ਇਸ ਤੋਂ ਅੱਗੇ ਪ੍ਰੋਫੈਸਰ ਡਿੰਪਲ ਜੀ ਪੰਜਾਬੀ ਨਾਵਲ ਬਾਰੇ ਲਿਖਦੇ ਹੋਏ ਨਾਵਲਿਸਟ ਨਾਨਕ ਸਿੰਘ ਤੋਂ ਸ਼ੁਰੂ ਕਰਕੇ ਕੰਵਲ ਜੀ ਤੱਕ ਪਹੁੰਚਦੇ ਹਨ। ਪਰ ਨਾਨਕ ਸਿੱਘ ਜੀ ਅਤੇ ਕੰਵਲ ਜੀ ਵਿਚਕਾਰ ਪੰਜਾਬੀ ਦੇ ਕਈ ਨਾਵਲਸਿਟ ਹੋਰ ਵੀ ਹਨ ਜਿਨ੍ਹਾਂ ਦੀ ਚਰਚਾ ਕਰਨੀ ਮੈਂ ਜ਼ਰੂਰੀ ਸਮਝਦਾ ਹਾਂ। ਪੰਜਾਬੀ ਵਿੱਚ ਨਾਵਲ ਦੀ ਸ਼ੁਰੂਆਤ ਭਾਈ ਵੀਰ ਸਿੱਘ ਦੇ ਨਾਵਲ ‘ਸੁੰਦਰੀ’ ਨਾਲ ਹੁੰਦੀ ਹੈ।ਨਾਨਕ ਸਿੰਘ ਜੀ ਨੇ ਨਾਵਲਕਾਰੀ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ, ਉਨ੍ਹਾਂ ਨੇ ਉਸ ਦੌਰ ਵਿੱਚ ਵੀ ਨਾਵਲ ਲਿਖੇ ਜਦੋਂ ਮਾਰਕਸਵਾਦੀ ਆਲੋਚਨਾ ਆਪਣਾ ਇੱਕ ਖਾਸ ਸਥਾਨ ਬਣਾ ਚੁੱਕੀ ਸੀ ਅਤੇ ਇਹ ਭਰਮ ਵੀ ਸੀ ਕਿ ਅਗਾਂਹਵਧੂ ਲੇਖਣੀ ਲਈ ਜ਼ਰੂਰੀ ਹੈ ਕਿ ਉਹ ਮਿਲੀਟੈਟ ਵਰਕਰਾਂ ਬਾਰੇ ਹੋਵੇ।ਇੱਕ ਸਮੇਂ ਨਾਨਕ ਸਿੰਘ ਵੀ ਇਸ ਦਾ ਸ਼ਿਕਾਰ ਰਹੇ ਪਰ ਜਲਦ ਹੀ ਉਨ੍ਹਾਂ ਨੇ ਇਸ ਤੋਂ ਦੂਰੀ ਬਣਾ ਲਈ। ਨਾਨਕ ਸਿੰਘ ਤੋਂ ਪ੍ਰਭਾਵਿਤ ਨਰਿੰਦਰ ਸਿੰਘ ਨੇ ਵੀ ਸਿੱਖ ਇਤਿਹਾਸ ਉੱਪਰ ਅਧਾਰਤ ਕੁਝ ਨਾਵਲ ਲਿਖੇ ‘ਇਤ ਮਾਰਗ ਜਾਣਾ’,’ਇੱਕ ਸਰਕਾਰ ਬਾਝੋ’,’ਤ੍ਰੀਆ ਜਾਲ’, ‘ਸ਼ਕਤੀ’ ਅਤੇ ‘ਅਮਨ ਦਾ ਰੱਬ’। ਨਾਨਕ ਸਿੰਘ ਤੋਂ ਬਆਦ ਪੰਜਾਬੀ ਨਾਵਲਾਂ ਵਿੱਚ ‘ਸੋਸ਼ਲ ਰੀਅਲਇਜ਼ਮ’ ਨੂੰ ਸੁਰਿੰਦਰ ਸਿੰਘ ਨਰੂਲਾ ਦੇ 1946 ਵਿੱਚ ਲਿਖੇ ਨਾਵਲ ‘ਪਿਉ-ਪੁੱਤਰ’ ਨੇ ਰੂਪਮਾਨ ਕੀਤਾ।