ਬਹੁਤ ਦੂਰ ਤੀਕ
ਜਿਥੋਂ ਤੱਕ ਇਤਿਹਾਸ ਦੀ ਲੀਕ ਜਾਂਦੀ ਹੈ
ਜ਼ਿੰਦਗੀ ਦੇ ਪਾਕਿ ਸੁਪਨਿਆਂ ਦੀ
ਜਿਥੋਂ ਤੱਕ ਤਹਿਰੀਕ ਜਾਂਦੀ ਹੈ |

ਐ ਮਲਾਲਾ ਯੂਸਫ਼ਜ਼ਈ ,
ਸੁਬਕ ਜਹੀ
ਸਵਾਤ-ਘਾਟੀ ਦਾ
ਤੂੰ ਸੱਜਰਾ ਖਿੜਿਆ ਫੁੱਲ
ਤੇਰੀ ਖੁਸ਼ਬੋ-
ਆਲਮੀ ਅਸਮਾਨ `ਚ
ਇਤਰ ਵਾਂਗ ਘੁਲ -ਮਿਲ ਗਈ ਹੈ |
ਐ ਮਲਾਲਾ
ਸਵਾਤ ਘਾਟੀ ਦੇ ਸਿਆਹ ਹਨੇਰਿਆਂ `ਚ
ਤੂੰ ਜੁਗਨੂੰ ਬਣ ਚਮਕੀ ਹੈਂ
ਇੱਕ ਚਿਰਾਗ
ਜੋ ਅੰਨ੍ਹੀਆਂ-ਬੋਲ਼ੀਆਂ ਮਸੀਤਾਂ ਲਈ
ਸਦਾ ਇੱਕ ਵੰਗਾਰ ਰਹੇਗਾ |
ਬਹੁਤ ਮਜਬੂਤ ਹੈਂ ਤੂੰ ਯੂਸਫ਼ਜ਼ਈ….
ਕੋਮਲ ਅੱਖਾਂ ਵਾਲੀ
ਆਪਣੇ ਅਕੀਦਿਆਂ ਚ
ਪਰਬਤਾਂ ਤੋਂ ਵੀ ਮਜਬੂਤ
ਤੇਰੀ ਕਲਮ …. ਤੇਰੀ ਤਲਵਾਰ
ਬੀ . ਬੀ .ਸੀ . ਨੂੰ ਖ਼ਬਰਾਂ ਘੱਲਦੀ-ਘੱਲਦੀ
ਤੂੰ ਖੁਦ ਇੱਕ ਖ਼ਬਰ ਬਣ ਗਈ ਹੈਂ ਮਲਾਲਾ |
ਢੱਠੇ ਹੋਏ ਸਕੂਲ ਦੀਆਂ
ਇੱਟਾਂ-ਰੋੜੇ ਚੁਣਦੀ
ਡਿੱਗਦੀ-ਢਹਿੰਦੀ
ਇਲਮ ਦੀ ਇਮਾਰਤ ਮੁੜ-ਉਸਾਰਦੀ
ਬੁਰਕੇ ਹੇਠ ਕਿਤਾਬਾਂ ਲਕੋ
ਨਿੱਕੇ -ਨਿੱਕੇ ਪੈਰਾਂ ਨਾਲ
ਵੱਡੇ ਇਰਾਦੇ ਸੀਨੇ `ਚ ਸਮੋ
ਡਰੀਆਂ ਨਿਗਾਹਾਂ
ਛੁਹਲੇ-ਛੁਹਲੇ ਕਦਮ
ਇੱਕ ਵਰਜਿਤ ਸਕੂਲ ਵੱਲ ਜਾਂਦੇ ਹੋਏ |
ਏ.ਕੇ. ਸੰਤਾਲੀ
ਜਾਂ ਪਤਾ ਨਹੀਂ ਕਲਾਸਨੀਕੋਵ-
ਉੱਡਦੀਆਂ ਧੂੜਾਂ, ਗਸ਼ਤ ਕਰਦੇ ਫੌਜੀ ਟਰੱਕ,
ਅੱਗ ਦੀਆਂ ਲਪਟਾਂ
ਮਾਸੂਮ ਧੜਕਦਾ ਇੱਕ ਦਿਲ |
ਹਰ ਵਾਰ ਪਰ
ਤੂੰ ਤ੍ਰਭਕ ਕੇ ਉੱਠਦੀ
ਮੈਲਾ ਜਿਹਾ ਬਸਤਾ
ਮੋਢੇ ਤੇ ਲਮਕਾ
ਕੌੜੀ ਕੁਸੈਲੀ ਫ਼ਿਜ਼ਾ ਨੂੰ ਘੂਰਦੀ ਹੋਈ
ਹਰ ਸਵੇਰ ਪਰ
ਤੂੰ ਸਕੂਲ ਦੀ ਔਝੜ ਪਗਡੰਡੀ ਤੇ ਹੁੰਦੀ
ਹਮਉਮਰ ਕੁੜੀਆਂ ਦੇ ਪੂਰ ਨਾਲ |
ਤੇਰੀ ਨੰਨ੍ਹੀ ਜਹੀ ਲਲਕਾਰ ਆਖਰ
ਚੌਪਾਸੀਂ ਫੈਲ ਗਈ ਹੈ ਯੂਸਫ਼ਜ਼ਈ
ਚੌਹਾਂ ਕੂਟਾਂ `ਚ
ਅੱਲ੍ਹਾ ਦੀ ਗੂੰਜ ਬਣ |
ਤੇਰੀ ਮਾਸੂਮੀਅਤ ਦੇ ਸੀਨੇ `ਚ ਲੱਗੀ ਗੋਲੀ ਨੇ
ਸਵਾਤ- ਘਾਟੀ ਦੀ ਸਮੁੱਚੀ ਜ਼ਹਿਰ ਪੀ ਲਈ ਹੈ ਕੁੜੀਏ…
ਨਹੀਂ ਸੱਚ—-
ਇਨਸਾਨੀ ਲਹੂ `ਚ ਵਗਦੀ ਤਮਾਮ ਕਾਲੀ ਜ਼ਹਿਰ …
ਸੁਕਰਾਤ ਵਾਂਗ |
ਤੂੰ ਸਵਾਤ ਘਾਟੀ ਦੀ ਸੁੱਤੀ ਪਈ ਧਰਤੀ `ਤੇ
ਅਸਮਾਨੀ ਬਿਜਲੀ ਬਣ ਗਰਜੀ ਹੈਂ ਮਲਾਲਾ ….
ਇੱਕ ਲਿਸ਼ਕਦੀ ਲਕੀਰ ਵਾਂਗ …..
ਇੱਕ ਚਮਕਦੀ ਸ਼ਮਸ਼ੀਰ ਵਾਂਗ ਹੈਂ ਤੂੰ ਮਲਾਲਾ
ਜੋ ਇਤਿਹਾਸ ਨੂੰ
ਕੋਈ ਨਵਾਂ ਮੋੜ ਵੀ ਦੇ ਸਕਦੀ ਹੈ ….
ਕੋਈ ਨਵਾਂ ਮੋੜ ਵੀ ਦੇ ਸਕਦੀ ਹੈ ….

