲੇਸ਼ਣ ਦਾ ਵਿਸ਼ਾ ਹੈ, ਪਰ ਹੁਣ ਪੰਜਾਬੀ ਕਦੇ ਵੀ ਉਨ੍ਹਾਂ “ਕਾਲੇ ਦਿਨਾਂ” ਵੱਲ ਪਰਤਣ ਨਾਲੋਂ ਪੰਜਾਬ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਧੇਰੇ ਢੁਕਵਾਂ ਰਾਹ ਲੱਭਣਾ ਦੇ ਚਾਹਵਾਨ ਹੀ ਹੋਣਗੇ ।