ਜਿਸ ਦੀ ਕਹਾਣੀ ਅੰਮ੍ਰਿਤਸਰ ਸ਼ਹਿਰ ਵਿੱਚ ਵੀਹਵੀ ਸਦੀ ਦੇ ਪਹਿਲੇ ਦੋ ਦਹਾਕਿਆ ਵਿੱਚ ਹੋਏ ਵਿਕਾਸ ਕਾਰਨ ਫੋਕਸ ਵਿੱਚ ਲਿਆਂਦੀ ਗਈ ਕਾਮਯਾਬ ਧਾਰਮਿਕ ਅਤੇ ਰਾਜਨੀਤਿਕ ਲਹਿਰ ਉੱਪਰ ਅਧਾਰਤ ਸੀ। ਇਸ ਤੋਂ ਇਲਾਵਾ ਨਰੂਲਾ ਨੇ ਇੱਕ ਇਤਿਹਾਸਕ ਨਾਵਲ ‘ਨੀਲੀ ਬਾਰ’ ਵੀ ਲਿਖਿਆ।ਇਸ ਤੋਂ ਬਿਨ੍ਹਾਂ ਸੰਤ ਸਿੰਘ ਸੇਖੋ ਨੇ ਵੀ ਲਹੂ ਮਿਟਚੀ ਨਾ ਦਾ ਨਾਵਲ ਲਿਖਿਆ।
ਮੇਰਾ ਇਨ੍ਹਾਂ ਸਭ ਲੇਖਕਾਂ ਬਾਰੇ ਵੇਰਵਾ ਦੇਣ ਦਾ ਮਕਸਦ ਸਿਰਫ ਇਹ ਸਾਫ ਕਰਨਾ ਸੀ ਕਿ ਪੰਜਾਬੀ ਨਾਵਲ ਜਗਤ ਵਿੱਚ ਕਾਫੀ ਵਧੀਆ ਲੇਖਕ ਕੰਵਲ ਦੇ ਸਮਕਾਲੀ ਜਾ ਕੰਵਲ ਤੋਂ ਪਹਿਲਾ ਮੌਜੂਦ ਸਨ, ਪਰ ਕੰਵਲ ਹੀ ਸੀ ਜੋ ਪੰਜਾਬੀ ਨਾਵਲ ਜਗਤ ਵਿੱਚ ਲੰਮੇ ਅਰਸੇ ਤੱਕ ਛਾਇਆ ਰਿਹਾ।ਕੰਵਲ ਦਾ ਇੱਕ ਪੱਖ ਤਾਂ ਇਹ ਰਿਹਾ ਕਿ ਉਹ ਸਮਾਜਿਕ ਯਥਾਰਥਵਾਦ ਨੁੰ ਬਾਕੀ ਲੇਖਕਾਂ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਪੇਸ਼ ਕਰਨ ਵਿੱਚ ਸਫਲ ਰਿਹਾ, ਇਸ ਲਈ ਉਸ ਕੋਲ ਕਿਸੇ ਨਾ ਕਿਸੇ ਲਹਿਰ ਦੀ ਹੋਂਦ ਵੀ ਹਰ ਸਮੇਂ ਮੌਜੂਦ ਰਹੀ। ਦੂਸਰੀ ਗੱਲ ਕੰਵਲ ਦੇ ਕਰੀਬ ਕਰੀਬ ਸਾਰੇ ਹੀ ਸਮਕਾਲੀ ਨਾਵਲ ਲਿਖਣ ਵਾਲੇ ਨਾਵਲਸਿਟ ਸਿਰਫ ਨਾਵਲ ਲਿਖਣ ਤੱਕ ਹੀ ਸੀਮਤ ਨਹੀਂ ਸਨ ਬਹੁਤੇ ਲੇਖਕ ਸਾਹਿਤ ਦੀਆ ਦੂਸਰੀਆਂ ਵਿਧਾ ਕਹਾਣੀ ਜਾਂ ਨਿਬੰਧ ਵਿੱਚ ਵੀ ਰੁੱਝੇ ਹੋਏ ਸਨ।