ਪ੍ਰਕਾਸ਼ਕ:ਸੰਗਮ ਪਬਲੀਕੇਸ਼ਨਜ,ਪਟਿਆਲਾ,ਪੰਨੇ:184,ਮੁੱਲ:150/-
ਡਾ.ਅਨੂਪ ਸਿੰਘ ਪੰਜਾਬੀ ਸਾਹਿਤ ਦਾ ਉੱਘਾ ਚਿੰਤਕ ਹੈ। ਉਸਨੇ ਸਾਹਿਤ ਦੇ ਭਿੰਨ ਰੂਪਾਕਾਰਾਂ ਤੇ ਗੰਭੀਰਤਾ ਨਾਲ ਖੋਜ ਕਾਰਜ ਕੀਤਾ ਹੈ।ਪੰਜਾਹ ਦੇ ਕਰੀਬ ਪ੍ਰਕਾਸ਼ਿਤ ਪੁਸਤਕਾਂ ਵਿਚ ਇਕ ਦਰਜਨ ਤੋਂ ਵੱਧ ਅਲੋਚਨਾ ਦੀਆਂ ਪੁਸਤਕਾਂ ਹਨ।ਇੰਜ ਉਸ ਕੋਲ ਇਕ ਵਿਸ਼ਾਲ ਅਲੋਚਨਾਤਮਿਕ ਨਜ਼ਰੀਆ ਹੈ ਜਿਸ ਨਾਲ ਹਰ ਕਿਰਤ ਦੀ ਸਹੀ ਪੜਚੋਲ ਕਰਨ ਵਿਚ ਸਫਲ ਰਹਿੰਦਾ ਹੈ।ਉਸਦੀ ਸਿਰਜਣ ਪ੍ਰਕਿਰਿਆ ਵਿਚ ਰਾਜਨੀਤੀ ਆਰਥਿਕਤਾ ਸਫਰਨਾਮਾ ਸਿਖ ਦਰਸ਼ਨ ਕਹਾਣੀ ਜੀਵਨੀ ਅਤੇ ਸੰਪਾਦਨਾ ਆਦਿ ਵਿਸ਼ੇ ਸ਼ਾਮਿਲ ਹਨ।ਹੱਥਲੀ ਪੁਸਤਕ ‘ਉਚੇਰੀ ਸੋਚ ਚੰਗੇਰੀ ਜ਼ਿੰਦਗੀ’ ਉਸਦਾ ਨਿਬੰਧ ਸੰਗ੍ਰਹਿ ਹੈ।ਜਿਸ ਰਾਹੀਂ ਨਵੀਂ ਪਨੀਰੀ ਨੂੰ ਉਚੇਰੀ ਸੋਚ ਅਪਨਾਉਣ ਦਾ ਅਭਿਆਸ ਕਰਾਇਆ ਗਿਆ ਹੈ।
ਵਿਚਾਰ ਅਧੀਨ ਪੁਸਤਕ ਵਿਚ ਦਰਜ ਕੀਤੇ ਸਤਾਰਾਂ ਲੇਖ ਜੀਵਨ ਦੀਆਂ ਗਹਿਰਾਈਆ ਨੂੰ ਮਾਪਦੇ ਹੋਏ ਸਾਨੂੰ ਸਹੀ ਰਾਹਾਂ ਦੇ ਪਾਂਧੀ ਬਣਨ ਲਈ ਤਿਆਰ ਕਰਦੇ ਹਨ।ਲੇਖਕ ਨੇ ਆਪਣੀ ਗਿਆਨ ਪਟਾਰੀ ਵਿਚੋਂ ਮਹਾਨ ਵਿਦਵਾਨਾ ਦੇ ਵਿਚਾਰਾਂ ਨਾਲ ਆਪਣੀ ਗੱਲ ਨੂੰ ਸਪੱਸ਼ਟ ਕਰਨ ਦਾ ਉਪਰਾਲਾ ਕੀਤਾ ਹੈ।
