ਝੂਠੇ ਦਾ ਪੱਖ ਪੂਰਨ ਸਾਰੇ
ਸੱਚ ਦੇ ਨਾਲ ਨਾ ਕੋਈ
ਅਣਖ ਰੁਲਦੀ ਫਿਰੇ ਬਜ਼ਾਰਾਂ
ਖੂਨ ਦੇ ਹੰਝੂ ਰੋਈ
ਨੇਕੀ ਨੋਕਰ ਬੇਈਮਾਨਾਂ ਦੀ
ਮਿਲੇ ਨਾ ਕਿਧਰੇ ਢੋਈ
ਮਜਬੂਰੀ ਤਾਂ ਭੱਠ ਝੋਕਦੀ
ਇਕ ਪਲ ਵੀ ਨਾ ਸੋਈ
ਲੁੱਟ ਮਾਰ ਤੇ ਧੱਕੇ ਸ਼ਾਹੀ
ਫ਼ਸਲ ਫਰੇਬ ਦੀ ਬੋਈ
ਬੇਦਰਦੀ ਦੀ ਅੱਖ ਚੰਦਰੀ
ਤਕ ਮਜ਼ਲੂਮ ਨਾ ਚੋਈ
ਹਮਦਰਦੀ ਦੀ ਭਾਸ਼ਾ ਬਿੰਦ੍ਰਾ
ਦੁਨੀਆ ਉੱਤੋਂ ਖੋਈ

