ਅਕਸਰ ਜਦੋਂ ਅਸੀਂ ਆਪਣੇ ਅੱਤ ਦੇ ਰੁਝੇਵਿਆਂ ਵਿੱਚ ਕਿਸੇ ਧਾਰਮਿਕ ਅਸਥਾਨ ਜਾਂ ਸਮਾਜਿਕ ਸੰਸਥਾ ਦੀ ਗੱਲ ਕਰਦੇ ਜਾਂ ਸੁਣਦੇ ਹਾਂ ਤਾਂ ਸਾਡਾ ਸਿਰ ਅਦਬ ਨਾਲ ਝੁਕ ਜਾਂਦਾ ਹੈ ਤੇ ਸਾਡਾ ਮਨ ਪਿਆਰ ਤੇ ਸਰਧਾ ਨਾਲ ਭਰ ਜਾਂਦਾ ਹੈ। ਸਾਡੀਆਂ ਅੱਖਾਂ ਅੱਗੇ ਆਪ ਮੁਹਾਰੇ ਹੀ ਇੱਕ ਧਾਰਮਿਕ ਵਾਤਾਵਰਣ ਵਿੱਚ ਗੁਰਬਾਣੀ, ਕੀਰਤਨ, ਭਜਨ ਅਤੇ ਦੇਵੀ ਦੇਵਤਿਆਂ ਅੱਗੇ ਪੂਜਾ ਪਾਠ ਕਰਦੇ ਪੁਜਾਰੀਆਂ ਤੇ ਮਹੰਤਾਂ ਦੀਆਂ ਕਲਾ-ਕਲਾਕ੍ਰਿਤੀਆਂ ਘੁੰਮਣ ਲੱਗਦੀਆਂ ਹਨ। ਇਹ ਅਸਥਾਨ ਜਿੱਥੇ ਸਾਡੀ ਸੰਸਕ੍ਰਿਤੀ, ਇਤਹਾਸ ਅਤੇ ਸਮਾਜਿਕ ਢਾਂਚੇ ਦਾ ਅਧਾਰ ਹਨ ਉੱਥੇ ਹੀ ਹਰ ਮਨੁੱਖ ਵਿੱਚ ਆਪਸੀ ਪਿਆਰ, ਭਲਾਈ ਤੇ ਸਾਂਝੀਵਾਲਤਾ ਦਾ ਅਧਾਰ ਵੀ ਹਨ।
ਪਰ ਬੜੇ ਅਫਸੋਸ਼ ਦੀ ਗੱਲ ਹੈ ਕਿ ਮਨੁੱਖਤਾ ਦੀ ਸੇਵਾ ਤੇ ਆਪਸੀ ਪਿਆਰ ਵਰਗੇ ਉਦੇਸ਼ਾਂ ਦੀ ਪੂਰਤੀ ਲਈ ਇਹ ਅਸਥਾਨ ਗੁਰੂਆਂ, ਪੀਰਾਂ, ਪੈਗੰਬਰਾਂ ਤੇ ਭਲੇ ਪੁਰਸ਼ਾਂ ਨੇ ਮਨੁੱਖਾਂ ਲਈ ਬਣਾਏ ਸਨ, ਉਹਨਾਂ ਦਾ ਅਸਲ ਮਕਸਦ ਜਾਤ-ਪਾਤ, ਨਸਲਵਾਦ ਤੇ ਫਿਰਕੂਪੁਣੇ ਵਿੱਚ ਕਿਧਰੇ ਗੁਵਾਚ ਗਿਆ ਹੈ। ਪਰ ਅੱਜ ਦੇ ਇਸ ਨਫਰਤ, ਸਵਾਰਥ ਤੇ ਫਿਰਕੂਪੁਣੇ ਦੇ ਯੁੱਗ ਵਿੱਚ ਵੀ ਮਨੁੱਖਤਾ ਲਈ ਨਿਰਸਵਾਰਥ ਤੇ ਅਥਾਹ ਪਿਆਰ, ਸਾਂਝੀਵਾਲਤਾ ਤੇ ਕੁਦਰਤ ਨਾਲ ਪਿਆਰ ਦਾ ਸੰਦੇਸ਼ ਵੰਡਦਾ ਇੱਕ ਸਥਾਨ ਕਾਇਮ ਹੈ ਜਿਸਦਾ ਨਾਮ ਹੈ ‘ਪਿੰਗਲਵਾੜਾ’। ਇਹ ਪਿੰਗਲਵਾੜਾ ਸਮੁੱਚੀ ਮਾਨਵ ਜਾਤੀ ਲਈ ਇੱਕ ਅਜਿਹਾ ਸੱਚਾ ਤੇ ਸੁੱਚਾ ਤੀਰਥ ਅਸਥਾਨ ਹੈ ਜਿਥੇ ਮਨੁੱਖਤਾ ਦੀ ਸੱਚੀ ਤੇ ਸੁੱਚੀ ਪੂਜਾ ਅਪਾਹਜਾਂ, ਬੇਸਹਾਰਿਆਂ, ਬਿਮਾਰਾਂ, ਲਾਵਾਰਸਾਂ ਤੇ ਬਿਰਧਾਂ ਦੀ ਸੇਵਾ –ਸੰਭਾਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
ਮਾਤਾ ਜੀ ਨੇ ਰਾਮ ਜੀ ਦਾਸ ਜੀ ਨੂੰ ਪੰਛੀਆਂ ਨੂੰ ਚੋਗੇ ਪਾਉਣ ਤੇ ਉਹਨਾਂ ਲਈ ਛੱਤ ਤੇ ਪਾਣੀ ਰੱਖਣ ਤੇ ਰੁੱਖਾਂ ਨੂੰ ਪਾਣੀ ਦੇਣ ਲਈ ਕਹਿਣਾ। ਉਹਨਾਂ ਰਾਮ ਜੀ ਦਾਸ ਜੀ ਨੂੰ ਬਾਣੀ ਦਾ ਕੀਰਤਨ ਸੁਣਨ ਤੇ ਮੰਦਰ ਮੱਥਾ ਟੇਕਣ ਲਈ ਰੋਜਾਨਾ ਭੇਜਣਾ। ਸਮਾਂ ਕੱਢ ਮਾਂ ਨੇ ਰਾਮ ਜੀ ਦਾਸ ਜੀ ਨੂੰ ਸੰਤਾਂ ਭਗਤਾਂ ਤੇ ਗੁਰੂਆਂ ਦੀਆਂ ਸਾਖੀਆਂ ਸਣਾਉਣੀਆਂ। ਘਰ ਵਿੱਚ ਆਏ ਸਾਧੂ, ਸੰਤ, ਪੀਰ ਤੇ ਲੋੜਵੰਦ ਦੀ ਝੋਲੀ ਰਾਮ ਜੀ ਦਾਸ ਜੀ ਹੱਥੋਂ ਬੁੱਕ ਭਰ ਕੇ ਆਟਾ, ਦਾਣੇ ਆਦਿ ਪਵਾਉਣਾ। ਇਹਨਾਂ ਸਭ ਦਾ ਰਾਮ ਜੀ ਦਾਸ ਜੀ ਦੇ ਮਨ ਤੇ ਬਹੁਤ ਗਹਿਰਾ ਪ੍ਰਭਾਵ ਪਿਆ ਤੇ ਉਹਨਾਂ ਦੇ ਦਿਲ ਵਿੱਚ ਮਨੁੱਖਾਂ, ਰੁੱਖਾਂ, ਪਸੂਆਂ ਤੇ ਧਰਤੀ ਦੀ ਹਰ ਕੁਦਰਤੀ ਸੈਅ ਲਈ ਅਥਾਹ ਪਿਆਰ, ਹਮਦਰਦੀ ਤੇ ਡੂੰਘੀ ਦਇਆ ਪੈਦਾ ਹੋ ਗਈ। ਇਸ ਦੇ ਨਾਲ ਹੀ ਉਹਨਾਂ ਦੇ ਮਨ ਵਿੱਚ ਇਹਨਾਂ ਸਭ ਲਈ ਨਿਰਸਵਾਰਥ ਸੇਵਾ ਤੇ ਪਰਉਪਕਾਰ ਦੇ ਭਾਵਾਂ ਦਾ ਵੀ ਜਨਮ ਹੋਇਆ। ਸੰਨ 1923 ਵਿੱਚ ਇੱਕ ਦਿਨ ਗੁਰੂਦੁਆਰਾ ਰੇਰੂ ਸਾਹਿਬ ਪਹੁੰਚ ਗਏ। ਉੱਥੋਂ ਦੇ ਰੂਹਾਨੀ ਤੇ ਮਨੁੱਖਤਾ ਨਾਲ ਪਿਆਰ ਦੇ ਵਾਤਾਵਰਣ ਨੇ ਉਹਨਾਂ ਦੇ ਮਨ ਨੂੰ ਖੇੜਾ ਲਿਆ ਦਿੱਤਾ। ਉਹਨਾਂ ਨੇ ਉੱਥੋਂ ਦੇ ਵਾਤਾਵਰਣ ਨੂੰ ਦੇਖ ਕੇ ਇਹ ਮਹਿਸੂਸ ਕੀਤਾ ਕਿ ਗੁਰੂ ਦਾ ਘਰ ਸੰਸਾਰ ਦਾ ਇੱਕ ਅਜਿਹਾ ਘਰ ਹੈ ਜਿੱਥੇ ਕੋਈ ਵੀ ਉੱਜੜਦਾ ਨਹੀ ਤੇ ਇਥੇ ਸਾਧਨਾਂ ਦੀ ਕੋਈ ਕਮੀ ਨਹੀਂ। ਇਸ ਘਰ ਵਿੱਚ ਦਾਖਲ ਹੋ ਕੇ ਕੋਈ ਵੀ ਵਿਆਕਤੀ ਆਪਣੀ ਤਰੱਕੀ ਦਾ ਰਾਹ ਲੱਭ ਸਕਦਾ ਹੈ ਅਤੇ ਜਿਸ ਨਾਲ ਜੁੜ ਕੇ ਬੰਦਾ ਆਪਣੀਆਂ ਬੁੱਧੀ, ਸਰੀਰਿਕ ਅਤੇ ਹਿਰਦੇ ਦੀਆਂ ਸਕਤੀਆਂ ਦਾ ਵਿਕਾਸ ਅਤੇ ਵਰਤੋਂ ਬਾਰੇ ਸੋਚ ਵਿਚਾਰ ਕਰ ਸਕਦਾ ਹੈ ਕਿ ਕਿਹੜੇ-ਕਿਹੜੇ ਕਾਰਜ ਸਮਾਜ ਵਿੱਚ ਕੀਤੇ ਜਾਣੇ ਚਾਹੀਦੇ ਹਨ ਜੋ ਨਹੀਂ ਹੋ ਰਹੇ ਅਤੇ ਉਹਨਾਂ ਨੂੰ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ। ਗੁਰੂਦੁਆਰਾ ਰੈਰੂ ਸਾਹਿਬ ਵਿੱਚ ਬਤਾਈ ਇੱਕ ਰਾਤ ਨੇ ਰਾਮ ਜੀ ਦਾਸ ਜੀ ਦੇ ਜੀਵਨ ਪਰਿਵਰਤਨ ਲਿਆਉਣ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ। ਉਹ ਤੇ ਉਹਨਾਂ ਦੀ ਮਾਤਾ ਮਿੰਟਗੁਮਰੀ ਤੋਂ ਲਾਹੌਰ ਆ ਗਏ। ਲਾਹੌਰ ਆ ਕੇ ਉਹਨਾਂ ਰੋਜਾਨਾ ਗੁਰੂਦੁਆਰਾ ਡੇਹਰਾ ਸਾਹਿਬ ਜਾਣਾ। ਉਹ ਰੋਜਾਨਾ ਹਰ ਤਰ੍ਹਾਂ ਦੀ ਸੇਵਾ ਕਰਦੇ ਜਿਵੇਂ ਲੰਗਰ ਦੇ ਜੂਠੇ ਭਾਂਡੇ ਮਾਂਜਦੇ, ਤੱਪੜ ਝਾੜਦੇ, ਯਾਤਰੂਆਂ ਲਈ ਰਾਤ ਨੂੰ ਸੌਣ ਦਾ ਪ੍ਰਬੰਧ ਦੇਖਦੇ, ਬੇਆਸਰੇ ਰੋਗੀਆਂ ਤੇ ਅਪਾਹਿਜਾਂ ਦੀ ਸੇਵਾ ਕਰਦੇ, ਹਸਪਤਾਲ ਲੈ ਕੇ ਜਾਂਦੇ ਅਤੇ ਜੋੜਿਆਂ ਦੀ ਸੇਵਾ ਕਰਦੇ ਤੇ ਕੀਰਤਨ ਸੁਣਦੇ। ਉਹਨਾਂ ਦੀ ਸੇਵਾ ਨੂੰ ਦੇਖਦਿਆਂ ਹੀ ਉਹਨਾਂ ਨੂੰ ਨਾਮ ਮਿਲਿਆ ‘ਪੂਰਨ ਸਿੰਘ’ ਅਤੇ ਪੰਥ ਦੇ ਸੂਝਵਾਨ ਨੇਤਾ ਗਿਆਨੀ ਕਰਤਾਰ ਸਿੰਘ ਜੀ ਨੇ ਪੂਰਨ ਸਿੰਘ ਦੀ ਸੇਵਾ ਨੂੰ ਦੇਖਿਆ ਤਾਂ ਉਹਨਾਂ ਬੜੇ ਪਿਆਰ ਨਾਲ ਉਹਨਾਂ ਦੇ ਨਾਮ ਨਾਲ ‘ਭਗਤ’ ਸ਼ਬਦ ਜੋੜ ਦਿੱਤਾ। ਭਗਤ ਪੂਰਨ ਸਿੰਘ ਜੀ ਸਿਰਫ ਨਾਮ ਦੇ ਹੀ ਭਗਤ ਨਹੀਂ ਸਨ ਬਲਕਿ ਉਹਨਾਂ ਦੇ ਰੋਮ-ਰੋਮ ਵਿੱਚੋਂ ਮਨੁੱਖਤਾ ਲਈ ਅਥਾਹ ਪਿਆਰ ਸੀ। ਭਗਤ ਜੀ ਜਤੀ ਤੇ ਸਤੀ ਸਨ। ਉਹਨਾਂ ਹਰ ਇਸਤਰੀ ਵਿੱਚੋਂ ਆਪਣੀ ਮਾਤਾ ਦੇ ਦਰਸ਼ਨ ਕਰਨੇ। ਜਦੋਂ ਵੀ ਉਹਨਾਂ ਨੂੰ ਸੇਵਾ- ਸੰਭਾਲ ਤੋਂ ਵਿਹਲ ਮਿਲਦੀ ਤਾਂ ਉਹ ਲਾਇਬ੍ਰਰੇਰੀਆਂ ਚੋ ਜਾ ਕੇ ਅਖਬਾਰਾਂ, ਕਿਤਾਬਾਂ ਤੇ ਰਸਾਲਿਆਂ ਨੂੰ ਪੜ੍ਹਦੇ ਤੇ ਗਿਆਨ ਹਾਸਲ ਕਰਦੇ। ਉਥੋਂ ਪ੍ਰਾਪਤ ਗਿਆਨ ਭਗਤ ਜੀ ਨੇ ਆਪਣੇ ਪਿੰਗਲੇਵਾੜੇ ਦੇ ਛਾਪੇਖਾਨੇ ਰਾਹੀਂ ਲੋਕਾਂ ਨੂੰ ਕਿਤਾਬਚਿਆਂ ਤੇ ਲਿਟਰੇਚਰ ਰਾਹੀਂ ਮੁਫਤ ਵੰਡਿਆ । ਇਹ ਕਿਤਾਬਚੇ ਤੇ ਲਿਟਰੇਚਰ ਅੱਜ ਵੀ ਸਮੂਹ ਗੁਰੂਦੁਆਰਿਆਂ ਦੇ ਗੇਟਾਂ ਤੇ ਮੁਫਤ ਮਿਲਦਾ ਹੈ। ਇਹਨਾਂ ਕਿਤਾਬਾਂ ਰਾਹੀਂ ਕੁਦਰਤ ਨਾਲ ਪਿਆਰ ਤੇ ਮਨੁੱਖਤਾ ਦੀ ਸੇਵਾ, ਅਬਾਦੀ ਦੇ ਵਾਧੇ, ਅੰਨ ਸੰਕਟ, ਜੰਗਲਾਂ ਦੀ ਅੰਧਾ ਧੁੰਦ ਕਟਾਈ, ਖੇਤੀ ਤੇ ਕੀਟ ਨਾਸਕਾਂ ਦੀ ਵਰਤੋਂ, ਸਮਾਜਿਕ ਬੁਰਾਈਆਂ, ਬੇਰੁਜਗਾਰੀ ਆਦਿ ਸਬੰਧੀ ਲੋਕਾਂ ਨੂੰ ਬੜਾ ਕੀਮਤੀ ਗਿਆਨ ਮੁਫਤ ਵਿੱਚ ਦਿੱਤਾ ਜਾ ਰਿਹਾ ਹੈ।
ਸੰਨ 1930 ਵਿੱਚ ਮਾਤਾ ਮਹਿਤਾਬ ਕੌਰ ਢਾਈ ਸਾਲ ਬਿਮਾਰ ਰਹਿਣ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਗਏ। ਭਗਤ ਜੀ ਨੂੰ ਮਾਂ ਦੇ ਜਾਣ ਦਾ ਡਾਢਾ ਦੁੱਖ ਹੋਇਆ। ਉਹਨਾਂ ਬੇ-ਸਹਾਰਾ ਮਨੁੱਖਤਾ ਦੀ ਸੇਵਾ ਕਰਨ ਲਈ ਸੋਚਣਾ, ਪੜਨਾ ਤੇ ਕੰਮ ਕਰਨਾ ਸੁਰੂ ਕਰ ਦਿੱਤਾ। ਸੰਨ 1934 ਵਿੱਚ ਡੇਹਰਾ ਸਾਹਿਬ ਦੇ ਹੈੱਡ ਗ੍ਰੰਥੀ ਜਥੇਦਾਰ ਅੱਛਰ ਸਿੰਘ ਨੇ ਗੁਰੂਦੁਆਰਾ ਡੇਹਰਾ ਸਾਹਿਬ ਦੀ ਕੰਧ ਨਾਲ ਦੋ ਜਿਮੀਦਾਰਾ ਦੁਆਰਾ ਛੱਡੇ ਇੱਕ ਚਾਰ ਕੁ ਸਾਲ ਦੇ ਅਪੰਗ (ਲੂਲ੍ਹੇ) ਬੱਚੇ ਨੂੰ ਭਗਤ ਪੂਰਨ ਸਿੰਘ ਨੂੰ ਦਿੰਦਿਆਂ ਕਿਹਾ,”ਪੂਰਨ ਸਿੰਘਾ, ਤੂੰ ਹੀ ਇਸ ਦੀ ਸੇਵਾ ਸੰਭਾਲ ਕਰ” ਅਤੇ ਇੰਝ ਉਸ ਦਿਨ ਤੋਂ ਹੀ ਜਾਣੋ ਪਿੰਗਲਵਾੜੇ ਦੀ ਨੀਂਹ ਰੱਖੀ ਗਈ। ਭਗਤ ਜੀ ਨੇ ਇਸ ਬੱਚੇ ਦਾ ਨਾਂ ਪਿਆਰ ਤੇ ਮਮਤਾ ਨਾਲ ‘ਪਿਆਰਾ ਸਿੰਘ’ ਰੱਖਿਆ ਤੇ ਸੰਨ 1934 ਤੋਂ 1947 ਤੱਕ ਭਗਤ ਜੀ ਦੀ ਪਿੱਠ ਅਤੇ ਮੋਢਿਆਂ ਤੇ ਹੀ ਰਿਹਾ ਅਤੇ ਆਪਣੀ ਉਮਰ ਦੇ 58 ਸਾਲ ਇਹ ਭਗਤ ਜੀ ਦੀ ਗੋਦ ਵਿੱਚ ਖੇਡਦਾ ਰਿਹਾ। ਸੰਨ 1947 ਵਿੱਚ ਭਾਰਤ- ਪਾਕ ਵੰਡ ਤੋਂ ਬਾਦ ਭਗਤ ਜੀ ਪਿਆਰੇ ਨੂੰ ਆਪਣੇ ਮੋਢਿਆਂ ਤੇ ਚੁੱਕ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਰਫਿਊਜੀ ਕੈਂਪ ਵਿੱਚ ਆ ਗਏ। ਇਥੇ ਰਫਿਊਜੀਆਂ ਦੀ ਗਿਣਤੀ 23000 ਤੋਂ 25000 ਦੇ ਵਿੱਚ-ਵਿੱਚ ਰੋਜਾਨਾ ਹੀ ਰਹਿੰਦੀ ਸੀ। ਭਗਤ ਜੀ ਨੇ ਇੱਥੇ ਬੇ-ਆਸਰਿਆਂ, ਬੁਜਰਗਾਂ, ਅਪਾਹਿਜਾਂ ਤੇ ਰੋਗੀਆਂ ਦੀ ਸੇਵਾ ਕਰਨੀ। ਉਹਨਾਂ ਦੇ ਮਲ-ਮੂਤਰ ਨਾਲ ਲਿੱਬੜੇ ਕੱਪੜੇ ਆਪਣੇ ਹੱਥੀਂ ਧੋਣੇ। ਇਹ ਕੈਂਪ 18-08-1947 ਤੋਂ 31-12-1947 ਤੱਕ ਰਿਹਾ। ਇਸ ਕੈਂਪ ਦੀ ਸਮਾਪਤੀ ਨਾਲ ਹੀ ਭਗਤ ਜੀ ਕੋਲ ਸੱਤ-ਅੱਠ ਬੇ-ਆਸਰੇ ਰੋਗੀ ਬਚ ਗਏ, ਜਿਹਨਾਂ ਦੀ ਸੇਵਾ ਸੰਭਾਲ, ਉਹਨਾਂ ਦੇ ਮਲ-ਮੂਤਰ ਦੀ ਸਫਾਈ, ਦਵਾ ਦਾਰੂ ਕਰਨਾ, ਤੇ ਉਹਨਾਂ ਲਈ ਘਰਾਂ ਤੋਂ ਪ੍ਰਸ਼ਾਦੇ ਉਗਰਾਹੁਣੇ ਸਭ ਕੰਮ ਭਗਤ ਜੀ ਆਪ ਕਰਦੇ। ਖਾਲਸਾ ਕਾਲਜ ਵਿੱਚੋਂ ਨਿਕਲ ਕੇ ਚੀਫ ਖਾਲਸਾ ਦੀਵਾਨ ਅੱਗੇ, ਰੇਲਵੇ ਸਟੇਸਨ ਦੀ ਸੜਕ ਕੰਢੇ, ਹਸਪਤਾਲ ਦੇ ਦਰਵਾਜੇ ਅੱਗੇ ਰਾਮ ਬਾਗ ਦੇ ਬੋਹੜ ਥੱਲੇ, ਸਿਵਲ ਸਰਜਨ ਦੇ ਦਫਤਰ ਲਾਗੇ ਇੱਕ ਨਿਕਾਸੀ ਕੋਠੀ ਅਤੇ ਰਾਮ ਤਲਾਈ ਵਾਲੀ ਸਰ੍ਹਾਂ ਵਿੱਚ ਇੱਕ ਚਲਦਾ ਫਿਰਦਾ ਪਿੰਗਲਵਾੜਾ ਸੀ। ਇੱਕ ਪੁਰਾਣੀ ਰਿਕਸ਼ਾ ਨੂੰ ਦੁਰਸ਼ਤ ਕਰਕੇ ਬਣਾਈ ਐਬੂਲੈਂਸ ਨੂੰ ਧੱਕ ਕੇ ਰੋਗੀਆਂ ਨੂੰ ਆਪ ਭਗਤ ਜੀ ਹਸਪਤਾਲ ਲੈ ਕੇ ਜਾਂਦੇ। ਹੌਲੀ-ਹੌਲੀ ਮਰੀਜਾਂ ਤੇ ਬੇ-ਸਹਾਰਿਆਂ ਦੀ ਗਿਣਤੀ ਵਧਣ ਲੱਗੀ। ਭਗਤ ਜੀ ਵਿੱਚ ਮਾਤਰਪੁਣਾ ਬਹੁਤ ਜਿਆਦਾ ਸੀ। ਜੇ ਇਹ ਕਿਹਾ ਜਾਵੇ ਕਿ ਭਗਤ ਜੀ ਪਿਤਾ ਨਹੀਂ ਸੀ ਸਗੋਂ ਸਾਰੀ ਦੀ ਸਾਰੀ ਮਾਂ ਸੀ ਤਾਂ ਅਤਿ ਕਥਨੀ ਨਹੀਂ ਹੋਵੇਗੀ। ਬੇਅੰਤ ਧੱਕੇ ਤੇ ਥਾਂ-ਥਾਂ ਭਟਕਣ ਤੋਂ ਬਾਅਦ 1958 ਨੂੰ ਪਿੰਗਲਵਾੜੇ ਲਈ ਜਮੀਨ ਖ੍ਰੀਦੀ ਗਈ। ਇਸ ਤਰ੍ਹਾਂ ਪਿੰਗਲਵਾੜਾ ਹੋਂਦ ਵਿੱਚ ਆਇਆ ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ(ਰਜਿ.) ਅੰਮ੍ਰਿਤਸਰ ਦੇ ਰੂਪ ਵਿੱਚ ਰਜਿਸਟਰ ਕਰਵਾਇਆ ਗਿਆ। ਇਸ ਤਰ੍ਹਾਂ ਪਿੰਗਲੇਵਾੜੇ ਦਾ ਮੁੱਢ ਵੱਜ ਗਿਆ। ਜਿਵੇਂ-ਜਿਵੇਂ ਭਗਤ ਪੂਰਨ ਸਿੰਘ ਜੀ ਤੇ ਪਿੰਗਲਵਾੜੇ ਬਾਰੇ ਲੋਕਾਂ ਨੂੰ ਪਤਾ ਚੱਲਦਾ ਗਿਆ ਭਗਤ ਜੀ ਦਾ ਇਹ ਪਰਿਵਾਰ ਵਧਦਾ ਗਿਆ। ਲਗਨ, ਸਿਦਕ ਦਿਲੀ, ਤੇ ਵਾਹਿਗੁਰੂ ਤੇ ਭੋਰੇਸੇ ਨਾਲ ਸਮਾਜ ਵੱਲੋਂ ਤ੍ਰਿਸਕਾਰੇ ਅਪਾਹਜਾਂ, ਬੇਸਹਾਰਿਆਂ, ਬਿਮਾਰਾਂ, ਲਾਵਾਰਸਾਂ ਤੇ ਬਿਰਧਾਂ ਦੀ ਨਿਰਸਵਾਰਥ ਸੇਵਾ ਸੰਭਾਲ ਕਰਦੇ ਭਗਤ ਜੀ ਨੂੰ ਪਦਸ ਸ੍ਰੀ, ਹਾਰਮਨੀ ਅਵਾਰਡ, ਲੋਕ ਰਤਨ, ਭਾਈ ਘਨੱਈਆ, ਅਤੇ ਸਰਬੱਤ ਦਾ ਭਲਾ ਵਰਗੇ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਮਨੁੱਖਾਂ ਲਈ ਅਥਾਹ ਪਿਆਰ ਤੇ ਦੀਨ ਦੁੱਖੀਆਂ ਦੇ ਦਰਦ ਵੰਡਾਉਣ ਵਾਲੇ ਭਗਤ ਜੀ ਦੇ ਕੋਮਲ ਦਿਲ ਤੇ 1984 ਦੇ ਬਲੂ ਸਟਾਰ ਅਪਰੇਸ਼ਨ ਨੇ ਬਹੁਤ ਗਹਿਰੀ ਸੱਟ ਮਾਰੀ ਤੇ ਭਗਤ ਜੀ ਨੇ ਰੋਸ ਵੱਜੋਂ ਪਦਮ ਸ੍ਰੀ ਅਵਾਰਡ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ। ਗੁਰਬਾਣੀ ਦੇ ਮਹਾਂਵਾਕ ਅਨੁਸਾਰ,”ਘਲੇ ਆਵਿਹ ਨਾਨਕਾ ਸਦੇ ਉਠੀ ਜਾਹਿ।।” ਭਗਤ ਜੀ ਅਕਾਲ ਪੁਰਖ ਦੇ ਹੁਕਮ ਨਾਲ 5 ਅਗਸਤ 1992 ਨੂੰ ਸਾਨੂੰ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਪਰ ਉਹਨਾਂ ਦੀ ਆਤਮਾ ਅੱਜ ਵੀ ਉਹਨਾਂ ਦੇ ਪਿੰਗਲੇਵਾੜੇ ਵਿੱਚ ਵਸਦੇ ਮਾਨਸਿਕ ਰੋਗੀ, ਅਧਰੰਗ, ਮੰਦ-ਬੁੱਧੀ, ਗੂੰਗੇ ਬੋਲੇ, ਬਿਰਧਾਂ ਵਿੱਚ ਵਸਦੀ ਹੈ ਤੇ ਉਹਨਾਂ ਦੇ ਕਿਤਾਬਚਿਆਂ ਤੇ ਲਿਟੇਚਰ ਰਾਹੀਂ ਸਾਡੇ ਤੱਕ ਪਹੁੰਚ ਕਰਦੀ ਹੈ। ਸਾਨੂੰ ਟੁੰਬਦੀ ਤੇ ਸਾਡੇ ਸਮਾਜ, ਕੁਦਰਤ ਤੇ ਧਰਮ ਪ੍ਰਤੀ ਸਾਡੇ ਫਰਜਾਂ ਲਈ ਸਾਡੀ ਅਗਵਾਈ ਕਰਦੀ ਹੈ। ਭਗਤ ਜੀ ਵੱਲੋਂ ਇਸ ਸੰਸਥਾ ਦੁਆਰਾ ਸਮਾਜ ਦੇ ਹਰ ਉਸ ਇਨਸਾਨ ਨੂੰ ਸਮਾਜਿਕ ਸੁਧਾਰਾਂ, ਮਨੁੱਖੀ ਕਦਰਾਂ ਕੀਮਤਾਂ, ਅਤੇ ਕੁਦਰਤ ਨਾਲ ਪਿਆਰ ਨਾਲ ਜੋੜਨ ਦਾ ਯਤਨ ਕੀਤਾ ਤੇ ਉਹਨਾਂ ਦਾ ਇਹ ਮੰਤਵ ਅੱਜ ਪਿੰਗਲਵਾੜੇ ਦੇ ਮੁਖੀ ਬੀਬੀ ਡਾ. ਇੰਦਰਜੀਤ ਕੌਰ ਜੀ ਆਪਣੀ ਨਿਸਕਾਮ ਸੇਵਾ, ਅਗਾਂਹ ਵਧੂ ਸੋਚ ਅਤੇ ਅਧਿਆਤਮਕ ਉੱਚਤਾ ਨਾਲ ਬੜੀ ਕਾਮਯਾਬੀ ਨਾਲ ਪੂਰਾ ਕਰ ਰਹੇ ਹਨ। ਪਿੰਗਲਵਾੜੇ ਦੇ ਮਰੀਜਾਂ ਦੀ ਗਿਣਤੀ ਇੰਨੀ ਕੁ ਵਧ ਗਈ ਹੈ ਕਿ 31 ਮਈ 2021 ਤੱਕ ਇਸ ਪਿੰਗਲਵਾੜੇ ਦੀਆਂ ਅੱਠ ਸਾਖਾਵਾਂ ਅੰਮ੍ਰਿਤਸਰ, ਪੰਡੋਰੀ ਬ੍ਰਾਂਚ, ਮਾਨਾਂਵਾਲਾ, ਗੋਇੰਦਵਾਲ, ਸੰਗਰੂਰ, ਜਲੰਧਰ, ਚੰਡੀਗੜ੍ਹ, ਅਤੇ ਲੁਧਿਆਣਾ ਵਿੱਚ ਕੁੱਲ 1800 ਹੈ । ਇਹਨਾਂ 1800 ਮਰੀਜਾਂ ਵਿੱਚ ਮਾਨਸਿਕ ਰੋਗੀ, ਅਧਰੰਗ, ਮੰਦ-ਬੁੱਧੀ, ਗੂੰਗੇ ਬੋਲੇ, ਬਿਰਧ, ਜਖਮੀ, ਤਪਦਿਕ, ਨੇਤਰਹੀਣ, ਏਡਜ, ਮਿਰਗੀ, ਕੈਂਸਰ ਵਾਲੇ, ਸੂਗਰ, ਸਕੂਲ ਜਾਣ ਵਾਲੇ ਬੱਚੇ, ਸਮਾਜ ਦੇ ਤ੍ਰਿਸਕਾਰ ਨਵਜਾਤ ਬੱਚੇ ਅਤੇ ਬਿਮਾਰੀ ਤੋਂ ਠੀਕ ਹੋਏ ਮਰੀਜ ਸਾਮਿਲ ਹਨ। ਪਿੰਗਲੇਵਾੜੇ ਦਾ ਵਧੀਆ ਖਾਣਾ, ਮੈਡੀਕਲ ਸਹਾਇਤਾ, ਸਾਫ ਤੇ ਸੁਰਖਿਅਤ ਵਾਤਾਵਰਣ ਤੇ ਪਿੰਗਲਵਾੜੇ ਦੇ ਸੇਵਾਦਾਰਾਂ ਦੇ ਪਿਆਰ ਤੇ ਸੇਵਾ ਨਾਲ ਇਹ ਸਾਰੇ ਮਰੀਜ ਆਪਣਾ ਜੀਵਨ ਵਧੀਆ ਢੰਗ ਨਾਲ ਬਤੀਤ ਕਰ ਰਹੇ ਹਨ। ਕੁਦਰਤੀ ਖੇਤੀ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਆਰਥਿਕ ਹਾਲਤ ਨੂੰ ਸੁਧਾਰਨ ਅਤੇ ਖੇਤੀ ਤੇ ਬੇਲੋੜੇ ਕੀਟ ਨਾਸਕਾਂ ਦੀ ਵਰਤੋਂ ਨੂੰ ਬੰਦ ਕਰਨ ਅਤੇ ਵਾਤਾਵਰਣ ਤੇ ਮਨੁੱਖਤਾ ਨੂੰ ਬਚਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਪ੍ਰਮਾਤਮਾ ਨੇ ਸਾਨੂੰ ਮਨੁੱਖ ਬਣਾ ਕੇ ਇਸ ਧਰਤੀ ਤੇ ਜਨਮ ਦਿੱਤਾ ਤਾਂ ਜੋ ਅਸੀਂ ਉਸਦੇ ਬਣਾਏ ਮਨੁੱਖਾਂ ਤੇ ਕੁਦਰਤ ਦੀ ਸੇਵਾ ਸੰਭਾਲ ਕਰ ਸਕੀਏ ਤੇ ਇਸ ਦਾ ਸਭ ਤੋਂ ਵਧੀਆ ਉਦਾਹਰਣ ਹੈ ਪਿੰਗਲਵਾੜਾ। ਆਪਣੇ ਅੰਦਰ ਪਿਆਰ, ਅੱਪਣਤ, ਆਪਣੇ ਬੱਚਿਆਂ ਨੂੰ ਨਸ਼ਿਆਂ ਵਰਗੀਆਂ ਹੋਰ ਭਿਆਨਕ ਅਲਾਮਤਾਂ ਤੋਂ ਦੂਰ ਰੱਖਣ ਅਤੇ ਉਹਨਾਂ ਅੰਦਰ ਸਮਾਜਿਕ ਤੇ ਨੈਤਿਕ ਗੁਣ ਪੈਦਾ ਕਰਨ ਲਈ ਸਾਨੂੰ ਪਿੰਗਲਵਾੜੇ ਜਰੂਰ ਜਾਣਾ ਚਾਹੀਦਾ ਹੈ। ਪਿੰਗਲਵਾੜਾ ਅਪਾਹਜਾਂ, ਬੇਸਹਾਰਿਆਂ, ਲਾਵਾਰਸਾਂ ਦਾ ਸੱਚਾ ਤੇ ਸੁੱਚਾ ਤੀਰਥ ਅਸਥਾਨ ਜਿੱਥੇ ਉਹਨਾਂ ਮਾਸੂਮ ਚੇਹਰਿਆਂ ਵਿੱਚੋਂ ਪ੍ਰਮਾਤਮਾ ਦੇ ਦਰਸ਼ਨ ਸੁਧੇ-ਸਿੱਧ ਹੀ ਹੋ ਜਾਂਦੇ ਹਨ।

