ਜੇ ਮੈਂ ਨਾ ਹੁੰਦੀ ਤਾਂ ਕੀ ਹੁੰਦਾ
ਮਾਏ ਮੈਂ ਨਾ ਹੁੰਦੀ ਤਾਂ ਕੀ ਹੁੰਦਾ
ਨਾ ਸੋਗ ਹੁੰਦਾ ਪਿੰਡ ਸਾਰੇ ਵਿੱਚ
ਜੰਮਣ ’ਤੇ, ਵਿਹੜੇ ਚੁਬਾਰੇ ਵਿੱਚ
ਨਾ ਦੁਖੀ ਤੇਰਾ ਵੀ ਜੀ ਹੁੰਦਾ
ਜੇ ਮੈਂ ਨਾ ਹੁੰਦੀ ਤਾਂ ਕੀ ਹੁੰਦਾ

ਨਾ ਰਾਖੀ ਕਰਦਾ ਪੱਤ ਦੀ ਕੋਈ
ਨਾ ਗੱਲ ਸਿਖਾਉਂਦਾ ਮੱਤ ਦੀ ਕੋਈ
ਇਹ ਭਾਰ ਸਿਰਾਂ ’ਤੇ ਨਹੀਂ ਹੁੰਦਾ
ਜੇ ਮੈਂ ਨਾ ਹੁੰਦੀ ਤਾਂ ਕੀ ਹੁੰਦਾ
ਨਾ ਦਾਜ ਬਾਪੂ ਨੂੰ ਦੇਣਾ ਪੈਂਦਾ
ਸਿਰ ਨੂੰ ਨੀਵਾਂ ਨਾ ਹੋਣਾ ਪੈਂਦਾ
ਕਰਜ਼ਾ ਨਾ ਫਿਰ ਲੱਖ ਵੀਹ ਹੁੰਦਾ
ਜੇ ਮੈਂ ਨਾ ਹੁੰਦੀ ਤਾਂ ਕੀ ਹੁੰਦਾ
ਕੀ ਸੱਸ ਮੇਰੀ ਦਾ ਕਹਿਣਾ ਏ
ਪੁੱਤ ਤੇਰੇ ਤੋਂ ਇੱਕ ਲੈਣਾ ਏ
ਜੇ ਵੱਸ ਮੇਰੇ ਇਹ ਵੀ ਹੁੰਦਾ
ਜੇ ਮੈਂ ਨਾ ਹੁੰਦੀ ਤਾਂ ਕੀ ਹੁੰਦਾ
ਤੁਰਦੀ ਤੁਰਦੀ ਮੈਂ ਹਾਰ ਗਈ
ਮੇਰੀ ਹਯਾ ਹੀ ਮੈਨੂੰ ਮਾਰ ਗਈ
ਉਦੋਂ ਨਾਲ ਖੜਾ ਕੋਈ ਜੀਅ ਹੁੰਦਾ
ਜੇ ਮੈਂ ਨਾ ਹੁੰਦੀ ਤਾਂ ਕੀ ਹੁੰਦਾ
ਇਸ ਜੱਗ ਨੇ ਮੈਨੂੰ ਮਾਰ ਦਿੱਤਾ
ਜਿਉਂਦੀ ਨੂੰ ਹੀ ਅੱਜ ਸਾੜ ਦਿੱਤਾ
ਵੇ ਮੈਂ ਨਾ ਹੋਈ ਤਾਂ ਕੀ ਹੋਇਆ
ਹਾਏ ਮੈਂ ਨਾ ਹੋਈ ਤਾਂ ਕੀ ਹੋਇਆ

