ਅੱਜ ਮੈਨੂੰ ਤਕਰੀਬਨ ਪੂਰਾ ਇੱਕ ਸਾਲ ਹੋ ਗਿਆ ਪੰਜਾਬੀ ਯੂਨੀਵਰਸਿਟੀ ਕੈਂਪਸ ਛੱਡੇ ਨੂੰ ਜਿੱਥੇ ਮੈਂ ਦੋ ਸਾਲ ਰਿਹਾ। ਕਈਆਂ ਲਈ ਹਵਾਈ ਜਹਾਜ਼ ਦੇ ਰਨ-ਵੇਅ ਬਣਾ ਕੇ ਆਪ ਪਗਡੰਡੀਆਂ ਵਿਹੂਣਾ ਹੋ ਕੇ ਆਪਣੇ ਪਿੰਡ ਘਰ ਚੁਬਾਰੇ ਵਿੱਚ ਡੇਰੇ ਲਾਈਂ ਬੈਠਾ ਹਾਂ। ਜਦੋਂ ਨਜ਼ਰ ਮਾਰਦਾ ਹਾਂ ਤਾਂ ਅੱਗਾ ਦੌੜ ਪਿੱਛਾ ਚੌੜ ਵਾਲਾ ਨਾਟਕ ਮੇਰੀਆਂ ਅੱਖਾਂ ਸਾਹਵੇਂ ਮੰਚਿਤ ਹੋ ਰਿਹਾ ਹੁੰਦੈ। ਨਾਟਕ ਦਾ ਹਰ ਪਾਤਰ ਆਪਣੇ ਅਸਲ ਕਰੈਕਟਰ ਵਿੱਚ ਆ ਰਿਹਾ ਹੁੰਦਾ ਜਿਸਨੂੰ ਦੇਖ ਕੇ (ਮਾਣ ਕੇ) ਕਈ ਵਾਰ ਮੇਰੇ ਚਿਹਰੇ ’ਤੇ ਪਿਲੱਤਣ ਛਾ ਜਾਂਦੀ ਹੈ ਅਤੇ ਕਈ ਵਾਰ ਹਲਕੀ ਮੁਸਕਾਨ। ਜਿਸ ਵਿੱਚ ਦਰਦਮਈ ਅਤੇ ਸੁਖਮਈ ਆਨੰਦ ਆਪਣੀ ਚਰਮ ਸੀਮਾਂ ’ਤੇ ਹੁੰਦੈ।
ਹੁਣ ਅਸਲ ਗੱਲ ਕਰਨ ਲੱਗਿਆਂ। ਦਰਅਸਲ ਕੁੱਝ ਮਹੀਨੇ ਪਹਿਲਾਂ ਮੈਂ ਫੇਸਬੁੱਕ ’ਤੇ ਇੱਕ ਸਟੇਟਸ ਅਪਡੇਟ ਕੀਤਾ ਸੀ। ਇੱਕ ਹੁਣੇ-ਹੁਣੇ ਹੋਈ ਮਕਬੂਲ ਕਵਿਤਰੀ ਬਾਰੇ। ਜਿਸਦੀਆਂ ਜੁਗਾੜਬੰਦੀਆਂ ਬਾਰੇ ਸੀਮਤ ਸ਼ਬਦਾਂ ਵਿੱਚ ਗੱਲਨੁਮਾ ਆਪਾ ਵਿਅਕਤ ਕੀਤਾ ਸੀ। ਜਿਸਦਾ ਮਕਸਦ ਕੰਧੋਲੀ ਉਹਨਾਂ ਸੋਚ ਬਿਆਨ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਸੀ। ਪਰ ਮੈਨੂੰ ਨਹੀਂ ਪਤਾ ਸੀ ਕਿ ਕੰਧੋਲੀ ਓਹਲਿਓਂ ਭਾਂਬੜ ਮੱਚੇਗਾ ਜਾਂ ਪੋਹ ਦੇ ਮਹੀਨੇ ਵਿੱਚ ਹਾੜ ਦੀ ਬੈਚੇਨੀ ਨਾਲ ਮੈਨੂੰ ਲਬਹੇੜ ਕਰੇਗਾ ਕਿਉਂਕਿ ਇਸ ਅੱਗ ਵਿੱਚ ਤਾਂਤਰਿਕ ਵਾਂਗ ਪੁਰਾਣੇ ਟੂਣੇ ਕਰਨ ਵਾਲਿਆਂ ਦੀ ਤਸਵੀਰ ਸਪਸ਼ਟ ਹੋਵੇਗੀ। ਰਹੀ ਗੱਲ ਉਸ ਕਵਿਤਰੀ ਦੀ ਮੈਂ ਮੰਨਦਾ ਹਾਂ ਕਿ ਉਸ ਵਿੱਚ ਟੈਲੈਂਟ ਹੈ ਪਰ ਜੁਗਾੜ ਜ਼ਿਆਦਾ। ਜਿਸ ਕਰਕੇ ਉਸਦੇ ਪਾਏ ਕੀਰਨੇ ਕਿ ਉਸਨੂੰ ਪੰਜਾਬੀ ਯੂਵਿਰਸਿਟੀ ਪ੍ਰੋਫੈਸਰ ਕਿਉਂ ਨਹੀਂ ਰੱਖਿਆ ਗਿਆ (ਹਾਲਾਕਿ ਉਸਨੇ ਤਮਾਮ ਜੁਗਾੜ ਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਿਸ ਬਾਰੇ ਪੰਜਾਬੀ ਯੂਨੀਵਰਸਿਟੀ ਦਾ ਪੰਜਾਬੀ ਨਾਲ ਬਾਵਾਸਤਾ ਹਰ ਸ਼ਖ਼ਸ ਭਲੀਭਾਂਤ ਜਾਣਦਾ ਹੈ) ਬਾਰੇ ਮੇਰਾ ਸਟੇਟਸ ਇੰਨਾ ਚੁੱਭੇਗਾ ਮੈਨੂੰ ਉਮੀਦ ਨਹੀਂ ਸੀ ਕਿ ਉਸਨੇ ਮਰਹੈਲ ਗੁਰੂਜਨ ਅਤੇ ਚੇਲਾਜਨ ਮੈਨੂੰ ਆਪਣੀ ਫੇਸਬੁੱਕੀ ਦੋਸਤ ਲੜੀ ਵਿੱਚ ਖਾਰਜ਼ ਹੀ ਕਰ ਦੇਣਗੇ। ਮੇਰੇ ਜ਼ਿਹਨ ਵਿੱਚ ਤੂਫਾਨ ਦੀ ਆਮਦ ਕਰਵਾਉਂਦਾ ਹੈ।
ਸਬੰਧਿਤ ਕਵਿਤਰੀ ਬਾਰੇ ਸਟੇਟਸ ਅਪਡੇਟ ਕਿ ਪੰਜਾਬੀ ਅਦਬ ਵਿੱਚ ਉਪਰੋਕਤ ਬੀਬੀ ਦੇ ਪ੍ਰੋਫੈਸਰ ਨਾ ਲੱਗਣ ਦੀ ਖ਼ਬਰ ਨੂੰ ਉਸਦੇ ਮਰਹੈਲਾਂ ਦੁਆਰਾ ਅਤੇ ਉਸ ਖੁਦ ਦੁਆਰਾ ਕਿੰਨਾ ਸਦਮਾਦਾਇਕ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ। ਜਦਕਿ ਉਸ ਤੋਂ ਵੀ ਵੱਧ ਯੋਗਤਾ ਜਿਹਨਾਂ ਨੂੰ ਕਾਲਜਾਂ ਵਿੱਚ ਐਡਹਾਕ ਦੀ ਪ੍ਰੋਫੈਸਰੀ ਵੀ ਨਹੀਂ ਮਿਲ ਰਹੀ ਉਹ ਕਿੱਧਰ ਨੂੰ ਜਾਣ ਅਤੇ ਮੈਰਿਟ ਲਿਸਟ ਵਿੱਚ ਉਸ ਤੋਂ ਅੱਗੇ ਦਰਜਣ ਦੇ ਕਰੀਬ ਉਮੀਦਵਾਰਾਂ ਦੇ ਦਰਦ ਨੂੰ ਕੌਣ ਬਿਆਨ ਕਰੇ ਦੀ ਗੱਲ ਕਹਿਣ ’ਤੇ ਹੀ ਮੈਂ ਉਹਨਾਂ ਦਾ ਵਿਰੋਧੀ ਹੋ ਗਿਆ। ਜਦੋਂ ਕਿ ਨਾ ਮੈਂ ਉਸ ਉਪਰੋਕਤ ਕਵਿਤਰੀ ਦਾ ਨਾਮ ਹੀ ਜਨਤਕ ਰੂਪ ਵਿੱਚ ਲਿਆ ਅਤੇ ਨਾ ਹੀ ਉਸਦੀ ਸ਼ਖ਼ਸੀਅਤ ਖਿਲਾਫ਼ ਕੋਈ ਗੈਰ-ਮਨੁੱਖੀ ਟਿੱਪਣੀ ਕੀਤੀ ਜੋ ਕਿ ਉਸਦੇ ਮਰਹੈਲਾਂ ਜਨਤਕ ਇਕੱਠਾ ਵਿੱਚ ਸ਼ਰੇਆਮ ਕਰਕੇ ਵੇਖੇ ਜਾ ਸਕਦੇ ਹਨ। ਦੂਸਰੀ ਗੱਲ ਰਹੀ ਉਸ ਕਵਿਤਰੀ ਦੇ ਰੁਜ਼ਗਾਰ ਦੀ ਜੋ ਉਹ ਲੈਕਚਰਾਰ ਦੇ ਰੂਪ ’ਚ ਪ੍ਰਾਪਤ ਕਰ ਰਹੀ ਹੈ। ਪ੍ਰੰਤੂ ਫਿਰ ਵੀ ਪਤਾ ਨਹੀਂ ਕਿਉਂ ਉਹ ਯੂਨੀਵਰਸਿਟੀ ਆ ਕੇ ਕਿਹੜੇ ਦਿੱਲੀ ਦੇ ਕਿੰਗਰੇ ਢਾਹੁਣਾ ਚਾਹੁੰਦੀ ਹੈ। ਜੋ ਉਸਤੋਂ ਪਹਿਲਾਂ ਲੱਗੇ ਪ੍ਰੋਫੈਸਰਗਣ ਨਹੀਂ ਢਾਹ ਸਕੇ।
ਹਾਂ ਮੈਨੂੰ ਇਸ ਗੱਲ ਦਾ ਅਫਸੋਸ ਵੀ ਹੈ ਕਿ ਜਿਸ ਪੋਸਟ ਲਈ ਉਸਨੇ ਅਪਲਾਈ ਕੀਤਾ ਸੀ ਉਸ ਉੱਪਰ ਮਹਾਂ ਨਲਾਇਕ ਇੱਕ ਇਸ ਵਾਰ ਦੀਆਂ ਵਿਧਾਨ ਸਭਾਂ ਚੋਣਾਂ ਇੱਕ ਧਨੀ ਨੇਤਾ ਜੀ ਦੀ ਧੀ ਨੂੰ ਰੱਖਿਆ ਗਿਆ ਹੈ। ਜੋ ਕਿ ਯੂ.ਜੀ.ਸੀ ਦਾ ਨੈੱਟ ਵੀ ਕੁਆਲੀਫਾਈਡ ਨਹੀਂ ਹੈ। ਜਿਸ ਬਾਰੇ ਮੈਂ ਦਾਅਵਾ ਕਰਦਾ ਹਾਂ ਕਿ ਮੈਂ ਹਾਲਾਂਕਿ ਪੰਜਾਬੀ ਦਾ ਵਿਦਿਆਰਥੀ ਨਹੀਂ ਹਾਂ ਨਾ ਹੀ ਬੰਦੇ ਦੀ ਸਮਝ ਰੱਖਣ ਵਾਲੇ ਇੱਕ ਕਵੀ ਜੀ ਅਨੁਸਾਰ ਅੱਖਰ ਗਿਆਨ, ਸ਼ਬਦ-ਜੋੜਾਂ ਬਾਰੇ ਬਹੁਤ ਜਾਣਕਾਰੀ ਰੱਖਦਾ ਹਾਂ। ਫਿਰ ਵੀ ਉਸਤੋਂ ਵੱਧ ਉਸਦੇ ਅਧਿਆਪਨ ਖੇਤਰ ਵਿੱਚ ਕਾਰਜਕੁਸ਼ਲਤਾ ਨਾਲ ਕੰਮ ਕਰ ਸਕਦਾ ਹਾਂ। ਜੋ ਕਿ ਸਾਡੇ ਪੰਜਾਬੀ ਅਕਾਦਮਿਕ ਖੇਤਰ ਲਈ ਬਹੁਤ ਹੀ ਨੁਕਸਾਨਦਾਇਕ ਹੈ। ਜਿਸ ਬਾਰੇ ਇੱਕ ਕਵੀ ਵੀ ਵਿਦਵਾਨ ਸੱਜਣ ਜਾਂ ਸਾਹਿਤਕ ਪੱਤਰਕਾਰੀ ਦੇ ਝੰਡਬਰਦਾਰ ਨੇ ਅਵਾਜ਼ ਨਹੀਂ ਉਠਾਈ। ਬਲਕਿ ਇੱਥੇ ਇਹਨਾਂ ਕਹਿ ਕੇ ਸਾਰਿਆ ਹੀ ਸਰ ਕਿੱਤਾ ਵੀ ਭਾਈ ਆਪਣਾ-ਆਪਣਾ ਜ਼ੋਰ ਹੈ। ਜੋ ਚਲਾ ਗਿਆ ਸੋ ਅੱਗੇ ਨਿਕਲ ਗਿਆ।
ਪਰ ਉਸ ਬੀਬੀ ਦੇ ਮਾਮਲੇ ਵਿੱਚ ਉਸਨੂੰ ਝੂਠਾ ਦਿਲਾਸਾ ਦੇਣ ਵਾਲੇ ਮੈਨੂੰ ਲੱਗਦਾ ਉਸਦੇ ਲਈ ਚੰਗਾ ਸੋਚਣ ਵਾਲੇ ਨਹੀਂ ਹੋ ਸਕਦੇ। ਬਲਕਿ ਉਹਨਾਂ ਸਾਰਿਆਂ ਬੇਚਾਰਿਆਂ ਦੀਆਂ ਆਪਣੀਆਂ ਗਰਜਾਂ ਹਨ। ਜੋ ਉਹ ਹੀ ਜਾਣਦੇ ਹਨ। ਜਿਹਨਾਂ ਰਾਹੀਂ ਉਹ ਆਪਣੇ ਆਪ ਨੂੰ ਅਖੋਤੀ ਪ੍ਰੋਗਰੈਸਵ ਕਹਾ ਰਹੇ ਹਨ ਅਤੇ ਆਜੜੀ ਦੀ ਕਹਾਣੀ ਵਾਂਗ ਭੇਡਾਂ ਨੂੰ ਜਿਸ ਦਿਨ ਬਘਿਆੜ ਨਹੀਂ ਪੈਂਦਾ ਉਸ ਦਿਨ ਤਾਂ ਉਹ ਖੂਬ ਰੌਲਾ ਪਾ ਕੇ ਪਿੰਡ ਇੱਕਠਾ ਕਰਨ ਤੱਕ ਜਾਂਦੇ ਹਨ। ਪਰ ਜਦੋਂ ਸੱਚੀ ਬਘਿਆੜ ਪਿਆ ਤਾਂ ਉਹਨਾਂ ਦੀ ਅਵਾਜ਼ ਉਹਨਾਂ ਦੇ ਯੂਨੀਵਰਸਿਟੀ ਦੇ ਕਮਰਿਆਂ, ਫਲੈਟਾਂ ਅਤੇ ਮੈਗਜੀਨ ਦੇ ਦਫਤਰਾਂ ਤੱਕ ਸੀਮਤ ਹੈ। ਜੋ ਨਾ ਤਾਂ ਕਮਰਿਆਂ, ਫਲੈਟਾਂ ਤੋਂ ਬਾਹਰ ਨਿਕਲਦੀ ਹੈ ਅਤੇ ਨਾ ਹੀ ਮੈਗਜ਼ੀਨ ’ਤੇ ਛਪਦੀ ਹੈ।
