ਲੇਖਿਕਾ: ਬਲਵੀਰ ਕੌਰ ਰੀਹਲ
ਪ੍ਰਕਾਸ਼ਕ :ਗੋਸਲ ਪ੍ਰਕਾਸ਼ਨ ਲੁਧਿਆਣਾ, ਪੰਨੇ: 116, ਮੁੱਲ:200/-
ਪੰਜਾਬੀ ਵਿਰਾਸਤ ਦੀ ਅਮੀਰੀ ਦਾ ਗਿਆਨ ਇਸ ਗਲ ਤੋਂ ਹੋ ਜਾਂਦਾ ਹੈ ਕਿ ਤਕਸ਼ਿਲਾ ਵਰਗੀ ਵਿਸ਼ਵ ਵਿਦਿਆਲਾ ਇਸ ਧਰਤੀ ਤੋਂ ਚਾਨਣ ਵੰਡਦੀ ਰਹੀ ਹੈ।ਰਿਗਵੇਦ ਵਰਗੇ ਮਹਾਨ ਗਰੰਥ ਦੀ ਰਚਨਾ ਵੀ ਇਥੇ ਹੋਈ ਦੱਸੀ ਜਾਂਦੀ ਹੈ।ਇਸ ਤਰ੍ਹਾਂ ਸਾਡੀ ਪੰਜਾਬੀ ਭਾਸ਼ਾ ਦੀ ਅਮੀਰੀ ਵੀ ਬਹੁਤ ਪੁਰਾਣੀ ਹੈ।ਨਾਥ ਜੋਗੀਆਂ ਦੁਆਰਾ ਰਚਿਆ ਸਾਹਿਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸੋਮਾ ਰਿਹਾ ਹੈ।ਬਾਬਾ ਫਰੀਦ ਦੀ ਮਿੱਠੀ ਬਾਣੀ ਦੀ ਧੁਨ ਹਰ ਕਿਸੇ ਨੂੰ ਸਰਸ਼ਾਰ ਕਰਦੀ ਹੈ।ਪੰਜਾਬੀ ਜੀਵਨ ਵਿਚ ਗਾਏ ਜਾਂਦੇ ਗੀਤ ਅਤੇ ਅਪਣਾਏ ਜਾਂਦੇ ਰੀਤੀ ਰਿਵਾਜ਼ ਵੀ ਸਾਡੇ ਸੱਭਿਅਚਾਰਕ ਜਨ ਜੀਵਨ ਦੇ ਅਨੇਕਾਂ ਪਹਿਲੂਆਂ ਨੂੰ ਉਘਾੜਦੇ ਹਨ।ਇਸੇ ਕਰਕੇ ਇਹਨਾਂ ਦੀ ਮਹਾਨਤਾ ਤੋਂ ਮੁਨੱਕਰ ਨਹੀਂ ਹੋਇਆ ਜਾ ਸਕਦਾ।ਵਿਰਾਸਤ ਦੀ ਮਹਾਨਤਾ ਇਸ ਗੱਲ ਵਿਚ ਵੀ ਹੈ ਕਿ ਇਸਦੀ ਸਾਂਭ ਸੰਭਾਲ ਵਿਚ ਕੋਈ ਕਸਰ ਨਾ ਛੱਡੀ ਜਾਵੇ।ਭਵਨ ਨਿਰਮਾਣ ਕਲਾ, ਸੱਭਿਆਚਾਰਕ ਮੇਲੇ , ਖੇਡਾਂ ਅਤੇ ਰਸਣ ਵਸਣ ਦੇ ਤੌਰ ਤਰੀਕੇ ਪੀੜੀ ਦਰ ਪੀੜੀ ਚੱਲਦੇ ਆ ਰਹੇ ਨੇ।
