ਆਓ ਆਪਾਂ ਰਲ ਕੇ ਸਾਰੇ ਕਰੀਏ ਕੋਈ ਪਿਆਰ ਦੀ ਗੱਲ
ਨਫ਼ਰਤ ਕੱਢ ਕੇ ਦਿਲਾਂ ’ਚੋਂ, ਛੇੜੀਏ ਕੋਈ ਪਿਆਰ ਦੀ ਗੱਲ
ਪੱਤਝੜ ਬਹੁਤ ਹੰਢਾ ਕੇ ਦੇਖੀ, ਕਰੀਏ ਕੋਈ ਬਹਾਰ ਦੀ ਗੱਲ
ਧੁਆਂਖ ਗਏ ਨੇ ਸੁਪਨੇ ਜਿਸ ਦੇ, ਹੋਵੇ ਉਸ ਬੇਰੁਜ਼ਗਾਰ ਦੀ ਗੱਲ
ਬਿਨਾਂ ਇਲਾਜੋ ਮਰ ਗਿਆ ਜਿਹੜਾ, ਹੋਵੇ ਉਸ ਬਿਮਾਰ ਦੀ ਗੱਲ
ਅਸਲੀ ਦੇ ਭਾਅ ਨਕਲੀ ਵਿਕਦਾ, ਕਰੀਏ ਉਸ ਬਜ਼ਾਰ ਦੀ ਗੱਲ
ਲਹੂ ਨਾਲ ਲਿਖਦੀ ਸੁਰਖੀ ਜਿਹੜੀ, ਕਰੀਏ ਉਸ ਅਖ਼ਬਾਰ ਦੀ ਗੱਲ
ਗ਼ਰੀਬਾਂ ਦੇ ਸਿਰ ਲਟਕਣ ਵਾਲੀ, ਮਹਿੰਗਾਈ ਦੀ ਤਲਵਾਰ ਦੀ ਗੱਲ

ਕਹਿੰਦੀ ਕੁਝ ਤੇ ਕਰਦੀ ਕੁਝ ਜੋ, ਕਰੀਏ ਉਸ ਸਰਕਾਰ ਦੀ ਗੱਲ
ਜਿਸਦੀ ਚਲਦੀ ਪੇਸ਼ ਨਾ ਕੋਈ, ਕਰੀਏ ਉਸ ਲਾਚਾਰ ਦੀ ਗੱਲ
ਜਿੱਤਣ ਦੇ ਜੋ ਯੋਗ ਹੁੰਦੇ ਨੇ, ਕਰਦੇ ਕਦੇ ਨਾ ਹਾਰ ਦੀ ਗੱਲ
ਆਪਣੇ ਘਰ ਨੂੰ ਸਾਂਭੀਏ ਪਹਿਲਾਂ, ਕਰੀਏ ਫਿਰ ਸੰਸਰ ਦੀ ਗੱਲ
ਨਕਦਾਂ ਦੇ ਸੌਦੇ ਵਿੱਚ ਹੁੰਦੀ ਚੰਗੀ ਨਹੀਂ, ਕੋਈ ਉਧਾਰ ਦੀ ਗੱਲ
ਬਰਾੜ ਜਦ ਵੀ ਕਰਦਾ, ਕਰਦਾ ਹੈ ਕੋਈ ਸਾਰ ਦੀ ਗੱਲ