ਇਸ ਲਈ ਉਸੇ ਸਮੇਂ ਕੰਵਲ ਹੀ ਮੂਲ ਰੁਪ ਵਿੱਚ ਸਿਰਫ ਨਾਵਲ ਨੂੰ ਸਮਰਪਿਤ ਸੀ ਉਸ ਦੀ ਬਾਈ ਵਾਲੀ ਵਾਰਤਿਕ ਸ਼ੈਲੀ ਵੀ ਨਾਵਲ ਨੂੰ ਸ਼ਿੰਗਾਰ ਦਿੰਦੀ ਸੀ। ਕੰਵਲ ਦੀ ਸਭ ਤੋਂ ਵੱਡੀ ਕਮਜ਼ੋਰੀ ਹੀ ਪੰਜਾਬੀ ਨਾਵਲਕਾਰੀ ਵਿੱਚ ਉਸਦੀ ਤਾਕਤ ਬਣੀ।ਕੰਵਲ ਨਾਲ ਹਮੇਸ਼ਾਂ ਹੀ ਇੱਕ ਸਮੱਸਿਆ ਰਹੀ ਕਿ ਉਸ ਉਪਰ ਕ੍ਰਾਂਤੀ ਦਾ ਰੌਮਾਂਸਵਾਦ ਹਮੇਸ਼ਾਂ ਹੀ ਭਾਰੂ ਰਿਹਾ, ਜਿੱਥੇ ਕਿਤੇ ਵੀ ਉਸ ਨੁੰ ਇਸ ਦਾ ਥੌੜਾ ਬਹੁਤਾ ਵੀ ਝਲਕਾਰਾ ਨਜ਼ਰ ਆਇਆ ਉਹ ਉਸ ਪਾਸੇ ਹੀ ਖਿੱਚਿਆ ਗਿਆ। ਜਦ ਕੰਵਲ ਨੇ ਸੋਸ਼ਲ ਯਥਾਰਥਵਾਦ ਨੂੰ ਹੱਥ ਪਾਇਆ ਉਸ ਸਮੇਂ ਨਕਸਲਵਾਦੀ ਲਹਿਰ ਪੰਜਾਬ ਵਿੱਚ ਛਾਈ ਹੋਈ ਸੀ, ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਕੰਵਲ ਦਾ ਪੰਜਾਬ ਦੀ ਬਦਲਾਵ ਪੱਖੀ ਹਰ ਲਹਿਰ ਨਾਲ ਮੁੱਢਲਾ ਰਿਸ਼ਤਾ ਭਾਵਨਾਤਿਮਕ ਹੀ ਰਿਹਾ, ਉਹ ਲਹਿਰ ਦੇ ਸਿਧਾਤਾਂ ਨਾਲੋ ਉਸ ਦੇ ਨਿਯਮਾਂ ਨਾਲ ਜ਼ਿਆਦਾ ਬੱਝਾ ਰਿਹਾ। ਇਸੇ ਦੌਰ ਵਿੱਚ ਕੰਵਲ ਨੇ ਆਪਣੇ ਜੀਵਨ ਦੇ ਬੇਹਤਰੀਨ ਨਾਵਲਾਂ ਨੂੰ ਪੂਰਾ ਕੀਤਾ ਇਨ੍ਹਾਂ ਨਾਵਲਾਂ ਵਿੱਚ ਉਹ ਜੈਕ ਗਿਫ੍ਰਿਥ ਲੰਡਨ ਦੇ ਨਾਵਲ ‘ਆਈਰਨ ਹੀਲ’ ਵਰਗੀ ਸਮਾਜਿਕ ਯਥਾਰਥਵਾਦ ਲਈ ਸ਼ੰਘਰਸ਼ ਦੀ ਤਸਵੀਰ ਖਿੱਚਣ ਵਿੱਚ ਕਮਯਾਬ ਰਿਹਾ।