ਕਹਾਣੀ ਸੰਗ੍ਰਹਿ “ਦੋ ਕਦਮ” ਤੋਂ ਬਾਅਦ ਧੀਆਂ ਮਰਜਾਣੀਆਂ ਅਤੇ ਪ੍ਰਦੇਸੀ ਪੱਤ ਪੰਜਾਬ ਪੁਸਤਕਾਂ ਦਾ ਸੰਪਾਦਨ ਅਤੇ ਦੋ ਬਾਲ ਨਾਵਲ ਰਾਵਣ ਅਤੇ ਮੁੱਛਾਂ ਦੀ ਕਹਾਣੀ ਦਾ ਅਨੁਵਾਦ ਵੀ ਬੜੀ ਰੌਚਕ ਸ਼ੈਲੀ ਵਿਚ ਕਰ ਚੁੱਕੀ ਹੈ।ਹੁਣ ਉਸਨੇ ਵਿਰਾਸਤੀ ਲੇਖ ਇਕੱਤਰ ਕੀਤੇ ਹਨ।ਇਹ ਉਹ ਲੇਖ ਹਨ ਜਿਨਾਂ ਦੀ ਅਜੋਕੀ ਪੀੜ੍ਹੀ ਨੂੰ ਬਹੁਤ ਲੋੜ ਹੈ।ਅਜਕਲ ਦੀਆਂ ਮੁਟਿਆਰਾਂ ਗਿੱਧੇ ਵਿਚ ਬੋਲੀਆਂ ਤਾਂ ਪਾ ਰਹੀਆਂ ਹੁੰਦੀਆ ਹਨ ਪਰ ਉਹਨਾਂ ਨੂੰ ਢੋਲ, ਡੋਰੀਆ,ਕਸੂਰੀ, ਦੰਦਾਸਾ, ਸੱਗੀਫੁੱਲ, ਤਬੀਤੜੀਆਂ, ਬਾਜ਼ੂਬੰਦ ਆਦਿ ਦਾ ਕੋਈ ਗਿਆਨ ਨਹੀਂ ਹੁੰਦਾ।ਜਿਸ ਕਰਕੇ ਉਹ ਵੱਡੇ ਵੱਡੇ ਮੁਕਾਬਲਿਆਂ ਵਿਚ ਜਿੱਤ ਕੇ ਵੀ ਹਰ ਜਾਂਦੀਆਂ ਹਨ।ਇਸੇ ਤਰ੍ਹਾਂ ਸਾਡੇ ਕਈ ਗੱਭਰੂ ਇਹ ਨਹੀਂ ਜਾਣਦੇ ਕਿ ਗੁੜ ਕਿਵੇਂ ਬਣਦਾ ਹੈ ਤੇ ਚਰਖਾ ਕਿਵੇਂ ਕੱਤੀ ਦਾ ਹੈ।ਸੋ ਇਹ ਗੱਲਾਂ ਨਵੀਂ ਪੀੜ੍ਹੀ ਲਈ ਇਸ ਕਰਕੇ ਲੋੜੀਂਦੀਆਂ ਹਨ ਕਿ ਸਾਡੇ ਜੀਵਨ ਦਾ ਅਧਾਰ ਕਈ ਸਦੀਆਂ ਇਹਨਾਂ ਤੇ ਨਿਰਭਰ ਹੈ।ਜੋ ਅਸੀਂ ਅੱਜ ਪ੍ਰਾਪਤ ਕੀਤਾ ਹੈ ਉਹ ਚਰਖੇ ਦੇ ਚੱਕਰ, ਮਾਲ੍ਹ, ਅਤੇ ਗੁੱਝ ਰਾਹੀਂ ਹੀ ਹਾਸਿਲ ਕੀਤਾ ਜਾ ਸਕਿਆ।ਜੇਕਰ ਸਾਡਾ ਘਰੇਲੂ ਉਦਯੋਗ ਤਬਾਹ ਨਾ ਹੁੰਦਾ ਤਾਂ ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਨਾ ਹੁੰਦੀ।ਇਸ ਕਰਕੇ ਇਹ ਸਾਰੀ ਪੁਸਤਕ ਸਾਡੀ ਆਰਥਿਕ ਅਤੇ ਸਮਾਜਿਕ ਦਸ਼ਾ ਨੂੰ ਬਿਆਨਦੀ ਹੋਈ ਭਵਿੱਖ ਲਈ ਤਿਆਰ ਕਰਦੀ ਹੈ।
ਹੱਥਲੀ ਪੁਸਤਕ ਵਿਚ ਚੱਕੀ ਕੋਠੀ, ਘੱਗਰਾ, ਖੂਹ, ਫੁਲਕਾਰੀ, ਸੰਦੂਕ, ਕਪਾਹ ਬੇਲਣਾ, ਘੋੜੀ, ਸਿੱਠਣੀ, ਸੁਹਾਗ, ਭੱਤਾ ਬਾਰੇ ਬੜੇ ਖੋਜੀ ਅਤੇ ਦਿਲਚਸਪ ਭਾਸ਼ਾ ਵਿਚ ਲੇਖ ਰਚੇ ਗਏ ਹਨ।ਇਨਾਂ ਵਿਚ ਪੰਜਾਬੀ ਲੋਕਧਾਰਾ ਨੂੰ ਬਿਆਨ ਕਰਕੇ ਲੋਕ ਸਾਹਿਤ ਦੀ ਮਹਾਨਤਾ ਨੂੰ ਉਜਾਗਰ ਕੀਤਾ ਗਿਆ ਹੈ।ਪਾਠਕ ਜਦੋਂ ਪੁਸਤਕ ਪੜ੍ਹਨੀ ਸ਼ੁਰੂ ਕਰਦਾ ਹੈ ਤਾਂ ਉਸਦਾ ਮਨ ਹੋਰ ਅੱਗੇ ਪੜ੍ਹਨ ਨੂੰ ਕਰਦਾ ਹੈ।ਲੇਖਿਕਾ ਦੀ ਇਹ ਪ੍ਰਾਪਤੀ ਮੰਨੀ ਜਾ ਸਕਦੀ ਹੈ ਕਿ ਉਸਦੀ ਰਚਨਾ ਵਿਚ ਪਾਠਕ ਨੂੰ ਬੰਨਣ ਦਾ ਦਮ ਹੈ ।ਪ੍ਰੋ.ਬਲਬੀਰ ਕੌਰ ਰੀਹਲ ਨੇ ਜਿਸ ਆਸ ਨਾਲ ਇਹ ਪੁਸਤਕ ਰਚੀ ਹੈ ਉਹ ਤਦ ਹੀ ਪੂਰੀ ਪੈ ਸਕਦੀ ਹੈ ਜੇਕਰ ਪਾਠਕ ਇਸ ਨੂੰ ਪੜ੍ਹ ਕੇ ਇਸਦਾ ਅਨੰਦ ਲੈਣ।ਇਹ ਪੁਸਤਕ +2 ਦੇ ਵਿਧਿਆਰਥੀਆਂ ਨੂੰ ਹਰ ਹਾਲ ਪੜ੍ਹਨੀ ਚਾਹੀਦੀ ਹੈ।ਇਸ ਨਾਲ ਉਹਨਾਂ ਦਾ ਗਿਆਨ ਭੰਡਾਰ ਵਧੇਗਾ ਅਤੇ ਮਨੋਰੰਜਨ ਸੰਸਾਰ ਵਿਸ਼ਾਲ ਹੋਵੇਗਾ।ਇਹ ਰਚਨਾਵਾਂ ਅਜੋਕੇ ਸੱਭਿਆਚਾਰਕ ਨਿਘਾਰ ਦੇ ਦੌਰ ਵਿਚ ਹੋਰ ਵੀ ਮਹੱਤਵਪੂਰਨ ਹਨ।ਇਹਨਾਂ ਰਾਹੀਂ ਅਸੀਂ ਆਪਣੀ ਨਵੀਂ ਪਨੀਰੀ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜ ਸਕਦੇ ਹਾਂ।ਇਸ ਨਾਲ ਅਮੀਰ ਸਮਾਜਿਕ ਕਦਰਾਂ ਦਾ ਸੰਚਾਰ ਹੋਵੇਗਾ।ਜਿਸ ਨਾਲ ਸਮਾਜ ਸੁਚਾਰੂ ਅਤੇ ਉਸਾਰੂ ਬਣੇਗਾ।


