ਮਿੱਟੀ ਨਾਲੋਂ ਟੁੱਟ ਕੇ ਸਾਡਾ, ਹੋਇਆ ਮੰਦੜਾ ਹਾਲ ਜੀ।
ਮਿੱਟੀ ਜਣਦੀ ਮਿੱਟੀ ਪਾਲ਼ੇ, ਕਰੇ ਮਿੱਟੀ ਖੁਸ਼ਹਾਲ ਜੀ।
ਸੁੱਖ ਸਹੂਲਤਾਂ ਸਿਹਤ ਅਸਾਡੀ, ਬਣ ਬੈਠੀ ਜੰਜਾਲ ਜੀ।
ਆਪੋ ਧਾਪੀ ਵਿਚ ਗੁਆਚੇ, ਭੁੱਲ ਗਏ ਮਿੱਟੀ ਲਾਲ ਜੀ।
ਸਮੇਂ ਨਾਲ ਇਹ ਬਦਲੀ ਦੁਨੀਆ, ਬਦਲੇ ਸਭ ਖਿਆਲ ਜੀ।
ਸਮੇਂ ਸਿਰ ਨਾ ਆਉਂਦੀ ਗਰਮੀ,ਨਾ ਆਵੇ ਰੁੱਤ ਸਿਆਲ਼ ਜੀ
ਸਿਹਤ ਸਕੀਰੀ ਢਲ਼ ਗਈ ਸਾਰੀ,ਪਰੋਸ ਨਾ ਹੋਵਣ ਥਾਲ ਜੀ।
ਖੇਤੀ ਬੰਨੇ ਵੱਢੇ ਰੁੱਖ ਜੋ, ਪੁੱਛਦੇ ਇਹੋ ਸਵਾਲ ਜੀ।
ਤੜਫੇ ਹਵਾ ਤੇ ਪਾਣੀ ਰੋਵੇ, ਲਾਓ ਰੁੱਖਾਂ ਦੀ ਪਾਲ਼ ਜੀ।
ਜੀਵਨ ਨੂੰ ਸਵਰਗ ਬਣਾਈਏ, ਜੁੜਕੇ ਮਿੱਟੀ ਨਾਲ਼ ਜੀ।
ਨੰਗੇ ਪੈਰੀਂ ਤੁਰਕੇ ਦੇਖੋ, ਮੁੱਖੜਾ ਹੋਏ ਜਲਾਲ ਜੀ।
ਜੇ ਕੁਦਰਤ ਦੇ ਸਾਥੀ ਬਣੀਏ,ਜੀਵਨ ਹੋਏ ਸੁਰ-ਤਾਲ ਜੀ।
ਮਿੱਟੀ ,ਪਾਣੀ ਜੇ ਸ਼ੁੱਧ ਰੱਖੀਏ, ਹੋਈਏ ਮਾਲੋ ਮਾਲ ਜੀ।
ਹੜ ਸੋਕੇ ਤੇ ਹੋਰ ਆਫਤਾਂ, ਫਿਰ ਨਾ ਕਰਨ ਬੇਹਾਲ ਜੀ।
ਮਿੱਟੀ ਮਾਂ ਵੱਲ ਪਿੱਠ ਨਾ ਮੋੜੋ, ਛਿੜਕੋ ਰੰਗ ਗੁਲਾਲ ਜੀ।
ਵਾਂਗ ਮਿੱਟੀ ਖੂਸ਼ਬੋਆਂ ਵੰਡਕੇ, ਪੈਦਾ ਕਰੋ ਮਿਸਾਲ ਜੀ।
‘ਮਾਨ’ ਜਿਹੇ ਨਾ ਮੂਰਖ ਬਣੀਏ, ਇਹ ਕਰੀਏ ਸਾਲੋ ਸਾਲ ਜੀ।