ਕਿਉਂਕਿ ਉਪਰੋਕਤ ਸਮੁੱਚੇ ਘਟਨਾਕ੍ਰਮ ਤੋਂ ਬਾਅਦ ਮੈਂ ਇਸ ਨਤੀਜੇ ’ਤੇ ਪਹੁੰਚਿਆ ਹਾਂ ਪੰਜਾਬੀ ਅਕਾਦਮਿਕ ਅਤੇ ਸਾਹਿਤਕ ਜਗਤ ਵਿਚਲੀ ਰਾਜਨੀਤੀ ਮੇਨ ਸਟਰੀਮ ਰਾਜਨੀਤੀ ਤੋਂ ਹੱਦ ਦਰਜੇ ਦੀ ਗੰਧਲੀ ਅਤੇ ਮੌਕਾਪ੍ਰਸਤ ਰਾਜਨੀਤੀ ਹੈ। ਜਿੱਥੇ ਸੱਚ ਦੀ ਸਿਆਸਤ ਲਈ “ਸੁਰਜਮੀਨ” ਦਾ “ਫਿਲਹਾਲ” ਔੜਾ ਮਾਰਿਆ ਇੱਕ ਟੋਟਾ ਵੀ ਨਹੀਂ ਹੈ। ਬੱਸ ਅਸੀਂ ਖੜੇ ਹਾਂ ਸੁਆਲਾਂ ਦੇ ਸਨਮੁਖ, ਅਣਸੁਖਾਵੀਂ ਬਹਿਸ ਲਈ, ਇੱਕ ਦੂਜੇ ਖਿਲਾਫ਼ ਕੂੜ ਪ੍ਰਚਾਰ ਕਰਨ ਲਈ, ਲੋੜ ਪੈਣ ’ਤੇ ਵਰਤਣ ਲਈ ਅਤੇ ਅੰਤ ਮੇਰੇ ਵਾਂਗ ਕਿਸੇ ਪਿੰਡ ਦੇ ਚੁਬਾਰੇ ਗੁੱਠ ਵਾਲੀ ਬਾਰੀ ਵਿਚੋਂ ਨਾਟਕ ਦੇਖਣ ਲਈ ਬੈਠੇ ਰਹਿਣ ਲਈ, ਜਿਸਦੇ ਅੱਗੇ ਅਤੇ ਪਿੱਛੇ ਹਨੇਰਾ ਹੀ ਹਨੇਰਾ ਹੈ। ਕਿਉਂਕਿ ਜੋ ਚਾਕਣ ਦੀਆਂ ਰੀਸਾਂ ਖੋਹ ਕੇ ਜਾ ਵਰਤ ਕੇ ਹੀ ਪ੍ਰਾਪਤ ਹੁੰਦੀਆਂ ਹਨ। ਮੇਰੇ ਵਰਗਿਆਂ ਵਾਂਗ ਅਨਭੋਲ ਵਿਚਰ ਕੇ ਨਹੀਂ । ਸੋ ਮੈਂ ਅੰਤ ਇਹਨਾਂ ਸਤਰਾਂ ਨਾਲ ਗੱਲ ਮੁਕਾ ਰਿਹਾ ਹਾਂ।
ਤੇ ਅੱਗ ਵੀ ਨਹੀਂ,
ਮੈਂ ਤਾਂ ਸੜ ਰਿਹਾਂ ਹਾਂ,
ਇੱਕ ਲੜਾਈ ਲੜ ਰਿਹਾ,
ਜਿੱਤਣ ਲਈ ਨਹੀਂ,
ਓਸ ਸਵੇਰ ਦੇ ਇੰਤਜ਼ਾਰ ਵਿੱਚ,
ਕਾਫ਼ਲੇ ਦੇਖਣ ਲਈ…
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