ਪੁਸਤਕ ਵਿਚ ਸ਼ਾਮਿਲ ਕੁੱਝ ਲੇਖਾਂ ਦੇ ਅਨੁਵਾਨ ਦੇਖੀਏ ਤਾਂ ਸਾਡੀ ਪੜ੍ਹਨ ਦੀ ਰੁਚੀ ਪੈਦਾ ਹੋ ਜਾਂਦੀ ਹੈ।ਜਿਵੇਂ ਹੁਣ, ਪਹਿਲ ਕਦਮੀ, ਲੱਗੇ ਰਹੋ, ਸਮਿਆਂ ਤੂੰ ਸੁਲਤਾਨ ਹੈ, ਮਿਹਨਤ ਹੀ ਸਿਰਜਕ ਹੈ, ਮਿਮਰਤ ਨਿਰਮਾਣਤਾ ,ਮਿਤਰਤਾ ਦੀ ਮਹਿਕ, ਆਸ਼ਾ ਦੇ ਦੀਪ ਜਗਾ ਕੇ ਰੱਖੋ, ਨਿਸਚੈ ਕਰ ਆਪਣੀ ਜੀਤ ਕਰੋ ਆਦਿ ਅਨੁਵਾਨ ਸਾਡੇ ਦਿਲ ਦਿਮਾਗ ਦੇ ਕਿਵਾੜ ਖੋਲਦੇ ਹਨ।ਸੋ ਇਹ ਲੇਖ ਸਾਨੂੰ ਅਜ ਦਾਸਹੀ ਇਸਤੇਮਾਲ ਕਰਦੇ ਹੋਏ ਭਵਿੱਖ ਲਈ ਤਿਆਰ ਕਰਦੇ ਹਨ।ਚਿੰਤਾ ਨੂੰ ਛੱਡ ਕੇ ਚਿੰਤਨ ਦੀ ਸਲਾਹ ਦਿੰਦੇ ਹਨ।ਜੀਵਨ ਦੀ ਦੋੜ ਵਿਚ ਆਉਂਦੀਆਂ ਔਕੜਾਂ ਦਾ ਮੁਕਾਬਲਾ ਡਟ ਕੇ ਕਰਨਾ ਚਾਹੀਦਾ ਹੈ।ਅਜਿਹੇ ਵਿਚਾਰ ਸਾਡੇ ਨਜ਼ਰੀਏ ਨੂੰ ਰੌਸ਼ਨੀ ਪ੍ਰਦਾਨ ਕਰਦੇ ਹਨ।
ਜਿਵੇਂ ਪ੍ਰਸੰਨ ਲੰਮੀ ਉਮਰ ਦਾ ਇਕ ਰਾਜ ਇਹ ਹੈ ਕਿ ਸਾਡਾ ਮਨ ਮਸਤਕ ਬੇਲੋੜੇ ਵਿਚਾਰਾਂ ਫਿਕਰਾਂ ਤੇ ਚਿੰਤਾਵਾਂ ਤੋਂ ਮੁਕਤ ਹੋਵੇ।ਕੋਈ ਨਵਾਂ ਕਦਮ ਚੁੱਕਣ ਅਤੇ ਕਿਸੇ ਕਿਸਮ ਦੀ ਤਬਦੀਲੀ ਤੋਂ ਲੋਕ ਸਭ ਨਾਲੋਂ ਵੱਧ ਡਰਦੇ ਹਨ।ਇਸੇ ਤਰ੍ਹਾਂ ਨਿਮਰਤਾ, ਮਿਤਰਤਾ, ਸਹਿਯੋਗ, ਭਾਈਚਾਰਾ, ਸਤਿਕਾਰ ਵਰਗੇ ਗੁਣਾ ਨਾਲ ਮਨੱਖ ਆਪਣੀ ਮੰਜਿਲ ਤੇ ਪੁੱਜ ਸਕਦਾ ਹੈ।ਡਾ.ਅਨੂਪ ਸਿੰਘ ਦੇ ਇਸ ਯਤਨ ਨਾਲ ਜੁਆਨੀ ਵਿਚ ਪੈਰ ਧਰ ਰਹੇ ਗੱਭਰੂ ਤੇ ਮੁਟਿਆਰਾਂ ਨੂੰ ਨਵੀਂ ਤੇ ਨਰੋਈ ਰੌਸ਼ਨੀ ਮਿਲਦੀ ਹੈ।ਚੰਗੇਰੇ ਜੀਵਨ ਲਈ ਹਰ ਵਿਦਿਆਰਥੀ ਨੂੰ ਇਸ ਪੁਸਤਕ ਦਾ ਲਾਭ ਲੈਣਾ ਚਾਹੀਦਾ ਹੈ।ਅਸਲ ਵਿਚ ਇਹ ਪੁਸਤਕ ਪ੍ਰੇਰਨਾਦਾਇਕ ਵਿਚਾਰਾਂ ਨਾਲ ਭਰੀ ਪਈ ਹੈ।


