ਮੁੱਕ ਜਾਵਣ ਸਭ ਝਗੜੇ ਝੇੜੇ
ਯੁੱਗ-ਯੁੱਗ ਵਸਣ ਨਗਰ ਖੇੜੇ
ਹਰ ਪਲ ਰਾਗ ਮੁਹੱਬਤ ਛੇੜੇ- ਐਸੀ ਮਹਿਕ ਖਿੰਡਾਈਂ ਵੇ ਵਰ੍ਹਿਆ,
ਖੁਸ਼ੀਆਂ ਲੈ ਕੇ ਆਈਂ ਵੇ ਵਰ੍ਹਿਆ।
ਹੱਕਾਂ ਉੱਤੇ ਪੈਣ ਨਾ ਡਾਕੇ- ਹੋਰ ਝੱਲਣੇ ਪੈਣ ਨਾ ਫ਼ਾਕੇ,
ਵਾੜ ਖਾਣ ਨਾ ਖੇਤ ਦੇ ਰਾਖੇ- ਐਸੀ ਹਵਾ ਵਗਾਈਂ ਵੇ ਵਰ੍ਹਿਆ,
ਖੁਸ਼ੀਆਂ ਲੈ ਕੇ…
ਭੈਣਾਂ ਕੋਲੋਂ ਵੀਰ ਨਾ ਰੁੱਸਣ- ਮਾਪਿਆਂ ਦੇ ਜਗਸੀਰ ਨਾ ਖੁੱਸਣ,
ਧਰਤੀ ਕੋਲੋਂ ਨੀਰ ਨਾ ਮੁੱਕਣ- ਐਸੀ ਕਲਾ ਵਰਤਾਈਂ ਵੇ ਵਰ੍ਹਿਆ,
ਖੁਸ਼ੀਆਂ ਲੈ ਕੇ…
ਧੀਆਂ ਦਾ ਜੰਮਣਾ ਭਾਰ ਰਹੇ ਨਾ- ਤਮਾਸ਼ਬੀਨ ਸਰਕਾਰ ਬਣੇ ਨਾ,
ਬਾਬਲ ਬੇਵੱਸ ਲਾਚਾਰ ਰਹੇ ਨਾ- ਹਿੰਮਤ ਅਣਖ ਵਧਾਈਂ ਵੇ ਵਰ੍ਹਿਆ,
ਖੁਸ਼ੀਆਂ ਲੈ ਕੇ…
ਕੁੱਖਾਂ ਤੇ ਰੁੱਖ ਰਹਿਣ ਸਲਾਮਤ- ਚਾਵਾਂ ਦੀ ਨਾ ਆਵੇ ਸ਼ਾਮਤ,
ਰਾਜੂ ਰੌਤੇ ਜਿੰਦ ਅਮਾਨਤ- ਲੋਕਾਂ ਲੇਖੇ ਲਾਈਂ ਵੇ ਵਰ੍ਹਿਆ,
ਖੁਸ਼ੀਆਂ ਲੈ ਕੇ ਆਈਂ ਵੇ ਵਰ੍ਹਿਆ।
ਸੰਪਰਕ: 98764 86187