ਪਰ ਜਦ ਤੱਕ ਉਹ ਲਹਿਰ ਦੇ ਸਿਧਾਤਕ ਪੱਖ ਤੱਕ ਆਇਆ ਜਾਂ ਇਸ ਦੀ ਆਲੋਚਨਾ ਵੱਲ ਵੱਧਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਤਦ ਤੱਕ ਲਹਿਰ ਅਲੋਪ ਹੋ ਚੁੱਕੀ ਸੀ।ਇਸ ਤੋਂ ਬਆਦ ਉਹ ਸਿੱਖ ਲਹਿਰ ਵੱਲ ਨੂੰ ਮੋੜ ਕੱਟ ਗਿਆ ਅਤੇ ਉਸ ਨੇ ਨਾਵਲ ‘ਖੂਨ ਕੇ ਸੋਹਲੇ,ਗਾਵੀਅਹਿ ਨਾਨਕ ਲਿਖ ਕੇ ਇੱਕ ਵਾਰ ਫਿਰ ‘ਲਹੂ ਦੀ ਲੋਅ’ ਵਰਗੀ ਪ੍ਰਸਿੱਧੀ ਹਾਸਲ ਕਰ ਲਈ,ਪਰ ਇਹ ਤਬਦੀਲੀ ਅਚਾਨਕ ਹੀ ਨਹੀਂ ਸੀ ਉਸ ਨੇ ‘ਐਨਿਆਂ ਵਿੱਚੋਂ ਉਠੋ ਸੂਰਮਾ’ ਵਿੱਚ ਵੀ ਆਪਣਾ ਸਿੱਖ ਲਹਿਰ ਵੱਲ ਉਲਾਰ ਨੂੰ ਸਪਸ਼ਟ ਕਰ ਦਿੱਤਾ ਸੀ।ਇਸ ਲਹਿਰ ਵੱਲ ਉਲਰਨ ਵਾਲਾ ਉਹ ਇੱਕਲਾ ਨਵਾਲਕਾਰ ਨਹੀਂ ਸੀ, ਉਸ ਸਮੇ ਤਾਂ ਬੂਟਾ ਸਿੰਘ ਸ਼ਾਦ ਵਰਗੇ ਨਿਰੋਲ ਰੋਮਾਂਸਵਾਦੀ ਨੇ ਵੀ ‘ਲਾਲੀ’ ਵਰਗਾ ਨਾਵਲ ਲਿਖ ਮਾਰਿਆ।ਪਰ ਇਸ ਲਹਿਰ ਦੇ ਅਲੋਪ ਹੋਣ ਤੋ ਬਆਦ ਕੰਵਲ ਨੇ ਇਸ ਲਹਿਰ ਦੀਆ ਕਮੀਆ ਪ੍ਰਤੀ ਵੀ ਕੁਝ ਸਮੇ ਲਈ ਚੱਪ ਵੱਟ ਲਈ।ਇਹ ਗੱਲ ਕੰਵਲ ਨੇ ਖੁਦ ਵੀ ਸਵੀਕਾਰ ਕੀਤੀ ਜਦੋਂ ‘ਤੇ ਦੀਵਾ ਜਗਦਾ ਰਹੇਗਾ’ ਨਾਵਲ ਦੇ ਲੇਖਕ ਅਮਰਦੀਪ ਸਿੰਘ ਅਮਰ ਨੇ ਕੰਵਲ ਨੂੰ ਪੁੱਛਿਆ ਕਿ ਤੁਸੀਂ ‘ਖੂਨ ਕੇ ਸੋਹਲੇ,ਗਾਵੀਅਹਿ ਨਾਨਕ’ ਨੂੰ ਬਲੈਕ ਥੰਡਰ ਪਰ ਹੀ ਕਿਉਂ ਬੰਦ ਕਰ ਦਿੱਤਾ ਅੱਗੇ ਕਿਉਂ ਨਾ ਲਿਖਿਆ ਤਾ ਕੰਵਲ ਦਾ ਜਵਾਬ ਸੀ ਕਿ ਇਸ ਤੋਂ ਅੱਗੇ ਮੁੰਡਿਆ ਕੋਲੋਂ ਗਲਤੀਆਂ ਜ਼ਿਆਦਾ ਹੋ ਗਈਆ ਇਸ ਲਈ ਮੇਰਾ ਅੱਗੇ ਲਿਖਣ ਨੂੰ ਮਨ ਨਹੀਂ ਕੀਤਾ।ਕੰਵਲ ਨੇ ਆਪਣੇ ਨਾਵਲਾ ਵਿੱਚ ਰੋਮਾਂਸਵਾਦ ਦੀ ਸਿਖਰ ਨੂੰ ਵੀ ਛੋਹਿਆ ਜਿਸ ਵਿੱਚੋਂ ‘ਪੂਰਨਮਾਸ਼ੀ’ ਇਸ ਦੀ ਸਿਖਰ ਸੀ।ਕੰਵਲ ਦੀ ਨਾਵਲ ਪ੍ਰਤੀ ਜੋ ਪ੍ਰਤੀਬੱਧਤਾ ਸੀ ਉਹ ਕਦੇ ਵੀ ਸਮਾਜਿਕ ਬਦਲਾਵ ਪ੍ਰਤੀ ਨਹੀਂ ਸੀ ਇਸ ਬਾਰੇ ਉਸ ਵਿੱਚ ਹਮੇਸ਼ਾਂ ਇੱਕ ਕਾਹਲਾਪਨ ਸੀ,ਇਹੀ ਕਾਰਨ ਸੀ ਕਿ ਉਹ ਕਦੇ ਕਮਾਰੇਡਾਂ ਅਤੇ ਕਦੇ ਸਿੱਖ ਧਰਮ ਵਿੱਚ ਉਲਝਿਆ ਰਿਹਾ ਅਤੇ ਕਿਸੇ ਸਮੇਂ ਤਾਂ ਉਸ ਨੇ ਮਨਪ੍ਰੀਤ ਬਾਦਲ ਦੀ ਵੀ ਵਕਾਲਤ ਕਰ ਦਿੱਤੀ ਸੀ।
ਇੱਕ ਗੱਲ ਹੋਰ ਕੰਵਲ ਨੂੰ ਵੱਖਵਾਦੀ ਜਾਂ ਖਾਲਿਸਤਾਨ ਪੱਖੀ ਕਹਿਣਾ ਵੀ ਬਿਲਕੁਲ ਹੀ ਗਲਤ ਹੈ, ਕੰਵਲ ਨੇ ਕਦੇ ਵੀ ਵੱਖਵਾਦੀ ਨਜ਼ਰੀਆ ਨਹੀਂ ਅਪਣਾਇਆ ਉਹ ਹਮੇਸ਼ਾਂ ਹੀ ਅੰਨਦਪੁਰ ਸਾਹਿਬ ਦੇ ਮਤੇ ਤੱਕ ਹੀ ਸੀਮਤ ਰਿਹਾ ਅਤੇ ਅੰਦਰੂਨੀ ਖੁਦ-ਮੁਖਤਿਆਰੀ ਦੀ ਹੀ ਗੱਲ ਕਰਦਾ ਰਿਹਾ। ਹੁਣ ਵੀ ਉਸ ਨੇ ਆਪਣੀ ਵਾਰਤਕ ਸੱਚ ਕੀ ਬੇਲਾ ਵਿੱਚ ਇਸ ਨੂੰ ਸਾਫ ਕੀਤਾ ਹੈ ਕਿ ਦੇਸ਼ ਨਾਲੋਂ ਅੱਲਗ ਹੋਣ ਦੇ ਤੱਤੇ ਨਾਅਰੇ ਬੰਦ ਕਰੋ ਰਾਜਾਂ ਲਈ ਵੱਧ ਅਧਿਕਾਰਾਂ ਲਈ ਸਭ ਸੂਬਿਆਂ ਨੂੰ ਲਾਮਬੰਦ ਕਰੋ। ਚਾਹੇ ਕਿ ਉਸ ਦੀ ਪਿਛਲੇ ਸਮੇ ਵਿੱਚ ਲਿਖੀ ਵਾਰਤਕ ਹਮੇਸ਼ਾ ਹੀ ਵਿਵਾਦਾਂ ਵਿੱਚ ਘਿਰੀ ਰਹੀ ਹੋਵੇ ਪਰ ਉਸ ਨੇ ਪੰਜਾਬੀ ਨਾਵਲ ਜਗਤ ਵਿੱਚ ਇੱਕ ਅਹਿਮ ਯੋਗਦਾਨ ਦਿੱਤਾ ਹੈ ਜਿਸ ਲਈ ਉਹ ਪੰਜਾਬੀ ਸਾਹਿਤ ਵਿੱਚ ਹਮੇਸ਼ਾਂ ਸਤਿਕਾਰਿਆ ਜਾਂਦਾ ਰਹੇਗਾ।

