ਰਾਹੀ ਖਿੱਚ ਨਾ ਕਦਮ ਪਿਛਾਹਾਂ ਨੂੰ, ਕਿਤੇ ਮੰਜ਼ਿਲ ਦੂਰ ਨਾ ਹੋ ਜਾਏ ।
ਨਾ ਚੁੱਕ ਤੁਰ ਨਜ਼ਰ ਉਤਾਹਾਂ ਨੂੰ, ਪੈਰੋਂ ਜੀਵ ਹੱਤਿਆ ਨਾ ਹੋ ਜਾਏ ।
ਪਹਾੜਾਂ ਦੇ ਰਸਤੇ ਬੰਦ ਹੋਏ , ਕੁਝ ਲਹਿੰਦੇ ਪਾਸੇ ਖੁੱਲ੍ਹ ਰਹੇ
ਕਰ ਰੋਸ਼ਨ ਨਵੀਂਆਂ ਰਾਹਾਂ ਨੂੰ , ਤੇਰਾ ਹਠ ਹੀ ਦੀਪਕ ਹੋ ਜਾਏ ।
ਕਿਹੜੀ ਬਲਦੀ ਹੈ ਅੱਖ , ਮਾਸੂਮ ’ਤੇ ਹੁੰਦਾ ਜ਼ੁਲਮ ਤੱਕ ਕੇ
ਨਾ ਹੋਵੇ ਜ਼ਬਰ ਅਗਾਹਾਂ ਨੂੰ , ਉੱਠੋ ਇਹਾ ਉਪਰਾਲਾ ਹੋ ਜਾਏ ।
ਨਾ ਬਣ ਬਹੁਤਾ ਧਾਰਮਿਕ ਯਾਰ, ਕਿ ਇਨਸਾਨੀਅਤ ਹੀ ਭੁੱਲ ਜਾਵੇਂ
ਰੱਖ ਸਾਂਭ ਦਿਲੀ ਪਨਾਹਾਂ ਨੂੰ , ਗ਼ਜ਼ਲ ਹਰਮਨ ਪਿਆਰੀ ਹੋ ਜਾਏ ।
ਮਹਿਬੂਬ ਲਈ ਇਨਸਾਨ ਹੀ ਰਹਿ , ਸ਼ੀਸ਼ਾ ਨਾ ਬਣ ਐ ਦੋਸਤ
ਮਤੇ ਫੇਰ ਲਵੇ ਨਿਗਾਹਾਂ ਨੂੰ , ਫਿਰ ਮਨਾਉਣਾ ਔਖਾ ਹੋ ਜਾਏ ।
ਉਦੱਮ ਲਈ ਨਾ ਉਠ ਰਿਹਾ , ਕਹੇ ਕੋਈ ਇਹ ਦੁਨੀਆਂ ਫਾਨੀ
ਸੁੱਟ ਪਰ੍ਹੇ ਚੁੱਕ ਅਫਵਾਹਾਂ ਨੂੰ , ਤੇਰਾ ਆਂਗਨ ਖਾਲੀ ਹੋ ਜਾਏ ।
ਨਾ ਬਣ ਖੁਸ਼ਬੋਈ ਹਵਾ ਦਾ ਬੁੱਲਾ, ਪ੍ਰੀਤ ਲਾਈ ਤਾਂ ਵਖਤ, ਬਫਾ ਵੀ ਦੇ
ਆ ਕਰ ਸਾਂਝੇ ਮੇਰੇ ਸਾਹਾਂ ਨੂੰ, ਖਬਨੀਂ ਕਿਹੜਾ ਆਖਰੀ ਹੋ ਜਾਏ ।

